Share on Facebook

Main News Page

ਨਸ਼ੇ
-
ਗੁਰਦੇਵ ਸਿੰਘ ਸੱਧੇਵਾਲੀਆ

ਨਸ਼ਿਆਂ ਨੇ ਕੁੱਲ ਸੰਸਾਰ ਨੂੰ ਅਪਣੇ ਕਲਾਵੇ ਵਿਚ ਲੈ ਲਿਆ ਹੈ। ਕੁੱਲ ਦੁਨੀਆਂ ਨਸ਼ਿਆਂ ਵਿਚ ਰੁੜ ਰਹੀ ਹੈ। ਹਰੇਕ ਘਰ ਵਿਚ ਨਸ਼ਿਆਂ ਦਾ ਬੋਲ-ਬਾਲਾ ਹੈ। ਮਿਲੀਅਨ-ਬਿਲੀਅਨ-ਟ੍ਰਿਲੀਅਨ ਡਾਲਰਾਂ ਦੇ ਨਸ਼ੇ ਹਰੇਕ ਸਾਲ ਕੀਤੇ ਜਾ ਰਹੇ ਹਨ। ਸਾਰੇ ਸਾਲ ਦੀ ਮਨੁੱਖਾਂ ਵਲੋਂ ਪੀਤੀ ਜਾ ਰਹੀ ਸ਼ਰਾਬ ਹੀ ਜੇ ਇੱਕ ਥਾਂ ਇੱਕਠੀ ਕਰ ਦਿੱਤੀ ਜਾਵੇ ਤਾਂ ਦਰਿਆ ਵਗ ਪਵੇ। ਯਾਨੀ ਮਨੁੱਖਤਾ ਪੂਰੇ ਸਾਲ ਵਿਚ ਦਰਿਆ ਸ਼ਰਾਬ ਦਾ ਅਪਣੇ ਅੰਦਰ ਸਮੋ ਲੈਂਦੀ ਹੈ।

ਨਸ਼ਿਆਂ ਨੇ ਪੂਰੀ ਦੁਨੀਆਂ ਨੂੰ ਖਾ ਲਿਆ ਹੈ। ਨਸ਼ਿਆਂ ਕਾਰਨ ਰਿਸ਼ਤੇ ਟੁੱਟ ਰਹੇ ਹਨ, ਘਰ ਬਰਬਾਦ ਹੋ ਰਹੇ ਹਨ ਅਤੇ ਬੱਚੇ ਰੁਲ ਰਹੇ ਹਨ। ਇੱਕਲੇ ਪੰਜਾਬ ਵਿਚ ਹੀ ਹਰੇਕ ਸਾਲ 50 ਕ੍ਰੋੜ ਬੋਤਲ ਸ਼ਰਾਬ ਦੀ ਪੀਤੀ ਜਾ ਰਹੀ ਹੈ ਹਾਲੇ ਇਸ ਵਿਚ ਘਰ ਦੀ ਦੇਸੀ-ਮਾਰਕਾ ਸ਼ਾਮਲ ਨਹੀਂ ਹੈ। ਘਰਾਂ ਵਿਚ ਵੱਡਿਆਂ ਤੋਂ ਸ਼ੁਰੂ ਹੋ ਕੇ ਪੀਹੜੀ ਦਰ ਪੀਹੜੀ ਇਨ੍ਹਾਂ ਨਸ਼ਿਆਂ ਨੇ ਅਪਣੀ ਗ੍ਰਿਫਤ ਵਿਚ ਲੈ ਲਈ ਹੈ। ਧਰਮ ਨੇ ਮਨੁੱਖ ਨੂੰ ਨਸ਼ੇ ਤੋਂ ਹੋੜ ਕੇ ਬੰਦਾ ਬਣਾਉਂਣਾ ਸੀ ਪਰ ਨਸ਼ਾ ਧਾਰਮਿਕ ਅਸਥਾਨਾ ਉਪਰ ਵੀ ਕਾਬਜ ਹੋ ਚੁੱਕਾ ਹੈ।

ਪਿੱਛੇ ਜਿਹੇ ਇੱਕ ਗੁਰਦੁਆਰੇ ਕਬੱਡੀ ਟੂਰਨਾਮਿੰਟ ਹੋਇਆ। ਭਾਈ ਇੱਕ ਗੁਰਦੁਆਰੇ ਦੇ ਗੇਟ ਮੂਹਰੇ ਹੀ ਜਰਦਾ ਮਲੀ ਜਾ ਰਿਹਾ ਸੀ। ਮੂੰਹ ਉਸ ਦੇ ਵਿਚੋਂ ਪਹਿਲਾਂ ਹੀ ਸ਼ਰਾਬ ਦੀ ਗੰਦੀ ਸੜਿਆਂਦ ਆ ਰਹੀ ਸੀ। ਦੋ ਜਵਾਨ ਮੁੰਡੇ ਲੰਗਰ ਵਿਚ ਆ ਕੇ ਸੇਵਾਦਾਰ ਨੂੰ ਕਹਿੰਦੇ ਇੱਕ ਪਾਣੀ ਦਾ ਜੱਗ ਤੇ ਗਲਾਸ ਦੇਹ?

ਲੁਕਾਈ ਦਾ ਇਨਾ ਝੱਕ ਲੱਥ ਚੁੱਕਾ ਕਿ ਉਹਨਾ ਅੰਦਰ ਗੁਰਦੁਆਰੇ ਦਾ ਜਾਂ ਗੁਰੂ ਦਾ ਕੋਈ ਡਰ ਭਉ ਹੀ ਨਹੀਂ ਰਿਹਾ? ਤੁਸੀਂ ਜਾਣਦੇ ਕਿਉਂ? ਉਹ ਕਹਿੰਦੇ ਅਸੀਂ ਉਨ੍ਹਾਂ ਨਾਲੋਂ ਤਾਂ ਚੰਗੇ ਜਿਹੜੇ ਧਾਰਮਿਕ ਅਸਥਾਨਾਂ ਉਪਰ ਰਹਿਕੇ ਗੰਦ ਪਾ ਰਹੇ ਹਨ, ਬੇਸ਼ਕ ਉਨ੍ਹਾਂ ਦੀ ਦਲੀਲ ਉਨ੍ਹਾਂ ਦੇ ਪਾਏ ਜਾ ਰਹੇ ਗੰਦ ਨੂੰ ਜਸਟੀਫਾਈ ਨਹੀਂ ਕਰਦੀ ਪਰ ਉਹ ਇੰਝ ਕਹਿੰਦੇ ਹਨ! ਅਸੀਂ ਧਾਰਮਿਕ ਅਸਥਾਨਾਂ ਵਾਲੇ ਕਿਉਂਕਿ ਕੋਈ ਮਾਡਲ ਨਹੀਂ, ਪੇਸ਼ ਕਰ ਸਕੇ ਲੋਕਾਂ ਅਗੇ, ਕਿ ਸੁਣਨ ਵਾਲਾ ਅਗਿਓਂ ਸਾਡੀ ਚੰਗੀ ਮਿਸਾਲ ਦੇ ਸਕੇ।

ਮਾਡਲ ਦੀ ਸੁਣ ਲਓ! ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਗੁਰਦੁਆਰੇ ਦੇ ਪ੍ਰਬੰਧਕ ਗੰ੍ਰਥੀਆਂ ਕੀਰਤਨੀਆਂ ਕੋਲੋਂ ਚਾਹਾਂ ਤੇ ਰੱਸਗੁਲੇ ਦਫਤਰ ਮੰਗਵਾ ਕੇ ਛੱਕਦੇ ਹਨ, ਪਰ ਤੁਸੀਂ ਇਹ ਨਹੀਂ ਸੁਣਿਆ ਹੋਣਾ ਕਿ ਕਈ ਨਵੇਂ ਬਣੇ ਪ੍ਰਬੰਧਕ ਕੀਰਤਨੀਆਂ ਕੋਲੋਂ ਮਾਲਸ਼ਾਂ ਵੀ ਕਰਵਾਉਂਦੇ, ਅਪਣੀਆਂ ਗੱਡੀਆਂ ਅਤੇ ਟਰੱਕ ਸ਼ੈਪੂ ਵੀ ਕਰਵਾਉਂਦੇ ਹਨ?? ਹੁਣ ਤੁਸੀਂ ਦੱਸੋ ਕਿ ਜਿਸ ਬੰਦੇ ਪ੍ਰਚਾਰ ਕਰਨਾ ਸੀ, ਉਸ ਅੱਗੇ ਤੁਸੀਂ ਅਪਣਾ ਸਿਰ ਖਲਾਰ ਕੇ ਤੇ ਪੱਟ ਕੱਢ ਕੇ ਤੇਲ ਦੀ ਬੋਤਲ ਲੈ ਕੇ ਬੈਠ ਗਏ, ਓਂ ਜਿਵੇਂ ਉਹ ਤੁਹਾਡਾ ਫੈਮਲੀ ਨਾਈ ਹੁੰਦਾ ਤਾਂ ਮੌਡਲ ਕੀ ਰਹਿ ਗਿਆ? ਤਾਂ ਫਿਰ ਬਾਕੀ ਲੋਕ ਗੁਰਦੁਆਰੇ ਦਾ ਜਾਂ ਗੁਰੂ ਦਾ ਭੈਅ ਕਿਉਂ ਮੰਨਣ?

ਧਾਰਮਿਕ ਅਸਥਾਨਾਂ ਤੋਂ ਨਸ਼ਿਆਂ ਅਤੇ ਹੋਰ ਬੁਰਾਈਆਂ ਵਿਰੁਧ ਅਵਾਜ ਬੁਲੰਦ ਹੋਣੀ ਸੀ ਪਰ ਕਰੇ ਕੌਣ? ਪ੍ਰਚਾਰਕ ਨੇ ਕਰਨੀ ਸੀ, ਪਰ ਪ੍ਰਚਾਰਕ ਨੂੰ ਤਾਂ ਨੌਕਰ ਤੋਂ ਵਧ ਸਮਝਿਆ ਹੀ ਕੁਝ ਨਹੀਂ ਜਾਂਦਾ ਤੇ ਉਹ ਵੀ ਮਜਬੂਰ ਹੋਇਆ ਰੋਟੀਆਂ ਕਾਰਨ ਪੂਰੇ ਤਾਲ ਕਰੀ ਜਾ ਰਿਹੈ। ਪ੍ਰਬੰਧਕ ਨੂੰ ਆਏ ਨੂੰ ਜੀ ਹਜੂਰੀ ਚਾਹੀਦੀ ਉਹ ਉਸ ਦੀ ਹੋਈ ਜਾਂਦੀ। ਉਲਟਾ ਧਾਰਮਿਕ ਅਦਾਰੇ ਅਪਣੀਆਂ ਫੋਟੋਆਂ ਦੀ ਭੁੱਖ ਕਾਰਨ ਅਜਿਹੇ ਲੋਕਾਂ ਨੂੰ ਗੋਲਕ ਵਿਚੋਂ ਪੈਸਾ ਲੁਟਾਉਂਦੇ ਜਿਹੜੇ ਸਭਿਆਚਾਰਾਂ ਦੇ ਨਾਂ ਤੇ ਰੱਜ ਕੇ ਗੰਦ ਪਾਉਂਣ ਵਾਲੀ ਅਤੇ ਨਸ਼ਿਆਂ ਦਾ ਲਾਚੜ-ਲਾਚੜ ਕੇ ਪ੍ਰਚਾਰ ਕਰਨ ਵਾਲੀ ਲੱਚਰ ਮੰਡੀਰ ਨੂੰ ਪ੍ਰਮੋਟ ਕਰਦੇ ਹਨ।

ਇਤਹਾਸ ਹੈ, ਕਿ ਗੁਰੂ ਨਾਨਕ ਪਾਤਸ਼ਾਹ ਜਦ ਮੱਕੇ ਗਏ ਤਾਂ ਉਥੇ ਦੇ ਮੁਲਾਣਿਆਂ ਨੂੰ ਕਹਿਣ ਵਾਲੇ ਬੱਚਨਾ ਵਿਚੋਂ ਇਕ ਇਹ ਸੀ ਕਿ ਤੁਸੀਂ ਧਾੜਵੀਆਂ ਨੂੰ ਆਇਆਂ ਨੂੰ ਇਥੇ ਸਨਮਾਨ ਦਿੰਦੇ ਹੋ ਉਨ੍ਹਾਂ ਦੇ ਹੌਸਲੇ ਹੋਰ ਵੱਧਦੇ ਹਨ ਤੇ ਉਹ ਲੋਕਾਂ ਉਪਰ ਹੋਰ ਜੁਲਮ ਕਰਦੇ ਹਨ। ਗੁਰੂ ਪਾਤਸ਼ਾਹ ਨੇ ਮੌਲਵੀਆਂ ਨੂੰ ਅਹਿਸਾਸ ਕਰਵਾਇਆ ਕਿ ਉਹ ਇੰਝ ਕਰਕੇ ਜੁਲਮ ਨੂੰ ਹੋਰ ਬੜਾਵਾ ਦੇ ਰਹੇ ਹਨ। ਤੇ ਹੁੰਦਾ ਵੀ ਇੰਝ ਸੀ। ਬਾਬਰ ਜਾਂ ਹੋਰ ਧਾੜਵੀ ਅਪਣੇ ਸਾਰੇ ਕੀਤੇ ਪਾਪ ਤੇ ਜੁਲਮ ਮੌਲਵੀਆਂ ਕੋਲੇ ਜਾ ਕੇ ਧੋ ਆਉਂਦੇ ਸਨ ਤੇ ਨਵੇ ਕਰਨ ਲਈ ਫਿਰ ਤਿਆਰ? ਮੌਲਵੀ ਵਲੋਂ ਮਿਲਿਆ ਸਨਮਾਨ ਉਨ੍ਹਾਂ ਦੀ ਪਾਪੀ ਮਾਨਸਿਕਤਾ ਨੂੰ ਬਲ ਦਿੰਦਾ ਸੀ, ਕਿ ਉਹ ਜੋ ਕਰ ਰਹੇ ਹਨ ਠੀਕ ਹੈ! ਜਿਵੇਂ ਬਾਦਲ ਕੇ ਪੰਜਾਬ ਵਿਚ ਹਰੇਕ ਤਰ੍ਹਾਂ ਦੇ ਪਾਪ ਕਰਕੇ ਸਾਡੇ ਲੂੰਗੀਆਂ ਵਾਲਿਆਂ ਕੋਲੋਂ ਸਿਰੋਪੇ ਲੈ ਕੇ ਫਿਰ ਤੋਂ ਫ੍ਰੈਸ਼ ਹੋ ਜਾਂਦੇ ਹਨ, ਜਿਵੇਂ ਹੋਇਆ ਹੀ ਕੁਝ ਨਾ ਹੋਵੇ, ਜਾਂ ਡੇਰਿਆਂ ਵਾਲੇ ਉਨ੍ਹਾਂ ਦੇ ਮੂੰਹਾਂ ਵਿਚ ਲੱਡੂ ਪਾ ਦਿੰਦੇ ਹਨ, ਕਿ ਤੂੰ ਹੋਰ ਗੰਦ ਪਾ ਅਸੀਂ ਹਾਂ ਨਾ ਤੇਰੇ ਪਾਪਾਂ ਦਾ ਹਿਸਾਬ ਕਰਨ ਵਾਲੇ?

ਬੰਦਾ ਮਾੜਾ-ਮੋਟਾ ਧਰਮ ਤੋਂ ਡਰਦਾ, ਪਰ ਸਮਾਜ ਵਿਚ ਗੰਦ ਪਾਉਂਣ ਵਾਲਿਆਂ ਨੂੰ ਜੇ ਧਾਰਮਿਕ ਲੋਕ ਹੀ ਸਨਮਾਨਤ ਕਰਨਗੇ ਤਾਂ ਡਰ ਕੇਹਾ। ਦੁਨੀਆਂ ਉਪਰ ਬਹੁਤੇ ਜੁਲਮਾ ਦੇ ਪਿੱਛੇ ਧਾਰਮਿਕ ਲੋਕਾਂ ਦੀ ਸ਼ਹਿ ਹੀ ਨਜਰ ਆਉਂਦੀ ਹੈ। ਵਜੀਰ ਖਾਂ ਸਾਹਿਬਜਾਦਿਆਂ ਉਪਰ ਜੁਲਮ ਕਰਨ ਦੀ ਕਦੇ ਜੁਅਰਤ ਨਾ ਕਰਦਾ ਜੇ ਮੌਲਵੀ ਦੀ ਸ਼ਹਿ ਨਾ ਹੁੰਦੀ।

ਸਿੱਖ ਭਾਈਚਾਰੇ ਵਿਚ ਵੀ ਜੇ ਸਭਿਆਚਾਰਾਂ ਦੇ ਨਾਵਾਂ ਤੇ ਲੋਕਾਂ ਵਿਚ ਲੱਚਰਤਾ ਅਤੇ ਨਸ਼ੇ ਪਰੋਸੇ ਜਾ ਰਹੇ ਹਨ ਤਾਂ ਉਸ ਪਿੱਛੇ ਧਾਰਮਿਕ ਅਦਾਰਿਆਂ ਜਾਂ ਧਾਰਮਿਕ ਲੋਕਾਂ ਦੀ ਸ਼ਹਿ ਜਰੂਰ ਹੈ। ਨਸ਼ਿਆਂ ਦੇ ਧੰਦੇ ਬਾਜਾਂ ਨੂੰ ਧਾਰਮਿਕ ਅਦਾਰੇ ਜਦ ਸਿਰੋਪੇ ਦਿੰਦੇ ਅਤੇ ਪਤਵੰਤੇ ਸੱਜਣ ਕਹਿ ਕੇ ਸਟੇਜਾਂ ਤੋਂ ਸੰਬੋਧਨ ਹੁੰਦੇ ਹਨ ਤਾਂ ਤੁਸੀਂ ਕੀ ਸੋਚਦੇ ਹੋਂ ਕਿ ਇਹ ਵੀ ਨਸ਼ੇ ਹੀ ਵੰਡਣ ਨਹੀਂ? ਗੁਰਦੁਆਰਾ ਉਸ ਵੇਲੇ ਅਪਣੇ ਲੋਕਾਂ ਨਾਲ ਧਰੋਹ ਕਰ ਰਿਹਾ ਹੁੰਦਾ ਜਦ ਉਹ ਡਰੱਗੀ ਲੋਕਾਂ ਨੂੰ ਅਪਣੀਆਂ ਸਟੇਜਾਂ ਤੋਂ ਸਨਮਾਨਤ ਕਰਦਾ। ਭਾਈ ਉਸ ਦੀ ਅਰਦਾਸ ਕਰਦਾ, ਲੱਖ ਖੁਸ਼ੀਆਂ ਲੈ ਕੇ ਦਿੰਦਾ, ਉਸ ਦੇ ਕਾਰੋਬਾਰ ਵਿਚ ਵਾਧੇ ਕਰਦਾ! ਜਦ ਧਾਰਮਿਕ ਵਿਅਕਤੀ ਹੀ ਉਸ ਨੂੰ ਸ਼ਹਿ ਦੇ ਰਿਹਾ ਹੈ ਤਾਂ ਤੁਸੀਂ ਕਿਵੇਂ ਸੋਚਦੇ ਕਿ ਬਾਕੀ ਲੋਕਾਂ ਵਿਚ ਕੋਈ ਸੁਧਾਰ ਆਵੇਗਾ।

ਨਸ਼ਾ ਮਨੁੱਖ ਦੀ ਕਮਜੋਰੀ ਬਣ ਚੁੱਕਾ ਹੋਇਆ। ਕਿਉਂ? ਕਿਉਂਕਿ ਮੱਨੁਖ ਖੁਦ ਹੀ ਇਨਾ ਕਮਜੋਰ ਹੈ ਕਿ ਉਸ ਦਾ ਨਸ਼ੇ ਬਿਨਾ ਸਰਦਾ ਹੀ ਨਹੀਂ। ਮਾਨਸਿਕ ਤੌਰ ਤੇ ਬਲਵਾਨ ਬੰਦੇ ਨੂੰ ਕੀ ਲੋੜ ਪਈ ਕਿ ਉਹ ਕਿਸੇ ਨਸ਼ੇ ਦੇ ਆਸਰੇ ਅਪਣਾ ਜਵਿਨ ਤੋਰੇ। ਨਸ਼ਿਆਂ ਦੀਆਂ ਫਹੁੜੀਆਂ ਨਾਲ ਕਮਜੋਰ ਲੋਕ ਤੁਰਦੇ ਹਨ ਤੰਦਰੁਸਤ ਨਹੀਂ। ਤੁਸੀਂ ਕਦੇ ਚੰਗੀਆਂ-ਭਲੀਆਂ ਲੱਤਾਂ ਵਾਲਾ ਫਹੁੜੀਆਂ ਉਪਰ ਜਾਂਦਾ ਵੇਖਿਆ? ਯਾਦ ਰੱਖੋ ਦੁਨੀਆਂ ਦੇ ਜਿੰਨੇ ਨਸ਼ੇੜੀ ਹਨ ਉਹ ਫਹੁੜੀਆਂ ਉਪਰ ਤੁਰ ਰਹੇ ਹਨ। ਯਾਨੀ ਦੁਨੀਆਂ ਲੰਗੜੀ-ਲੂਲੀ ਹੋਈ ਪਈ ਆਸਰੇ ਲੈ ਲੈ ਤੁਰੀ ਜਾ ਰਹੀ ਹੈ।

ਹੋਰ ਹੈਰਾਨੀ ਦੀ ਗੱਲ ਕਿ ਨਸ਼ਿਆਂ ਵਿਚ ਗਰਕੇ ਹੋਏ ਲੰਗੜੇ-ਲੂਲੇ ਲੋਕ ਹੀ ਲਲਕਾਰੇ ਮਾਰ ਰਹੇ ਹਨ ਕਿ ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ, ਜਾਂ ਮੋਢਿਆਂ ਤੇ ਡਾਂਗਾ ਧਰੀਆਂ! ਹੁਣ ਤੁਸੀਂ ਦੱਸੋ ਕਿ ਲੂਲ੍ਹਾ ਬੰਦਾ ਮੋਢੇ ਤੇ ਡਾਂਗ ਧਰਕੇ ਕਿਸੇ ਦਾ ਕੀ ਖੋਹ ਲਵੇਗਾ। ਜਿਹੜਾ ਖੁਦ ਸ਼ਰਾਬ ਦੀਆਂ ਫਹੁੜੀਆਂ ਤੇ ਚਲ ਰਿਹਾ ਹੈ ਉਸ ਦੀ ਡਾਂਗ ਕੀ ਅਰਥ ਰੱਖਦੀ ਹੈ?

ਡਾਗਾਂ ਵਾਲੇ ਸਨ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ। ਪਰ ਉਹ ਨਸ਼ੇ ਕਰਕੇ ਬੱਕਰੇ ਨਹੀਂ ਸਨ ਬੁਲਾਉਂਦੇ ਤੇ ਪਤਾ ਦੋਹਾਂ ਕਿੰਨੀਆਂ ਲਾਸ਼ਾਂ ਸਿੱਟੀਆਂ ਸਨ ਟਾਹਲੀਆਂ ਵਾਂਗ? ਕਹਿੰਦੇ ਪਹਿਲਾਂ ਦੋ-ਦੋ, ਫਿਰ ਚਾਰ-ਚਾਰ, ਫਿਰ ਅੱਠ-ਅੱਠ, ਫਿਰ ਸੋਲਾਂ-ਸੋਲਾਂ!! ਤੇ ਆਖਰ ਸਾਰੇ ਹੀ! ਪਿੱਠਾਂ ਜੋੜਕੇ ਕਿਤੇ ਡਾਂਗ ਵਰ੍ਹੀ? ਮਾਰਨ ਆਏ ਮੂੰਹੀ ਉਗਲਾਂ ਪਾ ਗਏ, ਤੇ ਅਖੀਰ ਖਿੱਝ ਕੇ ਸਾਰੇ ਹੀ ਪੈ ਨਿਕਲੇ! ਇਸ ਨੂੰ ਕਹਿੰਦੇ ਮੋਢਿਆਂ ਤੇ ਡਾਗਾਂ ਧਰੀਆਂ! ਕੈਮਰੇ ਅਗੇ ਖੁਸਰਿਆਂ ਵਾਂਗ ਨੱਚਣ ਵਾਲਾ ਮੋਢੇ ਤੇ ਡਾਂਗ ਧਰੀ ਮੇਰੇ ਪੰਜਾਬ ਦਾ ਹੀਰੋ ਕਿਵੇਂ ਹੋ ਗਿਆ ਬਈ?

ਇਹੀ ਗੱਲ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਦੇ ਘਰ ਨੇ ਇਸ ਲੰਗੜੀ-ਲੂਲੀ ਲੁਕਾਈ ਨੂੰ ਲੱਤਾਂ ਬਖਸ਼ੀਆਂ ਸਨ, ਉਨ੍ਹਾਂ ਦਾ ਮਨੋਬਲ ਉੱਚਾ ਚੁੱਕ ਉਨ੍ਹਾਂ ਨੂੰ ਗੈਰਤ ਨਾਲ ਜਿਉਂਣਾ ਸਿਖਾਇਆ ਸੀ ਪਰ ਅੱਜ ਉਸੇ ਗੁਰੂ ਦੇ ਦਰ ਤੇ ਜਦ ਲੂਲਿਆਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ ਤਾਂ ਸਮਝ ਲਓ ਗੁਰੂ ਨਾਨਕ ਨਾਲ ਸਿੱਖ ਦਾ ਕੋਈ ਲੈਣਾ-ਦੇਣਾ ਨਹੀਂ! ਕਿ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top