Share on Facebook

Main News Page

ਕਿਹੜਾ ਸਭਿਆਚਾਰ?
-
ਗੁਰਦੇਵ ਸਿੰਘ ਸੱਧੇਵਾਲੀਆ

ਮੇਰਾ ਗੁਆਂਢੀ ਹੈ ਉਸ ਦਾ ਜਵਾਨ ਬੇਟਾ ਪਿੱਛੇ ਪੰਜਾਬ ਹੈ। ਉਹ ਹੁਣ ਜ੍ਹੇਲ ਵਿਚ ਹੈ। ਉਸ ਦਾ ਕਸੂਰ ਕੇਵਲ ਇਤਨਾ ਹੀ ਸੀ ਕਿ ਉਸ ਦਾ ਇੱਕ ਮਿੱਤਰ ਅਜਿਹਾ ਮੁੰਡਾ ਸੀ ਜਿਹੜਾ ਪੰਜਾਬ ਵਿਚ ਨਵੇ ਉਭਰ ਰਹੇ ‘ਮਾਫੀਆ’ ਨਾਲ ਸਬੰਧਤ ਸੀ। ਮੁੰਡੇ ਨਾਲ ਉਸ ਦੇ ਵਿਰੋਧੀਆਂ ਦੀ ਤੂੰ-ਤੂੰ ਮੈਂ-ਮੈਂ ਹੋਈ ਤਾਂ ਅਗਲੇ ਦਿਨ ਉਹ ਲੜਨ ਵਾਲੇ ਦੀ ਦੁਕਾਨ ਤੇ ਗਿਆ ਤਾਂ ਗੋਲੀਆਂ ਉਸ ਦੀ ਹਿੱਕ ਵਿਚੋਂ ਪਾਰ ਕਰ ਦਿੱਤੀਆਂ। ਕਰਨ ਵਾਲਾ ਆਪ ਤਾਂ ਭਗੌੜਾ ਪਰ ਉਸ ਦਾ ਦੂਰ ਜਿਹੇ ਦਾ ਮਿੱਤਰ ਹੋਣ ਕਾਰਨ ਗੁਆਂਢੀ ਦਾ ਮੁੰਡਾ ਫਸ ਗਿਆ!

ਤਿੰਨ ਕੁ ਸਾਲ ਪਹਿਲਾਂ ਮੈਂ ਸਾਲੇ ਆਪਦੇ ਦੇ ਵਿਆਹ ਤੇ ਗਿਆ। ਜੋ ਉਥੇ ਮਹੌਲ ਸੀ ਦੇਖਣ ਹੀ ਵਾਲਾ ਸੀ? ਦਹਿਸ਼ਤ ਭਰਿਆ! ਉਥੇ ਵਿਆਹ ਘੱਟ ਤੇ ਮੈਦਾਨੇ-ਜੰਗ ਜਿਆਦਾ ਜਾਪ ਰਿਹਾ ਸੀ। ਸ਼ਰਾਬੀ ਹੋਏ ਮੁੰਡਿਆਂ ਉਤਾਂਹ ਗੋਲੀਆਂ ਚਲਾ ਚਲਾ ਬਰੂਦੀ ਧੂੰਏਂ ਨਾਲ ਅਸਮਾਨ ਪਲੀਤ ਕਰ ਕੇ ਰੱਖ ਦਿੱਤਾ! ਮੁੰਡੇ ਦੇ ਮਾਮੇ ਦੇ ਮੁੰਡੇ ਜੇ ਇੱਕ ਪਾਸਿਓ ਦੋ ਚਲਾਉਂਦੇ ਤਾਂ ਭੂਆ ਦੇ ਅੱਗੋਂ ਚਾਰ ਚਲਾਉਂਦੇ, ਜਿਵੇਂ ਉਥੇ ਵਿਆਹ ਨਹੀਂ ਗੋਲੀਆਂ ਚਲਾਉਂਣ ਦਾ ਮੁਕਾਬਲਾ ਹੋ ਰਿਹਾ ਹੁੰਦਾ! ਤੇ ਕਈਆਂ ਵਿਆਹਾਂ ਵਿਚ ਇੰਝ ਗੋਲੀਆਂ ਚਲਾਉਂਦੇ ਖੁਦ ਹੀ ‘ਚਲ’ ਗਏ ਜਾਂ ਕੋਈ ਹੋਰਾਂ ਨੂੰ ਚਲਦੇ ਕਰ ਦਿੱਤਾ! ਕਾਰਨ?

ਪ੍ਰੀਤ ਬਰਾੜ ਵਰਗੇ ਲੰਡਰ ਗਾਇਕਾਂ ਵਲੋਂ ਗਾਏ ਹੋਏ ਚੱਕਵੇਂ ਗਾਣੇ। ਹੁਣ ਤੁਸੀਂ ਦੱਸੋ ਕਿ ‘ਵਿਚ ਬਲੈਰੋ ਦੇ ਰੱਖ ਲਈ ਦੇਸੀ ਗੰਨ’ ਕਿਹੜੇ ਸਭਿਆਚਾਰ ਦਾ ਸੁਨੇਹਾ ਹੈ? ਆਪ ਜਿਹੜੇ ਤਿੱਤਰ ਉੱਡੇ ਤੋਂ ਕਾਲਜਾ ਫੜ ਲੈਂਦੇ ਹਨ, ਦੂਜਿਆਂ ਨੂੰ ਬੰਦੂਕਾਂ ਫੜਾ ਫੜਾ ਇਨ੍ਹਾਂ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਦਰਿਆ ਦੇ ਯੋਗਦਾਨ ਵਿੱਚ ਇਨ੍ਹਾਂ ਗਾਇਕਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾਂ ਕਿ ਅਜਿਹੇ ਰੂੜੀ ਮਾਰਕਾ ਗਾਇਕਾਂ ਰਾਹੀਂ ਦਿੱਲੀ ਨੇ ਪੰਜਾਬ ਵਿਚ ਮਿੱਥ ਕੇ ਗੰਦ ਪਾਇਆ। ਪੰਜਾਬ ਦੀ ਜਵਾਨੀ ਦਾ ਮੂੰਹ ਹੀ ਹੋਰ ਪਾਸੇ ਮੋੜ ਦਿੱਤਾ ਗਿਆ ਹੈ, ਕਿ ਉਹ ਜਾਂ ਤਾਂ ਆਪਸ ਵਿਚ ਹੀ ਲੜ ਲੜ ਮਰ ਰਹੇ ਹਨ ਜਾਂ ਨਸ਼ਿਆਂ ਕਾਰਨ ਉਨ੍ਹਾਂ ਦੀਆਂ ਅਰਥੀਆਂ ਉੱਠ ਰਹੀਆਂ ਹਨ।

ਮੈਂ ਸੁੱਖੀ ਨਿੱਝਰ ਸੁਣ ਰਿਹਾ ਸੀ। ਉਸਦੇ ਪ੍ਰੋਗਰਾਮ ਵਿਚ ਪ੍ਰੀਤ ਬਰਾੜ ਦੀ ਇੰਟਰਵਿਊ ਆ ਰਹੀ ਸੀ ਉਸ ਵਿਚ ਉਹ ਗਾ ਗਾ ਕੇ ‘ਵਿਚ ਬਲੈਰੋ ਦੇ ਰੱਖ ਲਈ ਦੇਸੀ ਗੰਨ’ ਸੁਣਾ ਰਿਹਾ ਸੀ ਤੇ ਲੋਕਾਂ ਨੂੰ ਸੁਨੇਹਾ ਦੇਣਾ ਚਾਹ ਰਿਹਾ ਸੀ, ਵੰਡਰਲੈਂਡ ਆਓ ਇਹੀ ਕੁਝ ਤੁਹਾਨੂੰ ੳੇੁਥੇ ਪਰੋਸਾਂਗਾ ਤਾਂ ਕਿ ਪੰਜਾਬ ਵਾਂਗ ਇਥੇ ਵੀ ਗੰਦ ਪਾਇਆ ਜਾ ਸਕੇ? ਲੋਕਾਂ ਦੇ ਪੁੱਤਰਾਂ ਹੱਥੀਂ ਇਥੇ ਵੀ ਗੰਨਾ ਫੜਾਈਆਂ ਜਾ ਸਕਣ? ਹੋਸਟ ਅਤੇ ਗਾਇਕ ਕੀ ਸੁਨੇਹਾ ਦੇਣਾ ਚਾਹ ਰਹੇ ਲੋਕਾਂ ਨੂੰ? ਇੱਕ ਹੋਰ ਫੁੱਕਰਾ ਜਿਹਾ ਹੋਸਟ ਹੈ, ਉਸ ਦੇ ਕੰਨਾ ਤੇ ਵੀ ਪਈਆਂ ਸਨ ਅਤੇ ਲਿਖਤੀ ਮਾਫੀ ਵੀ ਮੰਗ ਕੇ ਆਇਆ ਸੀ, ਉਹ ਹੇਕਾਂ ਲਾ ਲਾ ਲੋਕਾਂ ਨੂੰ ਉਕਸਾ ਰਿਹਾ ਜਿਵੇਂ ਦੇਸੀ ਗੰਨ ਉਹ ਖੁਦ ਚੁੱਕੀ ਫਿਰ ਰਿਹਾ ਹੁੰਦਾ। ਇਨ੍ਹਾਂ ਦੀਆਂ ਡੁਰਲੀਆਂ ਸੁਣ ਕੇ ਤੁਹਾਨੂੰ ਕਦੇ ਇੰਝ ਨਹੀਂ ਜਾਪਦਾ, ਜਿਵੇਂ ਪੰਜਾਬ ਦੇ ਪਿੰਡਾਂ ਵਿਚ ਕੋਈ ਸ਼ਰਾਬੀ ਕਿਸੇ ਦੇ ਘਰ ਮੂਹਰੇ ਚਾਗਰਾਂ ਮਾਰ ਰਿਹਾ ਹੋਵੇ ਕਿ ਆਓ ਕਰੋ ਜੋ ਕਰਨਾ ਕਿਸੇ?

ਮਾਫੀਆ ਮੰਡੀਰ? ਪੰਜਾਬ ਵਿਚ ਅਵਾਰਾ ਕੁੱਤਿਆਂ ਨੂੰ ਕਤੀੜ ਕਹੀਦਾ ਸੀ ਤੇ ਅਵਾਰਾ ਮੁੰਡਿਆਂ ਨੂੰ ਮੰਡੀਰ? ਹੁਣ ਤੁਸੀਂ ਦੱਸੋ ਕਿ ਮੰਡੀਰ ਤੇ ਕਤੀੜ ਵਿਚ ਕੀ ਫਰਕ ਹੈ? ਕਤੀੜ ਵੀ ਲੋਕਾਂ ਨੂੰ ਪਾੜਦੀ ਹੈ, ਮੰਡੀਰ ਵੀ ਲੋਕਾਂ ਨੂੰ ਪਾੜ ਰਹੀ ਹੈ। ਇਨ੍ਹਾਂ ਦੇ ਪਾੜੇ ਹੀ ਨੌਜਵਾਨ ਇਕ ਦੂਏ ਨੂੰ ਵੱਡ ਰਹੇ ਯਾਨੀ ਕਤਲ ਕਰ ਰਹੇ ਹਨ, ਇਨ੍ਹਾਂ ਦੇ ਪਾੜੇ ਹੀ ਲੋਕ ਨਸ਼ਿਆਂ ਵਿਚ ਗਰਕ ਰਹੇ ਹਨ। ਪੰਜਾਬ ਤਬਾਹ ਹੋ ਰਿਹਾ ਬਰਬਾਦੀ ਦੇ ਰਾਹ ਪਿਆ ਹੋਇਆ। ਕਤੀੜ ਦੰਦਾ ਨਾਲ ਪਾੜਦੀ ਹੈ, ਇਹ ਮੰਡੀਰ ਗੰਦੇ ਬੋਲਾਂ ਨਾਲ! ਨਹੀਂ?

ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਅਵਾਰਾ ਮੰਡੀਰਾਂ ਨੂੰ ਕੋਈ ਨੱਥ ਨਹੀਂ ਪਾ ਰਿਹਾ। ਆਖੇ ਜਾਂਦੇ ਧਾਰਮਿਕ ਲੋਕ ਚੁੱਪ ਨੇ, ਧਾਰਮਿਕ ਅਦਾਰੇ ਚੁੱਪ ਨੇ। ਕੋਈ ਨਹੀਂ ਬੋਲ ਰਿਹਾ। ਉਂਝ ਚਿਮਟਿਆਂ ਨਾਲ ਬੱਤੀਆਂ ਬੰਦ ਕਰਕੇ ਸੰਘ ਪਾੜਨਾ ਲਿਆ ਹੁੰਦਾ ਕਿ ਰੱਬ ਮਿਲ ਪਵੇ ਪਰ ਰੱਬ ਦੀ ਧਰਤੀ ਉਪਰ ਮਨੁੱਖਾਂ ਵਿਚ ਗੰਦ ਵੰਡਣ ਵਾਲਿਆਂ ਵੇਲੇ ਬੋਲਤੀ ਬੰਦ? ਸਾਡੇ ਦੇਸੀ ਰਾਜਨੀਤਕ ਚੁੱਪ ਹਨ। ਉਹ ਸੋਚਦੇ ਹੀ ਨਹੀਂ ਕਿ ਕਨੇਡਾ ਵਰਗੇ ਸ਼ਾਂਤ ਮੁੱਲਕ ਵਿਚ ਅਜਿਹੇ ਦੇਸੀ ਗੰਨਾ ਫੜਾਉਂਣ ਵਾਲਿਆਂ ਅਤੇ ਬੱਕਰੇ ਬੁਲਾਉਂਣ ਵਾਲਿਆਂ ਨੂੰ ਇਸ ਮੁੱਲਕ ਵਿਚੋਂ ਦਫਾ ਕਰਨ ਦਾ ਕੋਈ ਉਪਾਅ ਕੀਤਾ ਜਾਵੇ, ਤਾਂ ਕਿ ਇਥੇ ਆ ਕੇ ਸਾਡੇ ਬੱਚਿਆਂ ਵਿਚ ਇਹ ਪੰਜਾਬ ਵਾਲੀ ਜ਼ਹਿਰ ਨਾ ਵੰਡ ਸਕਣ।

ਲੋਕਾਂ ਲਈ ਸੋਚਣਾ ਔਖਾ ਹੋਇਆ ਪਿਆ ਕਿ ਉਹ ਮੋਢੇ ਉਪਰ ਡਾਂਗਾਂ ਧਰੀ ਬੱਕਰੇ ਬੁਲਾਉਂਣ ਵਾਲਿਆਂ ਵਲ ਜਾਣ ਜਾਂ ਦੇਸੀ ਗੰਨਾ ਵਾਲਿਆਂ ਵਲ? ਤੇ ਹੋਰ ਹੈਰਾਨੀ ਕਿ ‘ਖਾਲਿਸਤਾਨੀ’ ਲੋਕ ਵੀ ਹੁਭ ਹੁਭ ਕੇ ਇਨ੍ਹਾਂ ਨੂੰ ਪ੍ਰਮੋਟ ਕਰ ਰਹੇ ਅਤੇ ਇਨ੍ਹਾਂ ਦੇ ਬੱਕਰੇ ਲੋਕਾਂ ਤੱਕ ਪਹੁੰਚਾ ਰਹੇ ਹਨ। ਸੁਣਨ ਵਾਲਾ ਹੈਰਾਨ ਹੁੰਦਾ, ਕਿ ਖਾਲਿਸਤਾਨ ਵਿਚ ਕੀ ਕੇਵਲ ਜੱਟ ਹੀ ਹੋਣਗੇ ਜਿਹੜੇ ਮੋਢਿਆਂ ਤੇ ਡਾਂਗਾ ਰੱਖ ਕੇ ਬੱਕਰੇ ਬੁਲਾਇਆ ਕਰਨਗੇ? ਖਾਲਿਸਤਾਨ ਦਾ ਰਾਹ ਇਧਰ ਨੂੰ ਜਾਂਦਾ ਜਿਧਰ ਅਸੀਂ ਤੁਰਨਾ ਸ਼ੁਰੂ ਕੀਤਾ ਹੋਇਆ?

ਨਚਾਰਾਂ ਦੀਆਂ ਭੀੜਾਂ ਨੂੰ ਕਲਾਕਾਰ ਅਤੇ ਹੀਰੋ ਬਣਾ ਕੇ ਲੋਕਾਂ ਅਗੇ ਪਰੋਸਣਾ ਅਪਣੀਆਂ ਨਸਲਾਂ ਦੀ ਬਰਬਾਦੀ ਕਰਨਾ ਹੈ। ਇਸ ਬਰਬਾਦੀ ਦੇ ਨਤੀਜੇ ਭਰਾਵੋ ਨਿਕਣਲ ਲੱਗ ਪਏ ਹਨ ਹਾਲੇ ਹੋਰ ਨਿਕਲਣੇ ਹਨ ਤੁਹਾਡੇ ਸਾਡੇ ਮਰਨ ਤੋਂ ਪਹਿਲਾਂ ਹੀ ਨਿਕਲ ਆਉਂਣੇ ਹਨ। ਤੁਸੀਂ ਕਦੇ ਸੋਚਿਆ ਕਿ ਜੇ ਔਰਤਾਂ ਵਾਗੂੰ ਨੱਚਣ ਵਾਲੇ ਪੰਜਾਬ ਦੇ ਹੀਰੋ ਹਨ, ਤਾਂ ਫਿਰ ਸ੍ਰ. ਅਟਾਰੀ, ਨਲੂਏ, ਅਕਾਲੀ ਫੂਲਾ ਸਿੰਘ, ਸਰਾਭਾ, ਊਧਮ ਸਿੰਘ, ਸੁੱਖੇ-ਜਿੰਦੇ, ਦਿਲਾਵਰ, ਰਾਜੋਆਣਾ, ਹਲਵਾਰੇ ਕਿਹੜੇ ਖਾਤੇ ਵਿਚ ਪਾਉਂਗੇ? ਪੰਜਾਬ ਦਾ ਅਮੁੱਲਾ ਸਭਿਆਚਾਰ ਇਨ੍ਹਾਂ ਸੂਰਬੀਰਾਂ ਤੋਂ ਸ਼ੁਰੂ ਹੁੰਦਾ ਹੈ, ਨਾ ਕਿ ਨਚਾਰਾਂ ਤੋਂ। ਦੱਸੋ ਕੀ ਇਹ ਕੀ ਮਾਣ ਵਾਲੀ ਗੱਲ ਹੈ ਕਿ ਫਲਾਂ ‘ਕਲਾਕਾਰ’ ਖੁਸਰਿਆਂ ਵਾਗੂੰ ਨੱਚ ਬੜਾ ਸੁਹਣਾ ਲੈਂਦਾ? ਤੁਹਾਡੀਆਂ ਨਸਲਾਂ ਕਿਸ ਗੱਲ ਉਪਰ ਮਾਣ ਕਰਨਗੀਆਂ ਜੇ ਨਚਾਰਾਂ ਦੀਆਂ ਭੀੜਾਂ ਵਿਚ ਤੁਸੀਂ ਅਪਣਾ ਗੈਰਤਮੰਦ ਸਭਿਆਚਾਰ ਗੁਵਾ ਬੈਠੇ?

ਇਨ੍ਹਾਂ ਦੀ ਛੱਡੋ ਇਹ ਤਾਂ ਮਰ ਚੁੱਕੇ ਹੋਏ ਨੇ ਅੰਦਰੋਂ। ਜਿਹੜੇ ਹੋਏ ਹੀ ਨਚਾਰ ਉਨ੍ਹਾਂ ਤੋਂ ਤੁਸੀਂ ਹੋਰ ਆਸ ਹੀ ਕੀ ਰੱਖੋਗੇਂ। ਇਨ੍ਹਾਂ ਦੇ ਪ੍ਰਮੋਟਰਾਂ ਦੀ ਵੀ ਛੱਡੋ। ਲਾਲਚੀ ਬੰਦੇ ਨੂੰ ਗੁਰਬਾਣੀ ਨੇ ਹਰਕਾਇਆ ਹੋਇਆ ਕੁੱਤਾ ਕਿਹਾ ਜਿਹੜਾ ਕਿਸੇ ਦੀ ਵੀ ਟੰਗੋਂ ਫੜ ਕੇ ਪਾੜ ਸੁੱਟਦਾ ਚਾਹੇ ਮਾਲਕ ਹੀ ਕਿਉਂ ਨਾ ਹੋਵੇ। ਪਰ ਸਵਾਲ ਲੋਕਾਂ ਉਪਰ ਛੱਡਣਾ ਬਣਦਾ ਹੈ, ਕਿ ਤੁਸੀਂ ਅਪਣੀ ਉਲਾਦ ਇਨ੍ਹਾਂ ਭੇੜੀਆਂ ਤੋਂ ਬਚਾਉਂਣੀ ਜਾਂ ਨਹੀਂ। ਤੁਸੀਂ ਕਿਉਂ ਭਰਾਵੋ ਸਿਵਿਆਂ ਦੇ ਰਾਹ ਪਏ ਹੋਏ ਹੋ। ਤੁਹਾਨੂੰ ਸਮਝ ਕਿਉਂ ਨਹੀਂ ਆ ਰਹੀ ਕਿ ਇਹ ਸਾਰੀ ਲੁੱਚ ਮੰਡਲੀ ਤੁਹਾਨੂੰ, ਤੁਹਾਡੀ ਬੋਲੀ ਨੂੰ, ਤੁਹਾਡੇ ਗੁਰੂਆਂ ਤੇ ਸਿੱਖ ਸੂਰਬੀਰਾਂ ਦੇ ਸਿਰਜੇ ਅਮੁੱਲੇ ਸਭਿਆਚਾਰ ਨੂੰ ਤਹਿਸ-ਨਹਿਸ ਕਰਨ ਤੇ ਤੁਲੀ ਹੋਈ ਹੈ। ਇਹ ਵਪਾਰੀ ਲੋਕ ਨੇ। ਜ਼ਹਿਰ ਵੇਚਿਆਂ ਵੀ ਜੇ ਪੈਸਾ ਬਣਦਾ ਹੋਵੇ ਤਾਂ ਇਹ ਵੇਚ ਦੇਣਗੇ? ਵੇਚ ਨਹੀਂ ਰਹੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top