Share on Facebook

Main News Page

ਰਹਿਤ ਮਰਿਯਾਦਾ ਅਤੇ ਉਸ ਦੀ ਧਾਰਨਾ
(Rehat Maryada and Its Concept)

ਸਿੱਖ ਰਹਿਤ ਮਰਿਯਾਦਾ ਵੀਹਵੀਂ ਸਦੀ ਦੇ ਸਿੱਖ ਇਤਹਾਸ ਦੀ ਇਕ ਵੱਡਮੁੱਲੀ ਉਪਲੱਬਦੀ ਸੀ। ਕੋਈ ਸੱਜਣ, ਜੋ ਕਿ ਰਹਿਤ ਮਰਿਯਾਦਾ ਦੇ ਮੌਜੂਦਾ ਸਵਰੂਪ ਨਾਲ ਸਹਿਮਤ ਨਹੀਂ, ਇਸ ਨਾਲੋਂ ਅਸਹਿਮਤ ਹੋ ਸਕਦੇ ਹਨ। ਇਹ ਸੁਭਾਵਿਕ ਗੱਲ ਹੈ ਕਿਉਂਕਿ ਸੰਪੂਰਣਤਾ ਅਤੇ ਪੁਰਣ ਸਹਿਮਤੀ ਦੀ ਅਵਸਥਾ ਇਕ ਅਸੰਭਵ ਜਿਹੀ ਗੱਲ ਹੁੰਦੀ ਹੈ। ਇਸ ਰਹਿਤ ਮਰਿਯਾਦਾ ਦੇ ਬਣਨ ਵੇਲੇ ਅਤੇ ਇਸ ਦੇ ਪਰਵਾਣ ਹੋਣ ਉਪਰੰਤ ਇਸ ਨਾਲ ਅਸਹਿਮਤੀ ਮੌਜੂਦ ਰਹੀ ਹੈ ਜਿਸ ਦੇ ਚਲਦੇ ਕੁੱਝ ਪੱਖ ਆਪਣੀ-ਆਪਣੀ ਤਰਜ਼ ਤੇ ਆਪਣੀ-ਆਪਣੀ ਮਰਿਯਾਦਾ ਘੜ ਕੇ ਵੀ ਤੁਰਦੇ ਰਹੇ। ਪਰ ਉਨ੍ਹਾਂ ਦੇ ਉਹ ਗ਼ੈਰ ਵਾਜਬ ਉਪਰਾਲੇ ਕਦੇ ਵੀ ਦੇਸ਼-ਵਿਦੇਸ਼ ਵਿਚ ਬਣੇ ਅਹਿਮ ਮੋਕਿਆਂ ਤੇ ਪਰਵਾਣਤ ਅਧਾਰ ( Reference) ਨਹੀਂ ਬਣ ਸਕੇ। ਫ਼ਿਰ ਵੀ ਇਹ ਸੁਭਾਵਿਕ ਗੱਲ ਹੈ ਅਤੇ ਦੂਹਰਾ ਦੇਵਾਂ ਕਿ ਸੰਪੂਰਣਤਾ ਅਤੇ ਪੁਰਣ ਸਹਿਮਤੀ ਦੀ ਅਵਸਥਾ ਇਕ ਅਸੰਭਵ ਜਿਹੀ ਗੱਲ ਹੁੰਦੀ ਹੈ। ਸਪਸ਼ਟ ਕਰ ਦੇਵਾਂ ਕਿ ਇਸ ਲੇਖ ਦਾ ਵਿਸ਼ਾ ਰਹਿਤ ਮਰਿਯਾਦਾ ਦੀ ਕਿਸੇ ਮੱਧ ਦੇ ਗੁਣ-ਦੋਸ਼ ਦੀ ਚਰਚਾ ਕਰਨਾ ਨਹੀਂ। ਮੌਜੂਦਾ ਦੌਰ ਵਿੱਚ ਇਸ ਸੁਭਾਵਿਕ ਅਸਹਿਮਤੀ ਦੇ ਦੋ ਮੁੱਖ ਧਿਰ ਹਨ:

(1) ਗ਼ੈਰ ਸਿਧਾਂਤਕ ਧਿਰ
(2) ਸਿਧਾਂਤਕ ਧਿਰ

ਗ਼ੈਰ ਸਿਧਾਂਤਕ ਧਿਰ: ਇਸ ਧਿਰ ਵਿਚ ਉਹ ਪੱਖ ਹਨ ਜਿਨ੍ਹਾਂ ਪੰਥ ਪਰਵਾਣਿਤ ਰਹਿਤ ਮਰਿਯਾਦਾ ਦੇ ਉਲਟ ਗ਼ੈਰ- ਸਿਧਾਂਤਕ ਮਰਿਯਾਦਾ ਘੜ ਕੇ ਉਸਦਾ ਪਾਲਨ ਕੀਤਾ।
ਸਿਧਾਂਤਕ ਧਿਰ: ਇਸ ਵਿਚ ਉਹ ਪੱਖ ਹਨ ਜਿਹੜੇ ਗੁਰਮਤਿ ਪ੍ਰਤੀ ਸੁਹਿਰਦਤਾ ਰੱਖਦੇ ਸਿੱਖ ਰਹਿਤ ਮਰਿਯਾਦਾ ਵਿੱਚ ਮੌਜੂਦ ਸੁਧਾਰ ਯੌਗ ਨੁੱਕਤਿਆਂ ਨਾਲੋਂ ਅਸਹਿਮਤੀ ਰੱਖਦੇ ਹਨ। ਸੁਧਾਰਵਾਦੀ ਭਾਵਨਾਵਾਂ ਵੀ ਵੱਡਮੁਲੀਆਂ ਹੁੰਦੀਆਂ ਹਨ ਜੇਕਰ ਸੁਚਾਰੂ ਢੰਗ ਨਾਲ ਉਨ੍ਹਾਂ ਦੀ ਕੀਮਤ ਦੀ ਭਾਲ ਕੀਤੀ ਜਾਵੇ ਤਾਂ ਕਿ ਉਹ ਹਮੇਸ਼ਾ ਜਿੰਦਾ ਰਹਿ ਸਕਣ। ਇਹ ਮੱਤਵਪੁਰਣ ਗੱਲ ਹੈ।

ਇਸ ਵਿਸ਼ੇ ਤੇ ਹੋਰ ਅੱਗੇ ਤੁਰਨ ਤੋਂ ਪਹਿਲਾਂ ਮੌਜੂਦਾ ਰਹਿਤ ਮਰਿਯਾਦਾ ਦੇ ਸਬੰਧ ਵਿਚ ਥੋੜੀ ਜਿਹੀ ਚਰਚਾ ਰਾਹੀਂ ਕੁੱਝ ਨੁੱਕਤਿਆਂ ਤੇ ਵਿਚਾਰ ਕਰ ਲਈਏ।

ਸਿੱਖ ਮਰਿਯਾਦਾ ਬਾਰੇ ਵਿਚਾਰ ਕਰਨ ਵੇਲੇ ਰਹਿਤ ਮਰਿਯਾਦਾ ਅਤੇ ਸਿੱਖ ਦਰਸ਼ਨ (Philosophy) ਵਿੱਚਲੇ ਸਬੰਧ ਅਤੇ ਅੰਤਰ ਨੂੰ ਜ਼ਹਿਨ ਵਿਚ ਰੱਖਣਾ ਜ਼ਰੂਰੀ ਹੈ। ਰਹਿਤ ਮਰਿਯਾਦਾ ਦਾ ਆਧਾਰ ਦਰਸ਼ਨ ਹੋਣਾ ਚਾਹੀਦਾ ਹੈ ਤਾਕਿ ਦੋਹਾਂ ਦਰਮਿਯਾਨ ਮੁਮਕਿਨ ਹਦ ਤਕ ਤਾਲਮੇਲ ਸਥਾਪਤ ਕੀਤਾ ਜਾ ਸਕੇ। ਪਰ ਨਾਲ ਹੀ ਇਹ ਗੱਲ ਵੀ ਧਿਆਨ ਵਿੱਚ ਰਹਣੀ ਚਾਹੀਦੀ ਹੈ ਕਿ ਰਰਿਤ ਮਰਿਯਾਦਾ ਕਦੇ ਵੀ ਆਪ ਸਿੱਖ ਦਰਸ਼ਨ ਨਹੀਂ ਬਣ ਸਕਦੀ। ਦੋਹਾਂ ਵਿੱਚ ਅੰਤਰ ਰਹਿੰਦਾ ਹੈ। ਰਹਿਤ ਮਰਿਯਾਦਾ ਦੀਆਂ ਕਈ ਮਦਾਂ ਸਿਧਾਂਤਕ ਰੂਪ ਵਿੱਚ ਦਰਸ਼ਨ ਦਾ ਅੰਗ ਬਣ ਹੀ ਨਹੀਂ ਸਕਦੀਆਂ। ਇਸ ਲਈ ਉਨ੍ਹਾਂ ਮਦਾਂ ਦਾ ਸਬੰਧ ਕੇਵਲ ਵਿਸ਼ੇਸ ਚਰਿਆ ਤਕ ਹੀ ਮੁਹਦੂਦ ਰਹਿੰਦਾ ਹੈ। ਮਸਲਨ ਗੁਰੂਦੂਆਰੇ ਵਿੱਚ ਵਰਤਣ ਵਾਲਾ ਕੜਾਹ ਪ੍ਰਸਾਦਿ ਕਦੇ ਵੀ ਉਹ ਸਿਧਾਂਤਕ ਪ੍ਰਸਾਦਿ ਨਹੀਂ ਬਣ ਸਕਦਾ ਜਿਸਦੀ ਗੱਲ ਮੂਲ ਮੰਤਰ ਵਿੱਚ ਗੁਰੂ ਨਾਨਕ ਜੀ ਨੇ ਕੀਤੀ ਹੈ ਜਾਂ ਜਿਸ ਦੀ ਗੱਲ ਕਈ ਥਾਂ ਗੁਰਬਾਣੀ ਵਿੱਚ ਹੋਈ ਹੈ। ਐਸੀਆਂ ਗੱਲਾਂ ਹੋਰ ਵੀ ਹਨ। ਇਸ ਲਈ ਰਹਿਤ ਮਰਿਯਾਦਾ ਦੇ ਹਰ ਨੁੱਕਤੇ ਤੇ ਸਿਧਾਂਤਕ ਕਸਰਤ ਦਾ ਸਿੱਟਾ ਰਲਗੱਡ ਅਤੇ ਘਡਮੱਸ ਤੋਂ ਜ਼ਿਆਦਾ ਕੁੱਝ ਵੀ ਨਹੀਂ ਨਿਕਲਦਾ। ਇਸ ਕਰ ਕੇ ਦਰਸ਼ਨ ਅਤੇ ਰਹਿਤ ਮਰਿਯਾਦਾ ਦੇ ਸਬੰਧ ਅਤੇ ਅੰਤਰ ਦੋਹਾਂ ਨੂੰ ਵਿਚਾਰ ਕੇ ਤੁਰਨ ਦੀ ਲੋੜ ਹੈ। ਇਹ ਦੋਵੇਂ ਗੱਲਾਂ ਜੂੜੀਆਂ ਜ਼ਰੂਰ ਹਨ ਪਰ ਇਹ ਕਦੇ ਇੱਕ ਨਹੀਂ ਹੂੰਦੀਆਂ। ਇਹ ਡੂੰਗੀ ਗੱਲ ਹੈ। ਇਹ ਹੈ ਪਹਿਲਾ ਨੁਕਤਾ।

ਇਸ ਨੂੰ ਇੱਕ ਮਿਸਾਲ ਤੋਂ ਹੋਰ ਸਮਝ ਲਈਏ:

ਕੁੱਝ ਸਿਧਾਂਤਕ ਧਿਰ ਅਕਸਰ ਇੱਕ ਜੂਮਲੇ ਦਾ ਪ੍ਰਯੋਗ ਕਰਦੇ ਹਨ: ਸਿੱਖ ਦੇ ਭੇਖ ਵਿਚ ਬ੍ਰਾਹਮਣ ਐਸਾ ਕਹਿਣ ਵੇਲੇ ਸਿਧਾਂਤਕ ਕਸਵਟੀ ਨੂੰ ਆਧਾਰ ਬਣਾਇਆ ਜਾਂਦਾ ਹੈ। ਹੁਣ ਦਿੱਲੀ ਦੇ ਦੰਗਿਆਂ ਵਿੱਚ ਲਗਭਗ ਪੰਜ ਹਜ਼ਾਰ ਸਿੱਖਾਂ ਦੇ ਮਰਣ ਦੀ ਗੱਲ ਕੀਤੀ ਜਾਂਦੀ ਹੈ ਜੋ ਕਿ ਆਪਣੀ ਵੇਸ਼-ਭੂਸ਼ਾ ਦੀ ਰਹਿਤ ਕਾਰਣ ਨਿਸ਼ਾਨਾ ਬਣੇ ਸੀ। ਕੀ ਕੋਈ ਜਾਗਰੂਕ ਧਿਰ ਸਿਧਾਂਤਕ ਕਸਵਟੀ ਲਗਾ ਕੇ ਇਹ ਕਹਿਣ ਨੂੰ ਤਿਆਰ ਹੈ ਕਿ ਉਨ੍ਹਾਂ ਪੰਜ ਹਜ਼ਾਰ ਬੰਦਿਆਂ ਵਿੱਚ ਮਰਨ ਵਾਲੇ 99% ਬੰਦੇ ਤਾਂ ਸਿੱਖ ਨਹੀਂ ਬਲਕਿ ਬ੍ਰਾਹਮਣ ਸਨ? ਫ਼ਿਰ ਕੀ ਸਾਨੂੰ ਸਿਧਾਂਤਕ ਕਸਵਟੀ ਅਨੁਸਾਰ, ਇਤਹਾਸਕ ਤੌਰ ਤੇ, ਦਿੱਲੀ ਦੇ ਦੰਗਿਆਂ ਵਿੱਚ ਮਰਣ ਵਾਲੇ ਸਿੱਖਾਂ ਦੀ ਗਿਣਤੀ ਪੰਜ ਹਜ਼ਾਰ ਦੇ ਬਦਲੇ ਕੇਵਲ 50 ਜਾਂ ਫ਼ਿਰ ਸ਼ਾਯਦ ਪੰਜ ਹੀ ਦਰਜ਼ ਕਰਨੀ ਚਾਹੀਦੀ ਹੈ? ਆਪਣੀ ਰਹਿਤ (ਸਿੱਖ ਸਵਰੂਪ) ਕਾਰਣ ਉਹ ਨਿਰਦੋਸ਼ ਲੋਗ, ਕਾਤਿਲਾਂ ਲਈ ਜਿਉਂਣ ਦੇ ਕਾਬਿਲ ਨਹੀਂ ਸੀ ਅਤੇ ਸਿਧਾਂਤਕ ਕਸਵਟੀ ਅਨੁਸਾਰ ਉਹ ਸਿੱਖ ਹੀ ਨਹੀਂ ਸੀ ਤਾਂ ਫ਼ਿਰ ਉਹ ਹੈ ਕੌਣ ਸੀ? ਇਥੇ ਹੀ ਜਾਗਰੂਕ ਧਿਰਾਂ ਨੂੰ ਰਹਿਤ ਮਰਿਯਾਦਾ ਅਤੇ ਸਿਧਾਂਤਕ ਨੁੱਕਤਿਆਂ ਵਿੱਚਲੇ ਸਬੰਧ ਅਤੇ ਅੰਤਰ ਨੂੰ ਸਮਝਣਾ ਪਵੇਗਾ। ਹੁਣ ਦੂਜੇ ਨੁੱਕਤੇ ਵੱਲ ਤੁਰੀਏ।

ਮੌਜੂਦਾ ਸਿੱਖ ਰਹਿਤ ਮਰਿਯਾਦਾ ਦੀ ਪਰਵਾਨਗੀ ਦੇ ਲਗਬਗ 100 ਸਾਲਾ ਪੁਰਾਣੇ ਉਪਰਾਲੇ ਦੇ ਪਿੱਛੇ, ਵਰਤਮਾਨ ਪੀੜੀ ਦੇ ਕਿਸੇ ਵਿਦਵਾਨ ਦਾ ਕੋਈ ਰੋਲ ਨਹੀਂ ਹੈ ਅਤੇ ਇਸ ਬਾਰੇ ਕਿਸੇ ਵੀ ਅਸਹਿਮਤੀ ਦਾ ਗਿਲਾ ਮੌਜੂਦਾ ਪੀੜੀ ਦੇ ਕਿਸੇ ਵੀ ਵਿਦਵਾਨ ਜਾਂ ਸੰਸਥਾ ਨਾਲ ਕਰਨਾ ਵਾਜਬ ਨਹੀਂ ਬਣਦਾ। ਹਾਂ, ਕੋਈ ਕੇਵਲ ਉਨ੍ਹਾਂ ਪਾਸ ਇਸ ਨੂੰ ਲਾਗੂ ਨਾ ਕਰਨ ਦੀ ਕੋਤਾਹੀ ਦਾ ਗਿਲਾ ਹੀ ਕਰ ਸਕਦਾ ਹੈ। ਇਹ ਰਹਿਤ ਮਰਿਯਾਦਾ ਸਨ 1900 ਦੇ ਅਰੰਭਕ ਦਹਾਕਿਆਂ ਦੀ ਸਿੱਖ ਪੀੜੀ ਦੇ ਕੌਮੀ ਸੰਘਰਸ਼ ਦਾ ਇੱਕ ਅਹਿਮ ਹਿੱਸਾ ਸੀ। ਕਮੀ-ਪੇਸ਼ੀ ਦੀ ਗੱਲ ਵੱਖਰੀ ਹੈ ਪਰ ਕੀ ਕੋਈ ਇਸ ਸੰਘਰਸ਼ ਦੀ ਅਹਿਮੀਯਤ ਤੋਂ ਅਸਹਿਮਤ ਹੋ ਸਕਦਾ ਹੈ? ਨਿਰਸੰਦੇਹ ਨਹੀਂ! ਜੇਕਰ ਉਹ ਸੰਘਰਸ਼ ਅਹਿਮ ਸੀ ਤਾਂ ਵਿਚਾਰ ਦੀ ਲੋੜ ਹੈ ਕਿ ਉਹ ਅਹਿਮ ਕਿਂਉ ਸੀ? ਇਹ ਨਿਰਸ਼ਾਜਨਕ ਗੱਲ ਹੈ ਕਿ ਨੁੱਕਤਾਚੀਨੀ ਦੇ ਇਸ ਦੌਰ ਵਿੱਚ ਇਸ ਸਵਾਲ ਤੇ ਵਿਚਾਰ ਨਹੀਂ ਹੋ ਰਿਹਾ ਅਤੇ ਉਸ ਸੰਘਰਸ਼ ਦੀ ਅਹਿਮੀਯਤ ਨੂੰ ਸਵੀਕਾਰ ਕਰਣ ਦੀ ਗੱਲ ਬਹੂਤ ਘਟ ਹੋ ਰਹੀ ਹੈ। ਇਹ ਹੈ ਦੂਜਾ ਨੁੱਕਤਾ।

ਤੀਸਰਾ ਨੁੱਕਤਾ।ਸਿੱਖ ਰਹਿਤ ਮਰਿਯਾਦਾ ਤੇ ਵਿਚਾਰ ਤੋਂ ਪਹਿਲਾਂ ਉੱਪਰ ਦਿੱਤੇ ਹੋਏ ਪਹਿਲੇ ਨੁੱਕਤੇ ਦੀ ਰੋਸ਼ਨੀ ਵਿੱਚ ਇਸਦੇ ਸਮੁੱਚੇ ਸੰਧਰਭ ਨੂੰ ਵਿਚਾਰਣ ਦੀ ਲੋੜ ਹੈ ਜਿਸ ਨੂੰ ਵਿਚਾਰੇ ਬਿਨਾਂ ਕੋਈ ਵੀ ਸਿਧਾਂਤਕ ਗੱਲ ਵਾਜਬ ਢੰਗ ਨਾਲ ਨਾ ਤਾਂ ਵਿਚਾਰੀ ਜਾ ਸਕਦੀ ਹੈ ਅਤੇ ਨਾ ਹੀ ਪੇਸ਼ ਕੀਤੀ ਜਾ ਸਕਦੀ ਹੈ। ਸਿੱਖ ਰਹਿਤ ਮਰਿਯਾਦਾ ਦਿਆਂ ਮਦਾਂ ਬਾਰੇ ਟਿੱਪਣੀ ਕਰਨ ਵੇਲੇ ਸਿੱਖ ਰਹਿਤ ਮਰਿਯਾਦਾ ਦੀ ਧਾਰਨਾ (Concept of Sikh Code of Conduct) ਦੇ ਸਿਧਾਂਤ ਨੂੰ ਸਮਝਣਾ ਜ਼ਰੂਰੀ ਹੈ। ਆਉ ਇਸ ਨੂੰ ਥੋੜਾ ਸਮਝ ਲਈਏ।

ਸਿੱਖ ਰਹਿਤ ਮਰਿਯਾਦਾ ਦੇ ਦੋ ਮੁੱਖ ਪੱਖ ਹਨ।
ਪਹਿਲਾ ਪੱਖ: ਸਿੱਖ ਰਹਿਤ ਮਰਿਯਾਦਾ ਦੀ ਧਾਰਨਾ। ਦੂਜਾ ਪੱਖ: ਸਿੱਖ ਜੀਵਨ ਆਚਰਣ।

ਪਹਿਲਾ ਪੱਖ ਉਹ ਦਾਈਰਾ ਹੈ ਜਿਸ ਦੇ ਅੰਦਰ ਦੂਜਾ ਪੱਖ, ਅਰਥਾਰਥ, ਸਿੱਖ ਜੀਵਨ ਆਚਰਣ ਦਾ ਵਿਸ਼ਾ ਲਿਖਿਆ ਗਿਆ ਹੈ। ਇਸ ਦਾਈਰੇ ਦਾ ਮਕਸਦ ਉਸ ਭਾਈਚਾਰੇ ਦੇ ਧਾਰਮਿਕ ਵਿਵਹਾਰ ਨੂੰ ਤਮਾਮ ਅਸਹਿਮਤੀਆਂ ਦੇ ਬਾਵਜੂਦ, ਮੌਟੇ ਤੋਰ ਤੇ, ਇੱਕ ਇੱਕਠ ਦੇ ਰੂਪ ਵਿੱਚ ਬੰਨਣਾ ਹੈ, ਜਿਹੜਾ ਕਿ ਸਿੱਖੀ ਦੇ ਦਰਸ਼ਨ ਤੇ ਤੁਰਨ ਲਈ ਯਥਾ ਬੁੱਧੀ ਜਤਨਸ਼ੀਲ ਹੈ। ਇਸ ਦਾਈਰੇ ਦੇ ਅੰਦਰ ਲਿਖੀਆਂ ਮਦਾਂ ਨਾਲ ਅਸਹਿਮਤ ਕੋਈ ਵੀ ਤਰਕਸ਼ੀਲ ਸੱਜਣ, ਸਿੱਖ ਰਹਿਤ ਮਰਿਯਾਦਾ ਦੀ ਧਾਰਨਾ ਦਾ ਵਿਰੋਧ ਤਾਂ ਕਦੇ ਵੀ ਨਹੀਂ ਕਰ ਸਕਦਾ। ਇਹ ਧਾਰਨਾ ਆਪਣੇ ਆਪ ਵਿਚ ਨਿਰੋਲ ਹੈ ਜਿਸ ਵਿਚ ਕੋਈ ਮਿਲਗੋਭਾ ਨਹੀਂ। ਇਹ ਸਿੱਖੀ ਦੇ ਦਰਸ਼ਨ ਦੀ ਰਾਹ ਤੇ ਤੁਰਨ ਦੇ ਜਤਨ ਕਰਨ ਵਾਲੀਆਂ ਦੇ ਸੰਸਾਰਕ ਅਤੇ ਨਿਜੀ ਵਿਵਹਾਰ ਵਿਚਕਾਰ ਸੰਭਵ ਹਦ ਤਕ ਇੱਕਜੁਟਤਾ ਦੀ ਪ੍ਰਾਪਤੀ ਦੀ ਧਾਰਨਾ ਹੈ ਜੋ ਕਿ ਬੇ-ਕਸੂਰ ਹੈ। ਕੀ ਰਹਿਤ ਮਰਿਯਾਦਾ ਦੇ ਇਸ ਪਹਿਲੇ ਪੱਖ ਦੇ ਮੱਹਤਵ ਪ੍ਰਤੀ ਸਾਰੇ ਸਿਧਾਂਤਕ ਪੱਖੀ ਸੁਚੇਤ ਹਨ? ਜੇਕਰ ਉਹ ਸੁਚੇਤ ਹਨ ਤਾਂ ਉਹ ਸਿਧਾਂਤਕ ਵਿਚਾਰ ਪੇਸ਼ ਕਰਦੇ ਇਸ ਪ੍ਰਤੀ ਕਿੰਨੇ ਕੁ ਜਿੰਮੇਦਾਰ ਹਨ? ਇਨ੍ਹਾਂ ਸਵਾਲਾਂ ਤੇ ਆਤਮ ਚਿੰਤਨ ਦੀ ਲੋੜ ਹੈ। ਜੇਕਰ ਰਹਿਤ ਮਰਿਯਾਦਾ ਦੀਆਂ ਮਦਾਂ ਵਿੱਚ ਕਿਸੇ ਵਾਜਬ ਸੁਧਾਰ ਦੀ ਗੱਲ ਦਾ ਤਰੀਕਾ ਰਹਿਤ ਮਰਿਯਾਦਾ ਦੀ ਧਾਰਨਾ ਦੇ ਦਾਈਰੇ ਨੂੰ ਹੀ ਸੱਟ ਮਾਰਦਾ ਹੈ ਤਾਂ ਇਹ ਠੀਕ ਨਹੀਂ। ਇਸ ਵਿਚ ਫ਼ੌਰਨ ਸਵੈ ਸੁਧਾਰ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਸੁਧਾਈ ਹੋਈ ਰਹਿਤ ਮਰਿਯਾਦਾ ਦਾ ਸਤਿਕਾਰ ਤਾਂ ਬੱਚਿਆ ਰਹੇ।

ਰਹਿਤ ਮਰਿਯਾਦਾ ਦੀ ਧਾਰਨਾ ਦਾ ਇਹ ਦਾਈਰਾ (Concept) ਹੀ 1900 ਦੇ ਆਰੰਬਕ ਦਹਾਕਿਆਂ ਦੇ ਸਿੱਖ ਸੰਘਰਸ਼ ਦੀ ਅਤਿਯੰਤ ਮਹੱਤਵਪੁਰਣ ਉਪਲੱਭਦੀ ਸੀ ਜਿਸਨੂੰ ਬਚਾ ਕੇ ਰੱਖਣਾ ਬੇਹਦ ਜ਼ਰੂਰੀ ਹੈ। ਇਸ ਦਾਈਰੇ ਦੇ ਅੰਦਰ ਕਿਸੇ ਸੰਭਾਵਤ ਤਰਮੀਮ ਦੀ ਗੱਲ ਹੋ ਸਕਦੀ ਹੈ, ਪਰ ਇਸ ਦਾਈਰੇ ਨੂੰ ਹੀ ਨੁਕਸਾਨ ਘਾਤਕ ਹੋ ਸਕਦਾ ਹੈ ਕਿਉਂਕਿ ਜੋ ਕਰ ਦਾਈਰਾ ਹੀ ਨਾ ਬਚੇ ਤਾਂ ਇਸ ਦੇ ਅੰਦਰ ਕਿਸੇ ਵੀ ਵਿਸ਼ੇ ਦੀ ਸੰਭਾਲ ਸੰਭਵ ਨਹੀਂ। ਸਭ ਕੁੱਝ ਬਿਖਰ ਸਕਦਾ ਹੈ। ਹੋ ਸਕਦਾ ਹੈ ਕਿ ਕੋਈ ਇਸ ਦਾਈਰੇ ਨੂੰ ਬਦਲਣ ਦੀ ਗੱਲ ਨਾ ਵੀ ਕਰਦਾ ਹੋਏ, ਪਰ ਵਿਚਾਰਣ ਵਾਲੀ ਗੱਲ ਇਹ ਹੈ ਕਿ ਇਸ ਵਿਚ ਲਿਖੇ ਸਿੱਖ ਜੀਵਨ ਆਚਰਣ ਨੂੰ ਬੇ-ਤਰਤੀਬ ਬਦਲਣ ਦਾ ਜਤਨ ਇਸ ਦਾਈਰੇ ਦੀ ਧਾਰਨਾ (Concept of Sikh Code of Conduct) ਨੂੰ ਹੀ ਛਿੰਨ-ਭਿੰਨ ਕਰ ਸਕਦਾ ਹੈ ਕਿਉਂਕਿ ਹਰ ਦੌਰ ਵਿਚ ਸਿਧਾਂਤਕ ਪੱਖ ਦੇ ਨਾਲ-ਨਾਲ ਤਾਕਤਵਰ ਗ਼ੈਰ ਸਿਧਾਂਤਕ ਪੱਖ ਵੀ ਮੌਜੂਦ ਰਹਿੰਦਾ ਹੈ ਜਿਸਦੇ ਬੇ-ਤਰਤੀਬ ਹੋਣ ਦੀ ਸੂਰਤ ਵਿੱਚ ਸਿੱਟੇ ਅਤਿਅੰਤ ਗੰਭੀਰ ਹੋ ਸਕਦੇ ਹਨ। ਤਰਤੀਬ ਵਿੱਚ ਰਹਿਣਾ ਮਜ਼ਬੂਤੀ ਹੈ ਬੇ-ਤਰਤੀਬ ਹੋ ਜਾਣਾ ਤਾਂ ਤਾਕਤ ਅਤੇ ਤਰਕ ਨੂੰ ਗੁਆ ਦੇਣਾ ਹੈ। ਫ਼ਿਰ ਬੇ-ਤਰਤੀਬੇ (Un disciplined) ਤੁਰਨ ਵਾਲੇ ਕਿਸੇ ਹੋਰ ਬੇ-ਤਰਤੀਬੇ ਵਲੋਂ ਤਰਤੀਬ (ਧਸਿਚਪਿਲਨਿੲ) ਦੀ ਆਸ ਕਿਵੇਂ ਅਤੇ ਕਿਸ ਹੱਕ ਨਾਲ ਕਰ ਸਕਦੇ ਹਨ?

ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੇ ਸੰਵੀਧਾਨ ਵਿਚ 100 ਦੇ ਲਗਭਗ ਤਰਮੀਮਾਂ (Amendments) ਹੋਈਆਂ ਹਨ ਪਰ ਉਹ ਕੇਵਲ ਸੰਵੀਧਾਨ ਦੇ ਦਾਈਰੇ ਵਿਚ ਰਹਿੰਦੇ ਬਾ-ਤਰਤੀਬ ਹੀ ਕੀਤੀਆਂ ਗਈਆਂ ਹਨ। ਧਾਰਾ 370 ਅਤੇ ਯੂਨੀਫ਼ਾਰਮ ਸਿਵਲ ਕੋਡ ਵਰਗੀਆਂ ਹੋਰ ਤਰਮੀਮਾਂ ਦੀ ਮੰਗ ਵੀ ਉੱਠਦੀ ਰਹੀ ਹੈ। ਪਰ ਐਸਾ ਕਦੇ ਵੀ ਨਹੀਂ ਹੋਈਆ ਕਿ ਕਿਸੇ ਨੇ ਘਰ ਬੈਠ ਕੇ ਕਿਸੇ ਤਰਕ ਦੇ ਆਧਾਰ ਤੇ ਸੰਵੀਧਾਨ ਵਿਚ ਤਰਮੀਮ ਕਰ ਦਿੱਤੀ ਹੋਵੇ। ਵੱਖਰੀ-ਵੱਖਰੀ ਸਿਧਾਂਤਕ ਸਮਝ ਦੀ ਸੁਰਤ ਵਿਚ ਕੇਵਲ ਇੱਕ ਕੇਂਦ੍ਰਿਤ ਰਹਿਤ ਮਰਿਯਾਦਾ ਦੀ ਧਾਰਨਾ ਹੀ ਸਵੀਕਾਰ ਕੀਤੀ ਜਾਂ ਸਕਦੀ ਹੈ। ਸਾਡੀ ਪਿੱਛਲੀ ਪੀੜੀ ਦੇ ਜਿਨ੍ਹਾਂ ਵਿਦਵਾਨਾਂ ਨੇ ਇਸ ਧਾਰਨਾ ਨੂੰ ਸਿਰਜਿਆ ਉਹ ਇਸ ਪੱਖੋਂ ਸੂਝਵਾਨ ਸਨ। ਰਹਿਤ ਮਰਿਯਾਦਾ ਦੀ ਧਾਰਨਾ ਦੇ ਦਾਈਰੇ ਵਿੱਚ ਰਹਿ ਕੇ ਲੋੜੀਂਦੇ ਬਦਲਾਵ ਦਾ ਵਿਚਾਰ ਕਰਨਾ ਠੀਕ ਹੋ ਸਕਦਾ ਹੈ ਪਰ ਇਸ ਦਾਈਰੇ ਨੂੰ ਹੀ ਤੋੜ ਕੇ ਗੱਲ ਕਰਨਾ ਦੂਰਦਰਸ਼ੀਤਾ ਨਹੀਂ।

ਇਸ ਵਿਸ਼ੇਸ ਸੰਧਰਭ ਵਿਚ ਜੇਕਰ ਸਿਧਾਂਤਕ ਧਿਰ ਬੇ-ਤਰਤੀਬ ਹੋਣ ਦਾ ਰਾਹ ਅਪਣਾ ਲੈਣ ਤਾਂ ਗ਼ੈਰ-ਸਿਧਾਂਤਕ ਬੰਦੀਆਂ ਦੀ ਬੇ-ਤਰਤੀਬੀ ਦਾ ਤਰਕ ਵੀ ਵਾਜਬ ਹੋਵੇਗਾ। ਕਿਉਂਕਿ ਸਿਧਾਂਤਕ ਸਮਝ ਵਿੱਚ ਵਖਰੇਵੇਂ ਤਾਂ ਹਮੇਸ਼ਾ ਹੁੰਦੇ ਹੀ ਹਨ, ਇਸ ਲਈ ਇਸੇ ਕਾਰਨ ਹੀ, ਜ਼ਿਆਦਾ ਤੋਂ ਜ਼ਿਆਦਾ ਇੱਕਜੁੱਟਤਾ ਦੀ ਪ੍ਰਾਪਤੀ ਲਈ ਇੱਕ ਰਹਿਤ ਮਰਿਯਾਦਾ ਵਰਗੀ ਧਾਰਨਾ ਦੀ ਜ਼ਰੂਰਤ ਹੁੰਦੀ ਹੈ। ਅਸੀਂ ਦੇਖ ਸਕਦੇ ਹਾਂ ਕਿ ਜਾਗਰੂਕ ਹੋਣ ਦਾ ਦਾਵਾ ਕਰਣ ਵਾਲੀਆਂ ਕਈ ਧਿਰਾਂ ਕਿਸ ਕਦਰ, ਕਈ ਨੁੱਕਤਿਆਂ ਤੇ, ਆਪਸ ਵਿਚ ਅਸਹਿਮਤ ਹਨ ਅਤੇ ਉਹ 1900 ਦੇ ਆਰੰਭਕ ਦਹਾਕੇ ਵਿੱਚ ਸਿਰਜੀ ਇੱਕ ਰਹਿਤ ਮਰਿਯਾਦਾ ਵਰਗੀ ਗੱਲ ਪ੍ਰਾਪਤ ਕਰਨ ਦੀ ਹਾਲਤ ਵਿੱਚ ਨਹੀਂ ਹਨ। ਹੁਣ ਜਾਗਰੂਕਤਾ ਦਾ ਦਾਵਾ ਤਾਂ ਹੈ ਪਰ ਏਕਤਾ ਨਦਾਰਦ ਹੈ। ਐਸੀਆਂ ਪੰਜ ਧਿਰਾਂ ਪੰਜ ਰਹਿਤ ਮਰਿਯਾਦਾਵਾਂ ਤਾਂ ਬਣਾ ਸਕਦੀਆਂ ਹਨ ਪਰ ਇੱਕ ਕਦੇ ਵੀ ਨਹੀਂ। ਇਹ ਸੁਭਾਵਕ ਜਿਹੀ ਗੱਲ ਹੈ ਜੋ ਹਮੇਸ਼ਾ ਰਹਿਣੀ ਹੈ। ਇਸ ਲਈ ਇਸ ਨੁੱਕਤੇ ਤੇ ਪੰਥ ਪਰਵਾਣਿਤ ਪਰਿਪੇਖ ਨੂੰ ਸਮਝਣ ਦੀ ਲੋੜ ਹੈ।
ਸਿੱਖ ਰਹਿਤ ਮਰਿਯਾਦਾ ਵਿੱਚ ਸੁਧਾਰ ਕਰਨ ਦਾ ਅਧੀਕਾਰ ਕੇਵਲ ਉਸ ਜੁਗਤ ਨਾਲ ਹੀ ਹੋ ਸਕਦਾ ਹੈ ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ।

ਨਿਜੀ ਤੌਰ ਤੇ ਕੋਈ ਕੁੱਝ ਵੀ ਕਰਦਾ ਹੋਵੇ ਪਰ ਜੇ ਕਰ ਸ਼੍ਰੋਮਣੀ ਗੁਰੂਦੂਆਰਾ ਪ੍ਰਬੰਧਕ ਕਮੇਟੀ ਵੀ ਇਸ ਵਿਚ ਤਰਮੀਮ ਕਰਨਾ ਚਾਹੇ ਤਾਂ ਉਸ ਕੋਲ ਇਸ ਦਾ ਅਧੀਕਾਰ ਨਹੀਂ। ਉਹ ਕਮੇਟੀ ਕੇਵਲ ਇਸ ਵਿੱਚ ਤਰਮੀਮ ਦੀ ਪ੍ਰਕ੍ਰਿਆ ਆਰੰਭ ਕਰ ਸਕਦੀ ਹੈ ਪਰ ਇਸ ਨੂੰ ਆਪ ਨਹੀਂ ਬਦਲ ਸਕਦੀ। ਇਹ ਗੱਲ ਸਿੱਖ ਰਹਿਤ ਮਰਿਯਾਦਾ ਦੀ ਧਾਰਨਾ ਦਾ ਮੁੱਢਲਾ ਅੰਗ ਹੈ। ਜਾਗਰੂਕ ਪੱਖਾਂ ਨੂੰ, ਸੁਧਾਰ ਦਾ ਸੁਝਾਵ ਦੇਣ ਵੇਲੇ, ਸਪਸ਼ਟ ਸ਼ਬਦਾਂ ਵਿੱਚ ਇਸ ਗੱਲ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਰਹਿਤ ਦੀਆਂ ਕੁੱਝ ਮਦਾਂ ਦੇ ਨਾ ਵੀ ਸਹੀ ਪਰ ਮਰਿਯਾਦਾ ਦੀ ਧਾਰਨਾ ਦੇ ਹਿਮਾਯਤੀ ਹਨ ਅਤੇ ਇਸ ਲਈ ਇਸ ਵਿਚ ਕਿਸੇ ਵੀ ਤਰਮੀਮ ਲਈ ਆਪਣੀ ਉਸ ਪੀੜੀ ਦੀ ਤਰਕੀਬ ਦੇ ਵੀ ਹਿਮਾਯਤੀ ਹਨ ਜਿਸ ਨੇ ਬੜੀ ਘਾਲਣਾਂ ਬਾਅਦ ਇਸ ਨੂੰ ਸਿਰਜਿਆ ਸੀ। ਜੇ ਕਰ ਉਹ ਐਸਾ ਨਹੀਂ ਕਰਦੇ ਤਾਂ ਉਹ ਵਿਚਾਰ ਕਰਨ ਕਿ ਉਨ੍ਹਾਂ ਦੀ ਹੀ ਬੇ-ਤਰਤੀਬੀ ਤਰਜ਼ ਤੇ ਕੋਈ ਕਾਬਜ਼ ਧਿਰ ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ ਇੱਕੋ ਝੱਟਕੇ ਵਿਚ ਬਦਤਰ (Worse) ਹਾਲਤ ਵਿੱਚ ਲੈ ਜਾ ਸਕਦਾ ਹੈ।

ਵੱਖੋ-ਵੱਖ ਸਿਧਾਂਤਕ ਸਮਝ ਦੇ ਮਾਹੌਲ ਵਿੱਚ ਕੇਵਲ ਉਹ ਜੁਗਤ (ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ) ਹੀ ਬਚਦੀ ਹੈ ਜਿਹੜੀ ਕਿ ਸਿੱਖ ਰਹਿਤ ਮਰਿਯਾਦਾ ਦੀ ਨਿਰਦੋਸ਼ ਧਾਰਨਾ ਨੂੰ ਬਚਾ ਸਕਦੀ ਹੈ। ਇਸ ਵੇਲੇ ਉਸ ਜੁਗਤ ਤੇ ਪਹਿਰਾ ਦੇਣ ਦੀ ਸਖ਼ਤ ਲੋੜ ਹੈ ਤਾਂਕਿ ਕੋਈ ਕਾਬਜ਼ ਧਿਰ ਕਿਧਰੇ ਸਾਡੀ ਹੀ ਬਚਕਾਨੀਆਂ ਹਰਕਤਾਂ ਨੂੰ ਆਧਾਰ ਬਣਾ ਕੇ ਰਹਿਤ ਮਰਿਯਾਦਾ ਵਿਚ ਬਦਤਰ (Worse ਬਦਲਾਵ ਨਾ ਕਰ ਦੇਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਅਤੇ ਉਸ ਦੀ ਮੂਲ ਧਾਰਨਾ ਕਿਸੇ ਮੌਜੂਦਾ ਧਿਰ ਦੀ ਕਾਰਵਾਈ ਨਹੀਂ ਬਲਕਿ ਇਹ ਸਾਡੇ ਵਿਰਸੇ ਦਾ ਉਪਰਾਲਾ ਸੀ ਜਿਸ ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਤੇ ਨਾਲੋ-ਨਾਲ ਇਸ ਦੀ ਮੂਲ ਧਾਰਨਾ ਅਤੇ ਉਸ ਦੀ ਲੋੜ ਦੇ ਵਿਚਾਰ ਦੀ ਸੰਭਾਲ ਬੇਹਦ ਜ਼ਰੂਰੀ ਹੈ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top