Share on Facebook

Main News Page

ਜਥੇਦਾਰੀਆਂ ਦੇ ਪੀਪੇ?

ਇੱਕ ਦਿਨ ਦੀ ਗੱਲ ਹੈ ਕਿ ਬਾਬਾ ਫੌਜਾ ਸਿੰਘ ਸਮਾਧੀ ਵਿਚ ਲੀਨ ਸੀ ਕਿ ਉਸ ਦੇ ਨੇੜਿਓਂ ਘਬਰਾਈ ਹੋਈ ਇਕ ਮੱਖੀ ਲੰਘੀ। ਉਸ ਦੀ ਜੋਰਦਾਰ ਭੀਂ-ਭੀਂ ਸੁਣਕੇ ਬਾਬੇ ਦੀ ‘ਸਮਾਧੀ’ ਖੁਲ੍ਹ ਗਈ। ਬਾਬਾ ਮੱਖੀ ਨੂੰ ਪੁੱਛਦਾ ਹੈ, ਕਿ ਬੀਬਾ ਤੂੰ ਇੰਨੀ ਘਬਰਾਈ ਹੋਈ ਕਿਉਂ ਹੈ? ਮੱਖੀ ਕਹਿਣ ਲੱਗੀ ਘਬਰਾਵਾਂ ਨਾ ਤਾਂ ਕੀ ਕਰਾਂ ਔਹ ਮਗਰ ਦੇਖ!

ਬਾਬੇ ਜਦ ਮਗਰ ਦੇਖਿਆ ਤਾਂ ਇੱਕ ਚਿੜੀ ਉੱਡੀ ਆ ਰਹੀ ਸੀ। ਬਾਬੇ ਨੇ ਚਿੜੀ ਨੂੰ ਕਿਹਾ ਤੂੰ ਇਸ ਗਰੀਬਣੀ ਮਗਰ ਕਿਉਂ ਪਈ ਏ ਉਸ ਦਾ ਮਰਨ ਕੀਤਾ ਪਿਆ! ਚਿੜੀ ਕਹਿਣ ਲਗੀ ਮੈਂ ਇਸ ਦੇ ਮਗਰ ਕਾਹਨੂੰ ਪਈ ਮੇਰੇ ਮਗਰ ਦੇਖ! ਬਾਬੇ ਜਦ ਮਗਰ ਦੇਖਿਆ ਤਾਂ ਚਿੜੀ ਮਗਰ ਬਿੱਲੀ ਦੌੜੀ ਆ ਰਹੀ ਸੀ। ਬਾਬੇ ਜਦ ਬਿੱਲੀ ਨੂੰ ਪੁੱਛਿਆ ਤਾਂ ਬਿੱਲੀ ਮਗਰ ਕੁੱਤਾ ਦੌੜਾ ਆ ਰਿਹਾ ਸੀ। ਕੁੱਤੇ ਨੂੰ ਪੁੱਛਿਆ ਤਾਂ ਕੁੱਤਾ ਵੀ ਘਬਰਾਇਆ ਹੋਇਆ ਸੀ ਉਹ ਕਹਿਣ ਲੱਗਾ ਕਿ ਮੈਂ ਤਾਂ ਅਪਣੀ ਜਾਨ ਬਚਾ ਰਿਹਾ ਹਾਂ ਪਤਾ ਨਹੀ ਮੇਰੇ ਮਗਰ ਕੀ ਪ੍ਰੇਤ ਦੋੜਿਆ ਆ ਰਿਹਾ ਹੈ ਬੜੀ ਭਿਆਨਕ ਅਵਾਜ ਹੈ ਉਸ ਤਾਂ ਮੇਰੇ ਤ੍ਰਾਹ ਕੱਢਕੇ ਰੱਖ ਦਿੱਤੇ।

ਬਾਬੇ ਜਦ ਕੁੱਤੇ ਮਗਰ ਦੇਖਿਆ ਤਾਂ ਦੌੜਨ ਵਾਲਾ ਕੋਈ ਪ੍ਰੇਤ ਨਹੀ ਸੀ ਬਲਕਿ ਇੱਕ ਗੱਧਾ ਸੀ ਅਤੇ ਗੱਧੇ ਦੀ ਪੂਛ ਨਾਲ ਕਿਸੇ ਸ਼ਰਾਰਤੀ ਨੇ ਖਾਲੀ ਪੀਪਾ ਬੰਨ ਦਿੱਤਾ ਸੀ। ਗੱਧਾ ਜਿਉਂ ਜਿਉਂ ਦੌੜਦਾ ਸੀ ਪੀਪਾ ਖੜਕਦਾ ਸੀ ਤੇ ਉਹ ਹੋਰ ਦੌੜੀ ਤੁਰਿਆ ਜਾ ਰਿਹਾ ਸੀ ਪੀਪਾ ਖੜਕੀ ਤੁਰਿਆ ਜਾ ਰਿਹਾ ਸੀ ਡਰੇ ਹੋਏ ਜੀਵ ਜੰਤੂ ਦੌੜੀ ਤੁਰੇ ਜਾ ਰਹੇ ਸਨ।

ਇਸ ਕਹਾਣੀ ਤੋਂ ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿਸੇ ਸ਼ਰਾਰਤੀ ਰਾਜਨੀਤਕਾਂ ਸਾਡੇ ਪੰਜਾਮੀਆਂ ਵਾਲਿਆਂ ਦੀ ਪੂਛਾਂ ਮਗਰ ‘ਜਥੇਦਾਰੀ’ ਦਾ ਪੀਪਾ ਬੰਨ ਦਿੱਤਾ ਹੈ ਉਹ ਦੌੜੀ ਤੁਰੇ ਜਾ ਰਹੇ ਹਨ ਅਤੇ ਆਮ ਲੋਕਾਂ ਨੂੰ ਜਾਪਦਾ ਹੈ ਕਿ ਪਤਾ ਨਹੀ ਮਰਗ ਕੀ ਪ੍ਰੇਤ ਪਿਆ ਹੋਇਆ ਹੈ। ਜੇ ਕੋਈ ਇਸ ਪੀਪੇ ਨੂੰ ਖੋਲ੍ਹਣ ਦਾ ਯਤਨ ਕਰਦਾ ਹੈ ਤਾਂ ਇਹ ਟੀਟਨੇ ਲੈ ਕੇ ਉਸ ਦੇ ਮਗਰ ਪੈ ਜਾਂਦੇ ਹਨ ਅਤੇ ਫਾਹੇ ਲਾਉਂਣ ਤੱਕ ਜਾਂਦੇ ਹਨ।

ਬਾਬੇ ਨੂੰ ਯਾਦ ਏ ਕੁਝ ਸਾਲ ਪਹਿਲਾਂ ਟਰੰਟੋ ਵਿਖੇ ਸ੍ਰ ਇੰਦਰ ਸਿੰਘ ਘੱਗਾ ਆਇਆ। ‘ਪੰਥ’ ਨੂੰ ਸਿਰ ਤੇ ਚੁੱਕ ਲੈਣ ਵਾਲੇ ਭਰਾਵਾਂ ਦੀ ਹੋਰ ਤਾਂ ਕੋਈ ਪੇਸ਼ ਨਾ ਗਈ ਉਨ੍ਹਾਂ ‘ਫਾਸਟ-ਸਰਵਸ’ ਰਾਹੀਂ ਰਾਤੋ-ਰਾਤ ਵੇਦਾਂਤੀ ਕੋਲੋਂ ‘ਗਿਦੜਪ੍ਰਵਾਨਾ’ ਮੰਗਵਾ ਲਿਆ। ਗੁਰਦੁਆਰਿਆਂ ਤਾਂ ਇਸ ‘ਪ੍ਰੇਤ’ ਕੋਲੋਂ ਭੱਜਣਾ ਹੀ ਸੀ ਬੈਂਕੁਟ-ਹਾਲ ਵਾਲਾ ਵੀ ਭੱਜ ਨਿਕਿਲਿਆ।

ਬਾਬਾ ਫੌਜਾ ਸਿੰਘ ਨੇ ਪੂਛਾਂ ਮਗਰ ਬੱਧਿਆਂ ਇਨਾ ਪੀਪਿਆਂ ਦੀ ਗੱਲ ਜਦ ਇੱਕ ਮਿੱਤਰ ਨਾਲ ਕੀਤੀ ਤਾਂ ਉਹ ਹੱਸ ਕੇ ਕਹਿਣ ਲੱਗਾ ਕਿ ਕਿਹੜੇ ਇਨਾਂ ਇੱਕਲਿਆਂ ਮਗਰ ਬੱਧੇ ਨੇ ਇਥੇ ਹਰੇਕ ਹੀ ਅਪਣੀ ਪੂਛ ਨਾਲ ਕੁਝ ਨਾ ਕੁਝ ਬੰਨੀ ਫਿਰਦਾ। ‘ਬਾਬੇ’ ਢੋਲਕੀਆਂ ਬੰਨੀ ਫਿਰਦੇ, ਕਿਸੇ ਦੇ ਚਿਮਟੇ ਬੰਨੇ ਹੋਏ ਨੇ, ਕੋਈ ‘ਸਿਮਰਨ’ ਬੰਨੀ ਫਿਰਦਾ, ਜੇ ਕੋਈ ਵਿਦਵਾਨ ਹੈ ਤਾਂ ਉਹ ਕਿਤਾਬਾਂ ਹੀ ਬੰਨੀ ਫਿਰਦਾ!! ਇਸ ਕੇਲਿਆਂ ਦੀ ਮੰਡੀ ਵਿਚ ‘ਗੁਰ ਮੇਰੇ ਸੰਗ ਸਦਾ ਹੈ ਨਾਲੇ’ ਤਾਂ ਸੁਣਦਾ ਹੀ ਕਿਸੇ ਨੂੰ ਨਹੀ। ਗਿਆਨ ਦੇ ਗਲ ਵਿਚ ਰਸਾ ਏ ਜਿਸ ਦਾ ਜਿਧਰ ਜੀਅ ਕਰਦਾ ਘਸੀਟੀ ਫਿਰਦਾ।

ਦਰਦਮੰਦ ਅਤੇ ਭੋਲੇ ਸਿੱਖ ਐਵੇਂ ਲਹੂ ਸਾੜਦੇ ਰਹਿੰਦੇ ਜਦ ਸੌਦਾ-ਸਾਧ ਵਰਗਾ ਭੇੜੀਆ ਕੋਈ ਸ਼ਰਾਰਤ ਕਰਦਾ ਹੈ। ਜਿਵੇਂ ਹੁਣੇ ਕੀਤੀ ਹੈ। ਪਰ ਉਹ ਇਹ ਨਹੀ ਸਮਝ ਪਾਉਂਦੇ ਇਸ ਦਾ ਇਲਾਜ ਘੇਰਾ-ਬੰਦੀ ਜਾਂ ਮੁਜਾਹਰੇ ਨਹੀ ਬਲਕਿ ‘ਸਪਰੇਅ’ ਹੈ। ਪਰ ਜਦ ਕੋਈ ਧੂੰਦੇ ਜਾਂ ਪ੍ਰੋ. ਦਰਸ਼ਨ ਸਿੰਘ ਵਰਗਾ ਇਨ੍ਹਾਂ ਸੁੰਡੀਆਂ ਨੂੰ ਮਾਰਨ ਲਈ ਮੋਡਿਆਂ ਤੇ ‘ਸਪਰੇਅ’ ਵਾਲਾ ‘ਟੈਂਕ’ ਪਾ ਕੇ ਤੁਰਨ ਲੱਗਦਾ, ਤਾਂ ਗੱਧੇ ਹੀਂਗਣ ਲੱਗ ਜਾਂਦੇ ਹਨ। ਮਾਲਕ ਉਨ੍ਹਾਂ ਦੇ ਪੁੜਿਆਂ ਤੇ ਮਾਰਦੇ ਹਨ ਡੰਡਾ ਤੇ ਉਹ ਸਮੇਤ ਪੀਪੇ ਜਿਉਂ ਲੱਗਦੇ ਦੌੜਨ ਕਿ ਆਮ ਲੁਕਾਈ ਇਸ ਨੂੰ ‘ਪ੍ਰੇਤ-ਆਤਮਾ’ ਸਮਝ ਡਰ ਨਾਲ ਥਰ-ਥਰ ਕੰਬਣ ਲੱਗਦੀ ਹੈ।

ਹਾਲੇ ਸਮਾਂ ਦੂਰ ਹੈ, ਜਦ ਲੁਕਾਈ ਨੂੰ ਇਸ ਗੱਲ ਦੀ ਸਮਝ ਆਵੇਗੀ ਕਿ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ, ਇਹ ਤਾਂ ਗੱਧਿਆਂ ਦੀਆਂ ਪੂਛਾਂ ਨੂੰ ਪੀਪੇ ਬੱਧੇ ਹੋਏ ਨੇ ‘ਜਥੇਦਾਰੀਆਂ’ ਦੇ! ਨਹੀਂ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top