Share on Facebook

Main News Page

ਧਰਤੀ ਦਾ ਭਾਰ
-
ਗੁਰਦੇਵ ਸਿੰਘ ਸੱਧੇਵਾਲੀਆ

ਸਿਆਣੇ ਕਹਿੰਦੇ ‘ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ’। ਪਰ ਕਈ ਤੁਹਾਡੇ ਨਹੀਂ ਬਲਕਿ ਪੂਰੀ ਮਨੁੱਖਤਾ ਦੇ ਅਜਿਹੇ ਘਾਤਕ ਦੁਸ਼ਮਣ ਹੁੰਦੇ ਹਨ ਕਿ ਤੁਹਾਨੂੰ ਉਪਰਲਾ ਮੁਹਾਵਰਾ ‘ਆਇਆ-ਗਇਆ’ ਕਰਨਾ ਪੈਂਦਾ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਇਸ ਵਾਰੀ ਸਚਮੁੱਚ ਧਰਤੀ ਕੋਈ ਵੱਡੀ ਸ਼ਿਫਾਰਸ਼ ਲੈ ਕੇ ਗਈ ਖੀਰ ਸਮੁੰਦਰ ਵਿਚਲੇ ਵਿਸ਼ਨੂ ਜੀ ਕੋਲੇ ਕਿ ਦੁਹਾਈ ਰੱਬ ਦੀ ਕੁਝ ਤਾਂ ਕਰ ਮੇਰਾ ਭਾਰ ਨਾਲ ਤਾਂ ਬੁਰਾ ਹਾਲ ਏ, ਜਾਨ ਨਿਕਲਣ ਵਾਲੀ ਹੋਈ ਪਈ। ਬਾਬਾ ਸੋਚਦਾ ਸੀ ਕਿ ਪਤਾ ਨਹੀਂ ਖੀਰ ਸਮੁੰਦਰ ਵਿਚੋਂ ਵਿਸ਼ਨੂੰ ਜੀ ਲਛਮੀ ਜੀ ਕੋਲੋਂ ਲੱਤਾਂ ਛੁਡਾ ਕੇ ਆਏ ਜਾਂ ਨਹੀਂ, ਪਰ ਧਰਤੀ ਦਾ ਸਾਹ ਜਰੂਰ ਸੌਖਾ ਹੋ ਗਿਆ ਹੈ, ਜਿਸ ਉਪਰੋਂ ਅਰਬਾਂ-ਖਰਬਾਂ ਟਨ ਭਾਰ ਲਹਿ ਗਿਆ ਤੇ ਤਿੰਨ ਮਨੁੱਖਤਾ ਦੇ ਵੇੈਰੀਆਂ ਦਾ ਬਿਸਤਰਾ ਮੌਤ ਨੇ ਇਕੇ ਵਾਰ ਹੀ ਗੋਲ ਕਰ ਮਾਰਿਆ। ਦੋਵੇਂ ਪੌਂਟੀ ਭਰਾ ਅਤੇ ਬਾਲ ਠਾਕਰੇ!!

ਬਾਬਾ ਫੌਜਾ ਸਿੰਘ ਕਿਸੇ ਰੇਡੀਓ ਉਪਰ ਸੁਣ ਰਿਹਾ ਸੀ। ਪੰਜਾਬ ਤੋਂ ‘ਕੁਲਵੰਤ ਗਿੱਲ’ ਨਾਂ ਦਾ ਬੰਦਾ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਸਵਾਲ ਬਾਲ ਠਾਕਰੇ ਦਾ ਸੀ। ਲੋਕਾਂ ਅਜਿਹੇ 21ਵੀਂ ਸਦੀ ਦੇ ਹਿਟਲਰ ਬਾਰੇ ਕੁਝ ਚੰਗਾ ਤਾਂ ਬੋਲਣਾ ਹੀ ਨਹੀਂ ਸੀ, ਪਰ ਬਾਬਾ ਜਵਾਬ ਦੇਣ ਵਾਲੇ ਬੰਦੇ ਦੀ ਅਕਲ ਤੇ ਹੈਰਾਨ ਸੀ ਜਿਸ ਦੀ ਇਕੋ ਦਲੀਲ ਸੀ ਕਿ ਦੇਖੋ ਜੀ 25 ਲੱਖ ਬੰਦਾ ਉਸ ਦੇ ਮਰਨ ਤੇ ਗਿਆ, ਸਾਰੀ ਬੰਬਈ ਬੰਦ ਰਹੀ, ਪੰਜਾਬ ਵਿਚ ਅਸਰ ਪਿਆ, ਇਸ ਦਾ ਮੱਤਲਬ ਉਹ ਕੋਈ ਮਾੜੀ-ਧਾੜੀ ਹਸਤੀ ਨਹੀਂ ਸੀ। ਤੇ ਨਾਲੇ ਮਰ ਗਏ ਹੋਏ ਨੂੰ ਫਿੱਟ ਲਾਹਨਤ ਕਰਨੀ ਚੰਗੀ ਗੱਲ ਨਹੀਂ! ਬਾਬਾ ਸੋਚ ਰਿਹਾ ਸੀ ਕਿ ਇਹ ਸਾਡੇ ਜਰਨਲਿਸਟ ਹਨ। ਜੇ ਜਰਨਲਿਸਟਾਂ ਦੀ ਅਕਲ ਦਾ ਇਹ ਹਾਲ ਏ ਤਾਂ ਬਾਕੀ ਲੋਕਾਂ ਦਾ ਕੀ ਕਰੋਂਗੇ? ਹਿਟਲਰ ਮਰ ਗਿਆ, ਅਰੰਗਜੇਬ ਮਰ ਗਿਆ, ਚੰਗੇਜ, ਹਲਾਕੂ, ਇੰਦਰਾ, ਰਜੀਵ ਸਭ ਮਰ ਗਏ। ਪਰ ਕੀ ਲੋਕਾਂ ਉਨ੍ਹਾਂ ਨੂੰ ਬਖਸ਼ਿਆ ਹਾਲੇ ਤੱਕ? ਇੰਦਰਾ ਮਰੀ ਤੋਂ ਇੱਕਠ ਬੜਾ ਹੋਇਆ, ਰਜੀਵ ਮਰੇ ਤੋਂ ਇਕੱਠ ਬੜਾ ਹੋਇਆ ਪਰ ਇਸ ਨਾਲ ਕੀ ਉਨ੍ਹਾਂ ਦੇ ਜੁਲਮ ‘ਜਸਟੀਫਾਈ’ ਹੁੰਦੇ ਹਨ? ਲੋਕ ਹਾਲੇ ਤੱਕ ਉਨ੍ਹਾਂ ਦੀਆਂ ਕਬਰਾਂ ਉਪਰ ਥੁੱਕਦੇ ਹਨ! ਨਹੀਂ?

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਲੋਕ ਹੁਣ ਕਿਉਂ ਨਾ ਸੋਚਣ ਲੱਗ ਜਾਣ ਕਿ ਰੱਬ ਹੁਣ ਧਰਤੀ ਦੇ ਨੇੜੇ ਨੇੜੇ ਜਿਹੇ ਆਉਂਦਾ ਜਾਂਦਾ ਲਗੱਦਾ ਕਿਉਂਕਿ ਅਜਿਹੀਆਂ ਗਦੂਤਾਂ ਨੂੰ ਇੱਕਠਿਆਂ ਹੀ ਵਲੇਟ ਕੇ ਲੈ ਗਿਆ, ਕੁਝ ਤਾਂ ‘ਉਪਰ’ ਵਿਸ਼ਨੂੰ ਜੀ ਦੇ ਖੀਰ ਸਮੁੰਦਰ ਵਿਚ ਹਲਚਲ ਹੋਈ ਹੋਣੀ। ‘ਉਪਰ’ ਕੋਈ ਪੰਜਾਬ ਦੇ ਅਫਸਰੀ ਬਾਬੂਆਂ ਵਰਗਾ ਵਿਹਲੜ ਮਹਿਕਮਾਂ ਤਬਦੀਲ ਕੀਤਾ ਜਾਪਦਾ, ਜਿਹੜਾ ‘ਸਭ ਅੱਛਾ’ ਕਹਿਕੇ ਵਿਹਲੀਆਂ ਖਾ ਛੱਡਦਾ ਹੋਵੇਗਾ ਜਾਂ ਪੌਂਟੀਆਂ-ਠਾਕੁਰਾਂ ਕੋਲੋਂ ਰਿਸ਼ਵਤ ਲੈ ਕੇ, ਉਨ੍ਹਾਂ ਦੇ ਪਾਪਾਂ ਨੂੰ ਵਧਣ-ਫੁੱਲਣ ਵਿਚ ਸਹਾਇਤਾ ਕਰਦਾ ਹੋਵੇਗਾ। ਬਾਬਾ ਸੋਚ ਰਿਹਾ ਸੀ ਕਿ ‘ਉਪਰ’ ਵੀ ਰਿਸ਼ਵਤ ਚਲਦੀ ਹੋਵੇਗੀ? ਕਿਉਂ ਨਹੀਂ ਚਲ ਸਕਦੀ। ਸਭ ਤੋਂ ਵੱਡੇ ਮੰਦਰ ਤੇ ਗੁਰਦੁਆਰੇ ਬਣਾਉਂਦੇ ਹੀ ਠੱਗ ਧਨਾਢ ਹਨ ਤੇ ਵਧ ਫੁਲ ਵੀ ਅਮਰ ਵੇਲ ਵਾਂਗ ਰਹੇ ਹਨ। ਇਥੇ ਟਰੰਟੋ ਵਿਖੇ ਹੀ ਆਲੀਸ਼ਾਨ ਗੁਰਦੁਆਰਾ ਬਣਾ ਧਰਿਆ ਬੜੂੰਦੀ ਵਾਲੇ ਨੇ। ਕਿਸੇ ਨੇ ਕੀ ਲੈਣਾ ਉਸ ਦੇ ਇਸ਼ਕ ਕਿੱਸਿਆਂ ਤੋਂ। ਸਭ ਭੁੱਲ ਗਏ ਲੋਕ! ਵੱਡੇ ਵੱਡੇ ਲੰਗਰ, ਵੱਡੇ ਹਸਪਤਾਲ, ਵੱਡੇ ਸਕੂਲ! ਯਾਨੀ ਬਹੁਤੇ ਪੁੰਨ ਦੇ ਕੰਮ ਤਾਂ ਚਲ ਹੀ ਠੱਗਾਂ, ਧਾੜਵੀਆਂ, ਬਲੈਕਮੇਲਰਾਂ, ਡਰੱਗੀਆਂ ਦੇ ਸਿਰ ਤੇ ਰਹੇ ਨੇ। ਗਰੀਬ ਬੰਦੇ ਨੂੰ ਤੇ ਰੋਟੀ ਦੇ ਲਾਲੇ ਨੇ ਉਹ ਦੂਜਿਆਂ ਲਈ ਲੰਗਰ ਕਿਥੋਂ ਲਾ ਲਊ?

ਪੰਜਾਬ ਵਲ ਹੀ ਦੇਖੋ ਨਾ! ਸਭ ਤੋਂ ਵੱਡੇ ਹਸਪਤਾਲ ਰਾਧਾ-ਸੁਆਮੀਆਂ ਦੇ, ਸੌਦੇ ਡੇਰੇ ਦੇ, ਨਾਨਕਸਰੀਆਂ ਦੇ, ਕੌਲਾਂ ਭਗਤ ਵੀ ਹੁਣ ਚਲਾ ਰਿਹਾ ਹੈ ਤੇ ਸਕੂਲ? ਕੌਣ ਹਨ ਉਨ੍ਹਾਂ ਮਗਰ? ਝੋਨਾ ਬੀਜ ਕੇ ਜਾਂ ਕਣਕ ਵੱਡ ਕੇ ਰੋਟੀ ਖਾਂਣ ਵਾਲੇ ਤਾਂ ਹੋਣੋਂ ਰਹੇ? ਤੁਸੀਂ ਸੋਚ ਵੀ ਨਹੀਂ ਸਕਦੇ ਸਕੂਲਾਂ ਤੇ ਹਸਪਤਾਲਾਂ ਦੇ ਨਾਂ ਤੇ ਠੱਗੀ ਤਾਂ ਜਿਹੜੀ ਹੋ ਹੀ ਰਹੀ ਬਲਕਿ ਬੇਬੱਸ ਅਤੇ ਗਰੀਬ ਨਰਸਾਂ ਤੇ ਟੀਚਰਾਂ ਨਾਲ ਜੋ ਵਿਭਚਾਰ ਕਰਦੇ ਨੇ ਇਹ ‘ਰੱਬ ਦੇ ਦਲਾਲ’?

ਬਾਬਾ ਫੌਜਾ ਸਿੰਘ ਨੂੰ ਯਾਦ ਏ ਉਸ ਦੇ ਪਿੰਡ ਦੇ ਨਾਲ ਪਿੰਡ ਚੱਬਾ ਪੈਂਦਾ। ਉਥੇ ਮਰਹੂਮ ਕੁੰਦਨ ਸਿੰਘ ਨਾਨਕਸਰੀਏ ਨੇ ਸਕੂਲ ਖੋਲਿਆ ਸੀ, ਜਿਸ ਨੂੰ ਹੁਣ ਉਸ ਦਾ ਗੱਦੀਦਾਰ ਭਜਨ ਸਿੰਘ ਚਲਾ ਰਿਹਾ ਹੈ। ਪੁਰਾਣੀ ਖ਼ਬਰ ਹੈ। ਉਥੇ ਕੰਮ ਕਰਦੇ ਗਰੀਬ ਦਾ ਇਕ ਮੁੰਡਾ ਵਿਚੇ ਕਿਸੇ ਦੇ ਕਾਬੂ ਆ ਗਿਆ ਤੇ ਉਸ ਨੇ ਉਸ ਦਾ ਰੇਪ ਕਰ ਦਿੱਤਾ। ਗੱਲ ਦੱਬ ਗਈ ਸੀ। ਪਿਓ ਨੂੰ ਕੁਝ ਪੈਸੇ ਅਤੇ ਨੌਕਰੀ ਪੱਕੀ ਕਰ ਦਿੱਤੀ ਗਈ, ਪਰ ਗਲਤੀ ਉਹ ਇਹ ਕਰ ਗਏ ਕਿ ਗੱਲ ਠੰਡੀ ਹੋਈ ਦੇਖ, ਉਨ੍ਹਾਂ ਪਿਓ ਨੂੰ ਨੌਕਰੀਓਂ ਕੱਢ ਦਿੱਤਾ ਤਾਂ ਖਫਾ ਹੋਇਆ ਗਰੀਬ ਬਾਪ ਮੀਡੀਏ ਕੋਲੇ ਜਾ ਵੜਿਆ! ਤੁਸੀਂ ਸੋਚੋ ਮੁੰਡਿਆਂ ਦਾ ਇਹ ਹਾਲ ਤਾਂ ਕੁੜੀਆਂ? ਇਹ ਉਹ ਸਕੂਲ ਹਨ ਜਿਹੜੇ ਬਾਬੇ ਚਲਾ ਰਹੇ ਹਨ।

ਵਿਸ਼ਨੂੰ ਜੀ ਦੇ ਖੀਰ ਸਮੁੰਦਰ ਵਿਚ ਕੁਝ ਹਲਚਲ ਤਾਂ ਹੋਈ, ਪਰ ਹਾਲੇ ਵੀ ਭਾਰ ਬਹੁਤ ਹੈ। ਪੰਜਾਬ ਵਿਚਲੇ ਬਾਦਲ ਹਾਲੇ ਹਨ, ਨਰਿੰਦਰ ਮੋਦੀ, ਅਡਵਾਨੀ, ਸੱਜਣ, ਟਾਈਟਲਰ, ਕਮਲਨਾਥ ਤੇ ਹਾਲੇ ਡੇਰਿਆਂ ਵਿਚਲੇ ਵਿਭਚਾਰੀਆਂ ਦਾ ਅੰਤ ਨਹੀਂ! ਉਂਝ ਬਾਬਾ ਫੌਜਾ ਸਿੰਘ ਹੈਰਾਨ ਹੈ ਕਿ ਹਜਾਰਾਂ ਸਾਲ ਪਹਿਲਾਂ, ਜੱਦ ਮਨੁੱਖ ਵੀ ਬਹੁਤ ਨਹੀਂ ਸਨ, ਧਰਤੀ ਤੇ ਉਦੋਂ ਝੱਟ ਦੇਣੀ ਧਰਤੀ ਦੌੜ ਉੱਠਦੀ ਸੀ ਖੀਰ ਸਮੁੰਦਰ ਵਲ, ਪਰ ਹੁਣ? ਇਨਾ ਭਾਰ ਤਾਂ ਕਦੇ ਵੀ ਨਾ ਪਿਆ ਹੋਣਾ ਧਰਤੀ ਪੁਰ, ਪਰ ਧਰਤੀ ਕੋਲੋਂ ਕੀ ਖੀਰ ਸਮੁੰਦਰ ਦਾ ਹੁਣ ਪਤਾ ਗਵਾਚ ਗਿਆ? ਪਤਾ ਨਹੀਂ ਕਿੰਨੀਆਂ ਦਰੌਪਤੀਆਂ ਦੀ ਸਾੜੀਆਂ ਰੋਜ ਉਤਰਦੀਆਂ, ਕਿੰਨੀਆਂ ਦੇ ਰੇਪ ਹੁੰਦੇ, ਬਲਾਤਕਾਰ ਕੀਤੇ ਜਾਂਦੇ, 14-14 ਸਾਲ ਦੀਆਂ ਬਾਲੜੀਆਂ ਘਰਾਂ ਤੋਂ ਚੁੱਕ ਲਈਆਂ ਜਾਂਦੀਆਂ ਉਸੇ ਹੀ ਧਰਤੀ ਪੁਰ ਜਿਥੇ ਕ੍ਰਿਸ਼ਨ ਸ੍ਰੀ ਵਾਸਤਵ ਦਰੌਪਤੀ ਲਈ ਸਾੜੀ ਲੈ ਕੇ ਆਣ ਪਧਾਰੇ ਸਨ, ਪਰ ਹੁਣ? ਖੁਦ ਕ੍ਰਿਸ਼ਨ ਕਹਿੰਦੇ ਹਨ ਕਿ ਜਦ ਜਦ ਵੀ ਧਰਤੀ ਪੁਰ ਪਾਪ ਵਧਦੇ ਹਨ ਮੈਂ ਅਵਤਾਰ ਧਾਰ ਕੇ ਆਉਂਦਾ ਹਾਂ, ਪਰ ਕ੍ਰਿਸ਼ਨ ਜੀ ਮਹਾਰਾਜ ਹੁਣ ਬੋਲੋ, ਆਓ? ਕਿ ਜਾਂ ਹਾਲੇ ਹੋਰ ਪਾਪਾਂ ਦੀ ਉਡੀਕ ਕਰ ਰਹੇ ਹੋ? ਪਰ ਕਿਸੇ ਨਹੀਂ ਆਉਂਣਾ ਨਾਂ ਕੋਈ ਆਇਆ ਹੀ ਸੀ ਜੇ ਆਇਆ ਹੁੰਦਾ ਤਾਂ ਨਾਦਰ-ਅਬਦਾਲੀ ਵੇਲੇ ਵੀ ਨਾ ਆਉਂਦਾ? ਹੁਣ ਆ ਜਾਂਦਾ? ਜਿਹੜੇ ਆਏ ਸਨ ਅਤੇ ਜਿੰਨਾ ਅਬਦਾਲੀ-ਨਾਦਰਾਂ ਕੋਲੋਂ ਇਕ ਨਹੀਂ ਹਜਾਰਾਂ ਦਰੌਪਤੀਆਂ ਦੇ ਚੀਰ ਹਰਨ ਹੋਣੋ ਬਚਾਏ ਸਨ, ਉਨ੍ਹਾਂ ਨੂੰ ਤਾਂ ਦਰੌਪਤੀਆਂ ਵਾਲੇ ਭਾਈ ਸਰਦਾਰ ਸਮਝ ਕੇ ਉਂਝ ਹੀ ਨਫਰਤ ਕਰਦੇ ਹਨ! ਤੇ ਜਿਹੜੇ ਅਬਦਾਲੀ ਦਾ ਨਾਂ ਸੁਣ ਕੇ ਲੂੰਗੀਆਂ ਸੁੱਟ ਸੁੱਟ ਦੌੜਦੇ ਸਨ, ਉਨ੍ਹਾਂ ਨੂੰ ਹੁਣ ਸਰਦਾਰਾਂ ਦੇ ਬਾਰਾਂ ਵੱਜਦੇ ਦਿੱਸਣ ਲੱਗ ਪਏ ਨੇ?

ਪੌਂਟੀ ਚੱਡਾ ਭਰਾ! ਪੰਜਾਬ ਵਾਲੇ! ਪੰਜਾਬ ਰੋਹੜ ਛੱਡਿਆ ਸ਼ਰਾਬ ਵਿਚ ਦੋਵਾਂ ਨੇ। ਗਏ ਕਿਵੇਂ? ਦੁਨੀਆਂ ਦੇ ਲੋਕਾਂ ਲਈ ਕਿੰਨਾ ਵੱਡਾ ਸੁਨੇਹਾ ਰੱਬ ਜੀ ਦਾ! ‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ਗਈ ਨਾਲ? ਸਾਢੇ ਛੇ ਹਜਾਰ ਕ੍ਰੋੜ ਦੀ ਪਰ ਬਹੁਤਿਆਂ ਮੁਤਾਬਕ 50 ਹਜਾਰ ਕ੍ਰੋੜ ਦੀ ਪ੍ਰਾਪਟੀ। ਕਿੰਝ ਲੋਕਾਂ ਦੇ ਲਹੂਆਂ ਵਿਚ ਨਹਾ ਨਹਾ ਜੋੜੀ ਪਰ ਕਿਥੇ ਹੁਣ? ਜੱਗ ਦੀਆਂ ਲਾਹਨਤਾਂ ਵੱਖਰੀਆਂ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਮਨੁੱਖ ਨੇ ਵੱਡੇ ਵੱਡੇ ਚਿੜੀਆਂ ਘਰ ਬਣਾ ਲਏ, ਵੱਡੇ ਵੱਡੇ ਮਿਊਜਿਮ ਬਣਾ ਲਏ, ਪਰ ਇੱਕ ਚੀਜ ਨਾ ਬਣਾ ਉਸ ਨੇ ਖੁਦ ਅਪਣੇ ਨਾਲ ਹੀ ਬਹੁਤ ਵੱਡਾ ਧੱਕਾ ਕੀਤਾ ਜਾਂ ਅਪਣੇ ਆਪ ਨੂੰ ਸੁਰੱਖਿਅਤ ਕੀਤਾ। ਉਸ ਨੂੰ ਇਕ ਅਜਿਹਾ ‘ਚਿੜੀਆ ਘਰ’ ਵੀ ਬਣਾਉਂਣਾ ਚਾਹੀਦਾ ਸੀ ਜਿਥੇ ਅਜਿਹੇ ਮੱਨੁਖਤਾ ਦੇ ਕਾਤਲਾਂ ਦੇ ਬੁੱਤ ਲਾਏ ਜਾਣੇ ਬਣਦੇ ਸਨ ਤੇ ਹੇਠਾਂ ਉਨ੍ਹਾਂ ਦੀਆਂ ਕਰਤੂਤਾਂ ਲਿਖੀਆਂ ਜਾਣੀਆਂ ਬਣਦੀਆਂ ਸਨ ਤੇ ਜਲੀਲ ਹੋ ਕੇ ਹੋਈਆਂ ਮੌਤਾਂ। ਤਾਂ ਕਿ ਦੁਨੀਆਂ ਦੇ ਲੋਕ ਸ਼ਾਇਦ ਦੇਖ ਕੇ ਹੀ ਅਜਿਹੇ ਘੋਰ ਗੁਨਾਹਾਂ ਤੋਂ ਤੋਬਾ ਕਰ ਜਾਂਦੇ ਕਿ ਅਸੀਂ ਵੀ ਧਰਤੀ ਤੇ ਭਾਰ ਹੋਣੋ ਬੱਚੀਏ! ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top