Share on Facebook

Main News Page

ਬਿਨੁ ਤੇਲ ਦੀਵਾ ਕਿਉ ਜਲੈ
-
ਗੁਰਦੇਵ ਸਿੰਘ ਸੱਧੇਵਾਲੀਆ

ਚਾਨਣ ਨਹੀਂ ਤਾਂ ਬੰਦਾ ਅੰਨ੍ਹਾਂ ਹੈ। ਅੰਨ੍ਹੇ ਬੰਦੇ ਨੂੰ ਜਿਸ ਰਾਹੇ ਮਰਜੀ ਤੋਰ ਦਿਓ ਉਸ ਤੁਰ ਪੈਣਾ ਹੈ। ਜਰੂਰੀ ਨਹੀਂ ਡੇਰੇ ਮਗਰ ਤੁਰਨ ਵਾਲਾ ਹੀ ਅੰਨਾਂ ਹੋ ਸਕਦਾ, ਕਿਸੇ ਵਿਦਵਾਨ ਦਾ ਚੇਲਾ ਵੀ ਹੋ ਸਕਦਾ। ਮਸਲਾ ਤਾਂ ਅੰਨ੍ਹੇਵਾਹ ਤੁਰਨ ਦਾ ਹੈ, ਚਾਹੇ ਕਿਸੇ ਸਾਧ ਮਗਰ ਤੁਰ ਪਓ ਚਾਹੇ ਵਿਦਵਾਨ ਮਗਰ! ਅੰਨੀ ਸ਼ਰਧਾ ਵੀ ਬੰਦੇ ਨੂੰ ਅੰਨ੍ਹਾ ਕਰ ਦਿੰਦੀ ਤੇ ਅੰਨ੍ਹਾ ਗਿਆਨ ਵੀ। ਜਿਵੇਂ ਸਾਡੇ ਕੁਝ ਭਾਈ ਹੋਏ ਹੋਏ ਨੇ। ਬਾਬਿਆਂ ਦੇ ਚੇਲੇ ਤਾਂ ਮੰਨੇ ਪਰ…? ਬਲਦ ਨੂੰ ਖੋਪੇ ਦੇ ਕੇ ਅੰਨ੍ਹਾਂ ਕਿਉਂ ਕੀਤਾ ਜਾਂਦਾ? ਤਾਂ ਕਿ ਬਿਨਾ ਮਗਰ ਤੁਰੇ ਤੁਰਿਆ ਰਹੇ, ਤੇ ਉਥੇ ਹੀ ਗੇੜੇ ਕੱਢੀ ਜਾਵੇ। ਅਸੀਂ ਬਹੁਤੇ ਉਥੇ ਹੀ ਗੇੜੇ ਕੱਢੀ ਜਾ ਰਹੇ ਹਾਂ, ਪਰ ਪਹੁੰਚਦੇ ਕਿਤੇ ਨਹੀਂ। ਗੁਰੂ ਦੇ ਚਾਨਣ ਤੋਂ ਬਿਨਾ ਕਿਤੇ ਪਹੁੰਚਿਆ ਜਾ ਹੀ ਨਹੀਂ ਸਕਦਾ। ਹਾਂ ਉਸ ਨੂੰ ਦੁੜਾ ਤਾਂ, ਉਸ ਦੀਆਂ ਗੋਡਣੀਆਂ ਲਵਾ ਦਿੱਤੀਆਂ, ਉਸ ਨੂੰ ਚੁੱਪ ਕਰਾ ਦਿੱਤਾ, ਇਹ ਤਾਂ ਹੋ ਸਕਦਾ।

ਗੁਰੂ ਸਾਹਿਬਾਨਾਂ ਨੂੰ 239 ਸਾਲ ਲਗੇ ਮਨੁੱਖ ਨੂੰ ਹਨੇਰੇ ਵਿਚੋਂ ਕੱਢਦਿਆਂ, ਪਰ ਡੇਰਿਆਂ ਨੇ ਬੰਦੇ ਦੀਆਂ ਅੱਖਾਂ ਉਪਰ ਫਿਰ ਤੋਂ ਉਹੀ ‘ਪੰਡੀਆ ਮਾਰਕਾ’ ਖੋਪੇ ਬੰਨ ਕੇ, ਗਲ ਟੱਲੀਆਂ ਬੰਨ ਦਿੱਤੀਆਂ ਹਨ। ਉਹ ਤੁਰ ਰਿਹੈ, ਪਰ ਇਹ ਨਹੀਂ ਪਤਾ ਜਾ ਕਿਥੇ ਰਿਹਾ? ਉਸ ਦੀ ਕੋਈ ਮੰਜਲ ਨਹੀਂ।

ਮੇਰੇ ਜਾਣੂੰ ਦੇ ਮੁੰਡੇ ਦਾ ਵਿਆਹ ਸੀ। ਉਨ੍ਹਾਂ ਗਲਤੀ ਕੀ ਕੀਤੀ ਕਿ ਕੁੜੀ ਵਾਲਿਆਂ ਨੂੰ ਪਹਿਲ ਦੇ ਦਿੱਤੀ ਕਿ ਤਰੀਕ ਉਹ ਦੱਸਣ। ਕੁੜੀ ਵਾਲੇ ਪੰਡਤ ਕੋਲੇ ਗਏ। ਪੰਡਤ ਨੇ ਤਰੀਕ ਅਕਤੂਬਰ ਦੀ ਦੇ ਦਿੱਤੀ। ਪੰਡਤ ਦੀ ਪਤਾ ਨਹੀਂ ਕੀ ਮਜਬੂਰੀ ਸੀ, ਜਾਂ ਦਸ਼ਣਾ ਘੱਟ ਮਿਲੀ ਸੀ, ਉਸ ਸਰਦੀਆਂ ਵਿਚ ਵਿਆਹ ਕੱਢ ਮਾਰਿਆ। ਚਲੋ ਹੁਣ ਕਰਨਾ ਹੀ ਪੈਣਾ ਸੀ।

ਪੰਡਤ ਦੇ ਕਹਿਣ ਮੁਤਾਬਕ ਤਰੀਕ ਰੱਖੀ ਗਈ ਪਰ ਹੋਇਆ ਕੀ। ਮੁੰਡਾ ਕਿਤੇ ਬਾਹਰ ਅੰਦਰ ਨਿਕਲਿਆ ਮੌਸਮ ਬਦਲ ਰਿਹਾ ਸੀ, ਉਸ ਨੂੰ ਟੱਟੀਆਂ, ਮਰੋੜੇ, ਬੁਖਾਰ ਕਈ ਕੁਝ ਜਿਹਾ ਹੋ ਗਿਆ। ਇਕ ਦਿਨ ਸਟੋਰ ਗਿਆ ਕਾਰ ਦਾ ਅਗਲਾ ਟਾਇਰ ਫੱਟ ਗਿਆ ਉਸ ਤੋਂ ਅਗਲੇ ਦਿਨ ਦੂਜਾ! ਕੁੜੀ ਵਾਲੇ ਪਾਸਿਓਂ ਵੀ ਇਕ ਐਕਸੀਡੈਂਟ ਹੋ ਗਿਆ। ਪੰਡਤ ਮੁਤਾਬਕ ‘ਸ਼ੁਭ ਦਿਨ’ ਵੀ ਕਢਾਇਆ, ਪਰ ਕੰਮ ਫਿਰ ਵੀ ਕਈ ‘ਅਸ਼ੁਭ’ ਹੋ ਗਏ! ਪਰ ਹੁਣ ਪੰਡਤ ਨੂੰ ਕਿਸੇ ਨਹੀਂ ਪੁੱਛਣ ਜਾਣਾ, ਕਿ ਪੰਡਤ ਜੀ ਤੇਰਾ ਕਢਿਆ ਸਾਹਾ ਤਾਂ ਸਾਹ ਹੀ ਕੱਢ ਦੇਣ ਲੱਗਾ ਸੀ।

ਮੇਰੀ ਮਜਬੂਰੀ ਇਹ ਹੈ ਕਿ ਹਨੇਰੇ ਕਾਰਨ ਮੈਂ ਡਰਿਆ ਹੋਇਆ ਹਾਂ। ਹਨੇਰੇ ਵਿਚ ਸੀਟੀਆਂ ਮਾਰਨ ਦਾ ਕਾਰਨ ਕੀ ਹੁੰਦਾ? ਇਹ ਸਭ ਸੀਟੀਆਂ ਹੀ ਵਜ ਰਹੀਆਂ। ਵਿਆਹ ਕਰਨਾ ਪੁੱਛੋ ਪੰਡਤ ਨੂੰ, ਕਿਤੇ ਤੁਰਨਾ ਤਾਂ ਪੁੱਛੋ ਪੰਡਤ ਨੂੰ, ਜਮਣਾ ਮਰਨਾ ਤਾਂ ਪੁੱਛੋ ਪੰਡਤ ਨੂੰ। ਜਰੂਰੀ ਨਹੀਂ ਬੋਦੀ ਵਾਲੇ ਨੂੰ, ਗਾਤਰੇ ਵਾਲਾ ਵੀ ਹੋ ਸਕਦਾ। ਜਿਉਂ ਜਿਉਂ ਮੈਂ ਗੁਰੂ ਦੇ ਚਾਨਣ ਤੋਂ ਦੂਰ ਹੋਈ ਗਿਆ, ਤਿਉਂ ਤਿਉਂ ਮੇਰੇ ਡਰ ਅਤੇ ਤੌਖਲੇ ਵਧਦੇ ਗਏ।

ਤੁਸੀਂ ਕਦੇ ਹਨੇਰੇ ਵਿਚ ਤੁਰੋ। ਐਵੇਂ ਰੁੱਖ ਹੀ ਭੂਤ ਜਾਪੀ ਜਾਣਗੇ। ਸਰਕਦੀ ਹਵਾ ਇੰਝ ਜਾਪੂ ਜਿਵੇਂ ਕੋਈ ਤੁਹਾਡੇ ਮਗਰ ਤੁਰਿਆ ਆ ਹੋਵੇ। ਬਦਲਦਾ ਕੁਝ ਨਹੀਂ, ਬਲਕਿ ਮੇਰਾ ਨਜ਼ਰੀਆ ਬਦਲ ਜਾਂਦਾ ਹੈ। ਪੱਥਰ ਉਹੀ ਹੁੰਦਾ, ਪਰ ਮੇਰੀਆਂ ਅੱਖਾਂ ਦਾ ਹਨੇਰਾ ਉਸ ਨੂੰ ਭਗਵਾਨ ਮੰਨ ਲੈਂਦਾ, ਪਰ ਉਹੀ ਲੋਕ ਚਾਨਣ ਵਿਚ ਆਏ ਤਾਂ ਭਾਈ ਮੰਝ ਵਰਗਿਆਂ, ਪਹਿਲਾਂ ਉਹੀ ਪੱਥਰ ਤੋੜੇ ਜਿੰਨਾ ਨੂੰ ਸਾਰੀ ਉਮਰ ਰੱਬ ਮੰਨਿਆ ਹੋਇਆ ਸੀ। ਖੁਦ ਦੂਜੇ ਅਤੇ ਤੀਜੇ ਗੁਰੂ ਨਾਨਕ ਮਾਤਾ ਦੀਆਂ ਜੋਤਾਂ ਜਗਾਉਂਦੇ ਅਤੇ ਹਰਿਦੁਆਰ ਦੀ ਯਾਤਰਾ ਤੇ ਜਾਂਦੇ ਸਨ, ਪਰ ਜਦ ਸਾਹਿਬ ਮਿਲ ਪਿਆ ਤਾਂ ਖੁਦ ਹੀ ਚਾਨਣ ਚਾਨਣ ਤਾਂ ਹੋਏ ਹੀ ਬਲਕਿ ਦੁਨੀਆਂ ਨੂੰ ਚਾਨਣ ਵੰਡ ਗਏ।

ਹਨੇਰੇ ਹੀ ਤਾਂ ਹੈ ਕਿ ਬੰਦਾ ਸਿਰ ਦੁੱਖੇ ਤਾਂ ਡੇਰਿਆਂ ਵਲ ਦੌੜਦਾ ਹੈ। ਉਥੇ ਵੀ ਇਕ ਬੰਦਾ ਹੀ ਬੈਠਾ ਹੋਇਆ ਬਲਕਿ ਜਾਣ ਵਾਲੇ ਨਾਲੋਂ ਵੀ ਨਖਿੱਧ, ਚਿੱਟਾ ਵਿਹਲਾ, ਮਖੱਟੂ। ਬਾਬੇ ਦਾ ਸਿਰ ਦੁਖੇ ਉਹ ਡਾਕਟਰ ਕੋਲੇ, ਪਰ ਸੰਗੀ ਦਾ ਦੁੱਖੇ ਤਾਂ ਬਾਬੇ ਕੋਲੇ। ਬਾਬਾ ਫਸ ਜਾਏ ਤਾਂ ਵਕੀਲ ਕੋਲੇ, ਚੇਲਾ ਫਸ ਗਿਆ ਤਾਂ ਬਾਬੇ ਕੋਲੇ। ਚਿੱਟੇ ਅਨਪ੍ਹੜ ਸਾਧ ਕੋਲੋਂ ਮਾਂ ਅਪਣੇ ਯੂਨੀਵਰਸਿਟੀ ਪੜ੍ਹਦੇ ਬੱਚੇ ਨੂੰ ਲੈ ਕੇ ਜਾਂਦੀ ਹੈ। ਕਾਹਦੇ ਲਈ? ਅਸ਼ੀਰਵਾਦ ਦਵਾਉਂਣ ਲਈ ਕਿ ਇਹ ਪਾਸ ਹੋ ਜਾਏ? ਗੁਰੂ ਦੇ ਚਾਨਣ ਤੋਂ ਦੂਰੀ ਉਸ ਨੂੰ ਇਹ ਨਹੀਂ ਸਮਝਣ ਦੇ ਰਹੀ ਕਿ ਦੋ ਗੱਜ ਕਪੜਾ ਪਾਉਂਣ ਨਾਲ ਸੰਤ ਨਹੀਂ ਹੋ ਜਾਈਦਾ। ਹੁਣ ਤੁਸੀਂ ਦੱਸੋ ਕਿ ਢੱਡਰੀ ਵਾਲਾ ਕਿਸੇ ਦਾ ਕੀ ਸਵਾਰ ਦਏਗਾ, ਜਿਸ ਕੋਲੋਂ ਅਪਣੀ ਦੇਹ ਹੀ ਲੈ ਕੇ ਦੋ ਪੌੜੀਆਂ ਨਹੀਂ ਚੜੀਆਂ ਜਾਦੀਆਂ ਤੇ ਹਾਲੇ ਉਸ ਦੀ ਉਮਰ?

 

ਮੈਨੂੰ ਯਾਦ ਏ ਜਦ ਢੱਡਰੀ ਵਾਲੇ ਦੀ ਮੱਥੇ ਟਿਕਾਉਂਣ ਵਾਲੀ ਸੀ.ਡੀ. ਤਾਜ਼ੀ ਨਿਕਲੀ ਸੀ। ਗੁਰਸੇਵਕ ਸਿੰਘ ਨਾਂ ਦਾ ਨੌਜਵਾਨ ਯੂਨੀਵਰਸਿਟੀ ਪੜ੍ਹਦਾ ਮੁੰਡਾ ਮੇਰੇ ਕੋਲੇ ਘਰੇ ਆਇਆ ਤੇ ਢੱਡਰੀ ਵਾਲੇ ਦੀ ਸੀ.ਡੀ. ਦੇ ਕੇ ਕਹਿਣ ਲੱਗਾ ਕਿ ‘ਅੰਕਲ’ ਕਰੋ ਕੁਝ ਇਸ ਦਾ, ਇਹ ਗੁਰੂ ਸਾਹਿਬਾਨਾਂ ਦੀ ਬਰਾਬਰੀ ਕਰਨ ਲੱਗਾ ਹੋਇਆ। ਉਸ ਸਮੇ ਅਸੀਂ ਸਿੱਖ ਲਹਿਰ ਦੇ ਨਾਂ ਹੇਠ ਮੈਂ ਤੇ ਮੇਰਾ ਇੱਕ ‘ਸਾਬਕਾ ਮਿੱਤਰ’ ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਹਰਭਜਨ ਸਿੰਘ, ਪ੍ਰੋ. ਦਰਸ਼ਨ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਆਦਿ ਦੀਆਂ ਸੀਡੀਆਂ ਮੁਫਤ ਵੰਡਿਆ ਕਰਦੇ ਸਾਂ। ਢੱਡਰੀ ਵਾਲੇ ਦੀ ਮੱਥੇ ਟਿਕਾਉਣ ਵਾਲੀ ਅਸੀਂ ਕੋਈ ਵੀਹ ਹਜਾਰ ਸੀ.ਡੀ. ਦੂਰ ਦੂਰ ਤੱਕ ਪਹੁੰਚਾਈ, ਤਾਂ ਕਿ ਇਸ ਗੁਰੂ ਸਾਹਿਬਾਨਾਂ ਦੇ ਨਵੇਂ ਬਣੇ ਸਰੀਕ ਦੀਆਂ ਕਰਤੂਤਾਂ ਦੁਨੀਆਂ ਦੇਖ ਸਕੇ ਅਤੇ ਲੁੱਟ ਹੋਣੋ ਬਚ ਜਾਏ, ਕਿਉਂਕਿ ਉਸ ਤੋਂ ਪਹਿਲਾਂ ਢੱਡਰੀ ਵਾਲਾ ਕਨੇਡਾ ਆ ਕੇ ਇਕ ਵਾਰ ਲੋਕਾਂ ਦੀ ਉਨ ਲਾਹ ਚੁੱਕਾ ਹੋਇਆ ਸੀ।

ਇੱਕ ਦਿਨ ਮੈਂ ਕਿਸੇ ਪੁਰਾਣੇ ਜਾਣੂੰ ਨੂੰ ਜਿਸ ਕੋਲੋਂ ਮੈਂ ਟਰੱਕ ਚਲਾਉਣਾ ਸਿੱਖਿਆ ਸੀ, ਜਦ ਉਹ ਸੀ.ਡੀ. ਦਿੱਤੀ ਤਾਂ ਉਹ ਮੇਰੇ ਜਿਵੇਂ ਗਲ ਹੀ ਪੈ ਗਿਆ।

ਉਏ ਤੂੰ ਵੰਡਦਾ ਇਹ ਸੀ.ਡੀ.?

ਉਹ ਬੜਾ ਅਵਾ-ਤਵਾ ਬੋਲਿਆ, ਕਿ ਉਹ ਸਿੱਖ ਕੌਮ ਦੀ ਜੜ੍ਹੀਂ ਤੇਲ ਦੇ ਰਹੇ ਹਨ। ਜਦ ਕੋਈ ਸਿੱਖੀ ਦਾ ਪ੍ਰਚਾਰ ਕਰਨ ਉੱਠਦਾ ਤੁਹਾਡੇ ਵਰਗੇ ਨਾਸਤਿਕ ਲੋਕ ਉਸ ਮਗਰ ਪੈ ਜਾਂਦੇ ਹਨ।

ਉਸ ਨੂੰ ਮੈਂ ਧਨਵੰਤ ਸਿੰਘ ਵਾਲੀ ਗੱਲ ਯਾਦ ਕਰਾਈ, ਕਿ ਭਰਾ ਜਦ ਧਨਵੰਤ ਸਿੰਘ ਤੇਰੇ ਘਰ ਠਹਿਰਦਾ ਹੁੰਦਾ ਸੀ, ਉਸ ਬਾਰੇ ਵੀ ਤੂੰ ਇੰਝ ਹੀ ਕਹਿੰਦਾ ਸੀ, ਕਿ ਉਹ ਪ੍ਰਚਾਰ ਕਰ ਰਿਹੈ ਤੇ ਹੁਣ ਉਹ ਬਲਾਤਕਾਰ ਕੇਸ ਕਾਰਨ ਜ੍ਹੇਲ ਵਿਚ ਹੈ! ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਹ ਕਹਿਣ ਲੱਗਾ ਕਿ ‘ਬਾਬਾ ਜੀ’ ਨੇ ਤਾਂ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਰਕਾਰ ਕੋਲੋਂ ਸਿੱਖੀ ਦਾ ਪ੍ਰਚਾਰ ਬਰਦਾਸ਼ਤ ਨਹੀਂ ਹੋ ਰਿਹਾ ਤੇ ਹੁਣ ਉਹ ਕੋਈ ਨਵਾਂ ਛੜਯੰਤਰ ਕਰੇਗੀ। ਤੇ ਉਹੀ ਗੱਲ ਹੋਈ।

ਤੈਨੂੰ ਪਤੈ ਬਾਬਾ ਜੀ ਨੂੰ ਫਸਾਉਂਣ ਲਈ ਸਰਕਾਰ ਨੇ ਕਿੰਨੇ ਲੱਖਾਂ ਰੁਪਏ ਖਰਚੇ ਹਨ? ਉਹ ਵਿਚਾਰਾ ਭੁੱਲ ਗਿਆ ਕਿ ਬਚਣ ਲਈ ਉਸ 70 ਹਜਾਰ ਵੇਦਾਂਤੀ ਨੂੰ ਵੀ ਦਿੱਤੇ ਸਨ!

ਕਈ ਚਿਰ ਬਾਅਦ ਉਹ ਮੈਨੂੰ ਫਿਰ ਮਿਲਿਆ ਤਾਂ ਗੱਲ ਹਾਲੇ ਵੀ ਉਸ ਅੰਦਰ ਰੜਕ ਰਹੀ ਸੀ। ਕਹਿਣ ਲਗਿਆ ਕਿ ਤੈਨੂੰ ਪਤੈ ਉਸ ਦਿਨ ਤੇਰੇ ਹੱਥੋਂ ਉਹ ਸੀ.ਡੀ ਮੈਂ ਕਿਉਂ ਲਈ ਸੀ? ਤਾਂ ਕਿ ਉਹ ਤੂੰ ਹੋਰ ਕਿਸੇ ਨੂੰ ਨਾ ਦੇ ਦੇਵੇਂ! ਮੇਰਾ ਹਾਸਾ ਨਿਕਲ ਗਿਆ ਕਿ ਆਹ ਤੂੰ ਬੜਾ ਉਪਕਾਰ ਕੀਤਾ ਕਿ ਕਿਸੇ ਕੋਲੇ ਉਹ ਸੀ.ਡੀ. ਜਾਣੋਂ ਬੱਚ ਗਈ ਪਰ ਤੈਨੂੰ ਕਿਉਂ ਜਾਪਿਆ ਕਿ ਉਹ ਮੇਰੇ ਕੋਲੇ ਆਖਰੀ ਸੀ?

ਦੋ ਤਰ੍ਹਾਂ ਦੇ ਬੰਦੇ ਤੁਹਾਡੇ ਗਲ ਪੈਣੋ ਕਦੇ ਨਹੀਂ ਟਲਦੇ। ਇਕ ਸ਼ਰਧਾ ਵਿਚ ਅੰਨੇ ਤੇ ਦੂਜੇ ਗਿਆਨ ਦੇ ਹੰਕਾਰ ਵਿੱਚ। ਹਾਲੇ ਸ਼ਰਧਾ ਵਾਲੇ ਗੁਰੂ ਦੇ ਚਾਨਣ ਵਿਚ ਆ ਕੇ ਬੰਦੇ ਬਣ ਜਾਣਗੇ, ਪਰ ਗਿਆਨੀ ਨਹੀਂ। ਗੁਰੂ ਸਾਹਿਬਾਨਾਂ ਨੂੰ ਉਨੇ ਦੁੱਖ ਅਗਿਆਨੀਆਂ ਨਹੀਂ ਦਿੱਤੇ ਸਨ, ਜਿੰਨੇ ਪੰਡਤਾਂ ਅਤੇ ਮੁਲਾਣਿਆਂ।

ਗੁਰੂ ਸਹਿਬਾਨ ਮੈਨੂੰ ਵਾਰ ਵਾਰ ਚਾਨਣ ਵਿਚ ਆਉਣ ਲਈ ਕਿਉਂ ਕਹਿ ਰਹੇ ਹਨ। ਇਸ ਸ਼ਬਦ ਵਿਚ ਦੋ ਰਹਾਉ ਹਨ।

ਇਕ ਕਿ ‘ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥ ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥

ਤੇ ਦੂਜਾ ‘ਇਹੁ ਤੇਲੁ ਦੀਵਾ ਇਉ ਜਲੈ ॥ ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

ਸਾਰੇ ਸ਼ਬਦ ਵਿਚ ਗੁਰੂ ਸਾਹਿਬਾਨ ਮੈਨੂੰ ਇਹੀ ਸਮਝਾਉਂਣ ਦਾ ਯਤਨ ਕਰ ਰਹੇ ਹਨ, ਭਾਈ ਤੇਲ ਤੋਂ ਬਿਨਾ ਦੀਵਾ ਨਹੀਂ ਜਗਦਾ, ਦੀਵਾ ਜਗਣ ਤੋਂ ਬਿਨਾ ਚਾਨਣ ਨਹੀਂ ਹੁੰਦਾ ਅਤੇ ਚਾਨਣ ਤੋਂ ਬਿਨਾ ਸਾਹਿਬ ਨਹੀਂ ਮਿਲਦਾ। ਹਨੇਰੇ ਵਿਚ ਤਾਂ ਮੈਂਨੂੰ ਆਪ ਦਾ ਆਪ ਪਤਾ ਨਹੀਂ ਲੱਗਦਾ ਸਾਹਿਬ ਕਿਥੋਂ ਮਿਲ ਪਊ? ਕਿ ਮਿਲ ਪਊ?


ਕੁਮੈਂਟਸ ਦੇਣ ਤੋਂ ਪਹਿਲਾਂ "ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ" ਖ਼ਾਲਸਾ ਨਿਊਜ਼ ਟੀਮ ਵਲੋਂ ਲਿਖਿਆ ਬੇਨਤੀਨੁਮਾਂ ਲੇਖ
ਪੜ੍ਹਨ ਦੀ ਖੇਚਲ ਜ਼ਰੂਰ ਕਰਨੀ ਜੀ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top