Main News Page

ਊੜੇ’ ਨਾਲ਼ ਕਮਾਈ! ‘ਜੂੜੇ’ ਨਾਲ਼ ਬੇ-ਵਫ਼ਾਈ !!

ਇੱਕ ਨਾਮਵਰ ਸਿੱਖ ਰਾਗੀ-ਢਾਡੀ ਦਾ ਨੌਜਵਾਨ ਲੜਕਾ ‘ਗਾਇਕ ਕਲਾਕਾਰ’ ਬਣ ਗਿਆ। ਇਸ ਰਾਹੇ ਪੈਣ ਦੀ ਪਹਿਲੀ ਪੌੜੀ, ਜਿਹੜੀ ਕਿ ਕਲਾਕਾਰਾਂ ਨੇ ਕੁੱਝ ਕੁ ਦਹਾਕਿਆਂ ਤੋਂ ਆਪੇ ਸਿਰਜ ਲਈ ਹੋਈ ਹੈ, ਉਸ ਨੇ ਹੱਸ ਕੇ ਪਾਰ ਕਰ ਲਈ। ਭਾਵ ਮੂੰਹ-ਸਿਰ ਸਫਾ ਚੱਟ! ਸਾਰੀ ਉਮਰ ਸਟੇਜਾਂ ਉੱਪਰ ਸਿੱਖ ਇਤਿਹਾਸ ਜੋਸ਼ੀਲੇ ਢੰਗ ਨਾਲ਼ ਸੁਣਾਉਣ ਵਾਲ਼ੇ ਬਾਪ ਨੇ ਬੁਰਾ ਤਾਂ ਮਨਾਇਆ, ਪਰ ‘ਪੁੱਤ ਰਾਜ ਮਲੇਛ ਰਾਜ’ ਵਾਲ਼ੀ ਕਹਾਵਤ ਚੇਤੇ ਕਰ ਕੇ ਸਬਰ ਦਾ ਘੁੱਟ ਭਰ ਲਿਆ। ਮੁੰਡੇ ਨੂੰ ਰਾਗ ਤਾਂ ਵਿਰਸੇ ਵਿੱਚੋਂ ਹੀ ਮਿਲਿਆ ਸੀ। ਥੋੜ੍ਹੀ ਹੋਰ ਮਿਹਨਤ ਕਰਨ ਨਾਲ਼ ਚੰਗੀ ਗੁੱਡੀ ਚੜ੍ਹ ਗਈ।। ਰਾਗੀ ਬਾਪ ਨੇ ਜਦੋਂ ਦੇਖਿਆ ਕਿ ਮੁੰਡਾ ਹੁਣ ਆਪਣੀਆਂ ਚੋਪੜੀਆਂ ਗੱਲ੍ਹਾਂ ਵਰਗੀ ਲਿਸ਼ਕਦੀ ਕਾਰ ਵਿੱਚ ਘੁੰਮਦਾ ਹੈ ਅਤੇ ਆਲੀਸ਼ਾਨ ਕੋਠੀ ਦਾ ਮਾਲਕ ਵੀ ਬਣ ਚੁੱਕਾ ਹੈ । ਗਲ਼ ਵਿੱਚ ਮੋਟੀ ਸਾਰੀ ਸੋਨੇ ਦੀ ਚੇਨੀਂ ਨਾਲ਼ ਖੰਡਾ ਵੀ ਲਟਕਾਈ ਫਿਰਦਾ ਹੈ । ਤਦ ਉਸ ਨੇ ਇੱਕ ਦਿਨ ਮੌਕਾ ਵਿਚਾਰ ਕੇ ਆਪਣੇ ਕਲਾਕਾਰ ਪੁੱਤ ਨੂੰ ਪਤਿਆਉਂਦਿਆਂ ਹੋਇਆਂ ਆਖਿਆ-

“ਕਾਕਾ, ਸੁੱਖ ਨਾਲ਼ ਹੁਣ ਦਾਤੇ ਦੀ ਤੇਰੇ ‘ਤੇ ਫੁੱਲ ਕਿਰਪਾ ਹੋ ਚੁੱਕੀ ਹੈ, ਸਾਰਾ ਕੁੱਝ ਰੱਬ ਨੇ ਦਿੱਤਾ ਹੋਇਆ ਹੈ। ਤੈਂਨੂੰ ਘੋਨ-ਮੋਨ ਰੂਪ ਵਿੱਚ ਦੇਖ ਕੇ ਮੈਂਨੂੰ ਸ਼ਰਮ ਆਉਂਦੀ ਹੈ। ਪੁੱਤਰਾ, ਅਸੀਂ ਖਾਨਦਾਨੀਂ ਗੁਰੂ ਦੇ ਸਿੱਖ ਹਾਂ। ਸਾਰੀ ਉਮਰ ਮੈਂ ਦੇਸਾਂ ਪ੍ਰਦੇਸਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਲੋਕ ਮੈਂਨੂੰ ਕੀ ਕਹਿੰਦੇ ਹੋਣਗੇ? ਸੋ ਪੁੱਤ, ਮਿੰਨਤ ਦੀ ਗੱਲ ਐ, ਹੁਣ ਤੂੰ ਭੁੱਲ ਬਖਸ਼ਾ ਕੇ ਦਾਹੜੀ ਕੇਸ ਰੱਖ ਲੈ!” ਬਾਪ ਨੇ ਘਿਗਿਆਈ ਬੋਲੀ ਵਿੱਚ ਪੰਜਾਬ ਵਿਚਲੀ ਸਿੱਖੀ ਦੀ ਨਿੱਘਰਦੀ ਜਾਂਦੀ ਹਾਲਤ ਦਾ ਵੀ ਵਾਸਤਾ ਪਾਉਂਦਿਆਂ ਲੜਕੇ ਨੂੰ ਪ੍ਰੇਰਿਆ।

ਮੋਹਰਿਉਂ ਮਾਰਦੀ ਮੱਝ ਵਾਂਗ ਚਾਰੇ ਖੁਰ ਚੁੱਕ ਕੇ ‘ਕਲਾਕਾਰ’ ਕੜਕਿਆ- “ਕਿਆ ਸਿੱਖੀ ਸਿੱਖੀ ਕਰੀ ਜਾਨੈਂ ਤੂੰ ਬੁੜ੍ਹਿਆ !......ਤੈਂ ਸਾਰੀ ਉਮਰ ‘ਚ ਉਂਨੀਂ ਕਮਾਈ ਨਹੀਂ ਕੀਤੀ ਹੋਣੀਂ, ਜਿੰਨੀਂ ਮੈਂ ਇੱਕ- ਦੋ ਸਾਲਾਂ ਵਿੱਚ ਹੀ ਕਰ ਲਈ ਹੈ! ……ਹਾਲੇ ਤਾਂ ਮੈਂ ਫਲਾਣੀਂ ਮਿੱਸ …… ਨਾਲ਼ ਵੀਡੀਉ ਐਲਬਮ ਕੱਢਣੀਂ ਐਂ, ਫਿਰ ਹੋਰ ਦੇਖੀਂ ਵਾਰੇ ਨਿਆਰੇ ਹੁੰਦੇ!!”

‘ਕਮਲ਼ਿਆ ਮਾਇਆ ਤਾਂ ਕੰਜਰਾਂ ਕੋਲ਼ ਵੀ ਬਥੇਰੀ ਹੁੰਦੀ ਹੈ, ਫਿਰ ਉਨ੍ਹਾਂ ਵਾਲ਼ਾ ਹੀ ਧੰਦਾ ਕਰ……।‘ ਆਪਣੀ ਉਮਰ ਭਰ ਦੀ ਕੀਤੀ–ਕੱਤਰੀ ਨੂੰ, ਔਲਾਦ ਵਲੋਂ ਮਾਇਆ ਦੇ ਫ੍ਹੀਤੇ ਨਾਲ਼ ਨਾਪਣ ਤੋਂ ਦੁਖੀ ਹੋਏ ਬਾਪ ਦੇ ਕੰਠ ‘ਚੋਂ ੳਠਿਆ ਉਕਤ ਅਧੂਰਾ ਵਾਕ ਬੁੱਲ੍ਹਾਂ ਤੱਕ ਆਉਂਦਾ ਆਉਂਦਾ ਦਮ ਤੋੜ ਗਿਆ। ਹਾਰੇ ਹੋਏ ਖਿਡਾਰੀ ਵਾਂਗ ਨਿੰਮੋਂ-ਝੂਣਾ ਜਿਹਾ ਹੋ ਕੇ ਪਿਉ ਨੇ ਇੱਕ ਤਰਲਾ ਹੋਰ ਕੱਢਿਆ, “ਚੱਲ ਫੇ ਥੋੜ੍ਹੀ ਥੋੜ੍ਹੀ ਦਾਹੜੀ ਰੱਖ ਕੇ ਪੱਗ ਤਾਂ ਬੰਨ ਲਿਆ ਕਰ, ਤੂੰ ਸਿੱਖ ਦਾ ਪੁੱਤ ਐਂ!” ਹੁਣ ਕਲਾਕਾਰ ਪੁੱਤ ਥੋੜ੍ਹੀ ਜਿਹੀ ‘ਭਲੇਮਾਣਸੀ’ ਦਿਖਾ ਗਿਆ …… ਬਰੂ ਚੜ੍ਹੇ ਪਸ਼ੂ ਵਾਂਗ ਲਾਲ ਅੱਖਾਂ ਕਰ ਕੇ ਪਿਉ ਵੱਲ ‘ਸਿਰਫ’ ਘੂਰ ਕੇ ਦੇਖਿਆ , ਕਿਹਾ ਕੁੱਝ ਨਾ।

ਥੋੜ੍ਹੇ ਕੁ ਦਿਨਾਂ ਬਾਅਦ ਇੱਕ ਟੀ.ਵੀ. ਚੈਨਲ ‘ਤੇ ਇਹੋ ‘ਹਰਦਿਲ ਅਜ਼ੀਜ਼’ ਗਾਇਕ ਇੰਟਰਵਿਊ ਦਿੰਦਾ ਹੋਇਆ ਚਪੜ ਚਪੜ ਕਰ ਰਿਹਾ ਸੀ - “ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੇ ‘ਪੂਜਯ ਪਿਤਾ ਜੀ’ ਦੇ ਆਸ਼ੀਰਵਾਦ ਸਦਕਾ ਇਸ ਮੁਕਾਮ ‘ਤੇ ਪਹੁੰਚਿਆ ਹਾਂ…… ਉਨ੍ਹਾਂ ਦਾ ਮੋਹ ਭਰਿਆ ਨਿੱਘਾ ਥਾਪੜਾ ਮਿਲ਼ਦਾ ਆ ਰਿਹਾ ਹੈ… ਉਨ੍ਹਾਂ ਦੀ ਬਦੌਲਤ ਮੈਂ ਸੰਗੀਤ ਵੱਲ ਰੁਚਿਤ ਹੋਇਆ ਹਾਂ…।"

ਐਂਕਰ ਵੱਲੋਂ ਪੁੱਛੇ ਗਏ ਸਵਾਲ ਕਿ ਪੰਜਾਬੀ ਗਾਇਕੀ ਦੇ ਪਿੜ ਵਿੱਚ ਕੁੱਦਣ ਦਾ ਸਬੱਬ ਕੀ ਬਣਿਆ? ਦੇ ਜਵਾਬ ਵਿੱਚ ਸਿਰ ‘ਤੇ ਕੰਡੇਰਨੇ ਵਾਂਗ ਖੜ੍ਹੇ ਕੀਤੇ ਹੋਏ ਵਾਲ਼ਾਂ ਉੱਪਰ ਫਿਲਮੀ ਅੰਦਾਜ਼ ਵਿੱਚ ਹੱਥ ਫੇਰਦਾ ਹੋਇਆਂ ਗਾਇਕ ਜੀ ਫੁਰਮਾਉਣ ਲੱਗੇ-

“ਦੇਖੋ ਜੀ, ਕਿੱਡੀ ਨਮੋਸ਼ੀ ਦੀ ਗੱਲ ਐ ਕਿ ਅਸੀਂ ਪੰਜਾਬੀ ਆਪਣੀਂ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਗੈਰਾਂ ਦੀਆਂ ਬੋਲੀਆਂ ਬੋਲ ਕੇ ਅਕ੍ਰਿਤਘਣ ਬਣੇ ਹੋਏ ਹਾਂ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੈਂ ਪੰਜਾਬੀ ਗਾਇਕੀ ਦਾ ਖੇਤਰ ਚੁਣਿਆਂ। ਮੈਂ ਪੰਜਾਬੀਅਤ ਦਾ ਮੁਦਈ ਹਾਂ- ਆਪਣੀ ਮਾਤ ਭਾਸ਼ਾ ਦੀ ਸੇਵਾ ਲਈ ਪੂਰੀ ਤਰ੍ਹਾਂ ਅਰਪਿਤ ਹੋ ਚੁੱਕਾ ਹਾਂ…… ਸ਼ਿਅਰ ਹੈ –‘ਮਾਂ ਬੋਲੀ ਜੇ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ਼ ਜਾਉਗੇ!” ਇਹ ਸਤਰਾਂ ਸੁਣ ਕੇ ਐਂਕਰ ਦਾ ਸਿਰ ਵੀ ਝੂਮਦਾ ਨਜ਼ਰ ਆਇਆ।

ਗੁਰਦਾਸ ਮਾਨ ਹਰਭਜਨ ਮਾਨ ਜੈਜ਼ੀ ਬੈਂਸ ਮਨਮੋਹਨ ਵਾਰਸ ਮੀਕਾ

ਪਿਤਾ ਪੁਰਖੀ ਧਰਮ ਤੋਂ ਕਿਨਾਰਾ-ਕਸ਼ੀ ਕਰ ਚੁੱਕੇ, ਪਰ ਪੰਜਾਬੀ ਦੀ ‘ਚਿੰਤਾ’ ਵਿੱਚ ਗ੍ਰਸੇ ਪਏ ਇਸ ਗਾਇਕ ਦੀ ਗਾਇਕੀ ਦੇ ਨਮੂੰਨੇ ਵਜੋਂ, ਜਿਹੜਾ ਵੀਡਿੳੇ ਕਲਿੱਪ ਬਾਅਦ ਵਿੱਚ ਦਿਖਾਇਆ ਗਿਆ, ਉਹਦੇ ਵਿੱਚ ਦੋ-ਅਰਥੇ ਪੰਜਾਬੀ ਸ਼ਬਦਾਂ ਤੋਂ ਇਲਾਵਾ, ਹੋਰ ਕੁੱਝ ਵੀ ਪੰਜਾਬੀਅਤ ਨਾਲ਼ ਮੇਲ਼ ਨਹੀਂ ਸੀ ਖਾਂਦਾ। ਹਾਂ, ਉਸ ਨੂੰ ਬੇ ਹਯਾਈ ਦਾ ਨੰਗਾ ਨਾਚ ਜ਼ਰੂਰ ਕਿਹਾ ਜਾ ਸਕਦਾ ਸੀ।

ਇਹ ਸਾਰਾ ਬ੍ਰਿਤਾਂਤ ਇਸ ਕੱਲੇ ਕਹਿਰੇ ਗਾਇਕ ਦਾ ਹੀ ਨਹੀਂ, ਬਲਕਿ ਥੋੜ੍ਹੇ ਬਹੁਤੇ ਫੇਰ – ਬਦਲ ਨਾਲ਼, ਉਨ੍ਹਾਂ ਬਹੁਤਿਆਂ ਗਾਇਕਾਂ ‘ਤੇ ਢੁਕਦਾ ਹੈ ਜਿਨ੍ਹਾਂ ਦਾ ਸਬੰਧ ਸਿੱਖ ਘਰਾਣਿਆਂ ਨਾਲ਼ ਹੈ ਜਾਂ ਸੀ। ਅਜਿਹੇ ਗਾਇਕ ਭਰਾਵਾਂ ਦੇ ਪਾਸਪੋਰਟਾਂ ਉੱਪਰ ਅੰਕਿਤ ਨਾਵਾਂ ਵਿੱਚ ‘ਸਿੰਘ’ ਸ਼ਬਦ ਦੀ ਮੌਜੂਦਗੀ, ਪਰ ਫੋਟੋਆਂ ਵਿੱਚੋਂ ਗਾਇਬ ਹੋਈਆਂ ਪੱਗਾਂ-ਦਾਹੜੀਆਂ, ਇਹੀ ਇਸ਼ਾਰਾ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਕਿ ਇਨ੍ਹਾਂ ਨੇ ‘ਸਿੱਖੀ ਸਰੂਪ’ ਤੋਂ ਬੇਮੁਖ ਹੋ ਕੇ, ਬੱਸ, ਪੰਜਾਬੀ ਦੀ ਸੇਵਾ ਦੇ ਨਾਮ ਹੇਠ ਨਾਮਾ ਅਤੇ ਨਾਮ ਕਮਾਉਣ ਦੀ ਘੂਕੀ ਚੜ੍ਹੀ ਹੋਈ ਹੈ। ਕਈਆਂ ਦੀ ਬੱਲੇ ਬੱਲੇ, ਕਈਆਂ ਦੀ ਥੱਲੇ ਥੱਲੇ ਅਤੇ ਬਹੁਤੇ ਕਰਮਾ ਮਾਰੇ ਵਿੱਚ-ਵਿਚਾਲ਼ੇ ਜਿਹੇ ਰੀਂਘੜ-ਫੀਂਘੜ ਕੇ ਆਪਣਾ ਤੀਰ-ਤੁੱਕਾ ਚਲਾਈ ਜਾਂਦੇ ਹਨ।

ਕਵੀਸ਼ਰੀ ਨੁਮਾ ਗਾਇਕੀ ਅਤੇ ਕੁੱਝ ਕੁ ਪੰਜਾਬੀ ਫਿਲਮਾਂ ਬਣਾ ਕੇ ਪ੍ਰਸਿੱਧ ਹੋਏ ਦੋ ਗਾਇਕ ਭਰਾਵਾਂ ਦੀ ਇੱਕ ਵੀਡਿਉ ਕਲਿਪ ਕਿਸੇ ਨੇ ਮੈਨੂੰ ਈ-ਮੇਲ ਰਾਹੀਂ ਭੇਜੀ। ਇਸ ਵਿੱਚ ਛੋਟੇ ਭਰਾ ਨੇ ਸਾਰੰਗੀ ਅਤੇ ਵੱਡੇ ਭਰਾ ਨੇ ਢੱਡ ਫੜੀ ਹੋਈ ਹੈ। ‘ਵਾਰ’ ਗਾਉਣ ਤੋਂ ਪਹਿਲਾਂ ‘ਵੱਡਾ’ ਮੁਸਕੁਰਾਉਂਦਾ ਹੋਇਆ ਦੱਸਦਾ ਹੈ- “ ਪੂਰੇ ਛੱਬੀ ਸਾਲਾਂ ਬਾਅਦ ਅਸੀਂ ਇਸ ਰੂਪ ਵਿੱਚ (ਭਾਵ ਢੱਡ ਸਾਰੰਗੀ ਨਾਲ਼) ਦਰਸ਼ਕਾਂ ਸਾਹਮਣੇ ਆਏ ਹਾਂ…… ਸਕੂਲ ਤੋਂ ਲੈ ਕੇ ਕਾਲਜ ਤੱਕ ਅਸੀਂ ਇਸੇ ਰੂਪ ਵਿੱਚ ਵੱਡੀਆਂ ਵੱਡੀਆਂ ਸਟੇਜਾਂ ‘ਤੇ ਗਾਉਂਦੇ ਰਹੇ ਹਾਂ…ਲਉ ਹੁਣ ਪੇਸ਼ ਹੈ…!”

ਜੋਸ਼ੀਲੇ ਢੰਗ ਨਾਲ਼ ਗਾਈ ਹੋਈ ਇਹ ਵਾਰ ਸੁਣ ਕੇ ਨਿਹਾਲ ਹੁੰਦਿਆਂ ਸੋਚ ਰਿਹਾ ਸਾਂ ਕਿ ਛੱਬੀ ਸਾਲ ਪਹਿਲਾਂ ਛੱਡੇ ਸਾਜ਼ ਚੁੱਕ ਕੇ ਤਾਂ ਦੋਵੇਂ ਗਾਇਕ ਭਰਾ ਬਾਗੋ ਬਾਗ ਹੋ ਰਹੇ ਹਨ, ਲੇਕਿਨ ਸਦੀਆਂ ਤੋਂ ਚੱਲਿਆ ਆ ਰਿਹਾ ਪਿਤਾ-ਪੁਰਖੀ ਦਸਤਾਰ-ਧਾਰੀ ਸਰੂਪ, ਇਹ ਮੁੜ ਕਦੋਂ ਗ੍ਰਹਿਣ ਕਰਨਗੇ? ਕਲਾਕਾਰ ਸਦਾਉਣ ਲਈ ਤਿਆਗੀ ਸਾਬਤਿ-ਸੂਰਤਿ, ਇਨ੍ਹਾਂ ਨੂੰ ਖਿੱਚ ਨਹੀਂ ਪਾਉਂਦੀ ਹੋਵੇਗੀ? ‘ਮਿੱਟੀ ਵਾਜਾਂ ਮਾਰਦੀ’ ਤਾਂ ਇਨ੍ਹਾਂ ਨੂੰ ਬਹੁਤ ਛੇਤੀ ਸੁਣ ਗਈ, ਪਰ ਕੁਰਲਾਉਂਦੇ ਹੋਏ ਵਿਰਸੇ ਨੂੰ ਇਹ ਕਦੋਂ ਸੁਣਨਗੇ?

ਅੰਤਰ ਰਾਸ਼ਟਰੀ ਮੰਚ ‘ਤੇ ਪੰਜਾਬੀ ਸੰਗੀਤ ਦੀ ਇੱਕ ਵੱਖਰੀ ਤੇ ਠੁਕਦਾਰ ਪਹਿਚਾਣ ਬਣਾਉਣ ਵਾਲ਼ੇ ਇਨ੍ਹਾਂ ਵੀਰਾਂ-ਭੈਣਾਂ ਦੀ ਘਾਲਣਾ ਨੂੰ ਕਤੱਈ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਪੱਖੋਂ ਇਨ੍ਹਾਂ ਨੂੰ ਥਾਪੜਾ ਦੇਣਾ ਬਣਦਾ ਹੈ। ਪ੍ਰੰਤੂ ‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ’ ਦੀ ਕਹਾਵਤ ਮੁਤਾਬਕ, ਇਸ ਵਰਗ ਦੀ ਰੀਸੋ-ਰੀਸੀ ਜਿਹੜਾ ਸਿੱਖੀ ਸਰੂਪ ਨੂੰ ਖੋਰਾ ਲੱਗਾ ਹੈ, ਉਹ ਗੁਰੁ ਨਾਨਕ ਦੇ ਸਾਜੇ ਨਿਰਮਲ ਪੰਥ ਦੇ ਹਿਤੈਸ਼ੀਆਂ ਲਈ ਨਾ-ਕਾਬਲੇ ਬ੍ਰਦਾਸ਼ਤ ਹੈ। ਖਾਸ ਕਰਕੇ ਪੰਜਾਬ ਖੇਤਰ ਵਿੱਚ ਜੂੜੇ, ਦਾੜ੍ਹੀਆਂ, ਪੱਗਾਂ ਲਗਾਤਾਰ ਅਲੋਪ ਹੁੰਦੀਆਂ ਜਾਣ ਦੇ ਕਈ ਹੋਰ ਕਾਰਨ ਵੀ ਹਨ, ਪਰ ਸਿੱਖ ਪ੍ਰਵਾਰਾਂ ਨੂੰ ਕੁੰਗੀ ਵਾਂਗ ਲੱਗੀ ਇਸ ਭਿਆਨਕ ਬੀਮਾਰੀ ਨੂੰ ਵਧਾਉਣ ਤੇ ਫੈਲਾਉਣ ਲਈ, ਅਜੋਕੀ ਪੰਜਾਬੀ ਗਾਇਕੀ ਦਾ ਵੀ ‘ਵੱਡਾ ਯੋਗਦਾਨ’ ਹੈ।

ਹਰਭਜਨ ਮਾਨ ਅਤੇ ਗੁਰਸੇਵਕ ਮਾਨ 20 ਸਾਲ ਪਹਿਲਾਂ

ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਸਮੂੰਹ ਪੰਜਾਬੀ ਨੌਜਵਾਨਾਂ ਦਾ ਰੋਲ ਮਾਡਲ, ਹੁਣ ਨਾ ਕੋਈ ਦਾਤਾ ਹੈ, ਨਾ ਕੋਈ ਭਗਤ ਅਤੇ ਨਾ ਹੀ ਕੋਈ ਸੂਰਮਾਂ! ਇਨ੍ਹਾਂ ਦੀ ਜਗ੍ਹਾ ਹੁਣ ਕਾਰਟੂਨਾਂ ਜੈਸੀਆਂ ਸੂਰਤਾਂ ਵਾਲ਼ੇ ਗਾਇਕਾਂ ਤੇ ਗਾਇਕਾਵਾਂ ਨੇ ਲੈ ਲਈ ਹੈ। ਗਾਇਕ ਵਰਗ ਦੀ ਇਹ ‘ਮਹਾਨ ਪ੍ਰਾਪਤੀ’ ਵਰਗੀ ਖੁਸ਼ਕਿਸਮਤੀ , ਸਿੱਖ ਘਰਾਣਿਆਂ ਵਾਸਤੇ ਘੋਰ ਬਦ-ਕਿਸਮਤੀ ਹੋ ਨਿੱਬੜੀ ਹੈ। ਜਿਸ ਨੌਜਵਾਨ ਪੀੜ੍ਹੀ ਦਾ ਕੋਈ ‘ਮਹਾਂ ਨਾਇਕ’ ‘ਮਸਤੀ ਮਨਾਉਣ’ ਦਾ ਹੋਕਾ ਦਿੰਦਾ, ਕਦੇ ਗੁੱਟ ਨਾਲ਼ ਹਰੀ ਮਾਲ਼ਾ ਬੰਨ੍ਹ ਕੇ ਨਕੋਦਰ ਵਾਲ਼ੇ ਬਾਬੇ ਦੀ ਜਾ ਚੌਂਕੀ ਭਰੇ, ਕਦੇ ਕਿਸੇ ਗਿਆਰ੍ਹਵੀਂ ਵਾਲ਼ੇ ਦੇ ਪੈਰਾਂ ਵਿੱਚ ਜਾ ਬੈਠੇ, ਅਤੇ ‘ਕਦੇ ਸਰਬੰਸ ਦਾਨੀਆਂ ਉਏ’ ਵਰਗੇ ਗੀਤ ਵੀ ਗਾ ਛੱਡੇ, ਭਲਾ ਉਸ ਦੇ ‘ਫੈਨ’ ਸਦਾਉਣ ਵਾਲ਼ਿਆਂ ਉੱਤੇ ‘ਆਗਿਆ ਭਈ ਅਕਾਲ ਕੀ ……ਗੁਰੂ ਮਾਨਿਉਂ ਗ੍ਰੰਥ’ ਵਾਲ਼ਾ ਦੋਹਿਰਾ ਕਿੰਨਾਂ ਕੁ ਅਸਰ ਕਰ ਸਕਦਾ ਹੈ? ਇਸ ਤੂਫਾਨੀਂ ਹਨੇਰੀ ਵਿੱਚ ਕੇਸ-ਦਾਹੜੀਆਂ ਨੂੰ ਤਿਲਾਂਜਲੀ ਦੇਈ ਜਾ ਰਹੇ ਨੌਜਵਾਨਾਂ ਦੇ ਸਿੱਖ ਮਾਪਿਆਂ ਦੀਆਂ ਅੱਖਾਂ ਵਿੱਚ ਲਹੂ ਦੇ ਅੱਥਰੂ ਹਨ, ਪਾਣੀਂ ਦੇ ਨਹੀਂ!

ਸ਼ਿਕਾਇਤ ਹੈ ਮੁਝੇ ਯਾ ਰੱਬ, ਖੁਦਾ ਵੰਦਾਨਿ-ਮਕਤਬ ਸੇ, ਕਿ ਸਬਕ ਸ਼ਾਹੀਂ ਕੇ ਬੱਚੋਂ ਕੋ, ਦੇ ਰਹੇ ਹੈਂ ਖਾਕ ਬਾਜ਼ੀ ਕਾ!

(ਰਾਹਨੁਮਾਂ ਉਸਤਾਦਾਂ ਵਿਰੁੱਧ ਸ਼ਿਕਾਇਤ ਹੈ, ਜੋ ਬਾਜ਼ ਦੇ ਬੱਚਿਆਂ ਨੂੰ ਇੱਲ੍ਹਾਂ ਦਾ ਕੰਮ ਭਾਵ ਮੁਰਦਾਰ ਦੀ ਭਾਲ਼ ਵਿੱਚ ਧਰਤੀ ਵੱਲ਼ ਝਾਕਣਾ ਸਿਖਾ ਰਹੇ ਹਨ - ਡਾ. ਮੁਹੰਮਦ ਇਕਬਾਲ)

ਕੀ ਇਨ੍ਹਾਂ ਤਲਖ ਹਕੀਕਤਾਂ ਤੋਂ ਸਾਡੇ ਗਾਇਕ ਭਰਾ ਨਾਵਾਕਿਫ ਹਨ? ਕਿਆ ਉਹ ਸਿੱਖ ਪੰਥ ਨਾਲ਼ ਹਮਦਰਦੀ ਨਹੀਂ ਰੱਖਦੇ? ਜਾਂ ਕੀ ਉਨ੍ਹਾਂ ਨੂੰ ਕੇਸ-ਫਿਲਾਸਫੀ ਦਾ ਗਿਆਨ ਨਹੀਂ ਹੋਵੇਗਾ?....... ਜੀ ਨਹੀਂ, ਉਹ ਸਾਡੇ ਹੀ ਪੁੱਤ-ਭਰਾ ਹਨ। ਉਹ ਸਭ ਕੁਝ ਚੰਗੀ ਤਰ੍ਹਾਂ ਜਾਣਦੇ ਬੁੱਝਦੇ ਹਨ, ਉਨ੍ਹਾਂ ਨੂੰ ਆਪਣੇ ਧਰਮ ਨਾਲ਼ ਪੂਰੀ ਹਮਦਰਦੀ ਹੈ। ਜੇ ਅਜਿਹਾ ਕੁੱਝ ਨਾ ਹੁੰਦਾ ਤਾਂ ਪੰਜਾਬੀਆਂ ਦਾ ਚਹੇਤਾ ਗਾਇਕ ਬੱਬੂ ਮਾਨ ਡਰਬੀ (ਇੰਗਲੈਡ) ਤੋਂ ਛਪਦੀ ‘ਪੰਜਾਬ ਟਾਈਮਜ਼’ ਦੇ ਇੱਕ ਮਈ ਦੋ ਹਜ਼ਾਰ ਅੱਠ ਵਾਲ਼ੇ ਅੰਕ 58 ਉੱਪਰ ਛਪੀ ਹੋਈ ਆਪਣੀਂ ਇੰਟਰਵਿਊ ਵਿੱਚ ਇਹ ਨਾ ਕਹਿੰਦਾ-

"ਬਾਕੀ ਭੈਣਾਂ ਭਰਾਵਾਂ ਵਾਂਗ ਮੈਂ ਵੀ ਸਰਦਾਰ ਹਾਂ। ਪ੍ਰੰਤੂ ਗਾਇਕੀ ਲਾਈਨ ਵਿੱਚ ਆਉਣ ਕਰਕੇ ਮੈਂਨੂੰ ਆਪਣੇ ਕੇਸ ਕਟਵਾਉਣੇ ਪਏ ਕਿਉਂ ਕਿ ਪੱਗ ਵਾਲ਼ਾ ਸਰਦਾਰ ਵਿਅਕਤੀ ਨੱਚਦਾ (ਟੱਪਦਾ) ਚੰਗਾ ਨਹੀਂ ਲਗਦਾ। ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਮੈਂ ਵੀ ‘ਕੇਸ ਰੱਖ ਕੇ ਅਸਲ ਸਰਦਾਰ’ ਬਣ ਜਾਵਾਂਗਾ। ਇੱਕ ਸਰਦਾਰ (ਸਿੱਖ) ਹੋਣ ਕਰਕੇ ਮੈਂ ‘ਪਹਿਲਾਂ ਸਰਦਾਰ ਹਾਂ...’ ਗੀਤ ਲਿਖਣ ਬਾਰੇ ਸੋਚਿਆ।"

ਪੌਪ ਗਾਇਕ ਦਲੇਰ ਮਹਿੰਦੀ ਤਾਂ ਕੌੜਾ ਸੱਚ ‘ਖੁਲ੍ਹ ਕੇ’ ਬੋਲ ਗਿਆ। ਕੈਨੇਡਾ ਤੋਂ ਛਪਦੀ ‘ਹਮਦਰਦ ਵੀਕਲੀ’ ਦੇ 15 ਅਗਸਤ 2008 ਵਾਲ਼ੇ ‘ਕੈਲੇਫੋਰਨੀਆ ਐਡੀਸ਼ਨ’ ਵਿੱਚ ਫਿਲਮੀ ਐਕਟਰ ਅਕਸ਼ੈ ਕੁਮਾਰ ਦਾ ਪੱਖ ਪੂਰਦਿਆਂ ਉਸਨੇ ਕਿਹਾ, “……ਜੇਕਰ ਅਕਸ਼ੈ ਕੁਮਾਰ ਵਿਰੁੱਧ ਸਿੱਖਾਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ (ਸਿੰਘ ਇਜ਼ ਕਿੰਗ ਫਿਲਮ ਵਿਚਲੇ ਰੋਲ ਕਾਰਨ) ਤਾਂ ਮੇਰੇ ਭਰਾਵਾਂ ਨੂੰ ਇਹ ਕਹਿਣਾ ਹੈ ਕਿ ਉਹ ਉਨ੍ਹਾਂ ਪੰਜਾਬੀ ਗਾਇਕਾਂ ਦੀ ਵੀ ਵਿਰੋਧਤਾ ਕਰਨ ਜਿਹੜੇ ਕਿ ਉਂਝ ਤਾਂ ਘੋਨੇ ਮੋਨੇ ਹਨ, ਪਰ ਜਦੋਂ ਸਿੱਖੀ ਪ੍ਰਤਿ ਕੋਈ ਐਲਬਮ ਕਰਵਾਉਂਦੇ ਹਨ ਤਾਂ ਉਹ ਸਿਰ ‘ਤੇ ਪੱਗ ਬੰਨ੍ਹ ਕੇ ਬਹੁਰੂਪੀਏ ਬਣ ਜਾਂਦੇ ਹਨ। ਜੇਕਰ ਉਹ ਮਾਤਾ ਦੀਆਂ ਭੇਟਾਂ ਦੀ ਕੈਸੇਟ ਕਰਾਉਂਦੇ ਹਨ ਤਾਂ ਉਹ ਗਲ਼ ਵਿੱਚ ਚੁਨਰੀ ਪਾ ਕੇ ਕੈਸੇਟ ਦੇ ਰੈਪਰ ਤੇ ਫੋਟੋ ਖਿਚਵਾ ਕੇ ਲਾਉਂਦੇ ਹੋਏ ਸ਼ਰਮ ਮਹਿਸੂਸ ਨਹੀਂ ਕਰਦੇ…!”

ਸਿਰ ‘ਤੇ ਪੱਗ ਬੰਨ੍ਹਦੇ ਪਰ ਦਾੜ੍ਹੀ ਛਾਂਗਦੇ ਦਲੇਰ ਮਹਿੰਦੀ ਨੇ ਇਸੇ ਇੰਟਰਵਿਊ ਵਿੱਚ ਵਾਅਦਾ ਕਰਦਿਆਂ ਅੱਗੇ ਕਿਹਾ ਹੋਇਐ-

ਮੈਂ ਆਪਣੇ ਨਾਂ ਪਿੱਛੇ ਸਿੰਘ ਇਸ ਕਰਕੇ ਨਹੀਂ ਲਗਾਇਆ ਕਿਉਂਕਿ ਮੈਂ ਵੀ ਅਜੇ ਪੂਰਾ ਸਿੰਘ ਨਹੀਂ ਹਾਂ। ਮੈਂ ਕੁਝ ਹੀ ਸਮੇਂ ਵਿੱਚ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਰਵਾਇਤ ਅਨੁਸਾਰ ਅੰਮ੍ਰਿਤਪਾਨ ਕਰਾਂਗਾ, ਉਸ ਤੋਂ ਬਾਅਦ ਮੈਂ ਸਿੱਖ ਧਰਮ ਦੇ ਪ੍ਰਚਾਰ ਲਈ ਕੰਮ ਕਰਾਂਗਾ.....!

ਪੰਜਾਬੀਆਂ ਦੇ ਪ੍ਰਤੀਕ “ਊੜੇ” ਅਤੇ ਸਿੱਖੀ ਦੇ “ਜੂੜੇ” ਦੇ ਪ੍ਰਚਾਰ-ਪ੍ਰਸਾਰ ਹਿਤ ਸਲਾਹੁਣ ਯੋਗ ਫਿਲਮਾਂ ਬਣਾਉਣ ਵਾਲ਼ੇ ਐਕਟਰ ਅਤੇ ਡਾਇਰੈਕਟਰ ਸ੍ਰੀ ਮੰਗਲ਼ ਢਿੱਲੋਂ ਨੇ ਵੀ 25 ਸਤੰਬਰ 2008 ਦੇ “ਪੰਜਾਬ ਟਾਈਮਜ਼” (ਡਰਬੀ ਯੂ.ਕੇ.) ਅਖਬਾਰ ਦੇ ਸਫਾ ਸੱਤ ਉੱਪਰ ਛਪੀ ਇੱਕ ਖਬਰ ਅਨੁਸਾਰ ਆਪਣੇ ਚੱਲ ਰਹੇ ਪ੍ਰਾਜੈਕਟ ਮੁਕੰਮਲ ਹੋਣ ‘ਤੇ ਦਾਹੜੀ ਕੇਸ ਰੱਖ ਲੈਣ ਅਤੇ ਅੰਮ੍ਰਿਤਪਾਨ ਕਰ ਲੈਣ ਦਾ ਵਾਅਦਾ ਕੀਤਾ ਹੋਇਆ ਹੈ। ਇਟਲੀ ਦੀ ਗੋਰੀ (ਅੰਗਰੇਜ਼) ਲੜਕੀ ਨਾਲ਼ ਵਿਆਹਿਆ ਹੋਣ ਦੇ ਬਾਵਜੂਦ, ਸੁੰਦਰ ਸਾਦੀ ਦਸਤਾਰ ਸਜਾ ਕੇ ਖੁਲ੍ਹੀ ਦਾਹੜੀ ਰੱਖਣ ਵਾਲ਼ਾ ਸੁ-ਪ੍ਰਸਿੱਧ ਗਾਇਕ, ਰਬੀ ਸ਼ੇਰਗਿੱਲ, ਊੜੇ ਅਤੇ ਜੂੜੇ ਦੇ ਵਿਸ਼ਵ ਵਿਆਪੀ ਸੰਕਟ ਦਾ ਦਰਦ ਮੰਨਦਿਆਂ ਹੋਇਆਂ ਇਨ੍ਹਾਂ ਕਰੁਣਾ ਮਈ ਸ਼ਬਦਾਂ ਰਾਹੀਂ ਵਿਲਕਦਾ ਹੈ:-

……ਸਾਡੀ ਭਾਸ਼ਾ ਮਰ ਰਹੀ ਹੈ, ਸਾਡਾ ਸੱਭਿਆਚਾਰ ਮਰ ਰਿਹਾ ਹੈ, ਸਾਡਾ ਭਾਈਚਾਰਾ ਮਰਦਾ ਜਾ ਰਿਹਾ ਹੈ……(ਅਜਿਹੀ ਹਾਲਤ ਵਿੱਚ ) ਮੈਂ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਸਹੀ ਸਾਬਿਤ ਕਰਨ ਲਈ, ਇਸ ਸਾਰੇ ਕੁੱਝ ਨੂੰ ਨਜ਼ਰ ਅੰਦਾਜ਼ ਕਿਵੇਂ ਕਰ ਸਕਦਾ ਹਾਂ ? ……ਸਿੱਖ ਪੱਖੀ ਹੋਣ ਦਾ ਅਰਥ ਫਿਰਕੂ ਜਾਂ ਕਿਸੇ ਫਿਰਕੇ ਦਾ ਵਿਰੋਧੀ ਹੋਣਾ ਨਹੀਂ ਹੁੰਦਾ!” ਜਦੋਂ ਉਸ ਨੂੰ ਪੁੱਛਿਆ ਗਿਆ ਕਿ ‘ਆਵੇਂਗੀ ਕਿ ਨਹੀਂ’ ਤੋਂ ਬਾਅਦ ਅਗਲੀ ਐਲਬਮ ਕਦੋਂ ਕੁ ਤਿਆਰ ਕਰ ਰਹੇ ਹੋ ਤਾਂ ਉਸਨੇ ਸਵਾਲ ਪੁੱਛਣ ਵਾਲ਼ੇ ਨੂੰ ਉਲਟਾ ਸਵਾਲ ਕਰਿਆ-

ਜੇ ਤੁਹਾਡੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਤੁਹਾਨੂੰ ਐਲਬਮਾਂ ਸੁੱਝਣਗੀਆਂ?

ਇਟਲੀ ਦੀ ਇੱਕ ਲੋਕ ਕਥਾ ਅਨੁਸਾਰ ਕਹਿੰਦੇ ਨੇ ਉੱਥੇ ਕਿਸੇ ਕਸਬੇ ਵਿੱਚ ਇੱਕ ਵਾਰ ਚੂਹਿਆਂ ਦੀ ਬਹੁਤ ਭਰਮਾਰ ਹੋ ਗਈ । ਜੀਵ ਹੱਤਿਆ ਤੋਂ ਡਰਦੇ ਲੋਕ ਚੂਹਿਆਂ ਨੂੰ ਮਾਰਨ ਵੀ ਨਾ। ਪਰ ਕੁਰਬਲ਼ ਕੁਰਬਲ਼ ਕਰਦੇ ਚੂਹਿਆਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ।ਕਸਬੇ ਦੇ ਵਸਨੀਕ ਦੁਖੀ ਹੋ ਕੇ ਉੱਥੇ ਰਹਿੰਦੇ ਇੱਕ ਸੰਗੀਤਕਾਰ ਕੋਲ਼ ਜਾ ਕੇ ਆਪਣੀ ਮੁਸੀਬਤ ਦੱਸਣ ਲੱਗੇ। ਦਰਦਮੰਦ ਸੰਗੀਤਕਾਰ ਨੇ ਜਦੋਂ ਸਮੱਸਿਆ ਹੱਲ ਕਰਨ ਦੀ ਹਾਮੀਂ ਭਰੀ ਤਾਂ ਲੋਕਾਂ ਨੇ ਖੁਸ਼ ਹੋ ਕੇ ਉਸ ਨੂੰ ਮੂੰਹ ਮੰਗੀ ਰਕਮ ਦੇਣ ਦਾ ਵਚਨ ਦਿੱਤਾ। ਕਹਿੰਦੇ ਸੰਗੀਤਕਾਰ ਕੋਈ ਸਾਜ਼ ਲੈ ਕੇ ਐਸੀਆਂ ਧੁਨਾਂ ਵਜਾਉਂਦਾ ਹੋਇਆ ਕਸਬੇ ਦੀ ਗਲ਼ੀ ਗਲ਼ੀ ਘੁੰਮਿਆਂ ਕਿ ਤਮਾਮ ਚੂਹੇ ਮੰਤਰ ਮੁਘਧ ਹੋ ਕੇ ਉਸਦੇ ਪਿੱਛੇ ਲੱਗ ਤੁਰੇ। ਅੱਗੇ ਅੱਗੇ ਸਾਜ਼ ਵਜਾਉਂਦਾ ਹੋਇਆ ਉਹ ਪਹਾੜਾਂ ਵੱਲ ਚਲਾ ਗਿਆ। ਮਗਰੇ ਮਗਰ ਸਾਰੇ ਚੂਹੇ । ਪਹਾੜੀ ਇਲਾਕੇ ਵਿੱਚ ਪਹੁੰਚ ਕੇ ਉਸਨੇ ਸਾਜ਼ ਵਜਾਉਣਾ ਇੱਕਦਮ ਬੰਦ ਕਰ ਦਿੱਤਾ। ਜਦ ਚੂਹਿਆਂ ਨੂੰ ਚੜ੍ਹਿਆ ਹੋਇਆ ‘ਰਾਗ ਦਾ ਨਸ਼ਾ’ ਉੱਤਰਿਆ ਤਾਂ ਲੱਗੇ ਵਿਚਾਰੇ ਇੱਧਰ ਉੱਧਰ ਝਾਕਣ। ਉਨ੍ਹਾਂ ਨੂੰ ਬਿਗਾਨੇ ਇਲਾਕੇ ਵਿੱਚ ਭਟਕਦੇ ਛੱਡ ਕੇ, ਸੰਗੀਤਕਾਰ ਵਾਪਿਸ ਆ ਕੇ ਲੋਕਾਂ ਕੋਲ਼ੋਂ ਮਿਹਨਤਾਨੇ ਵਜੋਂ ਰਕਮ ਮੰਗਣ ਲੱਗਾ।

ਸਮੱਸਿਆ ਖਤਮ ਹੋਈ ਜਾਣ ਕੇ ਲੋਕਾਂ ਨੇ ਸੰਗੀਤਕਾਰ ਨੂੰ ਟਰਕਾ ਦਿੱਤਾ। ਪ੍ਰੇਸ਼ਾਨ ਹੋਇਆ ਸੰਗੀਤਕਾਰ ਮੁੜ ਪਹਾੜਾਂ ਵੱਲ ਚਲਾ ਗਿਆ। ਕੋਈ ਹੋਰ ਧੁਨ ਵਜਾ ਕੇ ਉਸ ਨੇ ਸਾਰੇ ਚੂਹੇ ਫੇਰ ਇਕੱਠੇ ਕਰ ਲਏ ਤੇ ਕਸਬੇ ਵਿੱਚ ਲਿਆ ਵਾੜੇ।

ਸਿੱਖ ਘਰਾਣਿਆਂ ਵਿੱਚ ਜਨਮੇਂ ਪੰਜਾਬੀ ਗਾਇਕ ਭਰਾਵੋ, ਕਿੰਨਾਂ ਚੰਗਾ ਹੋਵੇ ਜੇ ਹੁਣ ਤੁਸੀਂ ਵੀ ਕੋਈ ਐਸੀਆਂ ਧੁਨਾਂ ਵਜਾਵੋਂ, ਕੋਈ ਐਸੇ ਬੋਲ ਅਲਾਪੋਂ ਕਿ ਸ੍ਰੀ ਕੇਸਗੜ੍ਹ ਦੀ ਫਿਲਾਸਫੀ ਤੋਂ ਇਨਕਾਰੀ ਹੋਇਆ ਨੌਜਵਾਨ ਤਬਕਾ ਮੁੜ ਆਪਣੇ ਵਿਰਸੇ ਨੂੰ ਪਹਿਚਾਣ ਲਵੇ। ਤੁਸੀਂ ‘ਕੱਲੇ ‘ਊੜੇ’ ਦੀ ਉਪਮਾ ਬਥੇਰੀ ਕਰ ਲਈ, ਹੁਣ ਜ਼ਰਾ ‘ਜੂੜੇ’ ਦੀ ਸ਼ੋਭਾ ਦੇ ਗੀਤ ਵੀ ਗਾ ਦਿਉ। ਪਰ ਜੂੜੇ ਦੇ ਗੀਤ ਤੁਹਾਡੇ ਮੂੰਹੋਂ ਤਾਂ ਹੀ ਜਚਣਗੇ ਜੇ ਤੁਹਾਡੇ ਆਪਣੇ ਸਿਰਾਂ ‘ਤੇ ਜੂੜੇ-ਪੱਗਾਂ ਸ਼ੋਭਦੇ ਹੋਣਗੇ। ‘ਦਿਲ ਆਪਣਾ ਪੰਜਾਬੀ’ ਦਾ ਡੌਰੂ ਵਜਾਉਣ ਵਾਲਿਉ, ਕਿਸੇ ਇਤਿਹਾਸਕਾਰ ਤੋਂ ਪੁੱਛੋ ਕਿ ਉਹ ਗੁਰੂੁ ਨਾਨਕ ਪਾਤਸ਼ਾਹ-ਆਮਦ ਤੋਂ ਪਹਿਲਾਂ ਉਂਗਲ਼ਾਂ ਤੇ ਗਿਣੇ ਜਾਣ ਵਾਲ਼ੇ ਕਿਸੇ ਇੱਕ ਪੰਜਾਬੀ ਦਾ ਨਾਂ ਦੱਸੇ ਜਿਸ ਨੇ ਤਾਰੀਖ ਵਿੱਚ ਆਪਣਾ ਨਾਂ ਦਰਜ ਕਰਾਇਆ ਹੋਵੇ । ਭਾਈ ਗੁਰਦਾਸ ਦੇ ਕਥਨ ਕਥਨ ‘ਪੰਜਾਬੈ ਗੁਰ ਕੀ ਵਡਿਆਈ’ ਦੀ ਰੌਸ਼ਨੀਂ ਵਿੱਚ ਊੜੇ ਦੇ ਨਾਲ਼ ਨਾਲ਼ ਜੂੜੇ ਦੀ ਸਲਾਮਤੀ ਦੇ ਨਗਮੇਂ ਗਾਉ। ਊੜੇ ‘ਤੇ ਸਾਰੇ ਪੰਜਾਬੀਆਂ ਦਾ ਹੱਕ ਹੈ, ਪਰ ਇਹ ਜੂੜੇ ਵਾਲ਼ੇ ਵਾਲ਼ਿਆਂ ਲਈ ਸ਼ਾਹ ਰਗ ਦੇ ਸਮਾਨ ਹੈ!!

- ਤਰਲੋਚਨ ਸਿੰਘ ਦੁਪਾਲ ਪੁਰ

ਫੋਨ : 001 408 903 9952
ਈ ਮੇਲ:
tsdupalpuri@yahoo.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top