Main News Page

ਕਿਸੇ ਵੀ ‘ਸੁਧਾਰ ਲਹਿਰ’ ਦਾ ਕਾਮਯਾਬ ਨਾ ਹੋਣਾ - ਕੌਮ ਲਈ ਇੱਕ ਤ੍ਰਾਸਦੀ

ਖਾਲਸਾ ਨਿਊਜ ਤੇ ਖਬਰ ਪੜ੍ਹੀ ਕੇ ਭਾਈ ਗੁਰਤੇਜ ਸਿੰਘ ਹੋਰਾਂ ਦੀ ਅਗਵਾਈ ਵਿੱਚ ਇੱਕ ‘ਇਕੱਠ’ ਹੋਇਆ। ਇਸ ਇਕੱਠ ਵਿਚ ਬਹੁਤ ਸਾਰੇ ਵਿਦਵਾਨ ਅਤੇ ਪੰਥ ਦਰਦੀ ਸ਼ਾਮਲ ਹੋਏ। ਕੌਮ ਨੂੰ ਅਜ ਇਹੋ ਜਹੇ ਇਕੱਠ ਦੀ ਬਹੁਤ ਵੱਡੀ ਜਰੂਰਤ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੀ ਬਹਾਲੀ ਅਤੇ ਪੁਜਾਰੀ ਵਾਦ ਦੀਆਂ ਜੜਾਂ ਪੁਟੱਣ ਲਈ ਅਗੇ ਆਵੇ। ਸਿੱਖ ਕੌਮ, ‘ਇਨਕਲਾਬ ਕੌਂਸਿਲ’ ਨਾਮ ਦੀ ਇਸ ਪੰਥਿਕ ਜੱਥੇਬੰਦੀ ਨੂੰ ਹੋਰ ਮਜਬੂਤੀ ਅਤੇ ਦ੍ਰਿੜਤਾ ਨਾਲ ਕੰਮ ਕਰਦਿਆਂ ਵੇਖਨਾਂ ਚਾਹੇਗੀ। ਪਿਛਲੇ ਕੁੱਝ ਵਰ੍ਹਿਆਂ ਪਹਿਲੇ ਜੋ ‘ਸੁਧਾਰ ਲਹਿਰ’ ਚੱਲੀ ਸੀ ਉਸ ਵਿਚ ਇਕ ਬਹੁਤ ਵੱਡਾ ‘ਠਰੱਮਾਂ’ ਯਾਂ ‘ਗੈਪ’ ਆ ਗਇਆ ਸੀ। ਉਸ ਦੇ ਕਈ ਕਾਰਣ ਸਨ ਜਿਨਾਂ ਦਾ ਜਿਕਰ ਦਾਸ ਇਥੇ ਸੰਖੇਪ ਵਿਚ ਕਰਨਾ ਜਰੂਰੀ ਸਮਝਦਾ ਹੈ। ਸਾਡੇ ਕੋਲੋਂ ਜੋ ਕਮੀਆਂ ਪਹਿਲਾਂ ਰਹਿ ਗਈਆਂ, ਸਾਨੂੰ ਚਾਹੀਦਾ ਹੈ ਕੇ ਉਨਾਂ ਕਮੀਆਂ ਨੂੰ ਦੋਬਾਰਾ ਦੋਹਰਾ ਕੇ ਇਸ ਜੱਥੇਬੰਦੀ (ਜਿਸ ਤੋਂ ਕੌਮ ਨੂੰ ਬਹੁਤ ਆਸ ਬੱਝੀ ਹੈ) ਦੀ ਕਾਮਯਾਬੀ ਵਿਚ ਕੋਈ ਕਸਰ ਨਾਂ ਰਹਿ ਜਾਵੇ।

ਗਿਆਨੀ ਭਾਗ ਸਿੰਘ ਜੀ ਅੰਬਾਲਾ ਨੇ ‘ਦਸਮ ਗ੍ਰੰਥ ਨਿਰਣੈ” ਕਿਤਾਬ ਰਾਹੀ ਪੰਥ ਨੂੰ ਦਸਮ ਗ੍ਰੰਥ ਨਾਮ ਦੀ ‘ਕੂੜ ਕਿਤਾਬ’ ਦੇ ‘ਜਹਿਰ’ ਤੋਂ ਬਚਾਉਣ ਲਈ ਇਕ ਬਹੁਤ ਵੱਡੇ ਇਨਕਲਾਬ ਵੱਲ ਮੋੜਨ ਦਾ ਜੋ ਕਦਮ ਚੁਕਿਆ, ਉਸ ਨੂੰ ਗਿਆਨੀ ਸੰਤ ਸਿੰਘ ਮਸਕੀਨ ਵਰਗੇ ‘ਪੰਥ ਰਤਨ’ ਨੇ ਅਕਾਲ ਤੱਖਤ ਦੇ ਉਸ ਵੇਲੇ ਦੇ ਪੁਜਾਰੀ, ਨਾਲ ਮਿਲ ਕੇ ਉਨਾਂ ਨੂੰ ਪੰਥ ਤੋਂ ਬਾਹਰ ਕਡਵ੍ਹਾ ਕੇ ਹੀ ਸਾਹ ਲਿਆ, ਬਾਵਜੂਦ ਇਸਦੇ ਕੇ ਅਕਾਲ ਤੱਖਤ ਵਲੋਂ ਥਾਪੀ ਗਈ ਇਕ ਦੋ ਮੈਂਬਰੀ ਕਮੇਟੀ (ਜਿਸ ਵਿਚ ਪਿੰ੍ਰਸੀਪਲ ਸ. ਸਤਬੀਰ ਸਿੰਘ ਵੀ ਸ਼ਾਮਿਲ ਸਨ) ਨੇ ਅਪਨੀ ਰਿਪੋਰਟ ਵਿਚ ਉਨਾਂ ਨੂੰ ਇਸ ‘ਚਾਰਜ’ ਤੋਂ ਪੂਰੀ ਤਰ੍ਹਾਂ ਬਰੀ ਵੀ ਕਰ ਦਿਤਾ ਸੀ। 85 ਵਰ੍ਹੇ ਦਾ ਉਹ ਬਜੁਰਗ ਵਿਦਵਾਨ, ਕੌਮ ਪਾਸੋਂ ਕੀਤੇ ਗਏ ਵਰਤਾਰੇ ਦੀ ‘ਟੀਸ’ ਤੇ ‘ਦਰਦ’ ਲੈ ਕੇ ਇਸ ਸੰਸਾਰ ਤੋਂ ਕੂਚ ਕਰ ਗਇਆ।

ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਸ. ਜੋਗਿੰਦਰ ਸਿੰਘ, ਸੰਪਾਦਕ ਸਪੋਕਸਮੈਨ ਨੇ ਜਦੋਂ ਕੌਮ ਦੀਆਂ ਜੜਾਂ ਵਿਚ ਤੇਲ ਪਾ ਰਹੇ ‘ਬ੍ਰਾਹਮਣਵਾਦ’ ਤੇ ‘ਪੁਜਾਰੀਵਾਦ’ ਦੇ ਖਿਲਾਫ ਜੰਗ ਛੇੜੀ ਉਸ ਵੇਲੇ ਉਨਾਂ ਦਾ ਕਿਸੇ ਧੜੇ ਬੰਦੀ ਨੇ ਖੁੱਲਾ ਸਾਥ ਨਾ ਦਿੱਤਾ।ਬਲਕੇ ਉਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਰਿਹਾ ਤੇ ਸਾਰੀ ਕੌਮ ਹੀ ਉਨਾਂ ਨੂੰ ਇਕ ‘ਖਲਨਾਇਕ’ ਦੇ ਰੂਪ ਵਿਚ ਵੇਖਣ ਲਗੀ। ਕੌਮ ਦੇ ਇਸ ਰਵਈਏ ਤੋਂ ਹਤਾਸ਼ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਪਨੀ ਵਡੇਰੀ ਉਮਰ ਦੇ ਨਾਲ ‘ਮੌਨ’ ਹੋ ਕੇ ਰਹਿ ਗਏ।

ਜੋਗਿੰਦਰ ਸਿੰਘ, ਸਪੋਕਸਮੈਨ ਨੇ ਜੰਗ ਜਾਰੀ ਰੱਖੀ ਲੇਕਿਨ ਬਹੁਤ ਸਾਰੀਆਂ ਮੁਸੀਬਤਾਂ ਨੂੰ ਇਕੱਲੇ ਝੇਲਦੇ ਰਹੇ ਤੇ ਕਿਸੇ ਦਾ ਖੁਲਾ ਸਮਰਥਨ ਨਾ ਮਿਲਣ ਕਰ ਕੇ ਉਨਾਂ ਨੇ ‘ਪੁਜਾਰੀ ਵਾਦ” ਦੀ ਲੜਾਈ ਨੂੰ ਅਪਣੀ ‘ਨਿਜੀ ਲੜਾਈ” ਬਣਾ ਕੇ ਲੜਨ ਲਗ ਪਏ। ਇਹ ਕੰਮ ਵੀ ਕੌਮ ਨੂੰ ਰਾਸ ਨਹੀਂ ਆਇਆ। ਕਿਸੇ ਦਾ ਸਾਥ ਨਾ ਮਿਲਣ ਕਰਕੇ, ਉਨਾਂ ਦਾ ਸੁਭਾਵ ਹੀ ‘ਇਕੱਲਾ’ ਚਲਣ ਵਾਲਾ ਬਣ ਗਇਆ ਤੇ ਉਨਾਂ ਦੇ ਵਿੱਚ ਇੱਕ ‘ਡਿਕਟੇਟਰ’ ਕਿਰਦਾਰ ਨੇ ਜਨਮ ਲੈ ਲਿਆ, ਜੋ ਇਸ ਲਹਿਰ ਨੂੰ ਤਹਸ ਨਹਸ ਕਰ ਗਇਆ। ਜੱਦ ਕੇ ਉਨਾਂ ਦੇ ਇਸ ‘ਸੁਭਾਵ’ ਨੂੰ ਬਨਾਉਣ ਵਿਚ ਪੂਰੀ ਕੌਮ ਹੀ ਜਿੰਮੇਦਾਰ ਹੈ, ਜਿਸ ਨੇ ਉਨਾਂ ਦੇ ਮੁਸ਼ਕਿਲਾਂ ਭਰੇ ਦਿਨਾਂ ਵਿੱਚ ਉਨਾਂ ਦਾ ਸਾਥ ਨਹੀਂ ਦਿਤਾ। ਹੁਣ ਚਾਹ ਕੇ ਵੀ ਉਹ ਅਪਣੇ ਇਸ ‘ਕਿਰਦਾਰ’ ਤੋਂ ਬਾਹਰ ਨਹੀਂ ਨਿਕਲ ਸਕਦੇ।

ਪ੍ਰੋਫੈਸਰ ਦਰਸ਼ਨ ਸਿੰਘ ਨੇ ਇਸ ‘ਕੂੜ ਕਿਤਾਬ’ ਦੇ ਜਹਿਰ, ਪੁਜਾਰੀਵਾਦ ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਬਹਾਲੀ ਲਈ ਜੇ ਪ੍ਰਚਾਰ ਦੀ ਵਾਗਡੋਰ ਸੰਭਾਲੀ, ਤੇ ਅਕਾਲ ਤਖਤ ਤੇ ਕਾਬਿਜ ‘ਕੇਸ਼ਾ ਧਾਰੀ ਬ੍ਰਰਾਹਮਣਾਂ ਦੀ ਜੁੰਡਲੀ’ ਨੇ ਉਨਾਂ ਨੂੰ ਪੰਥ ‘ਚੋਂ ਛੇਕ ਦਿਤਾ। ਉਨਾਂ ਦੇ ਨਾਲ ਵਿਦਵਾਨਾਂ ਤੇ ਪੰਥ ਦਰਦੀਆਂ ਦਾ ਇੱਕ ਬਹੁਤ ਵਡਾ ਵਰਗ ਆ ਕੇ ਖੜਾ ਹੋ ਗਇਆ। ਪੂਰੀ ਦੁਨੀਆਂ ਵਿਚ ਥਾਂ ਥਾਂ ਤੇ ਇਨਾਂ ਪੁਜਾਰੀਆਂ ਦੇ ਪੁਤਲੇ ਸਾੜੇ ਗਏ। ਪ੍ਰੋਫੇਸਰ ਸਾਹਿਬ ਦੇ ਥਾਂ ਥਾਂ ਤੇ ਕੀਰਤਨ ਕਰਵਾ ਕੇ ਤੇ ‘ਰੋਟੀ’ ਦੀ ਸਾਂਝ ਕਰਕੇ ਉਸ ਸੱਚ ਨਾਲ ਚਲਣ ਵਾਲੇ ਵਰਗ ਨੇ ‘ਬ੍ਰਾਹਮਣਵਾਦੀ ਸਰਕਾਰੀ ਪੁਜਾਰੀਆਂ’ ਦੇ ਮੂੰਹ ਤੇ ਕਰਾਰੀਆਂ ਚਪੇੜਾਂ ਮਾਰੀਆਂ। ਪੰਥਿਕ ਵੇਬ ਸਾਈਟਾਂ ਤੇ ਸਪੋਕਸਮੈਨ ਅਖਬਾਰ ਨੇ ਵੀ ਇਸ ਦੇ ਪ੍ਰਚਾਰ ਵਿਚ ਬਹੁਤ ਵਡਾ ਰੋਲ ਨਿਭਾਇਆ (ਭਾਂਵੇ ਬਾਅਦ ਵਿਚ ਅਪਣਾ ਕੱਦ ਛੋਟਾ ਹੋ ਜਾਣ ਦੇ ਡਰ ਕਾਰਣ ਇਹ ਅਖਬਾਰ ਬਦਲ ਗਇਆ ਤੇ ਪ੍ਰੋਫੈਸਰ ਸਾਹਿਬ ਦੇ ਬਾਰੇ ਹੀ ਗਲਤ ਖਬਰਾਂ ਛਾਪਣ ਤੇ ਉਤਰ ਆਇਆ)। ਇਸ ਪ੍ਰਚਾਰ ਨੇ ਇਕ ਬਹੁਤ ਵੱਡੀ ਲਹਿਰ ਦਾ ਸੰਚਾਰ ਕਰ ਦਿਤਾ ਸੀ। ਬ੍ਰਾਹਮਣਾਂ ਦੇ ਹੱਥ ਠੋਕੇ ਸਰਕਾਰੀ ਪੁਜਾਰੀਆਂ ਨੂੰ ਗੱਸ਼ ਪੈਣ ਲਗ ਪਏ। ਲੇਕਿਨ ਅਚਾਨਕ ਇੱਕ ਮੋੜ ਆਇਆ ਕੇ ਕੋਮ ਦੇ ‘ਮੋਹਤਬਰਾਂ’ ਨੇ ਅਪਣਾ ਉਹ ਪੁਰਾਣਾ ਰਵੈਇਆ ਫੇਰ ਅਖਤਿਆਰ ਕਰ ਲਿਆ ਤੇ ਇਸ ‘ਸੁਧਾਰ ਲਹਿਰ’ ਨੂੰ ਢਾਹ ਲਗਣੀ ਸ਼ੁਰੂ ਹੋ ਗਈ।

ਇਸ ‘ਸੁਧਾਰ ਲਹਿਰ’ ਨੂੰ ਸਬਤੋਂ ਵਡੀ ਢਾਹ ਲਾਉਣ ਵਾਲੇ ਸਨ ‘ਸਰਨਾ ਬ੍ਰਦਰਸ’ ਜੋ ਇਹ ਭੁਲ ਗਏ ਸਨ ਕੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਪ੍ਰਚਾਰ ਦੀ ਬਦੌਲਤ ਹੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੋ ‘ਅਕਾਲੀਆਂ’ ਦਾ ਡੇਰਾ ਡੰਡਾ ਚੁਕਿਆ ਗਇਆ ਸੀ । ਇਹ ਦੋਵੇਂ ਭਰਾ ਇਸ ਗੱਦੀ ਦੇ ਹਕਦਾਰ ਵੀ ਉਸ ਪ੍ਰਚਾਰ ਕਰਕੇ ਹੀ ਬਣ ਗਏ ਸਨ। ਇਨ੍ਹਾਂ ਦੋਹਾਂ ਭਰਾਵਾਂ ਨੇ ਅਪਣੀ ਕੁਰਸੀ ਬਚਾਉਣ ਲਈ ਤੇ ਪੁਜਾਰੀਆਂ ਦੇ ‘ਕੂੜ ਨਾਮਿਆਂ’ ਤੋ ਡਰਦੇ, ਪ੍ਰੋਫੈਸਰ ਸਾਹਿਬ ਦੇ ਪਹਿਲਾਂ ਤੋਂ ਮਿੱਥੇ ਕੀਰਤਨ ਪ੍ਰੋਗ੍ਰਾਮਾਂ ਨੂੰ ਰੱਦ ਕਰ ਦਿਤਾ, ‘ਤੇ ਨਵੇਂ ਕੀਰਤਨ ਪ੍ਰੋਗ੍ਰਾਮਾਂ ਤੋਂ ਇਨਕਾਰ ਕਰ ਦਿਤਾ।

ਇਸ ਦਾ ਸਿਰਫ ਇਕ ਕਾਰਣ ਸੀ ਕੇ ਅਕਾਲ ਤਖਤ ਤੇ ਕਾਬਿਜ ਮਸੰਦਾਂ ਨਾਲ ਸਰਨਾਂ ਭਰਾਵਾਂ ਦੀ ਕੋਈ ਗੁਪਤ ‘ਡੀਲ਼’ ਹੋ ਗਈ ਸੀ। ਇਸ ਗਲ ਦਾ ਸ਼ਕ ਇਸ ਕਰਕੇ ਵੀ ਪੁਖਤਾ ਹੋ ਜਾਂਦਾ ਹੈ ਕੇ ਅਕਾਲ ਤੱਖਤ ਤੋ ਕਈ ਨੋਟਿਸ ਇਨਾਂ ਭਰਾਵਾਂ ਨੂੰ ਆਏ, ਲੇਕਿਨ ਕਾਰਵਾਈ ਇੱਕ ‘ਤੇ ਵੀ ਨਹੀਂ ਕੀਤੀ ਗਈ। ਇਸ ‘ਸੁਧਾਰ ਲਹਿਰ’ ਨੂੰ ਸਭ ਤੋਂ ਵਡਾ ਝਟਕਾ ਉਸ ਵੇਲੇ ਲਗਾ, ਜਦੋਂ ਸਰਨਾਂ ਭਰਾਵਾਂ ਨੇ ‘ਇਕ ਕਨਵੈਨਸ਼ਨ’ ਬੁਲਾਈ ਜਿਸ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਜੋ ਇਸ ਮੌਜੂਦਾ ਲਹਿਰ ਦੇ ਮੋਢੀ ਸਨ ਉਨਾਂ ਦਾ ਨਾਮ ਨਦਾਰਦ ਸੀ। ਇਸ ਕੰਨਵੈਨਸ਼ਨ ਦੇ ‘ਫਲਾਪ’ ਹੋਣ ਦਾ ਇਕ ਬਹੁਤ ਵਡਾ ਕਾਰਣ ਵੀ ਇਸ ਵਿਚ ਪ੍ਰੋਫੈਸਰ ਦਰਸ਼ਨ ਸਿੰਘ ਦੀ ਸ਼ਮੂਲੀਅਤ ਦਾ ਨਾ ਹੋਣਾ ਹੀ ਸੀ। ਸਰਨਾ ਭਰਾਵਾਂ ਨੇ ‘ਦਸਮ ਗ੍ਰੰਥ’ ਦੇ ਮੁੱਦੇ ਤੋ ਪਾਸਾ ਵੱਟ ਲਿਆ ਸੀ ਕਿਉਂਕਿ ਅਕਾਲ ਤਖਤ ਦੇ ਪੁਜਾਰੀਆਂ ਨਾਲ ਹੋਈ ‘ਡੀਲ’ ਦੀ ਮੁੱਖ ਸ਼ਰਤ ਵੀ ਸ਼ਾਇਦ ਇਹ ਹੀ ਰਹੀ ਹੋਵੇਗੀ। ਇਕ ਪਾਸੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਸਟੇਜ ਪ੍ਰੋਫੈਸਰ ਦਰਸ਼ਨ ਸਿੰਘ ਲਈ ‘ਬੈਨ’ ਸਨ ਦੂਜੇ ਪਾਸੇ ਮਨਪ੍ਰੀਤ ਸਿੰਘ ਕਾਨਪੁਰੀ ਉਨਾਂ ਸਟੇਜਾਂ ਤੇ ‘ਕਾਲ ਤੂ ਹੀ ਕਾਲੀ ਤੂਹੀ’ ਤੇ ‘ਮਹਾਕਾਲ ਤੇ ਕਾਲਕਾ ਦੀ ਉਸਤਤਿ’ ਕਰਦਾ ਇਸ ਕੱਚੀ ਬਾਣੀ ਦਾ ਰਾਗ ਅਲਾਪ ਰਿਹਾ ਸੀ।

ਪ੍ਰੋਫੈਸਰ ਦਰਸ਼ਨ ਸਿੰਘ ਦਾ ਦੰਮ ਭਰਨ ਵਾਲੀਆਂ ਕੁਝ ਧਿਰਾਂ ਜੋ ਪ੍ਰੋਫੈਸਰ ਸਾਹਿਬ ਦੀ ਹਰ ਮੀਟਿੰਗ ਵਿਚ ਸ਼ਾਮਲ ਹੋ ਕੇ ਵਡੀਆਂ ਵਡੀਆਂ ਗੱਲਾਂ ਕਰਦੀਆਂ ਸਨ, ਇਕ ਇਕ ਕਰ ਕੇ ਭਜਣ ਲਗੀਆਂ। ਜਿਨਾਂ ਵਿਚੋਂ ਸਭ ਤੋਂ ਪਹਿਲਾ ਨਾਮ ਗਿਆਨੀ ਜਗਤਾਰ ਸਿੰਘ ਜਾਚਕ ਤੇ ਦੂਜਾ ਨਾਮ ਜਸਜੀਤ ਸਿੰਘ ਟੋਨੀ ਦਾ ਹੈ। ਦਸਮ ਗ੍ਰੰਥ ਨੂੰ ਸਭ ਤੋਂ ਵਡਾ ਦੁਸ਼ਮਣ ਮਨਣ ਵਾਲੇ ਪਹਿਲਵਾਨ ‘ਸਿਆਸਤ’ ਦੇ ਅਖਾੜੈ ਵਿਚ ਆ ਡਟੇ। ਇਸ ਤੋਂ ਪਹਿਲਾਂ ‘ਸਿੱਖ ਪਾਰਲੀਆਮੇਂਟ’ ਜਥੇਬੰਦੀ ਵੇਲੇ ਹਰਜਿੰਦਰ ਸਿੰਘ ਦਿਲਗੀਰ ਅਤੇ ਗਿਆਨੀ ਹਰਿੰਦਰ ਸਿੰਘ ਅਲਵਰ ਵਰਗੇ ਕਈ ਲੋਕ ਉਨਾਂ ਨੂੰ ਪਿਠ ਦਿਖਾ ਚੁਕੇ ਸਨ।

ਕੁਝ ਪੰਥਕ ਧਿਰਾਂ, ਪ੍ਰੋਫੈਸਰ ਸਾਹਿਬ ਨੂੰ ‘ਨਿਤਨੇਮ ਦੀਆਂ ਬਾਣੀਆਂ’ ਅਤੇ ‘ਰਹਿਤ ਮਰਿਆਦਾ’ ਤੇ ਖੁੱਲ ਕੇ ਸਟੇਂਡ ਨਾ ਲੈਣ ਦੇ ਮੁੱਦੇ ਤੇ ਸਾਥ ਛੱਡ ਗਈਆਂ। ਜਦਕੇ ਉਨਾਂ ਅਪਣਾ ਸਟੇਂਡ ਸਪਸ਼ਟ ਕਰ ਦਿਤਾ ਸੀ ਕੇ ਪਹਿਲਾਂ ‘ਇਕਠ’ ਕਰੋ ਫੇਰ ਫੈਸਲੇ ਲਵੋ। ਬਿਨਾਂ ਇਕੱਠ ਦੇ ਕਿਸੇ ‘ਨਤੀਜੇ ਦੀ ਉੱਮੀਦ ਕਰਨਾਂ ਇਨਾਂ ਸੌਖਾ ਨਹੀ ਹੁੰਦਾ।‘ਇਕੱਠ’ ਦਾ ਕੀਤਾ ਫੈਸਲਾ ਹੀ ਕੌਮ ਨੂੰ ਸਵੀਕਾਰ ਹੂੰਦਾ ਹੈ। ਜੋ ਫੈਸਲੇ ਸਭ ਨੂੰ ਮੰਜ਼ੂਰ ਹੋਣਗੇ ਉਹ ਸਭ ਤੇ ਲਾਗੂ ਹੋਣਗੇ ਤੇ ਉਹ ਮੇਰੇ ਤੇ ਵੀ ਲਾਗੂ ਹੋਣਗੇ। ਕਿਸੇ ਇਕ ਬੰਦੇ ਦੇ ਮਨਣ ਯਾਂ ਨਾਂ ਮਨਣ ਨਾਲ ਉਹ ‘ਨਿਯਮ’ ਪੂਰੀ ਕੌਮ ਤੇ ਲਾਗੂ ਨਹੀਂ ਹੋ ਸਕਦਾ। ਲੇਕਿਨ ਸਾਰੇ ਹੀ ਲੀਡਰ ਸਨ, ਸਾਰੇ ਹੀ ਵਿਦਵਾਨ ਸਨ, ਕੋਈ ਉਨਾਂ ਦੀ ਗਲ ਨੂੰ ਕਿਵੇ ਮੰਨ ਲੈਂਦਾ। ਉਨਾਂ ਨੂੰ ਵਸਦਾ ਹੋਇਆਂ ਪਿੰਡ ਚਾਹੀਦਾ ਸੀ, ਭਾਵੇ ਉਸ ਪਿੰਡ ਲਈ ਹਲੀ ਕੌਮ ਦੇ ਕੋਲ ਜਮੀਨ ਹੀ ਤੈਆਰ ਨਹੀਂ ਸੀ।

ਕੁੱਝ ਲੋਕਾਂ ਨੂੰ ਇਹ ਕਹਿਂਦਿਆਂ ਸੁਣੀਦਾ ਹੈ ਕੇ ਪ੍ਰੋਫੈਸਰ ਸਾਹਿਬ ਵਿੱਚ ਇਹ ਜਾਗਰੂਕਤਾ ਪੰਜ ਛੇ ਸਾਲਾਂ ਤੋਂ ਹੀ ਕਿਉਂ ਜਾਗੀ ਉਹ ਪਹਿਲਾਂ ਕਿਉਂ ਨਹੀਂ ਬੋਲੇ। ਇਹ ਬਹੁਤ ਹੀ ਤੁੱਛ ਬੁੱਧੀ ਵਾਲਿਆਂ ਦੀ ਸੋਚ ਹੈ ਯਾਂ ਉਨਾਂ ਦੀ ਸ਼ਖਸੀਅਤ ਦੀ ਮਹਾਨਤਾ ਤੋ ਅਨਜਾਣ ਲੋਕਾਂ ਦੀ ਸੋਚ ਹੈ। 1984 ਵਿਚ ਇਕ ਸਾਲ ਤੋਂ ਵਧ ਜੇਲ ਦੇ ਤਸੀਹੇ ਸਹਿਣ ਤੋਂ ਬਾਦ ਵੀ ਉਹ ਬ੍ਰਾਹਮਣਵਾਦ ਤੇ ਆਰ. ਐਸ. ਐਸ ਦੀ ਖੋਟੀ ਨੀਯਤ ਬਾਰੇ ਕੌਮ ਨੂੰ ਸੁਚੇਤ ਕਰਦੇ ਰਹੇ। ਆਰ. ਐਸ .ਐਸ. ਦੇ ਹੱਥ ਠੋਕੇ ਅਕਾਲ ਤਖਤ ਦੇ ਸਾਬਕਾ ਅਖੌਤੀ ਪੁਜਾਰੀ ਪੂਰਨ ਸਿੰਘ (ਜੋ ਨਾਨਕ ਸ਼ਾਹੀ ਕੈਲੰਡਰ ਦਾ ਜਾਨੀ ਦੁਸ਼ਮਣ ਸੀ) ਦਾ ਕਈ ਵਾਰ ਨਾਮ ਲਿਆ। ਚਮਨ ਲਾਲ ਰਾਗੀ ਦੀਆਂ ਬ੍ਰਾਹਮਣਵਾਦੀ ਹਰਕਤਾਂ ਤੋਂ 15-20 ਸਾਲ ਪਹਿਲਾਂ ਹੀ ਅਵਗਤ ਕਰਵਾ ਦਿਤਾ। ਕਿਸੇ ਵੀਰ ਨੂੰ ਸਬੂਤ ਚਾਹੀਦਾ ਹੋਵੇ ਤੇ ਉਨਾਂ ਦੀਆਂ ਉਹ ਸੀਡੀਆਂ ਦਾਸ ਕੋਲ ਮੌਜੂਦ ਹਨ। ਪ੍ਰੋਫੈਸਰ ਕੋਈ ਬਰਸਾਤੀ ਖੂੰਬਾ ਵਾਂਗ ਉਗਿਆ ਆਗੂ ਨਹੀਂ। ਉਹ ਸ਼ੁਰੂ ਤੋਂ ਹੀ ਕੌਮ ਦੇ ਭਲੇ ਲਈ ਕੰਮ ਕਰਦਾ ਆਇਆ ਹੈ। ਜੋ ਵੀ ਵਿਸ਼ਾ ਕੌਮ ਲਈ ਖਤਰਾ ਬਣ ਕੇ ਆਇਆ ਉਸ ਲਈ ਨਿਡਰ ਤੇ ਬੇਧੱੜਕ ਹੋ ਕੇ ਉਹ ਬੰਦਾ ਅੱਗੇ ਹੋ ਕੇ ਲੜਿਆ। ਖੁਸ਼ਾਮਦ ਤੇ ਚਾਪਲੂਸੀ ਉਸ ਬੰਦੇ ਦੀ ਫਿਤਰਤ ਵਿੱਚ ਹੀ ਨਹੀਂ ਹੈ।

ਪ੍ਰੋਫੇਸਰ ਸਾਹਿਬ ‘ਸਿੱਖ ਪਾਰਲੀਆਮੇਂਟ’ ਤੋਂ ਲੈ ਕੇ ਅੱਜ ਤਕ ਤੱਤ ਗੁਰਮਤਿ ਦੇ ਸਿਧਾਂਤ ਤੇ ਚਲਣ ਵਾਲੇ ਉਨਾਂ ਪੰਥ ਦਰਦੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਬਹੁਤ ਅਫਸੋਸ ਹੋਇਆ ਜਦੋਂ ‘ਇਨਕਲਾਬ ਕੌਂਸਿਲ’ ਦੇ ਇਸ ਇਕੱਠ ਵਿਚ ਵੀ ਉਸ ਮਹਾਨ ਅਤੇ ਨਿਡਰ ਪ੍ਰਚਾਰਕ ਦਾ ਨਾਮ ਨਦਾਰਦ ਪਾਇਆ। ਪੂਰੀ ਖਬਰ ਵਿਚ ਇਸ ਮੌਜੂਦਾ ਸੁਧਾਰ ਲਹਿਰ ਦੇ ‘ਹੀਰੋ’ ਦਾ ਨਾਮ ਨਿਸ਼ਾਨ ਤਕ ਨਹੀਂ ਸੀ।
ਕੀ ਪ੍ਰੋਫੇਸਰ ਸਾਹਿਬ ਇਕ ‘ਪੰਥ ਦਰਦੀ ਸਿੱਖ’ ਨਹੀਂ? ਜਾਂ ਉਨਾਂ ਕੋਈ ਪੰਥ ਵਿਰੋਧੀ ਕੰਮ ਕੀਤਾ ਹੈ? ਜੋ ਉਨਾਂ ਨੂੰ ਨਾਲ ਲੈ ਕੇ ਚਲਣ ਵਿਚ ਸਾਨੂੰ ਪਰਹੇਜ ਹੈ। ਹਾਂ ! ਇਕ ਗਲ ਸਾਫ ਤੌਰ ਤੇ ਸ੍ਹਾਮਣੇ ਆਉਂਦੀ ਹੈ ਕੇ ਜੇ ਉਨਾਂ ਨੂੰ ਨਾਲ ਲੈ ਕੇ ਅਸੀ ਚਲੀਏ ਤੇ ਸਾਡਾਂ ਕਦ ਤੇ ਰੁਤਬਾ ਜਰੂਰ ਨੀਵਾਂ ਹੋ ਜਾਂਦਾ ਹੈ, ਜੋ ਕਿਸੇ ਵੀ ਲੀਡਰ ਨੂੰ ਮੰਜੂਰ ਨਹੀ ਹੁੰਦਾ। ਉਨਾਂ ਨੂੰ ਜਥੇਦਾਰ ਦੇ ਰੂਪ ਵਿਚ ਸਵੀਕਾਰ ਕਰਨ ਵਿਚ ਉਹ ਹੀ ਲੋਕ ਇਨਕਾਰੀ ਹਨ ਜੋ ਆਪ ਕਿਸੇ ਪਦਵੀ ਦੀ ਇੱਛਾ ਅਪਣੇ ਮਨ ਵਿਚ ਰਖਦੇ ਹਨ। ਲੇਕਿਨ ਇਹ ਵੀ ਕੌੜਾ ਸੱਚ ਹੈ ਕੇ ਮੌਜੂਦਾ ਸਮੇਂ ਵਿੱਚ ਉਨਾਂ ਦੇ ਬਰਾਬਰ ਕੋਈ ਵੀ ਦੂਜਾ ਪੰਥਿਕ ਆਗੂ ਸਾਡੇ ਕੋਲ ਹੈ ਹੀ ਨਹੀਂ। ਜੇ ਕੋਈ ਵੀ ਜੱਥੇਬੰਦੀ, ਕਿਸੇ ਸੁਧਾਰ ਲਹਿਰ ਲਈ ਅਗੇ ਆਂਉਦੀ ਹੈ ਤੇ ਉਹ ੳਨਾਂ ਨੂੰ ‘ਇਗਨੋਰ’ ਕਰ ਕੇ ਆਪਣੇ ‘ਸੁਹਿਰਦ’ ਹੋਣ ਦਾ ਦਾਅਵਾ ਨਹੀਂ ਕਰ ਸਕਦੀ।

ਹੁਣ ਤਾਂ ਕੁਝ ਵਿਦਵਾਨ ਸਾਨੂੰ ਮੂੰਹ ਤੇ ਇਹ ਵੀ ਕਹਿਣ ਲਗ ਪਏ ਹਨ ਕੇ ‘..ਤੁਸਾਂ ਪ੍ਰੋਫੈਸਰ ਸਾਹਿਬ ਦੇ ਸਮਰਥਕ ਹੋਣ ਦੀ ਮੁਹਰ ਅਪਣੇ ਮੱਥੇ ਤੇ ਲਗਵਾ ਲਈ ਹੈ ਅਸੀਂ ਇਹ ਮੋਹਰ ਨਹੀਂ ਲਗਵਾ ਸਕਦੇ…’। (ਕਿਉਂਕੇ ਉਹ ਕਿਸੇ ਵੀ ਧਿਰ ਦੀ ਨਾਰਾਜ਼ਗੀ ਦੇ ਸ਼ਿਕਾਰ ਹੋਣ ਤੋਂ ਡਰਦੇ ਹਨ)। ਅਸੀਂ ਉਨਾਂ ਵੀਰਾਂ ਨੂੰ ਬੜੀ ਨਿਮ੍ਰਤਾ ਨਾਲ ਇਹ ਬੇਨਤੀ ਕਰਦੇ ਹਾਂ ਕੇ ਅਸੀ ‘ਸੱਚ’ ਦੇ ਸਮਰਥਕ ਹਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਹੀਂ। ਅਸੀਂ ਪ੍ਰੋਫੇਸਰ ਸਾਹਿਬ ਦੇ ਅੰਦਰ ਵੱਸ ਰਹੇ ‘ਪੰਥ ਦਰਦ’ਅਤੇ ਉਨਾਂ ਦੁਆਰਾ ਕੀਤੇ ਗਏ ਪੰਥ ਹਿਤੂ ਕੰਮਾ ਲਈ ਉਨਾਂ ਦੇ ਸਮਰਥਕ ਹਾਂ। ਜੇ ਕੋਈ ਹੋਰ ਬੰਦਾ ਵੀ ‘ਸੱਚ ਦੇ ਮਾਰਗ’ ਤੇ ਚਲੇਗਾ ਜਿਸ ਤਰ੍ਹਾਂ ਉਹ ਚਲ ਰਹੇ ਹਨ, ਅਸੀਂ ਉਸ ਦਾ ‘ਸਮਰਥਨ’ ਵੀ ਉਸੇ ਤਰ੍ਹਾਂ ਕਰਾਂਗੇ ਤੇ ਉਸ ਦੇ ਮਗਰ ਤੁਰ ਪਵਾਂਗੇ। ਅਸੀਂ ਮਗਰ ਤੁਰਨ ਵਾਲਿਆਂ ਵਿਚੋਂ ਹਾਂ, ਅਗੇ ਲਗਣ ਵਾਲਿਆ ਵਿਚੋਂ ਨਹੀਂ। ਝੂਠ ਦਾ ਵਿਰੋਧ ਕਰਨਾਂ ਤੇ ‘ਸੱਚ’ ਦਾ ਅਖੀਰਲੇ ਸਾਹ ਤਕ ਸਾਥ ਦੇਣਾ, ਇਹ ਹੀ ਗੁਰੂ ਗ੍ਰੰਥ ਸਾਹਿਬ ਨੇ ਅਪਣੇ ਸਿੱਖ ਨੂੰ ਸਿਖਾਇਆ ਹੈ। ਸਾਡਾ ਟੀਚਾ ਸਿਰਫ ਤੇ ਸਿਰਫ ‘ਸੱਚ’ ਅਤੇ ‘ਸੱਚੇ’ ਦੀ ਗੱਲ ਕਰਨਾਂ ਹੈ। ਕਿਸੇ ਵਿਅਕਤੀ ਦੀ ਨਹੀਂ।

ਦਾਸ ਨੂੰ ਖਾਲਸਾ ਨਿਊਜ਼ ਦੇ ਸੰਪਾਦਕੀ ਬੋਰਡ ਦੀਆਂ ਇੱਕ ਲੇਖ ਵਿੱਚ ਲਿੱਖੀਆਂ ਕੁੱਝ ਲਾਈਨਾਂ ਬਿਲਕੁਲ ਸਟੀਕ ਤੇ ਸਾਰਥਕ ਲਗਦੀਆਂ ਹਨ-

ਸਾਡੀ ਹਾਲਤ ਦੇਖੋ, ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲਿਆਂ ਦੀ, ਕਿਸੇ ਦੀ ਸੁਰ ਆਪਸ 'ਚ ਨਹੀਂ ਰਲ਼ਦੀ। ਹਰ ਕੋਈ ਆਪਣੀ ਡਫਲੀ ਵਜਾ ਰਿਹਾ ਹੈ। ਕੋਈ ਕਹਿੰਦਾ ਹੈ ਪੂਰਾ ਦਸਮ ਗ੍ਰੰਥ ਖਾਰਿਜ, ਕੋਈ ਕਹਿੰਦਾ ਥੋੜੇ ਭਾਗ ਨੂੰ ਛੱਡ ਕੇ ਬਾਕੀ ਖਾਰਜ, ਕੋਈ ਸਿੱਖ ਰਹਿਤ ਮਰਿਆਦਾ ਨਹੀਂ ਮੰਨਦਾ, ਕੋਈ ਮੰਨਦਾ ਹੈ, ਕੋਈ ਅਰਦਾਸ ਨੂੰ ਮੰਨਦਾ ਹੈ, ਕੋਈ ਨਹੀਂ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗਲਤੀਆਂ ਲੱਭ ਰਿਹਾ ਹੈ, ਕੋਈ ... ਕਿਸ ਪਾਸੇ ਹੈ ਏਕਤਾ, ਤੱਤ ਗੁਰਮਤਿ ਪ੍ਰਚਾਰ ਕਰਨ ਵਾਲਿਆਂ ਵਿੱਚ ਜਾਂ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਵਿੱਚ ?

ਅਸੀਂ ਕੋਈ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੀ ਤਰਫਦਾਰੀ ਨਹੀਂ ਕਰ ਰਹੇ, ਨਾ ਹੀ ਖਾਲਸਾ ਨਿਊਜ਼ ਦੀ ਟੀਮ ਅਖੌਤੀ ਦਸਮ ਗ੍ਰੰਥ ਨੂੰ ਮੰਨਦੀ ਹੈ, ਪਰ ਦਸਮ ਗ੍ਰੰਥੀਆਂ ਦੇ ਏਕੇ ਦੀ ਦਾਦ ਦਿੰਦੀ ਹੈ। ਕਾਸ਼ ਇਹ ਏਕਾ, ਸਾਡੇ ਵਿੱਚ ਵੀ ਆਵੇ, ਲੱਤਾਂ ਖਿਚਣੀਆਂ ਛੱਡ ਕੇ, ਇੱਕ ਦੂਜੇ ਨੂੰ ਨਾਲ ਮਿਲਾ ਕੇ ਇੱਕ ਕਾਫਿਲਾ ਬਣੀਏ।" (ਖਾਲਸਾ ਨਿਊਜ਼)

ਦਾਸ ‘ਇਨਕਲਾਬ ਕੌਂਸਿਲ’ ਜੱਥੇਬੰਦੀ ਦੀ ਕਾਮਯਾਬੀ ਲਈ ਇਨ੍ਹਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਦੇਂਦਾ ਹੈ। ਲੇਕਿਨ ਨਾਲ ਹੀ ਨਾਲ ਇਹ ਬੇਨਤੀ ਕਰਦਾ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਵਰਗੇ ‘ਪੰਥ ਰਤਨ’ ਜੋ ਕਿਸੇ ਸਨਮਾਨ ਅਤੇ ਪਦਵੀ ਦੇ ਮੋਹਤਾਜ ਨਹੀਂ ਹਨ, ਕੌਮ ਦਾ ਇੱਕ ਬਹੁਤ ਵਡਾ ਵਰਗ ਉਨਾਂ ਦਾ ਅਥਾਹ ਸਨਮਾਨ ਕਰਦਾ ਹੈ, ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ। ਇਸ ਨਾਲ ਇਸ ਜੱਥੇਬੰਦੀ ਦੀ ਕਾਮਯਾਬੀ ਤੇ ਟੀਚਿਆਂ ਦੀ ਪ੍ਰਾਪਤੀ ਹੋਰ ਵੀ ਸੁਖੱਲੀ ਹੋ ਸਕੇਗੀ। ਦਾਸ ਬਹੁਤ ਕੁੱਝ ਵਾਧੂ ਲਿਖ ਗਇਆ ਹੋਵੇਗਾ। ਇਸ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਯਾਂ ਸਮਰਥਨ ਕਰਨਾਂ ਬਿਲਕੁਲ ਨਹੀ ਹੈ। ‘ਸੱਚ’ ਦੀ ਗਲ ਕਰਦਿਆਂ ਦਾਸ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਖਿਮਾਂ ਕਰਨਾਂ ਜੀ।

- ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top