Share on Facebook

Main News Page

ਅੰਧੀ ਰੱਯਤ

ਇੱਕ  ਭੇਡ ਮਿਆਂਕਦੀ ਹੈ। ਬਾਬਾ ਜੀ ਮੇਰਾ ਘਰ ਬਰਬਾਦ ਹੋ ਗਿਆ, ਘਰ ਵਾਲਾ ਲੜਦਾ ਕ੍ਰਿਪਾ ਕਰੋ।

ਬਗਿਆੜ ਹੱਸਦਾ ਹੈ।

ਬਿਊਟੀ ਪਾਰਲਰ ਜਾਂਦੀ ਹੁੰਦੀ ਹੈਂ?
ਜੀ ਜਾਂਦੀ ਹਾਂ।
ਹਾਈ-ਫਾਈ ਜਾਂ ਆਮ?
ਜੀ ਹਾਈ ਫਾਈ।
ਸਾਲ ਵਿਚ ਕਿੰਨੀ ਵਾਰੀ?
ਜੀ ਇੱਕੋ ਵਾਰੀ।
ਦੋ ਵਾਰੀ ਜਾਇਆ ਕਰ ਸਭ ਕਾਰਜ ਰਾਸ!!

ਬਾਬਾ ਫੌਜਾ ਸਿੰਘ ਮੱਥੇ ਤੇ ਹੱਥ ਮਾਰਦਾ ਹੈ। ਉਸ ਨੂੰ ਜਾਪਦਾ ਹੈ ਜਿਵੇਂ ਉਹ ਕਿਸੇ ਪੱਥਰ ਜੁੱਗ ਦਾ ਵਸਨੀਕ ਹੋਵੇ ਜਦ ਮਨੁੱਖ ਨੂੰ ਹਾਲੇ ਅਪਣਾ ਨੰਗ ਵੀ ਕੱਜਣਾ ਨਾ ਸੀ ਆਉਂਦਾ।

ਇੱਕ ਹੋਰ ਭੇਡ ਮਿਆਂਕਦੀ ਹੈ।
ਬਾਬਾ ਜੀ ਮੈਨੂੰ ਬੜੇ ਚਿਰਾਂ ਦੀ ਜੌਬ ਨਹੀਂ ਮਿਲ ਰਹੀ ਘਰ ਵਿਚ ਵੀ ਕਲੇਸ਼ ਰਹਿੰਦਾ ਹੈ ਕ੍ਰਿਪਾ ਕਰੋ।
ਘਰੇ ਸ਼ਿਵ ਜੀ ਪਾਰਬਤੀ ਦੀ ਫੋਟੋ ਹੈ?
ਜੀ ਹੈ।
ਇੱਕਲੇ ਜਾਂ ਇਕੱਠਿਆਂ ਦੀ?
ਜੀ ਇੱਕਠਿਆਂ ਦੀ।
ਇਕੱਲੇ ਇਕੱਲੇ ਕਰ ਦੇਹ ਕੰਮ ਹੋ ਜਾਏਗਾ!!

ਬਾਬਾ ਫੌਜਾ ਸਿੰਘ ‘ਨਿਰਮਾਲ ਬਾਬਾ’ ਦੀਆਂ ਯਬਲੀਆਂ ਸੁਣ ਰਿਹਾ ਸੀ। ਉਪਰਲੀਆਂ ਦੋਹਾਂ ਗੱਲਾਂ ਦਾ ਕਿਸੇ ਦੇ ਘਰ ਸੁੱਖ-ਸਾਂਤੀ ਹੋਣ ਨਾਲ ਕੋਈ ਸੰਬੰਧ ਨਹੀਂ ਪਰ ਲੁਕਾਈ ਦੀ ਮੂਰਖਤਾ ਦੀ ਵੀ ਤਾਂ ਕੋਈ ਹੱਦ ਨਹੀਂ। ਬਾਬੇ ਫੌਜਾ ਸਿੰਘ ਨੇ ਇਸ ਬਾਰੇ ਜਦ ਅਪਣੇ ਇੱਕ ਮਿੱਤਰ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਿਆ ਬਾਬਾ ਤੂੰ ਉਨ੍ਹਾਂ ਨੂੰ ਕੀ ਰੋਨਾ ਅਪਣੀ ਸੁਣ ਲੈ।

ਇੱਕ ਪੜ੍ਹੀ-ਲਿਖੀ ਵਕੀਲ ਬੀਬੀ। ਉਹ ਦੱਸ ਰਹੀ ਸੀ ਉਹ ਜਦ ਹਜੂਰ ਸਾਹਿਬ ਗਈ ਤਾਂ ਗੁਰੂ ਸਾਹਿਬ ਦੇ ਘੋੜੇ ਨੇ ਦੋਵੇਂ ਪੌੜ ਚੁੱਕ ਕੇ ਉਸ ਵੱਲ ਮਾਰੇ ਅਤੇ ਬੜੀਆਂ ਡਰਾਉਂਣੀਆਂ ਅੱਖਾਂ ਨਾਲ ਉਸ ਵੱਲ ਵੇਖਿਆ ਕਿ ਉਹ ਸੱਚਮੁਚ ਡਰ ਗਈ।

ਕਾਰਨ?

ਕਾਰਨ ਕਿ ਉਸ ਇਸ਼ਨਾਨ ਨਹੀਂ ਸੀ ਕੀਤਾ ਹੋਇਆ। ਅਗਲੇ ਦਿਨ ਜਦ ਉਹ ਕੇਸੀਂ ਇਸ਼ਨਾਨ ਕਰਕੇ ‘ਦਰਸ਼ਨ’ ਕਰਨ ਗਈ ਤਾਂ ਉਸੇ ਘੋੜੇ ਨੇ ਬੜੇ ਪਿਆਰ ਨਾਲ ਉਸ ਦੀਆਂ ਉਗਲਾਂ ਚੱਟੀਆਂ ਅਤੇ ਸਿਰ ਹਿਲਾਇਆ ਅਤੇ ਜਦ ਮੈਂ ਵਾਪਸ ਕਨੇਡਾ ਆਈ ਤਾਂ ਇੱਕ ਵਾਰ ਸਟੋਪ ਸਾਇਨ ‘ਮਿੱਸ’ ਕਰਨ ਕਰਕੇ ਮੈਨੂੰ ਪੁਲਿਸ ਵਾਲੇ ਰੋਕਿਆ। ਜਦ ਉਹ ਮੇਰੀ ਗੱਡੀ ਕੋਲੇ ਆ ਕੇ ਲਾਇਸੈਂਸ ਮੰਗਣ ਲੱਗਿਆ ਤਾਂ ਮੈਂ ਡਰ ਗਈ। ਇਨ ਬਿਨ ਗੁਰੂ ਸਾਹਬ ਵਾਲੇ ਘੋੜੇ ਦੀਆਂ ਅੱਖਾਂ ਸਨ ਉਸ ਦੀਆਂ। ਤੇ ਉਸ ਵੀ ਜਦ ਮੈਨੂੰ ਦੇਖਿਆ ਤਾਂ ‘ਸੌਰੀ’ ਕਹਿ ਕੇ ਬਿਨਾ ਕੁਝ ਕਹੇ ਛੱਡ ਕੇ ਚਲਾ ਗਿਆ। ਇਸ ‘ਕਰਤਬ’ ਤੋਂ ਮੇਰਾ ਪੱਕਾ ਨਿਸ਼ਚਾ ਹੋ ਗਿਆ ਗੁਰੂ ਸਾਹਿਬ ਉਪਰ!

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਜਿਸ ਕਿਸੇ ਨੂੰ ਅਜਿਹਾ ਕੋਈ ‘ਕਰਤਬ’ ਨਾ ਦਿਸੇ ਉਸ ਦਾ ਤਾਂ ਨਿਸ਼ਚਾ ਗਿਆ ਸਮਝੋ। ਤਾਂ ਹੀ ਲੁਕਾਈ ਦਾ ਨਿਸ਼ਚਾ ਪਖੰਡੀਆਂ ਉਪਰ ਬੱਝ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੋਕਾਂ ਨੂੰ ‘ਕਰਤਬਾਂ’ ਦੇ ‘ਲਾਲੀਪੌਪ’ ਦੇਣੇ ਆਉਂਦੇ। ਜਿਥੇ ਕੋਈ ਵੱਡਾ ‘ਕਰਤਬ’ ਦੇਖਦਾ ਉਧਰ ਹੀ ਮੂੰਹ ਚੁੱਕ ਭੱਜਦਾ। ਨਹੀਂ?

ਬਾਬੇ ਫੌਜਾ ਸਿੰਘ ਨੂੰ ਯਾਦ ਏ ਇੱਕ ਵਾਰ ਕਰਤਬਾਂ ਕਾਰਨ ਗੁਰਦੁਆਰੇ ਦੀ ਲਾਇਬ੍ਰੇਰੀ ਵਿਚ ਇਕ ਭਾਈ ਉਸ ਨਾਲ ਫਸ ਪਿਆ। ਉਹ ਲਾਲ ਪੀਲਾ ਹੋ ਕੇ ਕਹਿਣ ਲਗਾ ਕਿ ਤੁਸੀਂ ਨਾਸਤਿਕ ਲੋਕ ਕਰਾਮਾਤਾਂ ਨੂੰ ਨਹੀਂ ਮੰਨਦੇ? ਪਰ ਗੁਰੂ ਸਾਹਿਬ ਜੀ ਦੇ ਹਾਲੇ ਤੱਕ ਲਗੇ ਹੋਏ ਪੰਜੇ ਨੂੰ ਕਿਵੇਂ ਝੁਠਲਾਵਾਂਗੋ। ਇਹ ਕੀ ਕਰਾਮਾਤ ਨਹੀਂ?

ਬਾਬਾ ਕਹਿਣ ਲਗਿਆ ਕਿ ਜੇ ਮੇਰਾ ਗੁਰੂ ਇਨ੍ਹਾਂ ਕਰਤਬਾਂ ਕਾਰਨ ਹੀ ਵੱਡਾ ਹੈ ਤਾਂ ਅਪਣੇ ਬਾਬਾ ਜੀ ਨਾਲੋਂ ਤਾਂ ਵੱਡੇ ਕਰਤਬ ਹਿੰਦੂਆਂ ਕੋਲੇ ਪਏ ਹਨ ਫਿਰ ਕਿਉਂ ਨਾ ਮੈਂ ਉਨ੍ਹਾਂ ਨੂੰ ਹੀ ਮੰਨਾ। ਅਪਣੇ ਬਾਬਾ ਜੀ ਨੇ ਤਾਂ ਕੇਵਲ ਪੱਥਰ ਹੀ ਰੋਕਿਆ ਸੀ ਉਨ੍ਹਾਂ ਦੇ ਹੰਨੂਮਾਨ ਨੇ ਪੂਰਾ ਪਹਾੜ ਹੀ ਚੁੱਕ ਲ਼ਿਆਦਾ। ਤਾਂ ਫਿਰ ਦੱਸ ਵੱਡਾ ਕੋੰਣ ਹੋਇਆ? ਭਰਾ ਅਪਣੇ ਬਾਬਾ ਜੀ ਜਿਹੜੇ ਕਰਤਬ ਦਿਖਾ ਗਏ ਨੇ ਜੇ ਆਪਾਂ ਉਹ ਦੁਨੀਆਂ ਨੂੰ ਦੱਸ ਸਕੇ ਹੁੰਦੇ ਤਾਂ ਸਾਡੀ ਇਹ ਤਰਸਯੋਗ ਹਾਲਤ ਨਾ ਹੁੰਦੀ। ਕਿ ਹੁੰਦੀ?

ਮਸ਼ਹੂਰ ਕ੍ਰਿਕਟ ਖਿਡਾਰੀ ਜੁਵਰਾਜ ਖੁਰਕ ਖਾਧੇ ਜਿਹੇ ਸਾਧ ਦੇ ‘ਲਾਲੀਪੌਪਾਂ’ ਕਾਰਨ ਹੀ ਅਪਣੀ ਜਾਨ ਗਵਾ ਬੈਠਣ ਲਗਿਆ ਸੀ। ਉਸ ਦੀ ਸ਼ਕਲ ਦੇਖਣ ਨੂੰ ਦਿੱਲ ਨਹੀਂ ਕਰਦਾ ਪਰ ਲੁਕਾਈ ਉਸ ਦੇ ਖਰੌੜੇ ਧੋ-ਧੋ ਪੀ ਰਹੀ ਹੈ। ਠਾਕੁਰ ਸਿਓ ਗੱਪੀ ਕਹਿ ਰਿਹਾ ਸੀ ਕਿ ਸੁਨਾਮੀ ਲਹਿਰਾਂ ਇਸ ਤੋਂ ਵੀ 20 ਗੁਣਾ ਹੋਰ ਹੋਣੀਆਂ ਸਨ ਜੇ ਇਹ ‘ਮਹਾਂਪਰੁਖ’ ‘ਕੱਰਤਬ’ ਨਾ ਦਿਖਾਉਂਦੇ। ਯਾਨੀ ਲੁਕਾਈ ਨੂੰ ਇਸ ਖੁਰਕ ਖਾਧੇ ਸਾਧ ਨੇ ਬਚਾ ਲਿਆ? ਜੇ ਕਿਸੇ ਪੁੱਛਿਆ ਕਿ ‘ਕਰਤਬਾਂ’ ਨਾਲ ਉਸ ਤੋਂ ਅਪਣੀ ਸ਼ਕਲ ਤਾਂ ਸਵਾਰ ਨਾ ਹੋਈ ਤਾਂ ਅੰਨਿਆਂ ਕਹਿਣਾ ਇਹ ਤਾਂ ਜੀ ਲੁਕਾਈ ਦੇ ਦੁੱਖ ਹੁੰਦੇ ਜਿਹੜੇ ਮਹਾਂਪੁਰਖ ਅਪਣੇ ਉਪਰ ਲੈ ਲੈਂਦੇ ਹਨ।

ਬਾਬਾ ਫੌਜਾ ਸਿੰਘ ਨੂੰ ਯਾਦ ਏ ਕਿ ਉਸ ਦੇ ਇੱਕ ਜਾਣੂੰ ਉਪਰ ‘ਓਪਰੀ ਸ਼ੈਅ’ ਆਉਂਣ ਲੱਗ ਪਈ। ਦਰਅਸਲ ਮਸਲਾ ਉਸ ਦੀ ਸ਼ਰਾਬ ਦਾ ਸੀ। ਘਰ ਵਾਲੇ ਉਸ ਦੀ ‘ਓਪਰੀ ਸ਼ੈਅ’ ਨੂੰ ਦੂਰ ਕਰਨ ਲਈ ਫਿਰੋਜਪੁਰ ਨੇੜੇ ਇੱਕ ਮਾਈ ਕੋਲੇ ਲੈ ਗਏ ਜਿਹੜੀ ‘ਓਪਰੀਆਂ ਸ਼ੈਆਂ’ ਦੀ ‘ਸ਼ਪੈਲਿਸਟ’ ਸੀ। ਜਿਸ ਨੂੰ ਲੈ ਕੇ ਗਏ ਉਹ ਪੂਰੇ ਜੋਰ ਵਿਚ ਅਤੇ ਤਗੜਾ ਜਵਾਨ ਸੀ। ਉਸ ਨੇ ਮਾਈ ਦੇ ਢੁੱਡ ਮਾਰ ਕੇ ਉਸ ਦੀ ਬਾਂਹ ਭੰਨ ਦਿੱਤੀ! ਵਾਪਸ ਆਇਆਂ ਤੋਂ ਬਾਬੇ ਨੇ ਪਰਿਵਾਰ ਨੂੰ ਪੁੱਛਿਆ ਕਿ ਉਹ ਇਸ ਦੀ ‘ਓਪਰੀ ਸ਼ੈਅ’ ਕਿਥੋਂ ਸਾਂਭ ਲਊ ਜਿਸ ਤੋਂ ਅਪਣਾ ਆਪ ਨਹੀਂ ਸਾਂਭ ਹੋਇਆ। ਬੰਦੇ ਦੀ ਘਰਵਾਲੀ ਕਹਿਣ ਲਗੀ ਨਹੀਂ ਭਾਅਜੀ ਦਰਅਸਲ ‘ਚੀਜ’ ਬੜੀ ਤਾਕਤਵਰ ਸੀ ਅਤੇ ਉਨ੍ਹਾਂ ਇਸ ਦਾ ਕਸ਼ਟ ਅਪਣੇ ਉਪਰ ਲੈ ਲਿਆ ਹੈ!! ਬੀਬੀ ਜੀ ਕਹਿੰਦੇ ਸਨ ਜੇ ਮੈਂ ਅਪਣੀ ਬਾਂਹ ਨਾ ਤੁੜਵਾਉਂਦੀ ਤਾਂ ‘ਸ਼ੈਅ’ ਇਸ ਦੀ ਜਾਨ ਵੀ ਲੈ ਸਕਦੀ ਸੀ!! ਉਸ ਦੀ ਜੱਬਲੀ ਸੁਣਕੇ ਬਾਬਾ ਫੌਜਾ ਸਿੰਘ ਨੂੰ ਸ਼ਰਮਿੰਦੇ ਪਿੱਛੇ ਉਗੇ ਰੁੱਖ ਦੀ ਸ਼ਾਵੇਂ ਬਹਿਣ ਵਾਲੀ ਕਹਾਵਤ ਯਾਦ ਆ ਰਹੀ ਸੀ।

ਬਾਬੇ ਦਾ ਮਿੱਤਰ ਦੱਸ ਰਿਹਾ ਸੀ ਕਿ ਵਕੀਲ ਬੀਬੀ ਜਦ 55 ਦੀ ਹੋਈ ਤਾਂ ਮੂੰਹ ਤੇ ਮੋਕਿਆਂ ਵਾਲੇ ‘ਬਾਬੇ’ ਨੇ ਅਪਣੇ ਚੇਲੇ ਨਾਲ ਉਸ ਦਾ ਵਿਆਹ ਕਰ ਦਿੱਤਾ ਕਿ ਤੇਰਾ ਪਿੱਛਲੇ ਜਨਮ ਦਾ ਇਸ ਨਾਲ ਸੰਜੋਗ ਹੈ। ਪਹਿਲੇ ਘਰਵਾਲੇ ਨੂੰ ਉਹ ਤਲਾਕ ਦੇ ਚੁੱਕੀ ਹੋਈ ਸੀ ਕਿਉਂਕਿ ਇੱਕ ਬਾਬੇ ਨਾਲ ਉਸ ਦਾ ਪਹਿਲਾਂ ਵੀ ‘ਸੰਜੋਗ’ ਚਲ ਰਿਹਾ ਸੀ। 23 ਸਾਲ ਦਾ ਉਸ ਦਾ ਜਵਾਨ ਮੁੰਡਾ ਹੈ। ਪਿਛਲੇ ਜਨਮ ਦੇ ਸੰਜੋਗਾਂ ਕਰਕੇ ਪਤਾ ਨਹੀਂ ਕਿੰਨਿਆਂ ਬਾਬਿਆਂ ਨੇ ਅੰਨ੍ਹੇ ਲੋਕਾਂ ਦੀਆਂ ਬੁੱਡੀਆਂ ਅਪਣੇ ਬੈਡਰੂਮਾਂ ਦਾ ਸ਼ਿੰਗਾਰ ਬਣਾਈਆਂ ਹੋਈਆਂ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਜਿਹੜੀ ਸ੍ਰਿਸਟੀ ਗੁਰੂ ਨਾਨਕ ਪਾਤਸ਼ਾਹ ਨੇ ਸੜਦੀ ਦੇਖੀ ਸੀ ਉਹ ਅੱਜ ਵੀ ਉਵੇਂ ਹੀ ਸੜ ਰਹੀ ਹੈ। ਜਿਹੜੀ ਲੁਕਾਈ ਨੂੰ ਗੁਰੂ ਨੇ ‘ਅੰਧੀ ਰਯਤ’ ਕਿਹਾ ਸੀ ਉਹ ਫਿਰ ਅੰਧੀ ਹੋ ਗਈ ਹੈ।

ਚੋਲਿਆਂ ਵਾਲ ਲੁਟੇਰਾ ਨਿਜਾਮ ਲੁਕਾਈ ਉਪਰ ਗਿਰਝਾਂ ਵਾਂਗ ਮੰਡਰਾ ਰਿਹਾ ਹੈ। ਇਸ ਦੇ ਮਾਸ ਦੀਆਂ ਬੋਟੀਆਂ ਨੋਚ ਰਹੇ ਬਗਿਆੜਾਂ ਵਲ ਦੇਖ ਕੁਝ ਲੋਕ ਜਦ ਇਨ੍ਹਾਂ ਨੂੰ ਭਜਾਉਂਣ ਲਈ ਇੱਟਾ-ਰੋੜਾ ਚੁੱਕਦੇ ਹਨ ਤਾਂ ਇਹ ਕੁੱਤਿਆਂ ਵਾਂਗ ਉਨ੍ਹਾਂ ਮਗਰ ਪੈ ਜਾਂਦੇ ਹਨ। ਫੜ ਲਓ ਉਏ! ਕਾਮਰੇਡ ਉਏ! ਨਾਸਤਿਕ ਉਏ! ਘੱਗੇ ਜਾਂ ਕਾਲੇ-ਅਫਗਾਨੇ ਦੇ ਚੇਲੇ ੳੇੁਏ! ਛੇਕ ਦਿਉ ਪੰਥ ‘ਚੋਂ ਇਨ੍ਹਾਂ ਨਾਸਤਿਕਾਂ ਨੂੰ। ਵੱਡ ਦਿਉ ਗੰਡਾਸਿਆਂ ਨਾਲ ਇਨ੍ਹਾਂ ਨੂੰ!

ਇਸ ਭੂਡਾਂ ਦੀ ਖੱਖਰ ਨੂੰ ਬੰਦਾ ਜਦ ਭੀਂ-ਭੀਂ ਕਰਦੀ ਅਪਣੇ ਵਲ ਆਉਂਦੀ ਦੇਖਦਾ ਤਾਂ ਉਹ ਅੰਦਰ ਵੜ ਜਾਂਦਾ। ਉਹ ਜਾਂ ਰਾਧਾ-ਸੁਆਮੀਆਂ ਜਾਂ ਕਿਸੇ ਹੋਰ ਡੇਰੇ ਜਾ ਪਨਾਹ ਲੈਂਦਾ। ਪਖੰਡੀ ਗੁਰੁ ਕੋਈ ਰਾਤੋ-ਰਾਤ ਧਰਤੀ ਚੋਂ ਨਹੀਂ ਉਗੇ ਜਾਂ ਅਸਮਾਨ ਚੋਂ ਨਹੀਂ ਡਿੱਗੇ ਬਲਕਿ ਇਸ ਵਾਯਾਤੀ ਵਿਚੋਂ ਹੀ ਪੈਦਾ ਹੋਏ ਹਨ।

ਜਿਸ ਕੌਮ ਦੇ ਲੋਕ ਘੋੜਿਆਂ ਦੀਆਂ ਲਿੱਦਾਂ ਛੱਕਣ ਵਿਚ ਹੀ ਅਪਣੇ ਧੰਨਭਾਗ ਸਮਝਣ ਲੱਗ ਜਾਣ, ਜਾਂ ਪੰਖਡੀਆਂ ਦੇ ਖਰੌੜੇ ਧੋ ਕੇ ਪੀਣ ਵਿਚ ਵਿਸਵਾਸ਼ ਕਰਨ ਲੱਗ ਜਾਣ, ਜਾਂ ਗੁਰੁ ਦੇ ‘ਅਪਣੇ ਹਥੀਂ ਅਪਣਾ ਆਪੇ ਹੀ ਕਾਜ ਸਵਾਰੀਏ’ ਦੇ ਅਮੁਲੇ ਸਿਧਾਂਤ ਨੂੰ ਛੱਡਕੇ ਕਰਾਮਾਤਾਂ ਰਾਹੀਂ ਛੁੱਣਛੁਣੇ ਭਾਲਣ ਲੱਗ ਜਾਣ ਉਸ ਕੌਮ ਦੀ ਦੁਰਦਸ਼ਾ ਤਾਂ ਤਵਾਰੀਖ ਵਿਚ ਲਿਖੀ ਪਈ ਹੈ। ਨਹੀਂ ਲਿਖੀ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top