Main News Page

ਗੁਰੂ ਨਾਨਕ ਦਾ ਗੁਰੂ ਕੌਣ ਸੀ?

ਇਸ ਦਾ ਢੁਕਵਾਂ ਜਵਾਬ ਦੇਣ ਦੀ ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ ’ਤੇ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਤੋਂ ਪਹਿਲਾਂ ਸੌਦਾ ਸੰਪਾਦਕ ਵੀ ਦਾਅਵਾ ਕਰ ਚੁੱਕੇ ਹਨ ਕਿ ਈਸਾਈ ਪ੍ਰੋਫੈਸਰ ਦੇ ਅਜੇਹੇ ਹੀ ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ।
ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖੇ ਤੋਂ ਬਿਨਾਂ, ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਪਏ ਤਾਂ ਕੌਮ ਦਾ ਰੱਬ ਹੀ ਰਾਖਾ ਹੈ।

 

ਭੋਲੇ ਸਿੱਖਾਂ ਨੂੰ ਟਪਲੇ ’ਚ ਪਾ ਕੇ ਦੁਬਿਧਾ ਖੜ੍ਹੀ ਕਰਨ ਲਈ ਦੇਹਧਾਰੀਆਂ ਦੇ ਚੇਲੇ ਤਾਂ ਸਿੱਖਾਂ ਨੂੰ ਇਹ ਸਵਾਲ ਆਮ ਹੀ ਪੁਛਦੇ ਰਹਿੰਦੇ ਹਨ ਕਿ ਗੁਰੂ ਨਾਨਕ ਦਾ ਗੁਰੂ ਕੌਣ ਸੀ, ਪਰ ਹੈਰਾਨੀ ਉਸ ਵੇਲੇ ਹੋਈ ਜਿਸ ਸਮੇਂ ਪੂਰੀ ਤਰ੍ਹਾਂ ਜਾਗ੍ਰਿਤ ਮੰਨਿਆ ਗਿਆ ਇੱਕ ਸਿੱਖ ਪ੍ਰਚਾਰਕ ਜਿਹੜਾ ਕਿ ਇੱਕ ਦਰਜ਼ਨ ਕ੍ਰਾਂਤੀਕਾਰੀ ਪੁਸਤਕਾਂ ਦਾ ਲੇਖਕ ਵੀ ਹੈ ਅਤੇ ਉਨ੍ਹਾਂ ਦੇ ਨਾਲ ਆਏ ਇੱਕ ਹੋਰ ਐੱਨ.ਆਰ.ਆਈ ਸਿੱਖ ਵਿਦਵਾਨ ਜਿਹੜੇ ਕਨੇਡਾ ਵਿੱਚ ਇੱਕ ਵੱਡੀ ਸਿੱਖ ਸੰਸਥਾ ਤੇ ਪ੍ਰਚਾਰ ਲਈ ਵੈੱਬਸਾਈਟ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਭਾਰਤ ਤੇ ਖਾਸ ਕਰਕੇ ਪੰਜਾਬ ’ਚ ਗੁਰਮਤਿ ਦੀ ਪੜ੍ਹਾਈ ਲਈ ਕਈ ਕੇਂਦਰ ਖੋਲ੍ਹੇ ਹੋਏ ਹਨ ਜਿਨ੍ਹਾਂ ਦਾ ਖਰਚਾ ਉਹ ਆਪਣੀ ਸੰਸਥਾਂ ਵਲੋਂ ਦੇ ਰਹੇ ਹਨ, ਸਤੰਬਰ ਮਹੀਨੇ ’ਚ ਇਸ ਲੇਖ ਦੇ ਲੇਖਕ ਦੇ ਘਰ ਹੋਈ ਇੱਕ ਮੁਲਾਕਾਤ ਦੌਰਾਨ, ਪੁੱਛਣ ਲੱਗੇ ਕਿ ਤੁਸੀਂ ਆਪਣੇ ਕਈ ਲੇਖਾਂ ’ਚ ਗੁਰਬਾਣੀ ’ਚੋਂ ਉਦਾਹਰਣਾਂ ਦੇ ਕੇ ਲਿਖਿਆ ਹੈ ਕਿ ਚੌਥੇ ਤੇ ਪੰਜਵੇਂ ਗੁਰੂ ਨੇ, ਗੁਰੂ ਨਾਨਕ ਨੂੰ ਗੁਰੂ ਲਿਖਿਆ ਹੈ। ਉਨ੍ਹਾਂ ਦਾ ਸੁਆਲ ਸੀ ਕਿ ਅਸੀਂ ਗੁਰੂ ਨਾਨਕ ਦੀ ਬਾਣੀ ਦੀ ਡੂੰਘੀ ਖੋਜ ਪੜਤਾਲ ਕੀਤੀ ਹੈ। ਉਨ੍ਹਾਂ ਕਿਤੇ ਵੀ ਆਪਣੀ ਬਾਣੀ ’ਚ ਆਪਣੇ ਆਪ ਨੂੰ ‘ਗੁਰੂ’ ਨਹੀਂ ਲਿਖਿਆ ਬਲਕਿ ਥਾਂ ਥਾਂ ਲਿਖ ਰਹੇ ਹਨ- ‘ਗੁਰੂ ਇਹ ਕਹਿ ਰਿਹਾ ਹੈ, ਗੁਰੂ ਔਹ ਕਹਿ ਰਿਹਾ ਹੈ’। ਸਿੱਧਾਂ ਨਾਲ ਹੋਈ ਗੋਸ਼ਟੀ ’ਚ ਲਿਖ ਰਹੇ ਹਨ- ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਆਹ ਸ਼ਬਦ ‘ਗੁਰੂ’ ਹੈ। ਇੱਕ ਥਾਂ ਲਿਖ ਰਹੇ ਹਨ- ‘ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ’। ਫਿਰ ਉਹ ਕਿਹੜਾ ਗੁਰੂ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਆਪਣਾ ‘ਗੁਰੂ’ ਮੰਨਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਜਵਾਬ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾਂ ਤੋਂ ਪੁੱਛਿਆ ਗਿਆ ਪਰ ਕਿਸੇ ਪਾਸ ਵੀ ਤਸੱਲੀਬਖ਼ਸ਼ ਜਵਾਬ ਨਹੀਂ ਸੀ।


ਉਨ੍ਹਾਂ ਦੇ ਸੁਆਲਾਂ ਤੋਂ ਕੋਈ ਛੱਕ ਨਹੀਂ ਸੀ ਰਹਿ ਗਿਆ ਕਿ ਇਨ੍ਹਾਂ ਵੀਰਾਂ ਨੂੰ ਟਪਲਾ ਸੌਦਾ ਸੰਪਾਦਕ ਵਲੋਂ ਛਾਪੇ ਜਾ ਰਹੇ ਭੁਲੇਖਾ ਪਾਊ ਲੇਖ ਅਤੇ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਤੋਂ ਲੱਗਾ ਹੈ। ਇਹ ਦੱਸਣ ਯੋਗ ਹੈ ਕਿ 23 ਜੂਨ 2010 ਦੇ ਬਹੁਰੰਗੀ ਅੰਕ ’ਚ ‘ਸ਼ਬਦ ਗੁਰੂ ਸੁਰਤਿ ਧੁਨਿ ਚੇਲਾ॥’ ਸਿਰਲੇਖ ਹੇਠ ਛਪੇ ਇੱਕ ਲੇਖ ਵਿੱਚ ਗੁਰਬਖ਼ਸ਼ ਸਿੰਘ ਲੁਧਿਆਣਾ ਨੇ ਲਿਖਿਆ ਹੈ:- ‘‘ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ’ ਨੂੰ ‘ਗੁਰੂ’ ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ’ ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ।”


ਇਸ ਤੋਂ ਪਹਿਲਾਂ ਸੌਦਾ ਸੰਪਾਦਕ ਨੇ 6 ਜੂਨ 2010 ਦੀ ਆਪਣੀ ‘ਨਿਜੀ ਡਾਇਰੀ ਦੇ ਪੰਨੇ’ ਵਿੱਚ ਲਿਖਿਆ ਸੀ:- ‘‘ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ’ (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ’ ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ।”


ਮੈਂ ਸਮਝ ਗਿਆ ਕਿ ਜਿਨ੍ਹਾਂ ਵੀਰਾਂ ਨੂੰ ਮੈਂ ਆਪਣੇ ਨਾਲੋਂ ਵੱਡੇ ਵਿਦਵਾਨ ਸਮਝਦਾ ਹਾਂ ਅਤੇ ਸਹੀ ਮਾਅਨਿਆਂ ਵਿੱਚ ਉਹ ਮੈਥੋਂ ਵੱਡੇ ਵਿਦਵਾਨ ਤੇ ਸੂਝਵਾਨ ਹੈ ਵੀ ਹਨ, ਉਨ੍ਹਾਂ ਦੀ ਤਸੱਲੀ ਮੇਰਾ ਕੋਈ ਵੀ ਜਵਾਬ ਸੁਣ ਕੇ ਨਹੀਂ ਹੋ ਸਕਦੀ ਇਸ ਲਈ ਉਨ੍ਹਾਂ ਨੂੰ ਕੋਈ ਜਵਾਬ ਦੇਣ ਦੀ ਥਾਂ ਉਨ੍ਹਾਂ ਨੂੰ ਮੈਂ ਜੱਟਕਾ ਸਵਾਲ ਕੀਤਾ ਕਿ ਤੁਸੀਂ ਅੰਬ ਖਾਣੇ ਹਨ ਜਾਂ ਅੰਬ ਦੇ ਬੀਜ਼ ਦੀ ਖੋਜ਼ ਕਰਨੀ ਹੈ। ਜੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੰਬ ਦਾ ਬੀਜ਼ ਅੰਬ ਦੀ ਗਿਟਕ ਵਿੱਚ ਹੈ ਤਾਂ ਤੁਸੀਂ ਪੁੱਛੋਗੇ ਕਿ ‘‘ਸਭ ਤੋਂ ਪਹਿਲਾਂ ਗਿਟਕ ਹੋਂਦ ਵਿੱਚ ਆਈ ਜਾਂ ਅੰਬ ਦਾ ਦਰਖ਼ਤ ਜਿਸ ਨੂੰ ਅੰਬ ਲੱਗੇ, ਤੇ ਉਸ ਅੰਬ ਵਿੱਚ ਗਿਟਕ ਸੀ ਜਿਹੜਾ ਅੰਬ ਦਾ ਬੀਜ਼ ਬਣਿਆ?” ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਪਰ ਜੇ ਤਹਾਡੀ ਇੱਛਾ ਅੰਬ ਖਾਣ ਦੀ ਹੋਵੇ ਤਾਂ ਅੰਬ ਲਿਆ ਕੇ ਦਿੱਤੇ ਜਾ ਸਕਦੇ ਹਨ। ਇਸੇ ਤਰ੍ਹਾਂ ਮੈਂ ਤਾਂ ਮੰਨਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ’ਚ 1429 ਪੰਨਿਆਂ ’ਤੇ ਦਰਜ਼ (ੴ ਤੋਂ ਲੈ ਕੇ ‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ’ ਤੱਕ) ਸਮੁੱਚੀ ਹੀ ਬਾਣੀ ਸਾਡਾ ਗੁਰੂ ਹੈ।

 

ਜੇ ਤੁਸੀਂ ਇਸ ਸਮੁੱਚੀ ਬਾਣੀ ਨੂੰ ਗੁਰੂ ਮੰਨ ਕੇ, ਉਸ ਵਿਚ ਦਰਜ਼ ਸਿਧਾਂਤ ਨੂੰ ਸਮਝ ਅਤੇ ਆਪਣੇ ਜੀਵਨ ’ਚ ਅਪਣਾਅ ਕੇ ਆਪਣਾ ਮਨੁੱਖਾ ਜੀਵਨ ਸੰਵਾਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਗੁਰਸ਼ਬਦ ਦੀ ਵੀਚਾਰ ਹੋ ਸਕਦੀ ਹੈ। ਪਰ ਜੇ ਸੌਦਾ ਸੰਪਾਦਕ ਦੀ ਸਿੱਖਿਆ ਸੁਣ ਕੇ ਉਸ ਸ਼ਬਦ ਦੀ ਖੋਜ ਕਰਨਾ ਚਾਹੁੰਦੇ ਹੋ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਦੇ ਅਰਥਾਂ ਬਾਰੇ ਕੋਈ ਮਨੁੱਖ ਅੰਦਾਜ਼ਾ ਹੀ ਲਗਾ ਸਕਦਾ ਹੈ, ਤਾਂ ਉਸ ‘ਸ਼ਬਦ’ ਬਾਰੇ ਮੈਂ ਤਹਾਨੂੰ ਕੋਈ ਜਾਣਕਾਰੀ ਨਹੀਂ ਦੇ ਸਕਦਾ। ਜੇ ਤਹਾਡਾ ਅਜੇਹੇ ‘ਸ਼ਬਦ’ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਕਿਸੇ ਦੇਹਧਾਰੀ ਗੁਰੂ ਕੋਲ ਚਲੇ ਜਾਓ! ਉਹ ਤਹਾਨੂੰ ਸਾਰੀ ਗੁਰਬਾਣੀ ਪੜ੍ਹਨ, ਸਮਝਣ ਅਤੇ ਕਮਾਉਣ ਦੀ ਸਿੱਖਿਆ ਦੇਣ ਦੀ ਥਾਂ ਸਿਰਫ ਇੱਕ ‘ਸ਼ਬਦ’ (ਜਿਸ ਦੀ ਭਾਲ ਵਿੱਚ ਤੁਸੀਂ ਅਤੇ ਤੁਹਾਡਾ ਸੌਦਾ ਸੰਪਾਦਕ ਹੈ) ਦੇ ਦੇਵੇਗਾ ਜਿਸ ਦੇ ਰਟਨ ਨਾਲ ਸ਼ਾਇਦ ਤੁਹਾਡਾ ਪਾਰ ਉਤਾਰਾ ਹੋ ਜਾਵੇ! ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਇਹ ਪ੍ਰਚਾਰ, ਕਿ ਜਿਸ ‘ਸ਼ਬਦ’ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ ਉਹ ‘ਸ਼ਬਦ’ ਗੁਰੂ ਗ੍ਰੰਥ ਸਾਹਿਬ ’ਚ ਦਰਜ਼ ਨਹੀਂ ਹੈ, ਸਿੱਖ ਧਰਮ ਲਈ ਬੜਾ ਹੀ ਖਤਰਨਾਕ ਹੈ ਕਿਉਂਕਿ ਇਸ ਦਾ ਭਾਵ ਇਹ ਨਿਕਲੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਐਵੇਂ ਹੀ ਗੁਰੂ ਮੰਨੀ ਜਾ ਰਹੇ ਹਾਂ, ਜਦੋਂ ਕਿ ਅਸਲੀ ‘ਸ਼ਬਦ’ ਜਿਹੜਾ ਗੁਰੂ ਨਾਨਕ ਅਤੇ ਸਿੱਖਾਂ ਦਾ ਗੁਰੂ ਹੈ, ਉਹ ਤਾਂ ਇਸ ਵਿੱਚ ਦਰਜ਼ ਹੀ ਨਹੀਂ ਹੈ ਅਤੇ ਉਸ ਦੀ ਭਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਕਰਨੀ ਪਏਗੀ! ਇਸ ਲਈ ਇਹ ਪ੍ਰਚਾਰ ਸਿੱਖਾਂ ਦਾ, ਗੁਰੂ ਗ੍ਰੰਥ ਸਾਹਿਬ ਤੋਂ ਵਿਸ਼ਵਾਸ ਉਠਾਏਗਾ। ਐਸਾ ਪ੍ਰਚਾਰ ਕਿਸੇ ਸਿੱਖ ਵਿਰੋਧੀ ਏਜੰਸੀ ਦੀ ਸਾਜਿਸ਼ ਹੀ ਹੋ ਸਕਦੀ ਹੈ ਜਿਸ ਨੂੰ ਪਛਾਨਣ ਦੀ ਅਤੇ ਸਿੱਖ ਸੰਗਤਾਂ ਨੂੰ ਆਗਾਜ਼ ਕਰਨ ਦੀ ਲੋੜ ਹੈ।


ਉਨ੍ਹਾਂ ਕਿਹਾ ਸਾਡਾ ਸਵਾਲ ਤਾਂ ਕੋਈ ਹੋਰ ਸੀ ਪਰ ਜਵਾਬ ਤੁਸੀਂ ਕੋਈ ਹੋਰ ਦੇ ਰਹੇ ਹੋ। ਇਸ ਵਿਸ਼ੇ ’ਤੇ ਇੱਕ ਮੱਤ ਨਾ ਹੋਣ ਕਰਕੇ ਉਨ੍ਹਾਂ ਗੱਲ ਦਾ ਵਿਸ਼ਾ ਬਦਲਣ ਦਾ ਸੁਝਾਅ ਦਿੱਤਾ ਜਿਹੜਾ ਕਿ ਮੰਨ ਲਿਆ ਗਿਆ। ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਮਨ ’ਚ ਖਿਆਲ ਉਤਪਨ ਹੋ ਰਹੇ ਹਨ ਕਿ ਜੇ ਸੌਦਾ ਸੰਪਾਦਕ ਦਾ ਛੱਡਿਆ ਹੋਇਆ ਛੋਛਾ ਇਸ ਪੱਧਰ ਦੇ ਵਿਦਵਾਨ ਪ੍ਰਚਾਰਕਾਂ ਨੂੰ ਦੁਬਿਧਾ ’ਚ ਪਾ ਸਕਦਾ ਹੈ ਤਾਂ ਆਮ ਸਿੱਖਾਂ ’ਤੇ ਇਸ ਦਾ ਜੋ ਅਸਰ ਹੋ ਰਿਹਾ ਹੋਵੇਗਾ, ਉਹ ਸਿੱਖ ਸਿਧਾਂਤ ਲਈ ਕਿਤਨਾ ਮਾਰੂ ਹੋਵੇਗਾ। ਇਨ੍ਹਾਂ ਸੋਚਾਂ ’ਚ ਡੁੱਬਿਆ ਮੈਂ ਹਥਲਾ ਲੇਖ ਲਿਖਣ ਦਾ ਯਤਨ ਕਰ ਰਿਹਾ ਹਾਂ ਤੇ ਹੋਰ ਪੰਥਕ ਵਿਦਵਾਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਦੇ ਸੁਆਲਾਂ ਦਾ ਢੁਕਵਾਂ ਜਵਾਬ ਦੇ ਕੇ ਇਸ ਕੂੜ ਪ੍ਰਚਾਰ ਨੂੰ ਠੱਲ੍ਹ ਪਾਈ ਜਾਵੇ। ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ ’ਤੇ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਤੋਂ ਪਹਿਲਾਂ ਸੌਦਾ ਸੰਪਾਦਕ ਵੀ ਦਾਅਵਾ ਕਰ ਚੁੱਕੇ ਹਨ ਕਿ ਈਸਾਈ ਪ੍ਰੋਫੈਸਰ ਦੇ ਅਜੇਹੇ ਹੀ ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ।


‘ਸਬਦੁ ਗੁਰੂ’ ਦੇ ਅਰਥ ਸਮਝਣ ਲਈ, ਆਓ ਗੁਰਬਾਣੀ ’ਚੋਂ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ‘ਸਬਦ’ ਦੇ ਜੋ ਅਰਥ ਕੀਤੇ ਹਨ ਉਹ ਹੇਠ ਲਿਖੇ ਹਨ:-


(1) ਧੁਨਿ, ਆਵਾਜ਼, ਸੁਰ। (2) ਪਦ, ਲਫਜ਼ (3) ਗੁਫ਼ਤਗੂ, ‘ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ’ (ਆਸਾ ਮ: 3)। (4) ਗੁਰ ਉਪਦੇਸ਼, ‘ਭਵਜਲ, ਬਿਨ ਸਬਦੇ ਕਿਉ ਤਰੀਐ’ (ਭੈਰਉ ਮ: 1)। (5) ਬ੍ਰਹਮ, ਕਰਤਾਰ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ’ (ਸਿਧ ਗੋਸਟਿ)। (6) ਧਰਮ, ਮਜ਼ਹਬ, ‘ਜੋਗ ਸਬਦੰ, ਗਿਆਨ ਸਬਦੰ, ਬੇਦ ਸਬਦੰ ਬ੍ਰਹਮਣਹ’ (ਵਾਰ ਆਸਾ)। (7) ਪੈਗ਼ਾਮ, ਸੁਨੇਹਾ, ‘ਧਨਵਾਂਡੀ, ਪਿਰ ਦੇਸ ਨਿਵਾਸੀ, ਸਚੇ ਗੁਰੂ ਪਹਿ ਸਬਦ ਪਠਾਈ’ (ਮਲਾਰ ਮ: 1) (8) ਜੈਸੇ ਤੁਕਾ ਰਾਮ, ਨਾਮਦੇਵ ਆਦਿਕ ਭਗਤਾਂ ਦੀ ਰਚਨਾ ‘ਅਭੰਗ’ ਸੂਰ ਦਾਸ ਆਦਿਕ ਦੇ ‘ਵਿਸਨੁਪਦ’ ਪ੍ਰਸਿਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਯ ‘ਸਬਦ’ ਆਖੀਦੇ ਹਨ। ਸ਼ਬਦ, ਛੰਦ ਦੀ ਖਾਸ ਜਾਤਿ ਨਹੀਂ, ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਵੇਖਿਆ ਜਾਂਦਾ ਹੈ। (9) ਧਰਮਜੀਵਨ, ‘ਘੜੀਐ ਸਬਦੁ ਸਚੀ ਟਕਸਾਲ’ (ਜਪੁਜੀ ਸਾਹਿਬ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ। (10) ਸ਼ਬਦ ਦਾ ਵਾਚਯ ਅਰਥ, ਸ਼ਬਦ ਦਾ ਮਕਸਦ, ‘ਨ ਸਬਦ ਬੂਝੈ, ਨ ਜਾਣੈ ਬਾਣੀ’ (ਧਨਾਸਰੀ ਮ:3)। (11) ਗਿਆਨ ਦਾ ਸਾਧਨ ਰੂਪ ਸਬੂਤ, ਧਰਮਗ੍ਰੰਥ ਅਥਵਾ ਲੋਕ ਪ੍ਰਮਾਣ ਵਾਕਯ ‘ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ, ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ’ (ਲਲਿਤ ਕੌਮੁਦੀ)


ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ ’ਚ ‘ਗੁਰ’ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਇਹ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ ਇਸ ਦੇ ਅਰਥ ਹਨ ਨਿਗਲਣਾ, ਅਤੇ ਸਮਝਾਉਣਾ, ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ। ਉਨ੍ਹਾਂ ਲਿਖਿਆ ਹੈ ਕਿ ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ – ‘ਗੁਰ ਅਪਨੇ ਬਲਿਹਾਰੀ’ (ਸੋਰਠ ਮ: 5), ‘ਸੁਖਸਾਗਰ ਗੁਰੁ ਪਾਇਆ’ (ਸੋਰਠ ਮ: 5), ‘ਆਪਣਾ ਗੁਰੂ ਧਿਆਏ’ (ਸੋਰਠ ਮ: 5)। ‘ਗੁਰੂ’ ਦੇ ਹੋਰ ਅਰਥ ਵੀ ਉਨ੍ਹਾਂ ਲਿਖੇ ਹਨ ਜੋ ਇਸ ਪ੍ਰਕਾਰ ਹਨ: (1) ਧਰਮਉਪਦੇਸ਼ਕ, ਧਾਰਮਿਕ ਸਿੱਖਿਆ ਦੇਣ ਵਾਲਾ ਆਚਾਰਯ। (2) ਮਤ ਦਾ ਆਚਾਰਯ, ਕਿਸੇ ਮਤ ਦਾ ਚਲਾਉਣ ਵਾਲਾ, ‘ਛਿਅ ਘਰ, ਛਿਅ ਗੁਰ ਛਿਅ ਉਪਦੇਸ’ (ਸੋਹਿਲਾ)। ਪਤਿ, ਭਰਤਾ, ‘ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ’ ( ਸ੍ਰੀ ਰਾਗੁ ਮ: 3)। (3) ਵ੍ਰਿਹਸਪਤਿ, ਦੇਵਗੁਰੁ ‘ਕਹੁ ਗੁਰ ਗਜ ਸਿਵ ਸਭਕੋ ਜਾਨੈ’ (ਗਉੜੀ ਕਬੀਰ ਜੀ)। (4) ਅੰਤਹਕਰਣ, ਮਨ, ‘ਕੁੰਭੈ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨੁ ਨ ਹੋਇ॥’ (ਵਾਰ ਆਸਾ)। (5) ਵਿ-ਪੂਜਯ ‘ ਨਾਨਕ ਗੁਰ ਤੇ ਗੁਰ ਹੋਇਆ’ (ਗੂਜਰੀ ਮ: 3)। (6) ਵੱਡਾ, ਪ੍ਰਧਾਨ, ‘ਕਉਨ ਨਾਮ ਗੁਰ, ਜਾ ਕੈ ਸਿਮਰੈ, ਭਵਸਾਗਰ ਕਉ ਤਰਈ’ (ਸੋਰਠ ਮ: 9)
ਗੁਰੂ ਨਾਨਕ ਦਾ ਗੁਰੂ: ਗੁਰੂ ਨਾਨਕ ਸਾਹਿਬ ਆਪਣੀ ਬਾਣੀ ’ਚ ਖੁਦ ਲਿਖ ਰਹੇ ਹਨ:- ‘ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ॥’ (ਸੋਰਠ ਮ:1 ਪੰਨਾ 599)। ‘ਹਰਿ ਗੁਰ ਮੂਰਤਿ ਏਕਾ ਵਰਤੈ, ਨਾਨਕ ਹਰਿ ਗੁਰ ਭਾਇਆ॥’ (ਮਾਰੂ ਮ: 1 ਸੋਲਹੇ ਪੰਨਾ 1043)।

 

ਸੋ ਇਸ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਰਹੀ ਕਿ ਗੁਰੂ ਨਾਨਕ ਦਾ ‘ਗੁਰੂ’ ਕੋਈ ਮਨੁੱਖ ਜਾਂ ਸਾਧੂ ਸੰਤ ਨਹੀ ਸੀ ਬਲਕਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਹੈ ਜੋ ਹਰ ਥਾਂ ਇੱਕ ਰਸ ਵਿਆਪਕ ਹੈ। ਗੁਰੂ ਨਾਨਕ ਦੇ ਚੌਥੇ ਸਰੂਪ, ਗੁਰੂ ਰਾਮਦਾਸ ਜੀ ਵੀ ਇਹੋ ਗੱਲ ਦੁਹਰਾਅ ਰਹੇ ਹਨ ਕਿ ਉਨ੍ਹਾਂ ਦਾ ਗੁਰੂ ਉਹ ਸਦਾ ਥਿਰ ਰਹਿਣ ਵਾਲਾ ਅਬਿਨਾਸ਼ੀ ਅਕਾਲ ਪੁਰਖ ਹੈ ਜੋ ਸਭਨਾਂ ਵਿੱਚ ਸਮਾਅ ਰਿਹਾ ਹੈ ਤੇ ਜੋ ਨਾ ਕਿਤੇ ਜਾਂਦਾ ਹੈ ਅਤੇ ਨਾ ਹੀ ਕਿਤੋਂ ਆਉਂਦਾ ਹੈ ਭਾਵ ਹਰ ਸਮੇਂ ਹਰ ਥਾਂ ਸਰਬ ਵਿਆਪਕ ਹੈ। ਯਥਾ:-
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥13॥’ (ਰਾਗੁ ਸੂਹੀ ਮ: 4 ਪੰ: 758-59)


ਗੁਰਬਾਣੀ ਵਿੱਚ ‘ਸਬਦ’ ‘ਹੁਕਮ’ ‘ੴ ’ ‘ਨਿਰੰਕਾਰ’ ‘ਕਰਤਾਰ’ ‘ਪਾਰਬ੍ਰਹਮ’ ‘ਪਰਮੇਸ਼ਰ’ ਇਨ੍ਹਾ ਸਾਰਿਆਂ ਨੂੰ ਹੀ ਸਾਰੀ ਸ੍ਰਿਸ਼ਟੀ ਦੇ ਸਾਜਨਹਾਰੇ ਦੱਸਿਆ ਗਿਆ ਹੈ, ਜਿਸ ਦਾ ਭਾਵ ਇਹ ਨਿਕਲਿਆ ਕਿ ਇਨ੍ਹਾਂ ਵਿੱਚ ਕੋਈ ਭੇਦ ਨਹੀਂ ਇਹ ਸਾਰੇ ਇੱਕ ਹੀ ਹਸਤੀ ਦੇ ਵੱਖ ਵੱਖ ਨਾਮ ਹਨ। ਯਥਾ:-
ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥’ (ਮਾਝ ਮਹਲਾ 3,ਪੰਨਾ 117)। ‘ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥’ (ਜਪੁਜੀ ਸਾਹਿਬ)

ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥’ (ਰਾਮਕਲੀ ਮਹਲਾ 1 ਦਖਣੀ ਓਅੰਕਾਰੁ, ਪੰਨਾ 929)
ਨਿਰੰਕਾਰਿ, ਆਕਾਰੁ ਉਪਾਇਆ ॥’ (ਮ:3, ਪੰਨਾ 1066)
ਹਰਿ ਜੀਉ, ਤੂੰ ਕਰਤਾ ਕਰਤਾਰੁ॥’ (ਸਿਰੀਰਾਗੁ ਮਹਲਾ 1, ਪੰਨਾ 54)
ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ, ਸਰਬ ਕਲਾ ਜਿਨਿ ਧਾਰੀ ॥’ (ਗਉੜੀ ਮ:5 ਪੰਨਾ 248)


ਇਸ ਸਮੁੱਚੀ ਵੀਚਾਰ ਦਾ ਸਿੱਟਾ ਇਹ ਨਿਕਲਿਆ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ‘ਸਬਦੁ’ ਨੂੰ ਆਪਣਾ ‘ਗੁਰੂ’ ਕਹਿੰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਦੋ, ਤਿੰਨ ਜਾਂ ਇਸ ਤੋਂ ਵੱਧ ਅੱਖਰਾਂ ਦੇ ਜੋੜ ਤੋਂ ਬਣੇ ਕਿਸੇ ਇਕ ਸ਼ਬਦ ਤੋਂ ਨਹੀਂ ਬਲਕਿ ਅਕਾਲ ਪੁਰਖ ਅਤੇ ਉਸ ਦੇ ਸਮੁੱਚੇ ਗਿਆਨ ਅਤੇ ਉਸ ਤੋਂ ਮਿਲੇ ਉਪਦੇਸ਼ ਤੋਂ ਹੈ। ਅਕਾਲ ਪੁਰਖ ਦਾ ਸਮੁੱਚਾ ਗਿਆਨ ਅਤੇ ਉਪਦੇਸ਼ ਕਦੀ ਵੀ ਇੱਕ ਸ਼ਬਦ ਜਾਂ ਇੱਕ ਵਾਕ ਰਾਹੀਂ ਪੂਰੀ ਤਰ੍ਹਾਂ ਸਮਝਾਇਆ ਨਹੀਂ ਜਾ ਸਕਦਾ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜੇ ਸਾਰੀ ਹੀ ਧਰਤੀ ਨੂੰ ਕਾਗਜ਼ ਬਣਾ ਲਵਾਂ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ ਅਤੇ ਸਾਰੇ ਹੀ ਸਮੁੰਦਰ ਦੀ ਸਿਆਹੀ ਬਣ ਲਵਾਂ ਤਾਂ ਵੀ ਉਸ ਅਗਾਧ ਬੋਧ ਅਕਾਲ ਪੁਰਖ ਦਾ ਕਿਣਕਾ ਮਾਤਰ ਵੀ ਨਹੀ ਲਿਖਿਆ ਜਾ ਸਕਦਾ:-

ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥81॥’ (ਪੰਨਾ 1368)


ਬੇਸ਼ੱਕ ਇਨ੍ਹਾਂ ਅੱਖਰਾਂ ਨਾਲ ਅਕਾਲ ਪੁਰਖ ਦਾ ਪੂਰਾ ਵਰਨਣ ਨਹੀਂ ਹੋ ਸਕਦਾ ਪਰ ਲੋਕਾਈ ਨੂੰ ਸਮਝਾਉਣ ਲਈ ਕੋਈ ਅੱਖਰ ਤਾਂ ਵਰਤੇ ਹੀ ਜਾਣੇ ਸਨ ਇਸ ਲਈ ਇਨ੍ਹਾਂ ਅੱਖਰਾਂ ਦੀ ਵਰਤੋਂ ਕਰ ਕੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ ਅਕਾਲ ਪੁਰਖ ਅਤੇ ਸ਼ਬਦ ਗੁਰੂ ਦੀ ਸੋਝੀ ਦੇਣ ਲਈ ਅਕਾਲ ਪੁਰਖ ਤੋਂ ਉਨ੍ਹਾਂ ਦੇ ਹਿਰਦੇ ਵਿੱਚ ੳੁੱਤਰੀ ‘ਧੁਰ ਕੀ ਬਾਣੀ’ ਨੂੰ ਸਾਡੀ ਅਗਵਾਈ ਲਈ ਕਲਮਬੰਦ ਕਰਕੇ ਅਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਤਰਤੀਬ ਬਧ ਸੰਪਾਦਨਾ ਕਰਕੇ ਇੱਕ ਤਰ੍ਹਾਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ। ਇਸ ਵਿੱਚ ਦਰਜ਼ ਸਮੁੱਚੀ ਹੀ ਬਾਣੀ ਮਨੁੱਖਤਾ ਦੀ ਗੁਰੂ ਹੈ, ਜਿਸ ਦੀ ਤਸਦੀਕ ਗੁਰਬਾਣੀ ਨੇ ਵੀ ਕੀਤੀ ਹੈ:-

ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥5॥’ (ਨਟ ਮ: 4, ਪੰਨਾ 982)


ਪ੍ਰੋ: ਸਾਹਿਬ ਸਿੰਘ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ:- (ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ) ਸਾਂਭ ਰੱਖਦਾ ਹੈ। ਗੁਰੂ, ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ’ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।5।

ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ॥5॥’ (ਕਾਨੜਾ ਮ: 4 ਪੰ: 1309)


ਭਾਵ, ਸਤਿਗੁਰੂ (ਉਸ ਦਾ ਸਰੀਰ ਨਹੀਂ ਬਲਕਿ ਉਸ ਦਾ ਦਿੱਤਾ ਹੋਇਆ ਉਪਦੇਸ਼) ਬਚਨ ਹੈ ਅਤੇ (ਉਹ) ਉਪਦੇਸ਼ ਹੀ ਸਤਿਗੁਰੂ ਹੈ, ਗੁਰੂ ਦਾ ਉਪਦੇਸ਼ (ਮਨੁੱਖ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ।5।


ਸਮੁੱਚੀ ਬਾਣੀ ’ਚ ਕਿਧਰੇ ਨਹੀਂ ਲਿਖਿਆ ਕਿ ਕੇਵਲ ਇੱਕ ਉਹ ‘ਸ਼ਬਦ’ ਜਿਹੜਾ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਨ ਕੀਤਾ ਸੀ, ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦੇ ਅਰਥਾਂ ਬਾਰੇ ਮਨੁੱਖ ਅੰਦਾਜ਼ਾ ਨਹੀਂ ਲਾ ਸਕਦਾ, ਹੀ ਗੁਰੂ ਨਾਨਕ ਅਤੇ ਸਾਡਾ ਗੁਰੂ ਹੈ। ਅੰਦਾਜ਼ਾ ਲਗਾਓ ਜੇ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਲਿਖੀ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਦਾ ਕੋਈ ਸੁਧਾਰ ਨਹੀਂ ਕਰ ਸਕਦੇ ਤਾਂ ਉਹ ‘ਸ਼ਬਦ’ ਜਿਸ ਨੂੰ (ਨਵੇਂ ਉਪਜੇ ਖੋਜੀਆਂ ਅਨਸਾਰ) ਗੁਰੂ ਨਾਨਕ ਸਾਹਿਬ ਵੀ ਵਰਨਣ ਨਹੀਂ ਕਰ ਸਕ,ੇ ਉਸ ‘ਸ਼ਬਦ’ ਤੋਂ ਸਾਡੇ ਵਰਗੇ ਜੀਵ ਕੀ ਸੇਧ ਲੈ ਸਕਦੇ ਹਨ। ਹੁਣ ਵੇਖਦੇ ਹਾਂ ਕਿ ਗੁਰਬਾਣੀ ਅਨੁਸਾਰ ‘ਗੁਰੂ’ ਜਾਂ ‘ਸਤਿਗੁਰੂ’ ਕਿਸ ਨੂੰ ਕਿਹਾ ਜਾ ਸਕਦਾ ਹੈ:-


‘ਜਿਸੁ ਮਿਲਿਐ ਮਨਿ ਹੋਇ ਅਨੰਦੁ, ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ ਬਿਨਸਿ ਜਾਇ, ਹਰਿ ਪਰਮ ਪਦੁ ਲਹੀਐ॥’ (ਪੰਨਾ 168)
‘ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖ ਉਧਰੈ ਨਾਨਕ ਹਰਿ ਗੁਣ ਗਾਉ॥’ (ਪੰਨਾ 286)
‘ਸਤਿਗੁਰੁ ਅੰਦਰਹੁ ਨਿਰਵੈਰੁ ਹੈ, ਸਭੁ ਦੇਖੈ ਬ੍ਰਹਮੁ ਇਕੁ ਸੋਇ॥…ਸਤਿਗੁਰੁ ਸਭਨਾ ਦਾ ਭਲਾ ਮਨਾਇਦਾ, ਤਿਸ ਦਾ ਬੁਰਾ ਕਿਉ ਹੋਇ॥’ ( ਪੰਨਾ 302)
‘ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ, ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥’ (ਪੰਨਾ 594)
‘ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ, ਅਉਗਣ ਕਟੇ ਕਰੇ ਸੁਧੁ ਦੇਹਾ॥’ (ਪੰਨਾ 960)
‘ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ, ਹਰਿ ਹਰਿ ਕਥਾ ਸੁਣਾਵੈ॥’ (ਪੰਨਾ 1264)


ਗੁਰਬਾਣੀ ਦੇ ਉਪਰੋਕਤ ਪ੍ਰਮਾਣਾਂ ਦੀ ਕਸਵੱਟੀ ’ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ 10 ਗੁਰੂ ਸਾਹਿਬਾਨਾਂ ਦੀ ਪਰਖ ਕੀਤੀ ਜਾਵੇ, ਤਾਂ ਕੀ ਉਹ ਗੁਰੂ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ? ਜੇ ਕਰਦੇ ਹਨ, ਤਾਂ ਇਹ ਲੋਕ ਇਨ੍ਹਾਂ ਨੂੰ ਗੁਰੂ ਕਹਿਣ ‘ਚ ਕਿਹੜੇ ਸਿਧਾਂਤ ਦੀ ਉਲੰਘਣਾ ਹੁੰਦੀ ਮਹਿਸੂਸ ਕਰਦੇ ਹਨ? ਉਕਤ ਪ੍ਰਮਾਣਾਂ ਦੀ ਰੌਸ਼ਨੀ ਤੋਂ ਸੇਧ ਲੈਣ ਤੋਂ ਮੁਨਕਰ ਹੋਏ ਸੌਦਾ ਸੰਪਾਦਕ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਸਰੂਪਾਂ ’ਚ ਉਹ ਕਿਹੜੀ ਘਾਟ ਦਿੱਸ ਰਹੀ ਹੈ ਜਿਸ ਕਾਰਣ ਉਹ ਇਨ੍ਹਾਂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਕੇ ਬੇਲੋੜੇ ਵਿਵਾਦ ਖੜ੍ਹੇ ਕਰ ਰਹੇ ਹਨ। ਕੀ ਉਹ ‘ਗੁਰ ਕਾ ਸਬਦੁ ਗੁਰ ਥੈ ਟਿਕੈ, ਹੋਰ ਥੈ ਪਰਗਟੁ ਨ ਹੋਇ ॥’ (ਪੰਨਾ 1249) ਤੋਂ ਵੀ ਮੁਨਕਰ ਹੋ ਕੇ ਗੁਰੂ ਦੀ ਭਾਲ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਜਰੂਰ ਔਝੜੇ ਪੈਣਗੇ! ਅਤੇ ਆਪਣੇ ਪਿਛਲੱਗਾਂ ਨੂੰ ਵੀ ਪਾਉਣਗੇ! ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਨੰਦ ਲਾਲ ਸਿੰਘ ਜੀ ‘ਰਹਿਤਨਾਮਾ ਪ੍ਰਸ਼ਨ ਉੱਤਰ’ ਵਿੱਚ ਗੁਰੂ ਦੇ ਤਿੰਨ ਰੂਪਾਂ ਦਾ ਵਰਨਣ ਇਸ ਤਰ੍ਹਾਂ ਕਰ ਰਹੇ ਹਨ:-
‘ਤੀਨ ਰੂਪ ਹੈਂ ਮੋਹ ਕੇ ਸੁਨਹੁ ਨੰਦ! ਚਿੱਤ ਲਾਇ॥ ਨਿਰਗੁਣ, ਸਰਗੁਣ, ਗੁਰ ਸ਼ਬਦ ਕਹਹੁ ਤੋਹਿ ਸਮਝਾਇ॥6॥


ਭਾਵ, ਹੋਏ ਪ੍ਰਸ਼ਨ ਉੱਤਰ ਵਿੱਚ ਗੁਰੂ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੂੰ ਸਮਝਾ ਰਹੇ ਹਨ ਮੇਰੀ ਗੱਲ ਧਿਆਨ ਨਾਲ ਸੁਣ! ਮੇਰੇ (ਭਾਵ ਗੁਰੂ ਦੇ) ਤਿੰਨ ਰੂਪ ਹਨ-

1. ਨਿਰਗੁਣ ਸਰੂਪ- ਤ੍ਰਿਗੁਣਾਤੀਤ ਸਰਬ ਵਿਆਪੀ ਪਰਬ੍ਰਹਮ 2. ਸਰੁਗਣ ਸਰੂਪ- (ਨਾਨਕ ਜੋਤਿ) ਗੁਰੂ 3. ਸ਼ਬਦ ਗੁਰੂ- ਗੁਰਬਾਣੀ, ਗੁਰੂ ਗ੍ਰੰਥ ਸਾਹਿਬ।


ਇੰਡੀਆ ਅਵੇਰਨੈੱਸ ਜੁਲਾਈ 2010 ਅੰਕ ਵਿੱਚ ਛਪੇ ਇੱਕ ਲੇਖ ਵਿੱਚ ਸ. ਹਰਦੇਵ ਸਿੰਘ ਜੰਮੂ ਨੇ ਬੜੇ ਦਲੀਲ ਪੂਰਬਕ ਢੰਗ ਨਾਲ ਸਿੱਧ ਕੀਤਾ ਹੈ ਕਿ ਦੁਨੀਆਂ ਦੇ ਲੋਕਾਂ ਨੂੰ ‘ਗੁਰੂ ਨਾਨਕ ਦਾ ਸਿੱਖ ਨਾਲ ਰਿਸ਼ਤਾ’ ਸਮਝਾਉਣ ਲਈ ਸਭ ਤੋਂ ਢੁਕਵਾਂ ਸ਼ਬਦ, ਨਾਨਕ ਨੂੰ ਗੁਰੂ ‘ਪਦ’ ਨਾਲ ਸਬੋਧਨ ਕਰਨਾ ਹੀ ਹੈ।


ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ ਧਿਆਨ ’ਚ ਰੱਖੇ ਤੋਂ ਬਿਨਾਂ ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਪਏ ਤਾਂ ਕੌਮ ਦਾ ਰੱਬ ਹੀ ਰਾਖਾ ਹੈ।

ਕਿਰਪਾਲ ਸਿੰਘ ਬਠਿੰਡਾ
ਫ਼ੋਨ: 0164-2210797, +91-98554-80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top