Share on Facebook

Main News Page

ਉਜੜੇ ਬਾਗਾਂ ਦੇ ਗ੍ਹਾਲੜ ਪਟਵਾਰੀ

ਕਹਿੰਦੇ ਨੇ ਇਕ ਵਾਰੀ ਇਕ ਗੱਧੇ ਉਪਰ ਕੋਈ ਮੂਰਤੀਆਂ ਵੇਚਣ ਵਾਲਾ ਮੂਰਤੀਆਂ ਲੱਦੀ ਜਾ ਰਿਹਾ ਸੀ। ਲੋਕ ਮੂਰਤੀਆਂ ਵਲ ਵੇਖ ਵੇਖ ਸਿਰ ਝੁਕਾਈ ਜਾ ਰਹੇ ਸਨ। ਲੋਕਾਂ ਦੇ ਸਿਰ ਝੁੱਕਦੇ ਵੇਖ ਗੱਧੇ ਨੂੰ ਭੁਲੇਖਾ ਪੈ ਗਿਆ ਕਿ ਲੋਕ ਖੌਰੇ ਮੈਨੂੰ ਮੱਥੇ ਟੇਕ ਰਹੇ ਹਨ। ਗੱਧਾ ਤਾਂ ਆਖਰ ਗੱਧਾ ਹੀ ਹੈ ਨਾ ਉਹ ਬਿਟਰ ਖੜੋਤਾ। ਢੱਡਰੀ ਵਾਲੇ ਸਾਧ ਵਾਂਗੂੰ ਉਸ ਅਪਣੇ ਖੁਰ ਹੋਰ ਅੱਗੇ ਕਰ ਲਏ ਤਾਂ ਕਿ ਲੋਕ ਮੱਥਾ ਚੰਗੀ ਤਰ੍ਹਾ ਟੇਕ ਸਕਣ। ਮੂਰਤੀਆਂ ਵਾਲਾ ਸੋਚਣ ਲੱਗਾ ਕਿ ਇਸ ਗੱਧੇ ਨੂੰ ਕੀ ਮੁਸ਼ਕਲ ਹੈ ਇਹ ਖੁਰ ਫਸਾ ਕੇ ਖੜ ਗਿਆ। ਜਦ ਗੱਲ ਉਸ ਦੇ ਸਮਝ ਆਈ ਤਾਂ ਉਸ ਚੁੱਕ ਡਾਂਗ ਲਈ!!

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਨ ਵਿਚ ਅਕਾਲ ਤਖਤ ਸਾਹਿਬ ਪ੍ਰਤੀ ਅਦਬ ਸਤਿਕਾਰ ਹੈ। ਉਸ ਦਾ ਉਸ ਨੇ ਇਜ਼ਹਾਰ ਕੀਤਾ। ਸਾਡੇ ਭੀੜੀ ਤੰਬੀ ਵਾਲੇ ਗੱਧਿਆਂ ਨੂੰ ਭੁਲੇਖਾ ਪੈ ਗਿਆ ਕਿ ਭਾਈ ਰਾਜੋਆਣਾ ਖੁਣੀ ਸਾਡਾ ਹੀ ਮੁਰੀਦ ਹੋ ਗਿਆ ਹੈ। ਹੁਣ ਕੌਣ ਦੱਸੇ ਕਿ ਕਿਥੇ ਰਾਜਾ ਭੋਜ ਤੇ ਗੰਗੂ ਤੇਲੀ!! ਕਿਥੇ ਭਾਈ ਰਾਜੋਆਣਾ ਸੂਰਬੀਰ ਤੇ ਕਿਥੇ ਇਹ ਗਲੀਆਂ-ਸੜੀਆਂ ਬਾਦਲ ਦੀਆਂ ਮੁਰੀਦ ਲਾਸ਼ਾਂ!

ਮੈਂ ਵਾਰ ਵਾਰ ਕਹਿੰਨਾ ਕਿ ਕੌਮ ਮੇਰੀ ਗੱਧਿਆਂ ਦੇ ਵੱਸ ਪੈ ਕੇ ਬੇਬੱਸ ਹੋ ਕੇ ਰਹਿ ਗਈ ਹੈ। ਜਦ ਇਨ੍ਹਾਂ ਨੂੰ ਪਹਿਲੀ ਵਾਰ ਮੈਂ ਗੱਧੇ ਲਿਖਿਆ ਸੀ ਤਾਂ ਟਰੰਟੋ ਦੇ ਇਕ ਢਾਈ ਕੁਵਿੰਟਲ ਦੀ ਲਾਸ਼ ਲਈ ਫਿਰਦੇ ਗੱਧੇ ਨੂੰ ਬੜਾ ਗੁੱਸਾ ਲੱਗਾ ਸੀ। ਪਰ ਹੁਣ ਕੋਈ ਪੁੱਛੇ ਕਿ ਭਾਈ ਰਾਜੋਆਣਾ ਦੇ ਸਬੰਧ ਵਿਚ ਜਿਹੜਾ ਰੋਲ ਇਹ ਲੋਕ ਨਿਭਾ ਰਹੇ ਨੇ ਇਸ ਨੇ ਸਾਬਤ ਨਹੀ ਕੀਤਾ ਕਿ ਇਹ ਗੱਧੇ ਹਨ??

ਗੱਧੇ ਦੇ ਕਹਿੰਦੇ ਮਗਜ ਨਹੀ ਹੁੰਦਾ ਤਾਂ ਹੀ ਤਾਂ ਕਹਾਣੀ ਬਣੀ ਹੈ ਕਿ ਸ਼ੇਰ ਲਈ ਜਦ ਗਿਦੜ ਗੱਧੇ ਨੂੰ ਘੇਰ ਕੇ ਲਿਆਇਆ ਤਾਂ ਗੱਧਾ ਸ਼ੇਰ ਦੇ ਤੇਵਰ ਦੇਖ ਟੀਟਨੇ ਮਾਰ ਗਿਆ। ਪਰ ਗਿਦੜ ਫਿਰ ਦੂਹਰੀ ਵਾਰ ਇਹ ਕਹਿਕੇ ਘੇਰ ਲਿਆਇਆ ਕਿ ਗੱਧੇ ਭਰਾ ਯਾਰ ਤੂੰ ਦੌੜ ਹੀ ਆਇਆ ਬਾਦਸ਼ਾਹ ਸਲਾਮਤ ਤਾਂ ਤੈਨੂੰ ਉੱਠ ਕੇ ਸਨਮਾਨਤ ਕਰਨ ਲੱਗੇ ਸਨ।

ਮੁੱਕਦੀ ਗੱਲ ਕਿ ਗੱਧੇ ਨੂੰ ਪਾੜ ਕੇ ਸ਼ੇਰ ਨਾਹੁਣ ਚਲਾ ਗਿਆ ਤੇ ਮਗਜ਼ ਮਗਰੋਂ ਗਿਦੜ ਖਾ ਗਿਆ। ਸ਼ੇਰ ਨੇ ਜਦ ਮਗਜ਼ ਬਾਰੇ ਪੁੱਛਿਆ ਤਾਂ ਗਿਦੜ ਕਹਿਣ ਲਗਿਆ ਕਿ ਸ਼ੇਰ ਜੀ ਜੇ ਇਸ ਦਾ ਮਗਜ਼ ਹੁੰਦਾ ਤਾਂ ਇਹ ਦੁਬਾਰਾ ਅਪਣੇ ਕਾਬੂ ਕਿਉਂ ਆਉਂਦਾ?

ਜੇ ਇਨ੍ਹਾਂ ਗੱਧਿਆਂ ਦਾ ਮਗਜ਼ ਹੁੰਦਾ ਤਾਂ ਪਾਣੀ ਦੀਆਂ ਕੇਨੀਆਂ ਚੁੱਕੀ ਫਿਰਨ ਦੀ ਬਜਾਇ ਭਾਈ ਰਾਜੋਆਣਾ ਨੂੰ ਸਿੱਧਾ ਹੀ ਜਥੇਦਾਰੀ ਸਿਰੋਪਾ ਪਾ ਆਉਂਦੇ ਅਤੇ ਬਾਹਰ ਆ ਕੇ ਜਾਂਦੇ ਬੈਠ ਕਿ ਹੁਣ ਦਿਉ ਫਾਹੇ ਸਾਡੇ ਜਥੇਦਾਰ ਨੂੰ ਕਿਵੇਂ ਦਿੰਦੇ ਹੋ!

ਦੁਨੀਆਂ ਹੱਸ ਰਹੀ ਹੈ ਕੌਮ ਮੇਰੀ ਤੇ। ਅਸੀਂ ਕਹਿੰਨੇ ਹਿੰਦੀ ਫਿਲਮਾਂ ਵਾਲੇ ਸਾਡਾ ਜਲੂਸ ਕੱਢਦੇ। ਉਨ੍ਹਾਂ ਨੂੰ ਕੀ ਕਹਿਣਾ ਜਿਹੜਾ ਜਲੂਸ ਇਹ ਕੱਢ ਰਹੇ ਨੇ? ਇਤਿਹਾਸ ਸਿੱਖਣ ਲਈ ਹੈ। ਗੁਰੂ ਸਾਹਿਬ ਨੇ ਮਸੰਦ ਕਿਉਂ ਫੂਕੇ ਸੀ ਕੜਾਹਿਆਂ ਵਿਚ ਪਾ ਪਾ? ਬਾਬਾ ਜਰਨੈਲ ਸਿੰਘ ਕਿਉਂ ਖਫੇ ਸੀ ਇਨ੍ਹਾ ਉਪਰ? ਪਰ ਅੱਜ ਸਿੱਖ ਜਗਤ ਵਿਚ ਹਿੱਲਜੁੱਲ ਕਿਉਂ ਨਹੀ ਰਹੀ?

ਅੱਧਿਆਂ ਨੂੰ 'ਦਸਮ ਗਰੰਥ' ਵਾਲਾ 'ਲਾਲੀਪੌਪ' ਦਿੱਤਾ ਉਹ ਅਜਿਹੇ ਮਸਤ ਹਨ ਕਿ ਬਾਦਲਕੇ ਭਵੇਂ ਜਿੰਨਾ ਮਰਜੀ ਗੰਦ ਪਾਈ ਜਾਣ, ਭੀੜੀਆਂ ਲੂੰਗੀਆਂ ਵਾਲੇ ਗੱਧੇ ਜੋ ਮਰਜੀ ਖੇਹ ਉਡਾਈ ਜਾਣ ਉਨ੍ਹਾਂ ਨੂੰ ਤਾਂ ਇਨ੍ਹਾਂ ਹੀ ਕਾਫੀ ਹੈ ਕਿ 'ਦਸਮ-ਗਰੰਥ' ਦੇ ਹੱਕ ਵਿੱਚ ਖੜੇ ਹਨ। 'ਦਸਮ ਗਰੰਥ' ਲਈ ਤਾਂ ਉਹ ਭੰਗ ਪੀਣੀਆਂ ਫੌਜਾਂ ਨਾਲ ਵੀ ਘਿਉ-ਖਿੱਚੜੀ ਹਨ। ਸ਼ੁਧ ਵੈਸ਼ਨੋ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬੱਕਰੇ ਖਾਣੇ ਗੁਰੂ ਕੀਆਂ ਲਾਡਲੀਆਂ ਫੌਜਾਂ ਹੀ ਦਿੱਸਦੀਆਂ ਹਨ। ਰਾਗਮਾਲਾ ਉਪਰ ਇਕ ਦੂਏ ਦੇ 'ਬ੍ਰਹਮਗਿਆਨੀਆਂ' ਨੂੰ ਕੀੜੇ ਪਾਉਂਣ ਵਾਲੇ ਵੀ ਇਥੇ ਇੱਕੋ-ਮਿੱਕੋ ਹਨ। ਉਨ੍ਹਾਂ ਮਾਰਿਆ ਦੇਖੋ ਕਿੰਨੀ ਤਰਕੀਬ ਨਾਲ ਹੈ। ਅਸ਼ਕੇ ਜਾਈਏ ਪੰਡੇ ਦੇ ਸਿਰ ਦੇ, ਚਾਹੇ ਤੁਹਾਡਾ ਦੁਸ਼ਮਣ ਵੀ ਹੋਵੇ ਪਰ ਉਸ ਦੇ ਸਿਰ ਨੂੰ ਸੱਜਦਾ ਹੈ, ਜਿਸ ਸੂਰਬੀਰਾਂ ਜੋਧਿਆਂ ਦੀ ਕੌਮ, ਭੰਡਾਂ ਵਰਗੀ ਕਰਕੇ ਰੱਖ ਦਿੱਤੀ ਹੈ। ਸਿੱਖ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਮੈਂ ਖੜਾ ਕਿਥੇ ਹਾਂ। ਕਿਤੇ ਜਾ ਕੇ ਉਹ ਇੱਕ ਦੂਏ ਦਾ ਸਿਰ ਵੱਡਵਾਂ ਦੁਸ਼ਮਣ ਪ੍ਰਤੀਤ ਹੋ ਰਿਹੈ, ਤੇ ਕਿਤੇ ਜਾ ਕੇ ਉਹ ਉਸੇ ਨਾਲ ਹੀ ਜੱਫੀਆਂ ਪਾ ਰਿਹੈ। ਉਸ ਨੂੰ ਇਹ ਹੀ ਪਤਾ ਨਹੀਂ ਲੱਗ ਰਿਹਾ ਕਿ ਬਾਦਲਕੇ ਮੇਰੇ ਦੁਸ਼ਮਣ ਹਨ ਜਾਂ ਦੋਸਤ। ਉਹ ਬਾਦਲਾਂ ਦੇ ਜਰਖਰੀਦ ਸਾਧਾਂ ਨੂੰ ਪੂਜੀ ਵੀ ਜਾ ਰਿਹੈ ਤੇ ਬਾਦਲਾਂ ਨੂੰ ਗਾਹਲਾਂ ਵੀ ਕੱਢੀ ਜਾ ਰਿਹੈ।

ਮੁਕਦੀ ਗੱਲ ਕਿ ਗੁਰੂ ਮੇਰੇ ਨੇ ਵਾਰ ਵਾਰ ਕਿਹਾ ਕਿ 'ਗੁਰ ਕੀ ਮਤ ਤੂੰ ਲੇ ਇਆਨੇ' ਭਗਤਿ ਬਿਨਾ ਬਹੁ ਡੂਬੇ ਸਿਆਨੇ॥' ਬਹੁਤ ਡੁੱਬ ਗਏ ਜਿੰਨਾ ਗੁਰੂ ਦੀ ਮੱਤ ਨਹੀਂ ਲਈ। ਗੁਰੂ ਤਾਂ ਮੱਤ ਦੇਣ ਵਾਲੇ ਨੂੰ ਮੱਥਾ ਟੇਕ ਗਿਆ ਸੀ, ਪਰ ਸਾਨੂੰ ਜਾਪਿਆ ਕਿ ਕਿਉਂ ਨਾ ਇੱਕ ਗੁਰੂ ਹੋਰ ਬਣਾ ਕੇ ਦੇਖ ਲਈਏ ਸ਼ਾਇਦ ਉਸ ਕੋਲੇ ਮੱਤ ਜਿਆਦਾ ਹੋਵੇ ਤੇ ਨਤੀਜਾ?

ਨਤੀਜਾ ਇਹ ਕਿ ਗੁਰੂਆਂ ਦੀ ਧਰਤੀ ਤੇ ਗੱਧੇ ਹਿਣਕਦੇ ਫਿਰ ਰਹੇ ਹਨ। ਉੱਜੜੇ ਬਾਗਾਂ ਦੇ ਗਾਲੜ ਪਟਵਾਰੀ ਹਨ। ਪੰਜਾਬ ਵੈਣ ਪਾ ਰਿਹਾ ਹੈ। ਮਾਵਾਂ ਉੱਜੜ ਰਹੀਆਂ ਹਨ। ਘਰ ਬਰਬਾਦ ਹੋ ਰਹੇ ਹਨ। ਭਾਈ ਰਾਜੋਆਣਾ ਵਰਗੇ ਸੂਰਬੀਰ ਫਾਹੇ ਲੱਗ ਰਹੇ ਹਨ, ਪਰ ਇਹ ਭੜੂਏ ਪਾਣੀ ਦੀਆਂ ਕੈਨੀਆਂ ਚੁੱਕੀ ਫਿਰ ਰਹੇ ਹਨ, ਕਿ ਛੇਤੀ ਲੱਗ ਫਾਹੇ ਭਰਾ ਇਨਾਂ ਸਮਾਂ ਕਿਉਂ ਲਾਈ ਬੈਠਾ ਹੈਂ। ਜਾਹ ਇਸ ਧਰਤੀ ਤੋਂ ਤੇਰੇ ਵਰਗੇ ਜੋਧੇ ਨਹੀਂ ਇਥੇ ਚਾਹੀਦੇ। ਇਥੇ ਸਾਡੇ ਵਰਗੀਆਂ ਬਦਬੂ ਮਾਰਦੀਆਂ ਲਾਸ਼ਾਂ ਦੀ ਜਰੂਰਤ ਹੈ। ਤੇ ਉਹ ਅਸੀਂ ਹਾਂ ਨਾ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top