Share on Facebook

Main News Page

ਵਿਚਾਰ ਵਟਾਂਦਰੇ ਦਾ ਸਰਲ ਰਾਹ

ਬਹੁਤ ਦਿਨਾਂ ਤੋਂ ਵੇਖਦਾ ਆ ਰਿਹਾ ਹਾਂ ਕਿ, ਜਦ ਵੀ ਕਿਸੇ ਟਾਪਿਕ ਤੇ ਕੋਈ ਵਿਚਾਰ ਸ਼ੁਰੂ ਹੁੰਦੀ ਹੈ, ਤਾਂ ਉਸ ਵਿੱਚ ਦੋ ਧੜੇ ਬਣ ਜਾਂਦੇ ਹਨ, ਇੱਕ ਉਸ ਦੇ ਹੱਕ ਵਿੱਚ ਅਤੇ ਦੂਸਰਾ ਉਸ ਦੇ ਵਿਰੋਧ ਵਿਚ। ਏਥੌਂ ਤਕ ਤਾਂ ਗਨੀਮਤ ਹੈ, ਕੋਈ ਬੁਰਾਈ ਨਹੀਂ। ਬੁਰਾਈ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ। ਵਿਚਾਰਨਾ ਤਾਂ ਇਹ ਹੁੰਦਾ ਹੈ ਕਿ ਠੀਕ ਕੀ ਹੈ? ਅਤੇ ਗਲਤ ਕੀ ਹੈ? ਪਰ ਧੜਿਆਂ ਵਿੱਚ ਵੰਡੇ, ਵਿਦਵਾਨ ਵੀਰਾਂ ਦਾ ਇਕੋ ਟੀਚਾ ਰਹਿ ਜਾਂਦਾ ਹੈ, ਆਪਣੇ-ਆਪਣੇ ਧੜੇ ਦਾ ਪੱਖ ਪੂਰਨਾ। ਉਹ ਇਹ ਭੁੱਲ ਜਾਂਦੇ ਹਨ ਕਿ ਸਾਡਾ ਮੰਤਵ ਸਚ ਦੀ ਭਾਲ ਕਰਨਾ ਹੈ, ਜਿਸ ਲਈ ਹਰ ਪੱਖ ਦੀ ਹਮਾਇਤ ਜਾਂ ਵਿਰੋਧ, ਗੁਣ-ਦੋਸ਼ ਦੇ ਆਧਾਰ ਤੇ ਕਰਨਾ ਹੁੰਦਾ ਹੈ, ਨਾ ਕਿ ਧੜੇ ਦੇ ਆਧਾਰ ਤੇ।

ਵੈਬਸਾਈਟਾਂ ਵਾਲਿਆਂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਨੂੰ, ਵਿਚਾਰ ਵਟਾਂਦਰੇ ਲਈ ਇੱਕ ਪਲੇਟਫਾਰਮ ਦੀ ਸੁਵਿਧਾ ਪਰਦਾਨ ਕੀਤੀ ਹੈ। ਉਨ੍ਹਾਂ ਦਾ ਸਭ ਤੋਂ ਵਧੀਆ ਕਿਰਦਾਰ ਇਹੀ ਹੁੰਦਾ ਹੈ ਕਿ ਉਹ, ਦੋਵਾਂ ਪੱਖਾਂ ਦੇ ਵਿਚਾਰ, ਪਾਠਕਾਂ ਸਾਹਵੇਂ ਰਖਦੇ ਰਹਣ। ਪਰ ਉਨ੍ਹਾਂ ਦੇ ਸਮੇ ਦੀ ਵੀ ਸਾਨੂੰ ਕਦਰ ਕਰਨੀ ਬਣਦੀ ਹੈ, ਉਨ੍ਹਾਂ ਨੂੰ ਅਸੀਂ ਨਾ ਹੀ ਕੋਈ ਆਰਥਿਕ ਮਦਦ ਦੇ ਰਹੇ ਹੁੰਦੇ ਹਾਂ, ਜੋ ਉਹ ਆਪਣੇ ਕੰਮ ਵਿਚੋਂ ਕੁੱਝ ਸਮਾ ਕੱਢ ਕੇ, ਤੁਹਾਡਿਆਂ ਵਿਚਾਰਾਂ ਵਿਚਲੇ ਗਲਤ ਤੱਥਾਂ ਦੀ ਕਾਂਟ-ਛਾਂਟ ਕਰਦਿਆਂ, ਇਹ ਨਾ ਮਹਿਸੂਸ ਕਰਨ ਕਿ ਇਸ ਕੰਮ ਨਾਲ ਉਨ੍ਹਾਂ ਨੂੰ ਦੂਹਰੀ ਆਰਥਿਕ ਮਾਰ ਪੈ ਰਹੀ ਹੈ। ਜਾਂ ਫਿਰ ਉਨ੍ਹਾਂ ਨੂੰ ਵੈਬਸਾਈਟ ਮੇਨਟੇਨ ਕਰਨ ਲਈ ਆਪਣੇ ਖਰਚੇ ਤੇ ਕੋਈ ਵਿਅਕਤੀ ਉਪਲੱਬਧ ਕਰਾਉਣਾ ਬਣਦਾ ਹੈ। ਜਦ ਅਸੀਂ ਇਹ ਨਹੀਂ ਕਰ ਰਹੇ ਤਾਂ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ, ਆਪਣੀਆਂ ਲਿਖਤਾਂ ਆਪ ਹੀ ਟੂ-ਦੀ-ਪੁਆਇੰਟ ਲਿਖ ਕੇ ਭੇਜੀਏ, ਜੋ ਉਹ ਵੀਰ ਸਾਡੀਆਂ ਲਿਖਤਾਂ ਓਵੇਂ ਹੀ, ਅਪ-ਡੇਟ ਕਰ ਦੇਣ। ਪਰ ਫਿਲਹਾਲ ਅਸੀਂ ਇਨ੍ਹਾਂ ਵਿਚੋਂ ਕੋਈ ਵੀ ਕੰਮ ਨਹੀਂ ਕਰ ਰਹੇ। ਏਸੇ ਦਾ ਹੀ ਨਤੀਜਾ ਹੈ ਕਿ, ਸਾਲਾਂ ਬੱਧੀ ਵਿਚਾਰ ਵਿਮਰਸ਼ ਦੇ ਨਾ ਹੇਠ ਵਾਦ-ਵਿਵਾਦ ਕਰ ਕੇ ਅਸੀਂ ਕੁੱਝ ਵੀ ਹਾਸਲ ਨਹੀਂ ਕਰ ਸਕੇ। ਇਹ ਤਾਂ ਸੰਭਵ ਹੈ ਕਿ ਪਾਠਕਾਂ ਵਿਚੋਂ ਕੋਈ ਵੀਰ, ਕੋਈ ਸਿਧਾਂਤ ਦੀ ਗੱਲ ਸਮਝ ਗਿਆ ਹੋਵੇ, ਪਰ ਇਹ ਅਸਲੀਅਤ ਹੈ ਕਿ ਵਿਦਵਾਨ ਵੀਰਾਂ ਵਿਚੋਂ ਸਭ ਓੁਸੇ ਥਾਂ ਹੀ ਖੜੇ ਹਨ, ਜਿੱਥੇ ਉਹ ਸਾਲਾਂ ਪਹਿਲਾਂ ਸਨ। ਬਲਕਿ ਉਹ ਇਸ ਬਹਿਸ-ਮੁਬਾਹਸੇ ਕਾਰਨ, ਭੰਬਲ-ਭੁਸੇ ਵਿੱਚ ਭਟਕਦੇ, ਹਉਮੈ ਅਤੇ ਸਾੜੇ ਦਾ ਸ਼ਿਕਾਰ ਹੋਏ ਪਏ ਹਨ। ਲੇਖ ਜਿੰਨਾ ਛੋਟਾ ਹੋਵੇ ਓਨਾ ਹੀ ਪਰਭਾਵ-ਕਾਰੀ ਹੁੰਦਾ ਹੈ।

ਲੇਖਕ ਵੀਰਾਂ ਨੂੰ ਇਸ ਹਾਲਤ ਵਿਚੋਂ ਨਿਕਲਣ ਦੀ ਲੋੜ ਹੈ। ਸਮਝਣ ਦੀ ਲੋੜ ਹੈ ਕਿ ਬੰਦੇ ਦੀ ਜ਼ਿੰਦਗੀ ਦੇ ਦੋ ਪੱਖ ਹਨ, ਇੱਕ ਦੁਨਿਆਵੀ ਅਤੇ ਦੂਸਰਾ ਆਤਮਿਕ। ਇਨ੍ਹਾਂ ਦੋਵਾਂ ਤੇ ਸਹੀ ਢੰਗ ਨਾਲ ਚਲਣ ਲਈ, ਇੱਕ ਬੇਸਿਕ ਸਿਧਾਂਤ ਹੈ, ਇੰਸਾਨੀਅਤ ਦਾ। ਇਹ ਇੰਸਾਨੀਅਤ ਹੀ ਬੰਦੇ ਨੂੰ ਜਾਨਵਰਾਂ ਨਾਲੋਂ ਵੱਖਰਾ ਕਰਦੀ ਹੈ। (ਜੇ ਕੋਈ ਇਹ ਕਹੇ ਕਿ, ਮੈਨ ਇਜ਼ ਏ ਸੋਸ਼ਲ ਐਨੀਮਲ ਦੇ ਆਧਰ ਤੇ ਹੀ ਬੰਦਾ ਜਾਨਵਰਾਂ ਨਾਲੋਂ ਵੱਖਰਾ ਹੈ, ਤਾਂ ਉਹ ਭੁਲੇਖੇ ਵਿੱਚ ਹੈ, ਇਸ ਨਾਲ ਬੰਦੇ ਨੂੰ ਜਾਨਵਰਾਂ ਤੋਂ ਅਲੱਗ ਨਹੀਂ ਕੀਤਾ ਗਿਆ, ਬਲਕਿ ਜਾਨਵਰਾਂ ਦੀ ਇੱਕ ਖਾਸ ਨਸਲ ਵਜੋਂ ਹੀ ਦਰਸਾਇਆ ਗਿਆ ਹੈ।) ਜਦ ਬੰਦਾ ਇੰਸਾਨ ਬਣਦਾ ਹੈ ਤਾਂ ਉਸ ਵਿਚਲੇ ਜਾਨਵਰ ਵਾਲੇ ਲੱਛਣ ਖਤਮ ਹੋ ਜਾਂਦੇ ਹਨ। ਏਥੋਂ ਹੀ ਸਿੱਖੀ ਦਾ ਮਾਰਗ ਸ਼ੁਰੂ ਹੁੰਦਾ ਹੈ। ਸਿੱਖ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ, ਦੁਨਿਆਵੀ ਅਤੇ ਆਤਮਿਕ ਵਿਕਾਸ ਵਲ ਵਧਣ ਤੋਂ ਪਹਿਲਾਂ ਉਸ ਨੂੰ, ਇੰਸਾਨ ਬਣਨਾ ਜ਼ਰੂਰੀ ਹੈ। ਜਿਸ ਲਈ ਕੁੱਝ ਸੇਧ ਸਮਾਜ ਵਿਚੋਂ ਮਿਲਦੀ ਹੈ ਅਤੇ ਕੁੱਝ ਸੇਧ ਸ਼ਬਦ ਗੁਰੂ ਤੋਂ ਮਿਲਦੀ ਹੈ। ਸਮਾਜ ਵਿਚਲੀ ਜੋ ਸੇਧ ਆਪਸੀ ਸਮਝ-ਬੂਝ ਨਾਲ ਮਿਲਣੀ ਸੀ ਉਹ ਨਹੀਂ ਮਿਲ ਰਹੀ ਕਿਉਂਕਿ, ਅਸੀਂ ਇੰਸਾਨ ਹੀ ਨਹੀਂ ਬਣੇ, ਬਲਕਿ ਉਸ ਦੀ ਥਾਂ, ਸਮਾਜ ਤੇ ਕਾਬਜ਼ ਲੋਕਾਂ ਵਲੋਂ ਇਹ ਗੱਲ, ਕਾਨੂਨਾਂ ਰਾਹੀਂ ਸਮਝਾਈ ਜਾਂਦੀ ਹੈ, ਜਿਸ ਨੂੰ ਸਮਝਾਉਣਾ ਨਹੀਂ ਕਿਹਾ ਜਾ ਸਕਦਾ ਬਲਕਿ ਡੰਡੇ ਨਾਲ ਜਾਨਵਰ ਵਾਙ ਕੰਟਰੋਲ ਕਰਨਾ ਹੀ ਕਿਹਾ ਜਾ ਸਕਦਾ ਹੈ। ਹਾਕਮ ਧਿਰ ਇਨ੍ਹਾਂ ਕਾਨੂਨਾਂ ਨੂੰ ਇਸ ਢੰਗ ਨਾਲ ਵਰਤਦੀ ਹੈ, ਜਿਸ ਨਾਲ ਉਸ ਦੇ ਗਲਤ ਜਾਂ ਠੀਕ ਕੀਤੇ ਕੰਮਾਂ ਤੇ ਕੋਈ ਇਤਰਾਜ਼ ਨਾ ਕਰ ਸਕੇ।
ਇਹੀ ਗੱਲ ਸਮਾਜ ਵਿਚਲੇ ਸਭ ਔਗਣਾਂ ਦੀ ਜਨਣੀ ਬਣਦੀ ਹੈ। ਦੁਨੀਆਂ ਦਾ ਸਭ ਆਤੰਕ-ਵਾਦ ਇਸ ਦਾ ਹੀ ਪ੍ਰਤੀ ਕਰਮ ਹੈ, ਜਿਸ ਨੂੰ ਖਤਮ ਕਰਨ ਤੇ ਅੱਜ ਉਹ ਸਾਰੇ ਸਾਧਨ ਲਗਦੇ ਹਨ, ਜੋ ਬੰਦੇ ਦੇ ਵਿਕਾਸ ਤੇ ਲੱਗਣੇ ਚਾਹੀਦੇ ਸਨ, ਦੁਨੀਆਂ ਵਿਚਲੀ ਸਾਰੀ ਭੈੜੀ ਹਾਲਤ, ਏਸੇ ਦਾ ਹੀ ਨਤੀਜਾ ਹਨ। ਇਸ ਦੀ ਰੋਕ-ਥਾਮ ਕੇਵਲ ਇੰਸਾਨ ਬਣਨ ਨਾਲ ਹੀ ਹੋ ਸਕਦੀ ਹੈ, ਜਿਸ ਬਾਰੇ ਪੂਰੀ ਸੋਝੀ, ਦੁਨੀਆਂ ਦਾ ਇਕੋ ਇੱਕ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਹੀ ਦਿੰਦੇ ਹਨ।

ਜਿਸ ਦੀ ਮੋਟੀ ਜਿਹੀ ਰੂਪ-ਰੇਖਾ ਇਵੇਂ ਹੈ ਕਿ ਇੰਸਾਨ ਭਾਵੇਂ ਕਿਸੇ ਦੇਸ਼-ਖਿਤੇ, ਧਰਮ-ਮਜ਼ਹਬ ਨਾਲ ਸਬੰਧਿਤ ਹੋਣ ਉਨ੍ਹਾਂ ਵਿੱਚ ਕੋਈ ਫਰਕ ਨਹੀਂ ਕੀਤਾ ਜਾ ਸਕਦਾ। ਸਮਾਜਿਕ ਤੌਰ ਤੇ ਅਲੱਗ-ਅਲੱਗ ਦੇਸ਼ਾਂ ਦੇ ਆਧਾਰ ਤੇ ਬੰਦਿਆਂ ਵਿੱਚ ਪਾਈਆਂ ਵੰਡੀਆਂ, ਬੰਦੇ ਦੇ ਇੰਸਾਨ ਬਣਨ ਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਹਨ। ਜਿਸ ਕਾਰਨ ਬੰਦੇ ਦੀ ਜ਼ਿੰਦਗੀ ਦਾ ਬਹੁਤਾ ਸਮਾ, ਰੱਬ ਦੀ ਦਿੱਤੀ ਧਰਤੀ, ਰੱਬ ਦੇ ਦਿੱਤੇ ਸਾਧਨਾਂ, ਅਤੇ ਬਹੁਤੀ ਵਾਰ ਤਾਂ ਪਰਮਾਤਮਾ ਵਲੋਂ ਬੰਦੇ ਨੂੰ ਦਿੱਤੀ, ਦੁਖ-ਸੁਖ ਦੀ ਭਾਈਵਾਲ, ਇੰਸਾਨੀ ਨਸਲ ਨੂੰ ਚਲਦਾ ਰੱਖਣ ਲਈ ਬਰਾਬਰ ਦੀ ਭਾਈਵਾਲ ਦੀ ਖੋਹ-ਮਾਈ ਵਿੱਚ ਹੀ ਬੀਤ ਜਾਂਦਾ ਹੈ।

ਮਜ਼ੇ ਦੀ ਗੱਲ ਇਹ ਹੈ ਕਿ, ਇਸ ਰੁਝਾਨ ਥੱਲੇ, ਬੀਬੀਆਂ, ਬੱਚਿਆਂ, ਨਿਰਬਲ ਵਰਗ ਦੇ ਲੋਕਾਂ ਤੇ ਹੁੰਦੀ ਵਧੀਕੀ ਨੂੰ, ਦੇਸ਼ ਭਗਤੀ ਦੇ ਬੁਰਕੇ ਥੱਲੇ ਸਹੀ ਸਾਬਤ ਕੀਤਾ ਜਾਂਦਾ ਹੈ। ਲੜਾਈ ਵਿੱਚ ਰੁਝੇ ਦੋਹਾਂ ਮੁਲਕਾਂ ਵਲੋਂ, ਵੱਧ ਤੋਂ ਵੱਧ ਵਧੀਕੀ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। (ਹੁਣ ਮੈਨੁੰ ਕੋਈ ਵੀਰ ਇਹ ਨਾ ਕਹਿ ਦੇਣਾ ਕਿ ਯੂ. ਐਨ. ਓ. ਜਾਂ ਮਨੁਖੀ ਅਧਿਕਾਰ ਸੰਗਠਨ, ਜਾਂ ਰੈਡ ਕਰਾਸ ਆਦਿ ਸੰਗਠਨ, ਇਨ੍ਹਾਂ ਦੀ ਰੋਕ-ਥਾਮ ਲਈ ਹੀ ਬਣੇ ਹੋਏ ਹਨ। ਕਿਉਂਕਿ ਇਹ ਵੀ ਚੋਰ-ਕੁਤੀ ਦੇ ਮੇਲ ਤੇ ਪਰਦਾ ਪਾਉਣ ਦੇ ਸਾਧਨ ਤੋਂ ਵੱਧ ਕੁੱਝ ਵੀ ਨਹੀਂ ਹਨ, ਜੇ ਦੁਜਿਆਂ ਦੀਆਂ ਸਾਰੀਆਂ ਗੱਲਾਂ ਨੂੰ ਅੱਖੋਂ ਓਹਲੇ ਵੀ ਕਰ ਦੇਈਏ ਤਾਂ ਵੀ, ਇਕੱਲੀ ੧੯੮੪ ਵਾਲੀ ਘਟਨਾ ਨੂੰ ਵਿਚਾਰਨ ਨਾਲ ਹੀ ਸਭ ਕੁੱਝ ਸਾਮ੍ਹਣੇ ਆ ਜਾਂਦਾ ਹੈ।) ਵੱਧ ਤੋਂ ਵੱਧ ਬੰਦੇ, ਬੱਚੇ, ਬੁੱਢੇ, ਬੀਬੀਆਂ ਮਾਰਨ ਵਾਲਿਆਂ ਨੂੰ, ਦੇਸ਼ ਭਗਤੀ ਦੇ ਵੱਡੇ ਤੋਂ ਵੱਡੇ ਇਨਾਮ ਦਿੱਤੇ ਜਾਂਦੇ ਹਨ, ਲੜਾਈ ਵਿੱਚ ਮਰਨ ਵਾਲਿਆਂ ਨੂੰ, ਝੂਠੀ ਸ਼ਹਾਦਤ ਦੇ ਸਨਮਾਨ ਅਤੇ ਕੁੱਝ ਪੈਸੇ ਦੇ ਕੇ, ਉਨ੍ਹਾਂ ਦੇ ਪਰਿਵਾਰਾਂ ਦੀ ਵਿਨਾਸ਼-ਲੀਲਾ ਨੂੰ ਢੱਕ ਦਿੱਤਾ ਜਾਂਦਾ ਹੈ। (ਜੇ ਇਹ ਕੰਮ ਏਨਾ ਹੀ ਸਤਿਕਾਰਿਤ ਹੈ ਤਾਂ, ਸੱਤਾ ਤੇ ਕਾਬਜ਼ ਲੋਕ ਇਸ ਨੂੰ ਕਿਉਂ ਨਹੀਂ ਅਪਨਾ ਲੈਂਦੇ?) ਇਹ ਸਾਰਾ ਕੁੱਝ ਧਰਤੀ ਦੇ ਉਸ ਟੁਕੜੇ ਪਿੱਛੇ ਹੁੰਦਾ ਹੈ, ਜੋ ਪਰਮਾਤਮਾ ਨੇ ਸਾਰੇ ਜੀਵਾਂ ਦੀ ਲੋੜ ਲਈ ਬਿਨਾ ਕਿਸੇ ਮੁੱਲ ਦੇ ਦਿੱਤੀ ਹੈ। ਇਨ੍ਹਾਂ ਵੰਡੀਆਂ ਨੂੰ ਗੁਰਬਾਣੀ ਠੀਕ ਨਹੀਂ ਮੰਨਦੀ। ਦੂਸਰੇ ਪਾਸੇ ਧਰਮ ਜੋ ਇਸ ਬੁਰਾਈ ਨੂੰ ਦੂਰ ਕਰ ਕੇ, ਬੰਦੇ ਤੋਂ ਇੰਸਾਨ ਬਨਾਉਣ ਦੇ ਸਾਧਨ ਵਜੋਂ ਹੀ ਵਿਕਸਤ ਹੋਇਆ ਸੀ, ਦੀਆਂ ਵਲਗਣਾਂ ਵਿੱਚ ਘਿਰੇ ਬੰਦੇ, ਧਰਮ ਦੀ ਪਰਿਭਾਸ਼ਾ ਹੀ ਨਹੀਂ ਜਾਣਦੇ, ਕਿਉਂਕਿ ਸ਼ਾਤਰ ਲੋਕਾਂ ਨੇ ਧਰਮ ਦੇ ਠੇਕੇਦਾਰ, ਪੁਜਾਰੀ ਬਣ ਕੇ, ਧਰਮ ਦੀ ਮੂਲ ਸੋਚ ਦਾ ਹੀ ਮਲੀਆ-ਮੇਟ ਕਰਦਿਆਂ, ਕੁੱਝ ਅਜਿਹੇ ਕਰਮ-ਕਾਂਡ ਮਿੱਥ ਦਿੱਤੇ ਹਨ, ਜਿਨ੍ਹਾਂ ਦਾ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ, ਜਿਸ ਦੀ ਆੜ ਵਿੱਚ ਦੂਸਰੇ (ਅਖੌਤੀ) ਧਰਮਾਂ ਪ੍ਰਤੀ ਨਫਰਤ ਤੋਂ ਇਲਾਵਾ ਹੋਰ ਕੋਈ ਵੀ ਜਜ਼ਬਾ ਨਹੀ ਉਭਾਰਿਆ ਜਾਂਦਾ। ਦੂਸਰੇ ਧਰਮ ਦੇ ਲੋਕਾਂ ਨੂੰ ਮਾਰਨਾ, ਉਂਨ੍ਹਾਂ ਦੀ ਸੰਪਤੀ ਨੂੰ ਲੁੱਟਣਾ, ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਨੇ, ਉਨ੍ਹਾਂ ਨੂੰ ਗੁਲਾਮ ਬਨਾਉਣਾ ਹੀ ਸਭ ਤੋਂ ਵੱਡਾ ਧਰਮ ਮਿਥਿਆ ਗਿਆ ਹੈ। ਇੰਸਾਨੀਅਤ ਦਾ ਸਭ ਤੋਂ ਵੱਧ ਘਾਣ, ਧਰਮ ਦੇ ਨਾਮ ਤੇ ਅਧਰਮ ਕਰ ਕੇ ਹੀ ਕੀਤਾ ਗਿਆ ਹੈ।

ਗੁਰਬਾਣੀ ਦੁਨੀਆ ਦੇ ਸਭ (ਅਖੌਤੀ) ਧਰਮਾਂ ਵਾਲਿਆਂ ਨੂੰ ਇੰਸਾਨ ਬਣਨ ਦਾ ਸੱਦਾ ਦਿੰਦੀ ਹੈ, ਉਨ੍ਹਾਂ ਨੂੰ ਇੰਸਾਨ ਬਣਨ ਦਾ ਢੰਗ ਦਸਦੀ ਹੈ। ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਇੰਸਾਨੀਅਤ ਵਿੱਚ ਵੰਡੀਆਂ ਪਾਉਣਾ (ਜੋ ਸਾਰੇ ਧਰਮ ਸਦੀਆਂ ਤੋਂ ਕਰ ਰਹੇ ਹਨ) ਹੀ ਸਭ ਤੋਂ ਵੱਡਾ ਅਧਰਮ ਹੈ। ਗੁਰਬਾਣੀ ਸੇਧ ਦਿੰਦੀ ਹੈ ਕਿ ਪਰਮਾਤਮਾ ਵਲੋਂ, ਸ੍ਰਿਸ਼ਟੀ ਨੂੰ ਸੁਚਾਰੂ ਰੂਪ ਨਾਲ ਚਲਦਾ ਰੱਖਣ ਲਈ ਬਣਾਏ, ਨਿਯਮ-ਕਾਨੂਨਾਂ ਦੀ ਪਾਲਣਾ ਕਰਨਾ ਹੈ। ਉਹ ਕੰਮ ਕਰਨਾ ਹੈ ਜੋ ਕਿਸੇ ਦੂਸਰੇ ਦੀ ਬੁਰਾਈ ਨੂੰ ਮੁੱਖ ਰਖ ਕੇ ਨਾ ਕੀਤਾ ਜਾਵੇ। ਜਿਸ ਤੋਂ ਅੱਜ ਦਾ ਹੀ ਨਹੀਂ ਹਰ ਵੇਲੇ ਦਾ ਸਮਾਜ, ਕੋਹਾਂ ਦੂਰ ਰਿਹਾ ਹੈ। ਹਮੇਸ਼ਾ ਕੁਦਰਤ ਦੇ ਕਾਨੂਨਾਂ ਵਿੱਚ ਦਖਲ ਅੰਦਾਜ਼ੀ ਕਰ ਕੇ, ਕੁਦਰਤ ਦਾ ਸੰਤੁਲਨ ਵਿਗਾੜਦਾ ਰਿਹਾ ਹੈ, ਜਿਸ ਦਾ ਖਮਿਆਜ਼ਾ ਉਹ ਅੱਜ ਭੁਗਤ ਰਿਹਾ ਹੈ। ਨਾਲ ਹੀ ਹਰ ਕੰਮ ਦੂਸਰਿਆਂ ਦੀ ਭਲਾਈ ਨੂੰ ਮੁੱਖ ਰੱਖ ਕੇ ਨਹੀਂ, ਦੂਸਰਿਆਂ ਦੀ ਬੁਰਾਈ ਨੂੰ ਮੁੱਖ ਰੱਖ ਕ ਕਰਦਾ ਰਿਹਾ ਹੈ, ਅਤੇ ਕਰ ਰਿਹਾ ਹੈ। ਅੱਜ ਤਾਂ ਸਮਾਜ ਏਨਾ ਨਿੱਘਰ ਚੁੱਕਾ ਹੈ ਕਿ ਸ਼ਾਇਦ ਹੀ ਕੋਈ ਬੰਦਾ ਅਜਿਹਾ ਹੋਵੇ ਜੋ ਆਪਣੇ ਦੁੱਖ ਕਾਰਨ ਦੁਖੀ ਹੋਵੇ, ਹਰ ਕੋਈ ਦੂਸਰੇ ਨੂੰ ਸੁਖੀ ਵੇਖ ਕੇ ਦੁਖੀ ਹੋ ਰਿਹਾ ਹੈ।

ਸਾਰੇ ਬੰਦਿਆਂ ਨੂੰ ਇੰਸਾਨ ਬਨਾਉਣ ਲਈ ਗੁਰਬਾਣੀ ਦੀ ਜੋ ਸਿਖਿਆ, ਹਰ ਬੰਦੇ ਤਕ ਪਹੁੰਚਾਉਣ ਦੀ ਲੋੜ ਸੀ, ਅੱਜ ਉਸ ਬਾਰੇ ਸਿੱਖਾਂ ਨੂੰ ਆਪ ਹੀ ਜਾਣਕਾਰੀ ਨਹੀਂ ਹੈ, ੯੯ % ਤੋਂ ਵੱਧ ਸਿੱਖ ਪਰਵਾਰ, ਗੁਰਬਾਣੀ ਵਿੱਚ ਦੱਸੀ ਸੇਧ ਤੋਂ ਉਲਟ ਕਰਮ-ਕਾਂਡ ਕਰ ਰਹੇ ਹਨ। ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਸੇਵਾ ਉਸ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਰੱਖਣਾ, ਸਰਦੀਆਂ ਵਿੱਚ ਉਸ ਨੂੰ ਹੋਰ ਚੰਗੀ ਤਰ੍ਹਾਂ ਨਿੱਘਾ ਰੱਖਣ ਲਈ ਉਸ ਉਪਰ, ਕੰਬਲ-ਰਜਾਈਆਂ ਪਾ ਕ ਹੋਰ ਢਕਣਾ, ਹੀਟਰ ਆਦਿ ਲਾਉਣੇ ਮਿਥਿਆ ਪਿਆ ਹੈ। ਜਿਸ ਨਾਲ ਕਈ ਵਾਰੀ ਅੱਗ ਲੱਗਣ ਨਾਲ, ਸਰੂਪ ਸੜ ਜਾਂਦੇ ਹਨ, ਪਰ ਵਿਡੰਬਣਾ ਇਹ ਹੈ ਕਿ ਕਿਸੇ ਗੈਰ ਸਿੱਖ ਵਲੋਂ, ਕਦੇ ਕੋਈ ਬੀੜ ਸੜ ਜਾਵੇ ਜਾਂ ਸਾੜ ਦਿੱਤੀ ਜਾਵੇ, ਤਾਂ ਸਾਰੇ ਸਿੱਖਾਂ ਵਿੱਚ ਵਬਾਲ ਖੜਾ ਹੋ ਜਾਂਦਾ ਹੈ, ਪਰ ਇਹੀ ਕਰਮ, ਗੁਰਦਵਾਰਿਆਂ ਦੇ ਕਹੇ ਜਾਂਦੇ ਸੁਖਆਸਣ-ਅਸਥਾਨਾਂ ਵਿੱਚ ਅੱਗ ਲੱਗਣ ਨਾਲ ਹੋ ਜਾਵੇ (ਅਜਿਹੀਆਂ ਘਟਨਾਵਾਂ ਨਾਲ ਸਾਲ ਵਿੱਚ ਸੈਂਕੜੇ ਸਰੂਪ ਸੜ ਜਾਂਦੇ ਹਨ) ਤਾਂ ਕਿਸੇ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ, ਸ਼ਾਇਦ ਸਿੱਖਾਂ ਕੋਲ, ਅਜਿਹਾ ਕਰਨ ਦਾ ਅਧਿਕਾਰ ਹੈ?

ਗਰਮੀਆਂ ਵਿੱਚ ਸਰੂਪਾਂ ਨੂੰ ਏ. ਸੀ ਅਤੇ ਕੂਲਰ ਆਦਿ ਲਗਾ ਕੇ ਠੰਡਾ ਕੀਤਾ ਜਾਂਦਾ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ (ਸ਼ਿਵ-ਲਿੰਗ ਵਾਙ) ਗਰਮੀ ਲਗਦੀ ਹੈ ਤਾਂ ਉਸ ਨੂੰ ਇਸ਼ਨਾਨ ਕਿਉਂ ਨਹੀਂ ਕਰਵਾਇਆ ਜਾਂਦਾ? ਯਕੀਨ ਕਰੋ ਇਸ਼ਨਾਨ ਕਰਵਾਉਣ ਨਾਲ ਕੋਈ ਨੁਕਸਾਨ ਨਹੀਂ ਹੋਣ ਵਾਲਾ। ਮੈਂ ਗੁਰਦਵਾਰਿਆਂ ਵਿੱਚ ਬਹੁਤ ਸਾਰੀਆਂ ਸਾਖੀਆਂ ਸੁਣੀਆਂ ਹਨ, ਕਿ ਇਹ ਹੱਥ-ਲਿਖਤ ਬੀੜ ਇੱਕ ਨਦੀ ਜਾਂ ਦਰਿਆ ਵਿੱਚ ਪਈ ਸੀ, ਮਹਾਨ ਸੰਤ ਬ੍ਰਹਮਗਿਆਨੀ ਜੀ, ਜਾਂ ਕਿਸੇ ਬੀਬੀ ਨੂੰ ਸੁਪਨਾ ਆਇਆ ਕਿ ਮੈਂ ਫਲਾਨੇ ਦਰਿਆ ਵਿਚ, ਫਲਾਨੇ ਥਾਂ ਪਿਆ ਹਾਂ, ਮੈਨੂੰ ਕੱਢ ਕੇ ਲੈ ਚਲੋ, ਅਤੇ ਸੰਤ ਜੀ ਨੇ, ਸੰਗਤਾਂ ਦੀ ਮਦਦ ਨਾਲ, ਜਦ ਇਸ ਨੂੰ ਦਰਿਆ ਵਿਚੋਂ ਕੱਢਿਆ ਤਾਂ, ਖਾਲੀ ਇਸ ਦਾ ਉਪਰ ਵਾਲਾ ਰੁਮਾਲਾ ਹੀ ਗਿੱਲਾ ਸੀ, ਬਾਕੀ ਸਾਰੇ ਰੁਮਾਲੇ ਅਤੇ ਬੀੜ ਬਿਲਕੁਲ ਸੁਕੀ ਸੀ। (ਸਾਡੇ ਕੋਲ ਪਿੰਡ ਉਤਮ-ਨਗਰ ਵਿੱਚ ਵੀ ਅਜਿਹੀ ਹੀ ਇੱਕ ਬੀੜ ਹੈ, ਜਿਸ ਦੇ ਹਰ ਐਤਵਾਰ ਨੂੰ ਦਰਸ਼ਨ ਕਰਵਾਏ ਜਾਂਦੇ ਹਨ, ਐਤਵਾਰ ਨੂੰ ਓਥੇ ਮੇਲੇ ਵਰਗਾ ਦ੍ਰਿਸ਼ ਹੁੰਦਾ ਹੈ। ਸ਼ਾਇਦ ਉਗਰਾਹੀ ਨੂੰ ਮੁੱਖ ਰੱਖ ਕ ਹੀ ਅਜਿਹੀਆਂ ਮਨ-ਘੜਤ ਕਹਾਣੀਆਂ ਘੜੀਆਂ ਜਾਂਦੀਆਂ ਹਨ।) ਮੁੜਦੇ ਹਾਂ ਵਿਦਵਾਨਾਂ ਵੱਲ, ਵੀਰੋ ਤੁਸੀਂ ਆਮ ਸਿੱਖਾਂ ਨੂੰ ਸੋਝੀ ਦੇਣੀ ਹੈ, ਇਸ ਲਈ ਪਿਹਲਾਂ ਆਪ ਸੋਝੀ ਹਾਸਲ ਕਰੋ, ਜਿਸ ਬਾਰੇ ਕੁੱਝ ਹੇਠ ਲਿਖੀਆਂ ਗੱਲਾਂ ਦਾ ਖਿਆਲ ਰਖਣਾ ਜ਼ਰੂਰੀ ਹੈ ਗੁਰਬਾਣੀ ਵਿੱਚ ਕੋਈ ਗੱਲ ਆਪਾ-ਵਿਰੋਧੀ ਨਹੀਂ ਹੈ। ਜਿੱਥੇ ਕੋਈ ਗੱਲ ਆਪਾ ਵਿਰੋਧੀ ਜਾਪਦੀ ਹੈ, ਤਾਂ ਸਮਝੋ ਕਿ ਉਸ ਦਾ ਭਾਵਅਰਥ, ਤੁਹਾਡੀ ਸਮਝ ਵਿੱਚ ਨਹੀਂ ਆ ਰਿਹਾ। ਉਸ ਨੂੰ ਫਿਰ ਸਮਝਣ ਦੀ ਕੋਸ਼ਿਸ਼ ਕਰੋ, ਜੇ ਫੇਰ ਵੀ ਸਮਝ ਨਹੀਂ ਆਉਂਦੀ ਤਾ ਉਸ ਨੂੰ ਆਪਣੀ ਅਕਲ ਦੇ ਘੋੜੇ ਦੌੜਾ ਕੇ, ਦੂਸਰਿਆਂ ਨੂੰ ਸਮਝਾਉਣ ਦੀ ਥਾਂ, ਫਿਰ ਕਿਸੇ ਵੇਲੇ ਲਈ ਛੱਡ ਦੇਣਾ ਹੀ ਚੰਗਾ ਹੈ।

ਗੁਰਬਾਣੀ ਵਿੱਚ ਕਿਸੇ ਚਮਤਕਾਰ ਲਈ ਕੋਈ ਥਾਂ ਨਹੀਂ ਹੈ, ਜੇ ਕਿਤੇ ਕੋਈ ਗੱਲ, ਪਰਮਾਤਮਾ ਦੇ ਨਿਯਮ-ਕਾਨੂਨਾਂ ਦੀ ਕਾਟ ਕਰਦੀ ਨਜ਼ਰ ਆਉਂਦੀ ਹੈ ਤਾਂ ਸਮਝ ਲਵੋ ਇਹ ਗਲਤ ਹੈ। ਜੇ ਤੁਸੀਂ ਗੁਰਬਾਣੀ ਦੇ ਆਧਾਰ ਤੇ, ਖਾਣ ਵਾਲੀਆਂ ਚੀਜ਼ਾਂ ਦਾ ਵਿਸਲੇਸ਼ਨ ਕਰਨ ਲੱਗੋ ਗੇ ਤਾਂ, ਉਸ ਵਿੱਚ ਹਮੇਸ਼ਾ ਅਸਫਲ ਰਹੋਗੇ, ਗੁਰਬਾਣੀ ਦਾ ਏਨਾ ਫੁਰਮਾਨ ਹੀ ਕਾਫੀ ਹੈ ਕਿ, ਤੁਸੀਂ ਉਹ ਚੀਜ਼ ਨਹੀਂ ਖਾਣੀ, ਜਿਸ ਦੇ ਖਾਣ ਨਾਲ, ਤੁਹਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ, ਭਾਵੇਂ ਉਹ ਦੁਨੀਆਂ ਦੀ ਕਿੰਨੀ ਵੀ ਵਧੀਆ ਤੋਂ ਵਧੀਆ ਚੀਜ਼ ਹੋਵੇ। ਜਿਸ ਦੇ ਖਾਣ ਨਾਲ ਤੁਹਾਡੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ। ਜੇ ਤੁਸੀਂ ਦੁਨਿਆਵੀ ਚੀਜ਼ਾਂ ਦੇ ਆਧਾਰ ਤੇ ਆਤਮਕ ਚੀਜ਼ਾਂ ਦਾ ਵਿਸਲੇਸ਼ਨ ਕਰਨ ਲੱਗੋਗੇ ਤਾਂ ਵੀ ਔਝੜੇ ਹੀ ਪਵੋਗੇ, ਇਹ ਦੋਵੇਂ ਚੀਜ਼ਾਂ ਅਲੱਗ-ਅਲੱਗ ਹਨ ਦੋਵਾਂ ਨੂੰ ਸਮਝਣ ਦੇ ਸਾਧਨ ਵੀ ਅਲੱਗ-ਅਲੱਗ ਹਨ। ਨਾ ਸਰੀਰ ਦੀ ਸਫਾਈ ਨਾਲ ਮਨ ਦੀ ਸਫਾਈ ਹੋਣੀ ਹੈ, ਤੇ ਨਾ ਹੀ ਮਨ ਦੀ ਸਫਾਈ ਨਾਲ ਸਰੀਰ ਦੀ ਸਫਾਈ ਹੋ ਸਕਦੀ ਹੈ। ਇਸ ਲਈ ਥੋੜਾ ਸੁਚੇਤ ਹੋ ਕੇ ਲਿਖੋ, ਖਾਲੀ ਆਪਣੇ ਸ਼ੌਕ ਲਈ ਹੀ ਨਾ ਲਿਖੋ, ਨਾ ਹੀ ਹਿੰਝਰਾਂ ਭਿੜਨ ਲਈ ਲਿਖੋ, ਇਸ ਨਾਲ ਪੰਥ ਦਾ ਕੁੱਝ ਵੀ ਭਲਾ ਨਹੀਂ ਹੋਣ ਵਾਲਾ। ਪੰਥ ਦੇ ਭਲੇ ਵਿੱਚ ਹੀ ਸਾਡੇ ਸਾਰਿਆਂ ਦਾ ਭਲਾ ਹੈ।

ਅਮਰ ਜੀਤ ਸਿੰਘ ਚੰਦੀ

ਫੋਨ:- ੯੧ ੯੫੬੮੫ ੪੧੪੧੪


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top