Main News Page

ੴਸਤਿਗੁਰਪ੍ਰਸਾਦਿ
ਸਿੱਖ ਮੱਤ ਅਤੇ ਯੋਗਆਸਨ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੀ ਪਾਵਨ ਬਾਣੀ ਫੁਰਮਾਂਦੀ ਹੈ:

ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥1॥
{ਰਾਗੁ ਸੂਹੀ ਛੰਤ ਮਹਲਾ 1, ਪੰਨਾ 763}

ਭਾਵ ਜੋ ਜੀਵ-ਇਸਤ੍ਰੀ ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਨਹੀਂ ਤੁਰਦੀ । ਅਤੇ ਅੰਜਾਨ ਪੁਣੇ ਵਿੱਚ ਹੀ ਆਪਣੇ ਜੀਵਨ ਦਾ ਅਨਮੋਲ ਸਮਾਂ ਗੁਆ ਦੇਂਦੀ ਹੈ, ਹੇ ਨਾਨਕ ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ, ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ ।1।

ਅਜ ਅਜੇਹੀ ਹੀ ਹਾਲਤ ਸਾਡੀ ਬਹੁਤੇ ਗੁਰਸਿੱਖਾਂ ਦੀ ਹੈ। ਅਸੀਂ ਵੀ ਬਹੁਤੇ ਕਰਮ ਸਤਿਗੁਰੂ ਕੋਲੋਂ ਪੁੱਛੇ ਬਗੈਰ ਹੀ, ਕੇਵਲ ਭਾਵਨਾ ਦੇ ਵੇਗ ਵਿੱਚ ਵੱਗ ਕੇ ਕਰੀ ਜਾ ਰਹੇ ਹਾਂ। ਜਿਵੇਂ ਅਜਕਲ ਕੁਝ ਵਿਅਕਤੀਆਂ ਵਲੋਂ ਚੰਗੀ ਸਿਹਤ ਦੇ ਨਾਂਅ ਤੇ ਸਾਡੇ ਗੁਰਸਿੱਖਾਂ ਵਿੱਚ ਅਨਮਤੀ ਵਿਚਾਰਧਾਰਾ ਨਾਲ ਸਬੰਧਤ ਯੋਗਾ ਨੁੰ ਵਾੜਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਕੰਮ ਨੂੰ ਸੁਖੈਣ ਤਰੀਕੇ ਨਾਲ ਕਰਨ ਲਈ ਇਸ ਦੇ ਨਾਲ ਨਾਮਸਿਮਰਨ ਨੂੰ ਜੋੜ ਲਿਆ ਗਿਆ ਹੈ। ਕਿਉਂਕਿ ਸਿੱਖ ਕੌਮ ਵਿੱਚ ਗੁਰਮਤਿ ਅਨੁਸਾਰ ਨਾਮ ਸਿਮਰਨ ਬਾਰੇ ਸਪੱਸ਼ਟਤਾ ਨਹੀਂ ਅਤੇ ਸਭ ਕੁਝ ਕੇਵਲ ਬ੍ਰਾਹਮਣੀ ਪ੍ਰਭਾਵ ਵਿੱਚ ਅੰਧੀ ਭਾਵਨਾ ਅਨੁਸਾਰ ਹੀ ਕੀਤਾ ਜਾ ਰਿਹਾ ਹੈ, ਨਾਮ ਸਿਮਰਨ ਦੇ ਨਾਂ ਤੇ ਸਿੱਖ ਸੌਖੇ ਹੀ ਭੁਲੇਖੇ ਵਿੱਚ ਆ ਜਾਂਦੇ ਹਨ। ਹੋਰ ਤਾਂ ਹੋਰ ਨਾਮ ਸਿਮਰਨ ਦੇ ਨਾਂਅ ਤੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਸਾਹਿਬਾਨ ਵੀ ਭੁਲੇਖਾ ਖਾ ਜਾਂਦੇ ਹਨ ਅਤੇ ਇਨ੍ਹਾਂ ਲੋਕਾਂ ਦੀਆਂ ਲੂੰਮੜ ਚਾਲਾਂ ਨੂੰ ਸਮਝੇ ਬਗੈਰ ਇਨ੍ਹਾਂ ਨੂੰ ਆਪਣੇ ਪ੍ਰੋਗਰਾਮਾਂ ਲਈ ਗਰਦੁਆਰਾ ਸਾਹਿਬ ਦੀ ਵਰਤੋਂ ਦੀ ਆਗਿਆ ਦੇ ਦੇਂਦੇ ਹਨ, ਜਿਸ ਨਾਲ ਇਨ੍ਹਾਂ ਨੂੰ ਭੋਲੇਭਾਲੇ ਸਿੱਖਾਂ ਨੂੰ ਗੁੰਮਰਾਹ ਕਰਨਾ ਹੋਰ ਸੁਖੈਣ ਹੋ ਜਾਂਦਾ ਹੈ ।

ਜਪੁ ਜੀ ਸਾਹਿਬ ਦੀ ਬਾਣੀ ਅੰਦਰ ਹੀ 28 ਤੋਂ 31 ਤਕ ਚਾਰ ਪਉੜੀਆਂ ਜੋਗਮੱਤ ਦਾ ਖੰਡਨ ਕਰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਬਾਰਬਾਰ ਜੋਗਮੱਤ ਅਤੇ ਇਸ ਦੇ ਸਿਧਾਂਤਾਂ ਦਾ ਖੰਡਨ ਕਰਦੀ ਹੈ:

ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ॥ ਸਤਿਗੁਰੁ ਸੇਵਹਿ, ਤਾ ਗਤਿ ਮਿਤਿ ਪਾਵਹਿ, ਹਰਿ ਜੀਉ ਮੰਨਿ ਵਸਾਏ ॥ { ਸਿਰੀ ਰਾਗੁ ਮਹਲਾ 3, ਪੰਨਾ 67}

ਜੋਗੀ (ਹੋਣ) ਸੰਨਿਆਸੀ (ਹੋਣ, ਇਹ ਸਾਰੇ ਹੀ) ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾਂ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ । ਜਦੋਂ (ਇਹ) ਗੁਰੂ ਦੀ ਸਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਕੇ ੳਚੀ ਆਤਮਕ ਅਵਸਥਾ ਤੇ (ਸਹੀ) ਜੀਵਨ-ਜੁਗਤਿ ਪ੍ਰਾਪਤ ਕਰਦੇ ਹਨ।

ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥ { ਸਲੋਕ ਮਃ 3, ਪੰਨਾ 852}

ਹੇ ਭਾਈ ! ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਭੀ ਕੁਰਾਹੇ ਪਏ ਰਹੇ, ਉਹਨਾਂ ਨੇ ਭੀ ਅਸਲੀ ਵਸਤ ਨਾਹ ਲੱਭੀ ।

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ, ਹਉਮੈ ਮਮਤਾ ਦੂਰਿ ਕਰੀ ॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ, ਗੁਰ ਕੈ ਸਬਦਿ ਸੁ ਸਮਝ ਪਰੀ ॥ ਖਿੰਥਾ ਝੋਲੀ ਭਰਿਪੁਰਿ ਰਹਿਆ, ਨਾਨਕ ਤਾਰੈ ਏਕੁ ਹਰੀ ॥ ਸਾਚਾ ਸਾਹਿਬੁ ਸਾਚੀ ਨਾਈ, ਪਰਖੈ ਗੁਰ ਕੀ ਬਾਤ ਖਰੀ ॥10॥ { ਰਾਮਕਲੀ ਮਹਲਾ 1, ਪੰਨਾ 939}

ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ; ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ । ਹੇ ਨਾਨਕ ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ । ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਣਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ।10।

ਇਹ ਤਾਂ ਐਵੇਂ ਕਿਣਕਾ ਮਾਤਰ ਪ੍ਰਮਾਣ ਹਨ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤਾਂ ਜੋਗ ਮਤਿ ਦੀ ਵਿਚਾਰ ਧਾਰਾ, ਕਿਰਿਆਵਾਂ ਅਤੇ ਇਸ ਭੇਖ ਦੇ, ਖੰਡਨ ਨਾਲ ਭਰਪੂਰ ਹੈ । ਕੁਝ ਭੁਲੜ ਵੀਰ, ਭੈਣਾ ਕਹਿਣਗੇ ਕਿ, ਜੀ ਅਸੀਂ ਤਾਂ ਕੇਵਲ ਯੋਗਆਸਣਾਂ ਦੁਆਰਾ ਕਸਰਤ ਕਰਦੇ ਹਾਂ। ਪਹਿਲਾਂ ਤਾਂ ਇਸ ਦੇ ਆਸਣ ਇਸ ਦੇ ਫਲਸਫੇ ਦਾ ਇਕ ਅੰਗ ਹਨ, ਅਤੇ ਇਨ੍ਹਾਂ ਨੂੰ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਉਂਜ ਵੀ ਸਾਰੀ ਗੁਰਬਾਣੀ ਅੰਦਰ ਇਨ੍ਹਾਂ ਕਸਰਤ ਰੂਪੀ ਯੋਗਆਸਣਾਂ ਅਤੇ ਪ੍ਰਾਣਾਯਾਮ ਆਦਿ ਨੂੰ ਵੀ ਸਪਸ਼ਟ ਸ਼ਬਦਾਂ ਵਿੱਚ ਰੱਦ ਕੀਤਾ ਗਿਆ ਹੈ। ਆਓ ਵੇਖੀਏ ਗੁਰਬਾਣੀ ਯੋਗਆਸਣਾਂ ਬਾਰੇ ਕੀ ਅਗਵਾਈ ਬਖਸ਼ਦੀ ਹੈ:

ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥2॥ {ਮਾਝ ਮਹਲਾ 5, ਪੰਨਾ 98}

ਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ । ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ ।2।

ਆਸਨੁ ਪਵਨ ਦੂਰਿ ਕਰਿ ਬਵਰੇ ॥ ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥1॥ {ਬਿਲਾਵਲ ਕਬੀਰ ਜੀ, ਪੰਨਾ 857}

ਹੇ ਝੱਲੇ ਜੋਗੀ ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ । ਇਸ ਪਖੰਡ ਨੂੰ ਛੱਡ, ਤੇ ਸਦਾ ਪ੍ਰਭੂ ਦੀ ਬੰਦਗੀ ਕਰ ।1।

ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥ ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥2॥ { ਵਡਹੰਸੁ ਮਹਲਾ 3, ਪੰਨਾ 558}

ਜੇ ਮਨੁੱਖ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲਏ, ਜੇ ਕਾਮ-ਵਾਸਨਾ ਨੂੰ ਜਿੱਤ ਕੇ (ਆਸਣਾਂ ਦੇ ਅੱਭਿਆਸ ਦੀ) ਕਮਾਈ ਕਰਨ ਲੱਗ ਪਏ, ਤਾਂ ਭੀ ਮਨ ਦੀ ਮੈਲ ਨਹੀਂ ਲਹਿੰਦੀ, (ਮਨ ਵਿਚੋਂ) ਹਉਮੈ ਦੀ ਮੈਲ ਨਹੀਂ ਜਾਂਦੀ ।2।

ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥6॥ {ਸੋਰਠਿ ਮਹਲਾ 5, ਪੰਨਾ 642}

ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ । ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ।6।

ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥ ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥5॥ { ਬਿਲਾਵਲੁ ਮਹਲਾ 4, ਪੰਨਾ 835}

ਹੇ ਭਾਈ ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ) । (ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ।5।

ਗੁਰਬਾਣੀ ਦੀ ਇਤਨੀ ਸਪਸ਼ਟ ਅਗਵਾਈ ਹੋਣ ਦੇ ਬਾਵਜੂਦ ਵੀ, ਜੇ ਕੁਝ ਵੀਰ ਭੈਣਾ ਭਟਕਦੇ ਫਿਰਦੇ ਹਨ ਤਾਂ ਫਿਰ ਕੀ ਸਮਝਿਆ ਜਾਵੇ, ਕਿ ਕੀ ਸਿੱਖ ਦੀ ਗੁਰੂ ਪ੍ਰਤੀ ਵਚਨਬਧਤਾ ਘੱਟ ਗਈ ਹੈ? ਸਿੱਖ ਨੇ ਗੁਰੂ ਪਾਤਿਸ਼ਾਹ ਦੀ ਸਿੱਖਿਆ ਅਤੇ ਆਦੇਸ਼ ਨੂੰ ਟਿੱਚ ਸਮਝਣਾ ਸ਼ੁਰੂ ਕਰ ਦਿੱਤਾ ਹੈ?

ਐਸਾ ਬਿਲਕੁਲ ਨਹੀਂ ਹੋ ਸਕਦਾ ਅਤੇ ਨਾ ਹੀ ਐਸਾ ਜਾਪਦਾ ਹੈ। ਕਿਉਂਕਿ ਸਿੱਖ ਦਾ ਤਾਂ ਜੀਵਨ ਹੀ ਗੁਰਬਾਣੀ ਹੈ, ਜਿਸ ਤੋਂ ਸਿੱਖਿਆ ਅਤੇ ਆਦੇਸ਼ ਪ੍ਰਾਪਤ ਕਰ ਕੇ ਸਿੱਖ ਆਪਣੇ ਜੀਵਨ ਮਾਰਗ ਦੀ ਸੇਧ ਪ੍ਰਾਪਤ ਕਰਦਾ ਹੈ। ਜੇ ਗੁਰਬਾਣੀ ਗੁਰੂ ਨਾਲੋਂ ਹੀ ਸੰਬਧ ਟੁਟ ਗਿਆ ਤਾਂ ਫਿਰ ਸਿੱਖ ਕਿਥੇ ਰਹਿ ਗਿਆ ਅਤੇ ਸਿੱਖੀ ਕਿਥੇ ਗਈ। ਕਿਉਂਕਿ ਸਤਿਗੁਰੂ ਦੀ ਪਾਵਣ ਬਾਣੀ ਤਾਂ ਫੁਰਮਾਂਦੀ ਹੈ:

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥
{ਰਾਗੁ ਸੂਹੀ ਅਸਟਪਦੀਆ ਮਹਲਾ 4, ਪੰਨਾ 757-758}

ਜਿਵੇਂ ਪ੍ਰਾਣੀ ਪਾਣੀ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ।15।

ਵੈਸੇ ਵੀ ਜਿਹੜੇ ਗੁਰਸਿੱਖ ਇਸ ਦੇ ਨਾਲ ਜੁੜ ਰਹੇ ਹਨ ਉਨ੍ਹਾਂ ਦੇ ਗੁਰੂ ਪ੍ਰਤੀ ਸ਼ਰਧਾ, ਵਿਸ਼ਵਾਸ ਅਤੇ ਸਮਰਪਣ ਬਾਰੇ ਰੱਤੀ ਭਰ ਵੀ ਸ਼ੰਕਾ ਨਹੀਂ ਕੀਤਾ ਜਾ ਸਕਦਾ।
ਫਿਰ ਕਾਰਨ ਕੀ ਹੈ?

ਮੂਲ ਕਾਰਣ ਤਾਂ ਵਿਸ਼ੇ ਪ੍ਰਤੀ ਸਪਸ਼ਟਤਾ ਨਾ ਹੋਣਾ ਹੀ ਜਾਪਦਾ ਹੈ। ਸਾਡੀਆਂ ਬਹੁਤੀਆਂ ਸਮੱਸਿਆਵਾਂ ਦਾ ਮੂਲ ਕਾਰਨ ਤਾਂ ਗੁਰਬਾਣੀ ਦਾ ਸਮਝ ਕੇ ਨਾ ਪੜ੍ਹਿਆ ਜਾਣਾ ਹੈੇ। ਪਹਿਲਾਂ ਤਾਂ ਬਾਣੀ ਪੜ੍ਹੀ ਹੀ ਬਹੁਤ ਘੱਟ ਜਾ ਰਹੀ ਹੈ। ਬੜੇ ਚੰਗੇ ਚੰਗੇ ਗੁਰਸਿੱਖ ਵੀਰ ਵੀ ਨਿਤਨੇਮ ਤਕ ਹੀ ਸੀਮਤ ਹਨ। ਵਿਰਲੇ ਭਾਗਾਂ ਵਾਲੇ ਹੀ ਹੋਣਗੇ, ਜਿਨ੍ਹਾਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਕੀਤੇ ਹੋਣ। ਬਾਣੀ ਵਿਚਾਰਨ ਅਤੇ ਸਮਝਣ ਦੀ ਗੱਲ ਤਾਂ ਜਿਵੇਂ ਗੁਆਚ ਜਿਹੀ ਗਈ ਹੈੇ। ਜਦਕਿ ਸਤਿਗੁਰੂ ਦੇ ਬੜੇ ਸਪਸ਼ਟ ਆਦੇਸ਼ ਹਨ:

ਪੜੀਐ ਨਾਹੀ ਭੇਦੁ ਬੁਝਿਐ ਪਾਵਣਾ ॥ {ਮਾਝ ਕੀ ਵਾਰ ਮਹਲਾ 1, ਪੰਨਾ 148}

ਪੜ੍ਹਨ ਨਾਲ ਭੇਤ ਨਹੀਂ ਪੈਂਦਾ । ਮਤਿ ਉੱਚੀ ਹੋਇਆਂ ਰਾਜ਼ ਸਮਝ ਵਿਚ ਆਉਂਦਾ ਹੈ।

ਪਾਠੁ ਪੜੈ ਨ ਬੂਝਈ, ਭੇਖੀ ਭਰਮਿ ਭੁਲਾਇ ॥ {ਸਿਰੀ ਰਾਗੁ ਮਹਲਾ 3, ਪੰਨਾ 66}
(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ।

ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ { ਰਾਮਕਲੀ ਮਹਲਾ 1, ਪੰਨਾ 904}

ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਕੇ ਮਨ ਵਿਚ ਵਸਾਏ ।

ਸਿੱਖ ਸੰਤ ਸਰੂਪ ਹੈ, ਸੁਭਾ ਤੋਂ ਭੋਲਾ ਹੈ। ਇਹ ਭੋਲਾਪਨ ਹੀ ਕਦੇ ਕਦੇ ਇਸ ਦਾ ਵੈਰੀ ਬਣ ਜਾਂਦਾ ਹੈ। ਜਦੋਂ ਕਿਸੇ ਵਿਸ਼ੇ ਜਾਂ ਸਮੱਸਿਆ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖੇ ਬਿਨਾਂ ਭਾਵਨਾ ਦੇ ਵੇਗ ਵਿੱਚ ਇਸ ਦੇ ਪਿੱਛੇ ਲੱਗ ਜਾਂਦਾ ਹੈ।

ਜੋਗ ਮਤ ਇਕ ਬਹੁਤ ਪੁਰਾਤਨ ਵਿਚਾਰਧਾਰਾ ਹੈ। ਜਿਵੇਂ ਉਪਰ ਦੱਸਿਆ ਜਾ ਚੁੱਕਾ ਹੈ, ਗੁਰੂ ਨਾਨਕ ਪਾਤਿਸ਼ਾਹਾਂ ਨੇ ਗੁਰਬਾਣੀ ਵਿੱਚ ਇਸ ਵਿਚਾਰਧਾਰਾ ਨੂੰ ਸੰਪੂਰਨ ਰੂਪ ਵਿੱਚ ਰੱਦ ਕੀਤਾ ਹੈ। ਜਿਥੇ ਭਾਰਤ ਵਿੱਚ ਸਥਾਪਤ ਦੂਸਰੇ ਦੋ ਧਰਮਾਂ ਬਿਪਰਵਾਦ ਅਤੇ ਇਸਲਾਮ ਦੇ ਧਾਰਮਿਕ ਆਗੂਆਂ ਨੂੰ ਰੱਦ ਕੀਤਾ ਹੈ, ਨਾਲ ਹੀ ਜੋਗੀਆਂ ਨੂੰ ਵੀ ਰੱਦ ਕੀਤਾ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥ { ਧਨਾਸਰੀ ਮਹਲਾ 1, ਪੰਨਾ 662}

ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ । ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ । ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ । (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ।2।

ਯੋਗ-ਆਸਣ ਇਸੇ ਜੋਗ ਮੱਤ ਦਾ ਇਕ ਅੰਗ ਹੈ। ਜਿਵੇਂ ਉਪਰ ਬੇਨਤੀ ਕੀਤੀ ਗਈ ਹੈ, ਇਨ੍ਹਾਂ ਨੂੰ ਇਸ ਮੱਤ ਦੀ ਵਿਚਾਰਧਾਰਾ ਨਾਲੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ।

ਅੱਜ ਬਿਪਰਵਾਦ ਅਤੇ ਜੋਗਮੱਤ ਆਪਸ ਵਿੱਚ ਰੱਲਗੱਡ ਹੋ ਕੇ ਇਕ ਸਾਂਝਾ ਹਿੰਦੂ ਧਰਮ ਬਣ ਚੁੱਕੇ ਹਨ। ਜਿਵੇਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਆਪਣੇ ਧਰਮ ਅਤੇ ਵਿਚਾਰਧਾਰਾ ਦਾ ਪ੍ਰਚਾਰ ਕਰਦੀਆਂ ਹਨ, ਪਹਿਲਾਂ ਜੋਗੀਆਂ ਦੁਆਰਾ ਅਤੇ ਰੱਲਗੱਡ ਹੋਣ ਤੋਂ ਬਾਅਦ ਹਿੰਦੂਆਂ ਦੁਆਰਾ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਯੋਗ-ਆਸਣਾਂ ਨੂੰ ਸਾਧਨ ਬਣਾਇਆ ਜਾਂਦਾ ਰਿਹਾ ਹੈ।

ਅਜ ਇਹ ਮਹਿਸੂਸ ਕਰਦੇ ਹੋਏ ਕਿ ਆਮ ਮਨੁੱਖ ਦੇ ਬਦਲੇ ਹੋਏ ਰਹਿਣ-ਸਹਿਣ ਅਤੇ ਖਾਣ-ਪਾਣ ਦੀਆਂ ਆਦਤਾਂ ਕਾਰਣ ਸ਼ਰੀਰਕ ਰੋਗਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈੇ, ਹਿੰਦੂ ਕੌਮ ਨੇ ਇਸ ਮੌਕੇ ਨੂੰ ਆਪਣੇ ਧਰਮ ਦੇ ਪ੍ਰਚਾਰ ਨੂੰ ਦੁਨੀਆਂ ਤਕ ਪਹੁੰਚਾਉਣ ਲਈ ਯੋਗ-ਆਸਣਾਂ ਨੂੰ ਇਕ ਵਧੀਆ ਹਥਿਆਰ ਦੇ ਤੌਰ ਤੇ ਵਰਤਣਾ ਸ਼ੁਰੂ ਕੀਤਾ ਹੈ।

ਜਰਾ ਸੋਚੀਏ ! ਕੀ ਪਿਛਲੇ 50-60 ਸਾਲਾਂ ਵਿੱਚ ਸਾਡੇ ਵੇਖਦੇ-ਵੇਖਦੇ ਵੀ ਇਸ ਦੀ ਇਤਨੀ ਚਰਚਾ ਅਤੇ ਪ੍ਰਚਾਰ ਹੋਇਆ ਹੈ, ਜਿਵੇਂ ਪਿਛਲੇ 2-3 ਸਾਲਾਂ ਵਿੱਚ ਹੋਇਆ ਹੈ। ਪਿਛਲੇ 2-3 ਸਾਲਾਂ ਵਿੱਚ ਹੀ ਰਾਮਦੇਵ ਨਾਂਅ ਦਾ ਯੋਗਸਾਧਕ ਜਿਵੇਂ ਸੁਪਰ ਹੀਰੋ ਬਣ ਗਿਆ ਹੋਵੇ। ਭਾਰਤ ਦਾ ਕੋਈ ਟੀ ਵੀ ਚੈਨਲ, ਖਬਰਾਂ ਵਾਲਾ, ਫਿਲਮਾਂ ਵਾਲਾ, ਧਾਰਮਿਕ ਜਾਂ ਮਨੋਰੰਜਨ ਵਾਲਾ, ਕਿਸੇ ਭਾਸ਼ਾ ਦਾ ਹੋਵੇ, ਜਿਵੇਂ ਰਾਮਦੇਵ ਦੇ ਯੋਗਆਸਣਾਂ ਬਗੈਰ ਪੂਰਾ ਹੀ ਨਹੀਂ ਹੁੰਦਾ।

ਰਾਮਦੇਵ ਅੱਜ ਪੈਦਾ ਹੋਇਆ ਹੋ ਸਕਦਾ ਹੈ, ਯੋਗਾ ਤਾਂ ਅਜ ਪੈਦਾ ਨਹੀਂ ਹੋਇਆ, ਸਦੀਆਂ ਪੁਰਾਣਾ ਹੈ । ਉਂਜ ਤਾਂ ਰਾਮਦੇਵ ਦੀ ਉਮਰ ਵੀ 50 ਕੁ ਵਰਿਆਂ ਦੇ ਨੇੜੇ ਤੇੜੇ ਹੋਣੀ ਹੀ ਹੈ । ਜਿਵੇਂ ਰਾਮਦੇਵ ਵਲੋਂ ਯੋਗਆਸਣਾਂ ਨੂੰ ਦੁਨੀਆਂ ਦੇ ਸਾਰੇ ਰੋਗਾਂ ਦੇ ਰਾਮਬਾਣ ਇਲਾਜ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈੇ, ਫੇਰ ਤਾਂ ਭਾਰਤ ਵਿੱਚ ਵੱਡੇ-ਵੱਡੇ ਹਸਪਤਾਲਾਂ ਦੀ ਲੋੜ ਹੀ ਨਹੀਂ ਸੀ। ਬੜੇ ਬੜੇ ਪੁਰਾਤਨ ਯੋਗ ਆਸ਼ਰਮ ਹਨ, ਉਨ੍ਹਾਂ ਨਾਲ ਹੀ ਕੰਮ ਚੱਲ ਜਾਣਾ ਸੀ ।

ਗੱਲ ਬੜੀ ਸਪਸ਼ਟ ਹੈ, ਇਸ ਨੂੰ ਇਕ ਬੜੀ ਸੋੱਚੀ ਸਮਝੀ ਸਕੀਮ ਅਧੀਨ ਪਰਫੁਲਤ ਕੀਤਾ ਜਾ ਰਿਹਾ ਹੈ। ਸ਼ਰੀਰਕ ਰੋਗ ਤਕਰੀਬਨ ਹਰ ਆਦਮੀ ਦੀ ਸਮੱਸਿਆ ਹੈ, ਉਹ ਛੇਤੀ ਹੀ ਇਸ ਤੋਂ ਪ੍ਰਭਾਵਤ ਹੋ ਜਾਂਦਾ ਹੈ, ਭਾਵੇਂ ਕਿਸੇ ਧਰਮ ਜਾਂ ਕੌਮ ਦਾ ਹੋਵੇ । ਜਦੋਂ ਕਿਸੇ ਕੌਮ ਦੇ ਲੋਕ ਪਰਭਾਵਤ ਹੋ ਗਏ, ਸਮਝੋ ਉਹ ਕੌਮ ਤਾਂ ਆਪੇ ਪ੍ਰਭਾਵਤ ਹੋ ਗਈ।

ਮਨੁੱਖਤਾ ਦੀ ਸੇਵਾ ਦੇ ਨਾਂਅ ਤੇ, ਦੂਸਰੇ ਧਰਮਾਂ ਦੀ ਪ੍ਰਵਾਨਗੀ ਦੀ ਮੋਹਰ ਲੁਆਉਣ ਲਈ, ਇਨ੍ਹਾਂ ਨੇ ਦੂਸਰੀਆਂ ਕੌਮਾਂ ਦੇ ਧਰਮ ਅਸਥਾਨਾਂ ਵਿੱਚ ਇਹ ਯੋਗਾ ਦੇ ਕੈਂਪ ਲੁਆਉਣ ਦਾ ਕੰਮ ਸ਼ੁਰੂ ਕੀਤਾ। ਲੇਕਿਨ ਦੂਜੀਆਂ ਕੌਮਾਂ ਇਤਨੀਆਂ ਅਵੇਸਲੀਆਂ ਨਹੀਂ ਸਨ, ਜਿਤਨਾ ਇਨ੍ਹਾਂ ਸੋਚਿਆ ਸੀ। ਇਸਾਈ ਅਤੇ ਮੁਸਲਮਾਨ ਵੀਰਾਂ ਸਾਰੀ ਖੇਡ ਨੂੰ ਸਮਝਦੇ ਹੋਏ, ਆਪਣੇ ਧਰਮ ਅਸਥਾਨਾਂ ਨੂੰ ਇਸ ਮਕਸਦ ਲਈ ਵਰਤੇ ਜਾਣ ਤੋਂ ਪੂਰਨ ਇਨਕਾਰ ਕਰ ਦਿੱਤਾ। ਅਤੇ ਨਾਲ ਹੀ ਇਸ ਸਾਜਿਸ਼ ਬਾਰੇ ਆਪਣੇ ਲੋਕਾਂ ਨੂੰ ਵੀ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ।

ਸਿੱਖ ਤਾਂ ਪਹਿਲਾਂ ਹੀ, ਹਿੰਦੂਤਵੀ ਸ਼ਕਤੀਆਂ ਦੇ ਦੂਸਰੀਆਂ ਕੌਮਾਂ ਦੇ ਭਗਵਾਕਰਣ ਦੇ ਪ੍ਰੋਗਰਾਮ ਦੇ, ਪਹਿਲੇ ਨਿਸ਼ਾਨੇ ਤੇ ਹਨ। ਉਂਜ ਵੀ ਸ਼ਾਇਦ ਭਾਰਤ ਦੀ ਕੋਈ ਵੀ ਘੱਟ ਗਿਣਤੀ ਕੌਮ ਐਸੀ ਨਹੀਂ ਹੋਵੇਗੀ, ਜਿਸ ਨੇ ਬਹੁਗਿਣਤੀ ਹਿੰਦੂ ਮੱਤ ਦੇ ਪ੍ਰਭਾਵ ਨੂੰ, ਕੁਝ ਨਾ ਕੁਝ, ਨਾ ਕਬੂਲਿਆ ਹੋਵੇ। ਫਿਰ ਬਹੁਤੇ ਸਿੱਖ ਤਾਂ ਅੱਜ ਵੀ, ਕੁਝ ਇਤਹਾਸਕ ਕਾਰਨਾਂ ਕਰ ਕੇ ਹਿੰਦੂਆਂ ਨਾਲ ਜ਼ਿਆਦਾ ਨੇੜਤਾ ਸਮਝਦੇ ਹਨ, ਹਾਲਾਂਕਿ ਸਿਧਾਂਤਕ ਤੌਰ ਤੇ ਗੱਲ ਇਸ ਤੋਂ ਬਿਲਕੁਲ ਉਲਟ ਹੈ। ਇਸ ਨੇੜਤਾ ਕਰਕੇ ਸਿੱਖਾਂ ਅੰਦਰ ਬ੍ਰਾਹਮਣੀ ਸੋਚ ਦਾ ਪ੍ਰਭਾਵ ਹਰ ਦਿਨ ਵਧਦਾ ਜਾ ਰਿਹਾ ਹੈ। ਫਿਰ ਗੁਰਮਤਿ ਅਨੁਸਾਰ ਜੀਵਨ ਨਾ ਬਤੀਤ ਕਰਨ ਕਰ ਕੇ ਸਿੱਖਾਂ ਅੰਦਰ ਵੀ ਸ਼ਰੀਰਕ ਰੋਗ ਕਿਸੇ ਤਰ੍ਹਾਂ ਘੱਟ ਨਹੀਂ। ਜਿਵੇਂ ਜਿਵੇਂ ਸ਼ਰੀਰ ਦੇ ਭੋਗ ਵਧਦੇ ਹਨ, ਰੋਗ ਵੀ ਵਧਦੇ ਹਨ। ਪਾਵਨ ਗੁਰਵਾਕ ਹੈ:

ਜਨਮੰ ਤ ਮਰਣੰ, ਹਰਖੰ ਤ ਸੋਗੰ, ਭੋਗੰ ਤ ਰੋਗੰ ॥ (ਸਲੋਕ ਸਹਸਕ੍ਰਿਤੀ ਮਹਲਾ 5, ਪੰਨਾ 1354)

(ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ ।

ਸਾਡਾ ਸੁਭਾ ਹੈ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਸਾਧਨ ਦੀ ਕੋਸ਼ਿਸ਼ ਨਹੀਂ ਕਰਨੀ, ਬਸ ਦੌੜ ਪਏ ਸਿੱਖ ਵੀ ਯੋਗਾ ਕੈਪਾਂ ਵਲ। ਕਸਰਤ ਕਰਨ ਦੀ ਸਿੱਖ ਕੌਮ ਵਿੱਚ ਮਨਾਹੀ ਨਹੀਂ। ਬਲਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ, ਕਿ ਗੁਰੂ ਪਾਤਿਸ਼ਾਹ ਤਾਂ ਆਪਣੇ ਜੀਵਨ ਕਾਲ ਵਿੱਚ ਮੱਲ-ਅਖਾੜੇ ਲਗਾਉਦੇ ਸਨ। ਕਸਰਤ ਬਗੈਰ ਮੱਲ-ਅਖਾੜੇ ਦਾ ਕੋਈ ਮਤਲਬ ਹੀ ਨਹੀਂ । ਸ਼ਸਤਰ ਵਿਦਿਆ ਗਤਕੇ ਦੀ ਪਿਰਤ ਗੁਰੂ ਪਾਤਿਸ਼ਾਹ ਨੇ ਆਪ ਸਿੱਖ ਕੌਮ ਵਿੱਚ ਪਾਈ। ਅਜ ਵੀ ਇਹ ਸਿੱਖਾਂ ਦੀ ਕੌਮੀ ਖੇਡ ਹੈ, ਜੋ ਕਿ ਇਕ ਵਧੀਆ ਕਸਰਤ ਦੇ ਨਾਲ, ਲੋੜ ਪੈਣ ਤੇ ਸਵੈ-ਰਖਿਆ ਦਾ ਵੀ ਵਧੀਆ ਸਾਧਨ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਮਨ ਨਾਲ ਤਨ ਨੂੰ ਵੀ ਅਰੋਗ ਰੱਖਣ ਦਾ ਆਦੇਸ਼ ਕਰਦੇ ਹਨ:

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ {ਸੋਰਠਿ ਮਹਲਾ 5 -ਪੰਨਾ 611}

(ਹੇ ਭਾਈ ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ ।

ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥2॥ { ਮਃ 5 - ਪੰਨਾ 554}

ਹੇ ਨਾਨਕ ! (ਜਿਸ ਮਨੁੱਖ ਦੇ) ਹਿਰਦੇ ਵਿਚ ਪ੍ਰਭੂ ਦੇ ਚਰਨ ਕਮਲ ਵੱਸਦੇ ਹਨ ਤੇ ਜੀਭ ਹਰੀ ਨੂੰ ਜਪਦੀ ਹੈ, ਅਤੇ ਪ੍ਰਭੂ (ਜਿਸ ਸਰੀਰ ਕਰਕੇ) ਸਿਮਰਿਆ ਜਾਂਦਾ ਹੈ ਉਸ ਸਰੀਰ ਦੀ ਪਾਲਣਾ ਕਰੋ ।2।
ਅੱਜ ਦੇ ਸਮੇਂ ਵਿੱਚ ਜਦੋਂ ਸ਼ਰੀਰਕ ਕੰਮ ਬਹੁਤ ਘੱਟ ਗਏ ਹਨ, ਕਸਰਤ ਹੋਰ ਵੀ ਜ਼ਰੂਰੀ ਹੋ ਗਈ ਹੈ। ਇਸ ਲੇਖ ਦਾ ਮਕਸਦ ਕਿਸੇ ਵਿਅਕਤੀ ਨੂੰ ਕਸਰਤ ਤੋਂ ਰੋਕਣਾ ਨਹੀ, ਬਲਕਿ ਇਹ ਚੇਤੰਨ ਕਰਨਾ ਹੈ, ਕਿ ਕਸਰਤ ਦੇ ਨਾਂ ਤੇ ਭੁਲੇਖਾ ਖਾ ਕੇ, ਕਿਤੇ ਗੁਰਮਤਿ ਤੋਂ ਹੀ ਦੂਰ ਨਾ ਹੋ ਜਾਈਏ। ਹਾਲਾਂਕਿ ਅਸਲ ਹਾਲਾਤ ਇਸ ਤੋਂ ਵੀ ਗੰਭੀਰ ਹਨ।

ਪਹਿਲਾਂ ਤਾਂ ਹਾਲਾਤ ਇਥੋਂ ਤਕ ਹੀ ਸਨ ਕਿ ਕੁਝ ਸਿੱਖ ਵੀਰ, ਭੈਣਾਂ ਯੋਗਾ ਸੈਂਟਰਾਂ ਜਾਂ ਕੈਂਪਾ ਵਿੱਚ ਜਾਂਦੇ ਸਨ। ਹਾਲਾਂਕਿ ਬਹੁਤਿਆਂ ਨੂੰ, ਗੁਰਮਤਿ ਸਿਧਾਂਤਾਂ ਤੋਂ ਅੰਜਾਣ ਹੋਣ ਕਾਰਣ ਆਪ ਹੀ ਪਤਾ ਨਹੀਂ ਲਗਦਾ ਕਿ ਉਹ ਕਦੋਂ ੴ ਤੋਂ ਓਮ ਦੀ ਧੁਨੀ ਤੱਕ ਪਹੁੰਚ ਗਏ ਹਨ, ਅਤੇ ਫਿਰ ਪ੍ਰਾਣਾਯਾਮ ਆਦਿ ਸਵਾਸ ਕਿਰਿਆਵਾਂ ਦੁਆਰਾ ਧਿਆਨ ਜੋੜਨ ਦੀ ਕਿਰਿਆ ਵਿੱਚ ਉਲਝ ਗਏ ਹਨ, ਜਿਨ੍ਹਾਂ ਨਾਲ ਗੁਰਮਤਿ ਦਾ ਨੇੜੇ-ਤੇੜੇ ਦਾ ਸਬੰਧ ਨਹੀਂ । ਅਜ ਹਾਲਾਤ ਬਹੁਤ ਗੰਭੀਰ ਮੋੜ ਲੈ ਗਏ ਹਨ, ਜਿਸ ਜੋਗਮੱਤ ਅਤੇ ਯੋਗਆਸਣਾ ਨੂੰ ਗੁਰਮਤਿ ਬਾਰ-ਬਾਰ ਰੱਦ ਕਰਦੀ ਹੈ, ਉਸ ਨੂੰ ਗੁਰਮਤਿ ਨਾਲ ਰੱਲ-ਗੱਡ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

ਅੱਜ ਸਿੱਖ ਕੌਮ ਅੰਦਰ ਵੀ ਐਸੀਆਂ ਸੰਸਥਾਵਾਂ ਹੋਂਦ ਵਿੱਚ ਆ ਰਹੀਆਂ ਹਨ, ਬਲਕਿ ਜੇ ਇਹ ਕਹੀਏ, ਕਿ ਸਥਾਪਤ ਕਰ ਦਿੱਤੀਆਂ ਗਈਆਂ ਹਨ, ਤਾਂ ਜ਼ਿਆਦਾ ਯੋਗ ਹੋਵੇਗਾ, ਜੋ ਯੋਗਾ ਨੂੰ ਸਿੱਖ ਸਿਧਾਂਤਾਂ ਨਾਲ ਰੱਲ-ਗੱਡ ਕਰਕੇ ਸਿੱਖੀ ਵਿੱਚ ਦਾਖਲ ਕਰਨ ਦੀ ਕੋਸ਼ਿਸ ਕਰ ਰਹੀਆਂ ਹਨ। ਇਨ੍ਹਾਂ ਦੇ ਪ੍ਰਮੁਖਾਂ ਦੇ ਪਹਿਰਾਵੇ ਬਹੁਤ ਗੁਰਸਿੱਖਾਂ ਵਾਲੇ ਹੋਣ ਕਾਰਣ ਬਾਹਰੋਂ ਵੇਖਣ ਨੂੰ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਸਿੱਖ ਸਿਧਾਂਤਾਂ ਦੇ ਪ੍ਰਚਾਰਕ ਹੋਣਗੇ। ਇਨ੍ਹਾਂ ਨੇ ਕੌਮ ਨੂੰ ਹੋਰ ਭਰਮਜਾਲ ਵਿੱਚ ਫਸਾਉਣ ਲਈ ਨਾਲ ਨਾਮ ਸਿਮਰਨ ਨੂੰ ਨਾਲ ਜੋੜ ਲਿਆ ਹੈ।

ਸਿੱਖ ਕੌਮ ਦਾ ਇਕ ਵੱਡਾ ਹਿੱਸਾ ਤਾਂ ਪਹਿਲਾਂ ਵੀ ਇਸ ਧਾਰਮਿਕ ਪਹਿਰਾਵੇ ਅਤੇ ਨਾਮ ਸਿਮਰਨ ਦੇ ਭੁਲੇਖੇ ਵਿੱਚ ਕਈ ਵੱਡੇ-ਵੱਡੇ ਡੇਰਿਆਂ ਨੂੰ ਨਾ ਸਿਰਫ ਜਨਮ ਦੇ ਚੁਕਾ ਹੈ, ਬਲਕਿ ਇਸ ਰੂਪ ਵਿਚ ਸਥਾਪਤ ਕਰ ਚੁਕਾ ਹੈ ਕਿ ਅੱਜ ਉਹ ਸਿੱਖ ਕੌਮ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਹੀ ਚੁਨੌਤੀਆਂ ਦੇ ਰਹੇ ਹਨ। ਬਲਿਹਾਰ ਹਾਂ ਖਾਲਸਾ ਜੀ ਦੇ ਭੋਲੇਪਨ ਤੇ! ਸਾਡੇ ਪਹਿਲਾਂ ਦੇ ਸਥਾਪਤ ਕੀਤੇ ਡੇਰੇ ਤਾਂ ਸਿੱਖਾਂ ਦੇ ਖੂਨ ਨਾਲ ਹੋਲੀ ਖੇਡਣ ਤੱਕ ਗਏ ਹਨ, ਅਤੇ ਅਜ ਵੀ ਖੇਡ ਰਹੇ ਹਨ। ਪਹਿਲਿਆਂ ਨਾਲ ਤਾਂ ਕੌਮੀ ਤੌਰ ਤੇ ਜੰਗ ਕਰ ਰਹੇ ਹਾਂ, ਅਤੇ ਭੋਲੇ ਭਾਅ ਹੋਰਾਂ ਨੂੰ ਸਥਾਪਤ ਕਰੀ ਜਾ ਰਹੇ ਹਾਂ।

ਗੁਰ ਨਾਨਕ ਯੋਗ ਮਿਸ਼ਨ ਨਾਂਅ ਦੀ ਇਕ ਸੰਸਥਾ ਅੱਜ ਕੱਲ ਇਸੇ ਯੋਗਾ ਰਾਹੀਂ ਸਿੱਖਾਂ ਦੇ ਭਗਵਾਕਰਨ ਦੇ ਇਸ ਕਾਰਜ ਵਿੱਚ ਖੂਬ ਸਰਗਰਮ ਹੈ। ਪਹਿਲਾਂ ਤਾਂ ਇਹ ਪੁਛੋ ਕਿ ਨਾਨਕ ਕੀ, ਤੇ ਯੋਗ ਕੀ? ਜਿਸ ਗੁਰੂ ਨਾਨਕ ਪਾਤਿਸ਼ਾਹ ਨੇ ਜੋਗਮੱਤ ਦੀ ਵਿਚਾਰ ਧਾਰਾ, ਕਿਰਿਆਵਾਂ ਅਤੇ ਇਸ ਦੇ ਭੇਖ ਦਾ ਬਾਰਬਾਰ ਖੰਡਨ ਕੀਤਾ ਹੈ, ਉਸੇ ਗੁਰ ਨਾਨਕ ਪਾਤਿਸ਼ਾਹ ਦਾ ਨਾਂਅ ਯੋਗ ਨਾਲ ਜੋੜ ਦਿੱਤਾ ਗਿਆ ਹੈ। ਅਖੇ ਜੀ ! ਅਸੀਂ ਜੋਗੀਆਂ ਦੇ ਜੋਗ ਦਾ ਨਹੀਂ, ਗੁਰੂ ਨਾਨਕ ਪਾਤਿਸ਼ਾਹ ਦੇ ਜੋਗਮੱਤ ਦਾ ਪ੍ਰਚਾਰ ਕਰ ਰਹੇ ਹਾਂ। ਗੁਰੂ ਪਿਆਰਿਓ ਆਪ ਹੀ ਵਿਚਾਰ ਕਰ ਲਓ, ਕਿ ਗੁਰੁ ਨਾਨਕ ਪਾਤਿਸ਼ਾਹ ਦਾ ਮੱਤ ਜੋਗ ਹੈ ਕਿ ਸਿੱਖ ? ਬਹੁਤੀ ਹੈਰਾਨਗੀ ਇਸ ਗੱਲ ਦੀ ਹੈ, ਕਿ ਚੰਗੇ ਚੰਗੇ ਗੁਰਸਿੱਖਾਂ ਨੂੰ ਵੀ ਇਸ ਵਿੱਚ ਕੋਈ ਤਕਲੀਫ ਨਹੀਂ ਹੋਈ, ਬਲਕਿ ਅੱਖਾਂ ਬੰਦ ਕਰਕੇ ਉਧਰ ਦੌੜੀ ਜਾ ਰਹੇ ਹਨ। ਹੋਰ ਤਾਂ ਹੋਰ ਗੁਰਬਾਣੀ ਦੀਆਂ ਪੰਗਤੀਆਂ ਦੀ ਕਿਵੇਂ ਦੁਰਵਰਤੋਂ ਕੀਤੀ ਜਾ ਰਹੀ ਹੈ। ਗੁਰਬਾਣੀ ਦੀਆਂ ਇਹ ਪੰਗਤੀਆਂ ਆਪਣੇ ਇਸ਼ਤਿਹਾਰਾਂ ਤੇ ਛਾਪੀਆਂ ਹਨ:

ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ { ਸੂਹੀ ਮਹਲਾ 1, ਪੰਨਾ 730}

ਹੇ ਨਾਨਕ ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ ।

ਜੋਗ ਦਾ ਅਖਰੀ ਅਰਥ ਹੈ ਮਿਲਾਪ। ਗੁਰੁ ਨਾਨਕ ਪਾਤਿਸ਼ਾਹ ਇਥੇ ਯੋਗ ਦੀਆਂ ਕਿਰਿਆਵਾਂ ਨੂੰ ਰੱਦ ਕਰਦੇ ਹੋਇ ਫੁਰਮਾ ਰਹੇ ਹਨ ਕਿ ਅਕਾਲ ਪੁਰਖ ਨਾਲ ਮਿਲਾਪ ਦਾ ਅਸਲੀ ਤਰੀਕਾ ਇਹ ਹੈ ਕਿ ਜੀਵਨ ਵਿੱਚ ਵਿਚਰਦਿਆਂ ਆਪਣੇ ਵਿਕਾਰਾਂ ਨੂੰ ਕਾਬੂ ਕਰਕੇ ਰਖੀਏ। ਇਹ ਕਹਿੰਦੇ ਹਨ ਅਸੀਂ ਯੋਗਆਸਣ ਅਤੇ ਪ੍ਰਾਣਾਯਾਮ ਕਰਵਾ ਕੇ ਗੁਰੂ ਨਾਨਕ ਪਾਤਿਸ਼ਾਹ ਦੇ ਇਸ ਜੋਗ ਮਤ ਦਾ ਪ੍ਰਚਾਰ ਕਰ ਰਹੇ ਹਾਂ।

ਇਸ ਸੰਸਥਾ ਦੀ ਮੁਖੀ ਬੀਬੀ ਦਾ ਕਹਿਣਾ ਹੈ ਕਿ ਸਾਡਾ ਆਰ ਐਸ ਐਸ ਨਾਲ ਕੋਈ ਸੰਬਧ ਨਹੀਂ, ਹਾਲਾਂਕਿ ਸੋਢਲ ਮੰਦਰ, ਜਲੰਧਰ ਵਾਲੇ ਇਸ ਦੇ ਗੁਰੂ ਰਾਹੀਂ ਇਸ ਦੇ ਸੰਪਰਕ ਹੋਰ ਹੀ ਸੰਕੇਤ ਕਰਦੇ ਹਨ। ਉਂਝ ਵੀ ਸਿੱਖ ਕੌਮ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਖਾਲਸਾ ਸਾਜਨਾ ਦੇ 300 ਸਾਲਾ ਮੌਕੇ ਤੇ ਭਾਰਤ ਸਰਕਾਰ ਵਲੋਂ ਜੋ 50 ਕਰੋੜ ਰੁਪਿਆ, ਰਾਸ਼ਟਰੀ ਸਿੱਖ ਸੰਗਤ ਨੂੰ ਦਿੱਤਾ ਗਿਆ ਸੀ, ਉਹ ਸਿੱਖ ਕੌਮ ਅੰਦਰ ਜ਼ਹਿਰੀਲਾ, ਭੁਲੇਖਾ ਪਾਉ ਸਾਹਿਤ ਤਿਆਰ ਕਰਾਉਣ ਅਤੇ ਸਿੱਖੀ ਸਰੂਪ ਵਾਲੇ ਖਤਰਨਾਕ ਪ੍ਰਚਾਰਕ ਤਿਆਰ ਕਰਕੇ ਪੰਥ ਵਿੱਚ ਘੁਸੇੜਨ ਲਈ ਵਰਤਿਆ ਜਾ ਰਿਹਾ ਹੈ। ਚਲੋ ਜੇ ਇਸ ਬੀਬੀ ਦੀ ਗੱਲ ਨੂੰ ਸੱਚ ਵੀ ਮੰਨ ਲਿਆ ਜਾਵੇ, ਤਾਂ ਵੀ ਇਸ ਵਿੱਚ ਰਤੀ ਭਰ ਵੀ ਸ਼ੰਕਾ ਨਹੀਂ ਕਿ ਜਾਣੇ ਅੰਜਾਣੇ ਸਾਰੀ ਖੇਡ ਆਰ ਐਸ ਐਸ ਦੀ ਹੀ ਖੇਡੀ ਜਾ ਰਹੀ ਹੈ।

ਇਸ ਤੋਂ ਇਲਾਵਾ ਵੀ ਇਸ ਬੀਬੀ ਅਤੇ ਇਸ ਦੇ ਸਾਥੀਆਂ ਵਲੋਂ ਗੁਰਦੁਆਰਾ ਸਾਹਿਬ ਸੈਕਟਰ 34 ਚੰਡੀਗੜ੍ਹ ਵਿੱਚ, ਪੰਥ ਦੇ ਕੁਝ ਜਿੰਮੇਂਵਾਰ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ, ਜਿਸ ਵਿੱਚ ਇਕ ਮੈੰਬਰ ਸ਼੍ਰੋਮਣੀ ਕਮੇਟੀ, ਚੰਡੀਗੜ੍ਹ ਦੀ ਸਾਬਕਾ ਮੇਅਰ, ਦੋ ਪ੍ਰਮੁੱਖ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸ਼ਾਮਲ ਸਨ, ਵਿੱਚ ਸੰਸਥਾ ਦਾ ਨਾਂਅ ਬਦਲਣ ਅਤੇ ਆਪਣੇ ਪ੍ਰੋਗਰਾਮਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਰਖਣ ਸਮੇਤ ਕੀਤੇ ਫੈਸਲਿਆਂ ਤੋਂ ਮੁਕਰ ਜਾਣਾ ਵੀ ਇਸੇ ਗਲ ਵੱਲ ਸੰਕੇਤ ਕਰਦੇ ਹਨ।

ਖਾਲਸਾ ਜੀ! ਕੀ ਇਕ ਭੋਲੀਭਾਲੀ ਸੂਰਤ ਵਾਲੀ ਬੀਬੀ ਦੇ ਸਿਰ ਤੇ ਬੱਝੀ ਦਸਤਾਰ, ਚਿੱਟੇ ਚੋਲੇ, ਅਤੇ ਹੱਥ ਵਿੱਚ ਫੜੀ ਡੇਢ ਫੁਟ ਦੀ ਕਿਰਪਾਨ ਵੇਖ ਕੇ ਹੀ ਮੂਰਖ ਬਣ ਜਾਵਾਂਗੇ? ਕਿੰਨਾ ਚਿਰ ਇੰਜ ਹੀ ਭਾਵਨਾ ਦੇ ਵੇਗ ਵਿੱਚ ਵੱਗ ਕੇ ਗੁੰਮਰਾਹ ਹੁੰਦੇ ਰਹਾਂਗੇ? ਕੀ ਕੋਈ ਵੀ ਗੋਲ ਪੱਗ ਬੰਨ ਕੇ, ਚੋਲਾ ਪਾ ਕੇ ਧਰਮਕ ਪਹਿਰਾਵੇ ਦਾ ਵਿਖਾਵਾ ਕਰਕੇ ਧਰਮ ਦੇ ਨਾਂਅ ਤੇ ਸਾਡੇ ਜਜ਼ਬਾਤਾਂ ਨਾਲ ਖਿਲਵਾੜ ਕਰਦਾ ਰਹੇਗਾ। ਜਦ ਕਿ ਐਸੇ ਭੇਖਾਂ ਬਾਰੇ ਪਾਵਣ ਗੁਰਬਾਣੀ ਫੁਰਮਾਂਦੀ ਹੈ:

ਆਸਾ ॥ ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ ॥ ਗਲੀ ਜਿਨ੍‍ਾ ਜਪਮਾਲੀਆ, ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ ॥1॥ ਐਸੇ ਸੰਤ, ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥{ਪੰਨਾ 476}

(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ।1।

ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ।1।ਰਹਾਉ।

ਫਰਕ ਸਿਰਫ ਇਤਨਾ ਹੀ ਪਿਆ ਹੈ ਕਿ ਬਨਾਰਸ ਦੇ ਠੱਗਾਂ ਨੇ ਪਹਿਰਾਵਾ ਬਦਲ ਲਿਆ ਹੈ। ਅਸੀਂ ਬਹੁਤੇ ਭਾਵਕ ਨਾਮ ਸਿਮਰਨ ਤੋਂ ਹੋ ਜਾਂਦੇ ਹਾਂ। ਅਸਲ ਵਿੱਚ ਨਾਮ ਸਿਮਰਨ ਦੇ ਮਿੱਠੇ ਅੰਮ੍ਰਿਤ ਵਿੱਚ ਸਾਨੂੰ ਜੋਗਮੱਤ ਰੂਪੀ ਜ਼ਹਿਰ ਪਾਕੇ ਹਜਮ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ।*

ਖਾਲਸਾ ਜੀ! ਭਾਵੁਕ ਹੋਣ ਦੀ ਬਜਾਏ ਸੁਚੇਤ ਹੋਣ ਦੀ ਜ਼ਰੂਰਤ ਹੈ। ਜੇ ਸੁਚੇਤ ਨਾ ਹੋਇ ਤਾਂ ਦਿਨਾਂ ਵਿੱਚ ਹੀ ਪਤਾ ਨਹੀਂ ਕਿਤਨੀਆਂ ਹੋਰ ਐਸੀਆਂ ਯੋਗਾ ਸੰਸਥਾਵਾਂ ਬਰਸਾਤ ਦੀਆਂ ਖੁੰਬਾਂ ਵਾਗੂੰ ਪੰਥ ਦੇ ਵਿਹੜੇ ਵਿੱਚ ਉਗ ਪੈਣਗੀਆਂ, ਅਤੇ ਪੰਥ ਦਾ ਨਿਰਮਲ ਸਰੂਪ ਵਿਗਾੜ ਕੇ ਰੱਖ ਦੇਣਗੀਆਂ। ਇਹ ਦੁਕਾਨਾਂ ਚਲਾਉਣ ਵਾਲੇ ਤਾਂ ਪਹਿਲੇ ਹੀ ਬਹੁਤ ਸਰਗਰਮ ਫਿਰਦੇ ਹਨ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

- ਰਾਜਿੰਦਰ ਸਿੰਘ (ਮੁੱਖ-ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top