Share on Facebook

Main News Page

ਸੰਤ

ਕੋਈ ਅੱਧੀ ਕੁ ਰਾਤ ਦਾ ਸਮਾਂ ਹੋਵੇਗਾ। ਬਾਬਾ ਫੌਜਾ ਸਿੰਘ ਦੇ ਸਿਰ੍ਹਾਣੇ ਪਾਟੇ ਜਿਹੇ ਕੁੜਤੇ ਵਾਲਾ ਇੱਕ ਮੁੰਡੂ ਜਿਹਾ ਆਣ ਖੜਾ ਹੋਇਆ। ਉਸ ਦੇ ਮੂੰਹ ਤੇ ਘੀਸੀਆਂ ਲੱਗੀਆਂ ਹੋਈਆਂ ਸਨ, ਪੈਰੋਂ ਨੰਗਾ ਤੇ ਬਿਆਈਆਂ ਪਾਟੀਆਂ।

ਆ ਭਰਾ ਕਿਵੇਂ ਆਉਂਣੇ ਹੋਏ ਐਸ ਵੇਲੇ?

ਆਉਂਣੇ ਕਾਹਦੇ ਬਾਬਾ! ਬੁਰੇ ਹਾਲ ਬੌਂਕੇ ਦਿਹਾੜੇ। ਭੁੱਖ ਨਾਲ ਘੁਲਣ ਡਿਹਾਂ। ਘਰ ਦਿਆਂ ਕੱਢ ਛੱਡਿਆ। ਕੰਮ ਕੋਈ ਹੁੰਦਾ ਨਹੀਂ ਸੀ। ਕਿਸੇ ਭਰਾ ਨੇ ਤੇਰੀ ਸਿਫਾਰਸ਼ ਪਾਈ, ਕਿ ਤੂੰ ਅੱਜ ਕੱਲ ਮੇਰੀ ਸ਼ਾਇਦ ਕੋਈ ਮਦਦ ਕਰ ਦਏਂ।

ਪਰ ਤੈਨੂੰ ਕੰਮ ਕੀ ਆਉਂਦਾ?
ਕੰਮ ਕੋਈ ਆਉਂਦਾ ਹੁੰਦਾ ਤਾਂ ਤੇਰੇ ਸਿਰ੍ਹਾਂਣੇ ਕਾਹਨੂੰ ਰੋਂਦਾ।
ਪਰ ਕੁਝ ਤਾਂ ਕਰ ਹੀ ਸਕਦਾ ਹੋਵੇਂਗਾ?
ਨਾ ਬਾਬਾ! ਬਿੱਲਕੁਲ ਬਾਹਾਂ ਖੜੀਆਂ!
ਸੰਤ ਬਣ ਜਾਹ!
ਇਸ ਲਈ ਕੁੱਝ ਕਰਨਾ ਤਾਂ ਨਹੀਂ ਪਵੇਗਾ?
ਖੁੱਝ ਵੀ ਤਾਂ ਨਹੀਂ। ਦੋ ਗੱਜ ਕੱਪੜੇ ਚ ਮੋਰੀ ਕੱਢ ਗਲ ਲਮਕਾ ਲੈ, ਹੋਰ ਕਰਨ ਨੂੰ ਕੀ ਏ।
ਪਰ ਕੋਈ ਕਥਾ, ਕੀਰਤਨ, ਬਚਨ-ਬਿਲਾਸ?
ਕੋਈ ਲੋੜ ਨਹੀਂ। ਦੋ ਸੁਰਾਂ ਤੇ ਹੱਥ ਰੱਖ ਬਸ ਰੋਈ ਜਾਣਾ!
ਰੋਈ ਜਾਣਾ?

ਹਾਂਅ! ਸਿਮਰਨ ਕਰਦਿਆਂ ਰੋਈ ਜਾਣਾ। ਜਿੰਨੇ ਵੱਡੇ ਹਉਕੇ ਲਵੇਂਗਾ ਉਨ੍ਹਾਂ ਵੱਡਾ ਸੰਤ! ਆਹ ਅਪਣੇ ਟਰੰਟੋ ਵਾਲੇ ਮਹਾਂਪੁਰਖ ਹੋਰ ਕੀ ਕਰਦੇ। ਦੋਂਹ ਤੋਂ ਬਾਅਦ ਤੀਜੀ ਸੁਰ ਉਨ੍ਹਾਂ ਕਦੇ ਨਹੀਂ ਵਰਤੀ, ਨਾ ਵਰਤਣੀ ਆਉਂਦੀ। ਹਉਕੇ ਤੇ ਹਉਕਾ ਲਈ ਜਾਂਦੇ। ਮਾਅਰ ਭੀੜਾਂ ਹੋਈਆਂ ਪਈਆਂ।

ਪਰ ਫਿਰ ਵੀ ਜੇ ਮਾੜੀ-ਮੋਟੀ ਕਥਾ ਕਰਨੀ ਪੈ ਜਾਏ?
ਲੈ ਫਿਰ ਸੁਣ!

ਸਾਧ ਸੰਗਤ ਜੀ! ਇੱਕ ਵਾਰ ਅਸੀਂ ਇੱਕ ਝਿੜੀ ਵਿਚ ਬੈਠੇ ਨਾਮ ਸਿਮਰਨ ਵਿਚ ਲੀਨ ਸਾਂ ਕਿ ਇੱਕ ਕੋਈ ਅੱਠ ਫੁੱਟ ਲੰਮਾ ਸੱਪ ਛੜੱਪੇ ਮਾਰਦਾ ਸਾਡੇ ਵਲ ਵਧ ਰਿਹਾ ਸੀ। ਪਹਿਲਾਂ ਤਾਂ ਅਸੀਂ ਡਰੇ ਫਿਰ ਆਪ ਹੀ ਸੋਚਿਆ ਕਿ ਕਮਲਿਆ ਡਰਦਾਂ ਕਿਉਂ ਹੈਂ। ਸਰੀਰ ਦਾ ਕੀ ਏ ਕੀ ਪਤਾ ਗੁਰੂ ਸਾਹਿਬ ਨੇ ਪ੍ਰੀਖੀਆ ਲੈਣ ਲਈ ਹੀ ਭੇਜਿਆ ਹੋਵੇ। ਤੇ ਅਸੀਂ ਦੁਆਲੇ ਅਪਣੇ ਲਕੀਰ ਖਿੱਚ ਕੇ ਸਿਮਰਨ ਕਰਨ ਲਗ ਪਏ, ਅਤੇ ਉਹ ਸੱਪ ਨੇੜੇ ਆ ਕੇ ਬਿੱਲਕੁਲ ਸ਼ਾਂਤ ਹੋ ਗਿਆ ਅਤੇ ਸਾਡੇ ਜੋੜਿਆਂ ਉਪਰ ਆ ਕੇ ਲੇਟ ਗਿਆ। ਕੁੱਝ ਚਿਰ ਲੇਟਣ ਤੋਂ ਬਾਅਦ ਉਸ ਸਾਡੇ ਦੁਆਲੇ ਪ੍ਰਕਰਮਾ ਕੀਤੀ ਅਤੇ ਮੱਥਾ ਟੇਕ ਕੇ ਚਲਾ ਗਿਆ। ਇੱਕ-ਦਮ ਬਾਅਦ ਇਨਾ ਪ੍ਰਕਾਸ਼ ਹੋਇਆ ਕਿ ਅੱਖਾਂ ਤੋਂ ਝੱਲ ਨਾ ਹੋਵੇ। ਕੀ ਦੇਖਿਆ ਕਿ ਗੁਰੂ ਸਾਹਿਬ ਪੰਜਾਂ ਪਿਆਰਿਆਂ ਸਮੇਤ ਸਾਖਯਾਤ ਘੋੜੇ ਉਪਰ ਬੈਠੇ ਸਨ ਤੇ ਕਹਿਣ ਲਗੇ ਸਿੰਘਾ ਤੂੰ ਪ੍ਰੀਖਿਆ ਚੋਂ ਪਾਸ ਹੋ ਗਿਆ ਹੈਂ। ਬਹੁਤ ਹੋ ਲਿਆ ਤੱਪ ਹੁਣ ਉੱਠ ਕੇ ਸਿੱਖੀ ਦਾ ਪ੍ਰਚਾਰ ਕਰ। ਤੇ ਸਾਧ ਸੰਗਤ ਜੀ ਉਸੇ ਰਾਤ ਮੇਰੇ ਭਰਾਵਾਂ ਨੂੰ ਗੁਰੂ ਸਾਹਿਬ ਸੁਪਨੇ ਵਿਚ ਮਿਲੇ ਤੇ ਕਹਿਣ ਲੱਗੇ ਬੱਗਾ ਸਿੰਘ ਨੂੰ ਭਾਈ ਹੁਣ ਵਿਹਲਾ ਕਰ ਦਿਓ, ਇਸ ਤੋਂ ਅਸੀਂ ਬੜੇ ਕੰਮ ਲੈਣੇ ਨੇ!

ਪਰ ਬਾਬਾ ਇਨਾ ਵੱਡਾ ਝੂਠ ਕਿਵੇਂ ਬੋਲਾਂਗਾ?

ਹੱਲ ਤੂੰ ਨਹੀਂ ਵਾਹ ਸਕਦਾ, ਪਾਣੀ ਤੂੰ ਨਹੀਂ ਲਾ ਸਕਦਾ, ਕੰਮ ਕੋਈ ਤੈਨੂੰ ਨਹੀਂ ਕਰਨਾ ਆਉਂਦਾ ਤੇ ਝੂਠ ਵੀ ਤੂੰ ਕਹਿੰਨਾ ਬੋਲ ਨਹੀਂ ਹੋਣਾ ਤਾਂ ਇਥੇ ਮੇਰੇ ਕੋਲੇ ਵੜੇਵੇਂ ਲੈਣ ਆਇਆਂ? ਖਾਹ ਧੱਕੇ ਫਿਰ!

ਪਰ ਬਾਬਾ ਤੂੰ ਨਹੀਂ ਮੇਰੀ ਕੋਈ ਮਦਦ ਕਰੇਂਗਾ?

ਮਦਦ ਤੇਰੀ ਕਰ ਤਾਂ ਦਿੱਤੀ। ਜਿਸਨੂੰ ਕੁੱਝ ਨਹੀਂ ਕਰਨਾ ਆਉਂਦਾ, ਉਹ ਸੰਤ ਬਣ ਜਾਏ।

ਪਰ ਬਾਬਾ ਵਿਹਲੀਆਂ ਖਾ ਕੇ ਕਹਿੰਦੇ ਲੇਖਾ ਦੇਣਾ ਪੈਂਦਾ। ਕਹਿੰਦੇ ਬੁਰੀ ਡਾਂਗ ਵਾਹੁੰਦਾ ਧਰਮਰਾਜ!

ਬਾਬਾ ਫੌਜਾ ਸਿੰਘ ਨੂੰ ਧਰਮਰਾਜ ਦੀ ਡਾਂਗ ਵਾਹੁੰਦਾ ਸੁਣ, ਆਪਣੇ ਚਾਚੇ ਦਾ ਬੂਰਾ ਸੰਢਾ ਯਾਦ ਆ ਗਿਆ, ਜਿਸ ਦੇ ਪਿੰਡੇ ਦੀ ਛਿੱਲ ਲੱਥੀ ਹੀ ਰਹਿੰਦੀ ਸੀ। ਬਾਬਾ ਸੋਚ ਰਿਹਾ ਸੀ ਕਿ ਬਾਬੇ ਵੀ ਕਹਿੰਦੇ ਕਿ ਲੇਖਾ ਦੇਣਾ ਪੈਂਦਾ। ਜੇ ਲੇਖਾ ਦੇਣਾ ਪੈਂਦਾ ਤਾਂ ਬਾਬਾ ਫੌਜਾ ਸਿੰਘ ਢੱਡਰੀ ਵਾਲੇ ਨੂੰ ਚਾਚੇ ਦੇ ਬੂਰੇ ਸੰਢੇ ਦੀ ਥਾਂ, ਜੁਪੇ ਦੇਖ ਦੇਖ ਵਿਸਮਾਦ ਹੋ ਰਿਹਾ ਸੀ। ਕੂਲਾ ਜਿਹਾ ਪਿੰਡਾ, ਕਣਕ ਦਾ ਲੱਦਿਆ ਗੱਡਾ, ਨਹਿਰ ਵਾਲੇ ਪੁੱਲ ਸੀ ਚੜ੍ਹਾਈ ਤੇ ਉਪਰੋਂ ਚਾਚੇ ਦੀ ਬੈਂਤ ਦੀ ਪਰਾਣੀ! ਇਹ ਪੋਲੜ ਜਿਹਾ ਸਾਧ, ਵਿਚਾਰਾ ਕਿਥੋਂ ਗੱਡਾ ਲੈ ਕੇ ਪੁੱਲ ਚੜ ਜਾਊ, ਜਿਹੜਾ ਚੜ੍ਹਦੀ ਜਵਾਨੀ ਵਿਚ ਹੀ ਸਟੇਜ ਦੀਆਂ ਪੌੜੀਆਂ ਦੂਜਿਆਂ ਦਾ ਹੱਥ ਫੜਕੇ ਚੜ੍ਹਦਾ ਹੈ।

ਪਰ ਚਲ ਤੂੰ ਲੇਖੇ-ਪਤੇ ਦੀਆਂ ਛੱਡ। ਨਾਲੇ ਲੇਖਾ ਤਾਂ ਤੂੰ ਹੁਣ ਵੀ ਦਈ ਜਾਂਦਾ। ਪਾਟੀਆਂ ਅੱਡੀਆਂ ਬੁਰੇ ਹਾਲ ਹੋਰ ਲੇਖਾ ਤੂੰ ਕਿਵੇਂ ਦੇਣਾ। ਤੇਰੀ ਇੱਕ ਮਦਦ ਮੈਂ ਹੋਰ ਕਰ ਸਕਦਾਂ।

ਉਹ ਕੀ ਬਾਬਾ?

ਤੇਰਾ ਪਰੀਆਂ ਵਰਗੀਆਂ ਕਹਾਣੀਆਂ ਦਾ ਇਕ ਗ੍ਰੰਥ ਮੈਂ ਲਿੱਖ ਦਿਆਂਗਾ। ਤੂੰ ਕੀਹਨੂੰ ਕੀਹਨੂੰ ਤਾਰਿਆ। ਕਿਸੇ ਦੀ ਕੈਂਸਰ ਹਟਾਈ, ਕਿਸੇ ਨੂੰ ਮੁੰਡਾ ਦਿੱਤਾ, ਕਿਸੇ ਦਾ ਐਕਸੀਡੈਂਟ ਹੁੰਦਾ ਬਚਾਇਆ, ਕਿਸੇ ਘਰੋਂ ਭੂਤ-ਚੁੜੇਲਾ ਭਜਾਈਆਂ, ਗੁਰੂ ਸਾਹਿਬ ਤੈਨੂੰ ਕਿੰਨੀ ਵਾਰ ਮਿਲੇ ਤੇ ਨਾਲ ਨਾਲ ਦੱਸਦਾ ਜਾਵਾਂਗਾ, ਕਿ ਇਹ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ। ਇਹ ਗੁਹਝ ਭੇਦ ਕਿਸੇ ਅਗੇ ਨਹੀਂ ਜ਼ਾਹਰ ਕਰਨੇ ਚਾਹੀਦੇ। ਇਹ ਅਜਰ ਵਸਤੂ ਹੈ ਇਸ ਨੂੰ ਜਰਨਾ ਚਾਹੀਦਾ ਹੈ।

ਪਰ ਬਾਬਾ ਲੋਕ ਇੰਨੇ ਮੂਰਖ ਤਾਂ ਨਹੀਂ?

ਸਿਆਣੇ ਹੁੰਦੇ ਤਾਂ ਇੰਨੇ ਡੇਰੇ ਕਿਉਂ ਹੁੰਦੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਇੱਕੋ ਡੇਰਾ ਬਹੁਤ ਨਹੀਂ ਸੀ? ਪਰ ਚਲ ਛੱਡ ਇਹ ਗੱਲਾਂ ਤੇ ਤੂੰ ਸ਼ੁਰੂ ਕਰ, ਮੈਂ ਤੇਰੇ ਨਾਲ ਹਾਂ ਐਵੇਂ ਪਾਟਾ ਝੱਗਾ ਤੇ ਨੰਗੇ ਪੈਰੀਂ ਬਿਆਈਆਂ ਪਾਟੀ ਫਿਰਦਾਂ। ਤੇਰੀਆਂ ਜੁੱਤੀਆਂ ਸ਼ੀਸ਼ਿਆਂ ਚ ਮੜ੍ਹ ਮੜ੍ਹ ਲੁਕਾਈ ਨੇ ਸਿਰ ਨਾ ਰਗੜੇ ਤਾਂ ਆਖੀਂ। ਤੇਰੀਆਂ ਟਾਇਲਟਾਂ, ਤੇਰੀਆਂ ਛੱਤਰੀਆਂ, ਤੇਰੇ ਪਿੱਛਾ ਧੋਣ ਵਾਲੇ ਨਲਕਿਆਂ ਤੱਕ ਨੂੰ ਲੁਕਾਈ ਨੇ ਨਾ ਪੂਜਿਆ ਤਾਂ ਆਖੀਂ।

ਗੱਲ ਉਸ ਦੇ ਮਨ ਲਗ ਗਈ। ਕਾਹਲੀ ਚ ਜਾਣ ਲੱਗਾ ਉਹ ਦਰਵਾਜਾ ਠਾਹ ਕਰਕੇ ਜਦ ਮਾਰ ਕੇ ਗਿਆ ਤਾਂ ਬਾਬਾ ਫੌਜਾ ਸਿੰਘ ਦੀ ਜਾਗ ਖੁਲ੍ਹ ਗਈ। ਬਾਬਾ ਸੋਚ ਰਿਹਾ ਸੀ ਕਿ ਹੁਣ ਇਸ ਨੂੰ ਸੰਤ ਬਣਨੋ ਕੋਈ ਨਹੀਂ ਰੋਕ ਸਕਦਾ। ਕਿ ਰੋਕ ਸਕਦਾ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top