Main News Page

ਰਾਗਮਾਲਾ ਦਾ ਰਾਮਰੌਲਾ

- ਸਰਵਜੀਤ ਸਿੰਘ ਸੈਕਰਾਮੈਂਟੋ

ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਉੱਪਰ ਦਰਜ ਉਹ ਰਚਨਾ ਹੈ, ਜਿਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਨਾਂ ਹੀ ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਮੇਲ ਖਾਂਦੇ ਹਨ। ਇਸ ਰਚਨਾ ਸਬੰਧੀ ਵਾਦ-ਵਿਵਾਦ ਅਕਸਰ ਹੀ ਚਲਦਾ ਰਹਿੰਦਾ ਹੈ। ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ `ਚ ਸ਼ਾਮਿਲ ਹੈ ਜਾਂ ਨਹੀਂ, ਸਿੱਖ ਜਗਤ ਅੰਦਰ ਇਹ ਬੜਾ ਪੁਰਾਣਾ ਵਿਵਾਦ ਵਾਲਾ ਮੁੱਦਾ ਹੈ। ਇਸ ਵਿਵਾਦ ਦੀ ਪੈੜ 1718 `ਚ ਲਿਖੀ ਗਈ ਗੁਰਬਿਲਾਸ ਪਾ. 6 ਵੀਂ ਤੱਕ ਜਾ ਪੁਜਦੀ ਹੈ। ਸਿੱਖ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੇ ਇਸ ਮਸਲੇ ਨੂੰ ਖੁੱਲ੍ਹਾ ਹੀ ਛੱਡਿਆ ਹੋਇਆ ਹੈ। ਅੱਜ ਇਹ ਵਾਦ-ਵਿਵਾਦ ਫੇਰ ਉੱਭਰ ਕੇ ਸਾਡੇ ਸਾਹਮਣੇ ਆਇਆ ਹੈ ਜਿਸ ਦਾ ਕਾਰਨ ਹੈ ਗਿਆਨੀ ਇਕਬਾਲ ਸਿੰਘ ਜੀ ਦਾ ਬਿਆਨ, ਜਿਸ ਵਿੱਚ ਉਨ੍ਹਾਂ ਇਥੋਂ ਤਾਂਈ ਆਖ ਦਿੱਤਾ ਹੈ, “ਜਿਨ੍ਹਾਂ ਗੁਰੂਦੁਆਰਿਆਂ ਵਿੱਚ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣਗੇ ਰਾਗਮਾਲਾ ਦੇ ਹਮਾਇਤੀ ਇਸ ਨੂੰ ਰਾਗਾਂ ਦਾ ਤੱਤਕਰਾ ਦੱਸਦੇ ਹਨ ਅਤੇ ਵਿਰੋਧੀ ਕਵੀ ਆਲਮ ਦੀ, ਸ਼ਿੰਗਾਰ-ਰਸ ਦੀ ਰਚਨਾ। ਜੇ ਭਾਈ ਵੀਰ ਸਿੰਘ ਜੀ 1917 ਵਿੱਚ ਰਾਤੋ-ਰਾਤ ਆਪਣੇ ਵਿਚਾਰ ਨਾਂ ਬਦਲਦੇ ਤਾਂ ਇਹ ਮਸਲਾ ਕਦੋਂ ਦਾ ਹੀ ਮੁੱਕ ਚੁੱਕਾ ਹੁੰਦਾ। ਅਜੇਹੀ ਹੀ ਪਲਟੀ ਭਾਈ ਜੋਧ ਸਿੰਘ ਜੀ ਨੇ 1945 ਵਿੱਚ ਮਾਰੀ ਸੀ। ਆਓ ਰਾਗਮਾਲਾ ਦੀ ਅਸਲੀਅਤ ਬਾਰੇ ਵਿਚਾਰ ਸਾਂਝੇ ਕਰੀਏ-

ਗਉੜੀ ਮਹਲਾ 5 ॥ ਜਿਸੁ ਸਿਮਰਤ ਦੂਖੁ ਸਭੁ ਜਾਇ॥ ਨਾਮੁ ਰਤਨੁ ਵਸੈ ਮਨਿ ਆਇ ॥1॥ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥ ਸਾਧੂ ਜਨ ਰਾਮੁ ਰਸਨ ਵਖਾਣੀ॥1॥ਰਹਾਉ॥ ਇਕਸੁ ਬਿਨੁ ਨਾਹੀ ਦੂਜਾ ਕੋਇ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ॥2 ਸਾਜਨੁ ਮੀਤੁ ਸਖਾ ਕਰਿ ਏਕੁ॥ ਹਰਿ ਹਰਿ ਅਖਰ ਮਨ ਮਹਿ ਲੇਖੁ॥3 ਰਵਿ ਰਹਿਆ ਸਰਬਤ ਸੁਆਮੀ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥462131

ਗੁਰੂ ਅਰਜਨ ਸਾਹਿਬ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਵਾਉਣ ਵੇਲੇ ਸ਼ਬਦਾ ਦੀ ਗਿਣਤੀ ਦਾ ਇਕ ਐਸਾ ਵਿਗਿਆਨਕ ਢੰਗ ਵਰਤਿਆ ਗਿਆ ਸੀ ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮਿਲਾਵਟ ਕਰਨੀ ਅਸੰਭਵ ਹੋ ਗਈ। ਉਪ੍ਰੋਕਤ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਵੇਖੋ, ਇਸ ਦੇ ਅਖੀਰ ਵਿਚ ਕੁਝ ਗਿਣਤੀਆਂ ਲਿਖੀਆਂ ਹੋਈਆ ਹਨ ਸਭ ਤੋਂ ਪਹਿਲਾਂ ਅੰਕ 4 ਹੈ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਵਿੱਚ 4 ਪਦੇ ਹਨ। ਦੂਜਾ ਅੰਕ 62 ਹੈ, ਜਿਸ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿੱਚ ਹੁਣ ਤੱਕ 62 ਸ਼ਬਦ ਉਚਾਰੇ ਹਨ ਅਤੇ ਆਖਰੀ ਗਿਣਤੀ ਹੈ 131, ਇਸ ਦਾ ਭਾਵ ਹੈ ਕਿ ਹੁਣ ਤੱਕ ਗੁਰੂ ਨਾਨਕ ਸਾਹਿਬ ਜੀ ਤੋ ਲੈਕੇ ਜਿਸ ਵੀ ਗੁਰੂ ਸਾਹਿਬ ਜੀ ਨੇ ਗਾਉੜੀ ਰਾਗ ਵਿੱਚ ਸ਼ਬਦ ਉਚਾਰੇ ਹਨ ਉਨ੍ਹਾਂ ਸਾਰੇ ਸ਼ਬਦਾਂ ਦੀ ਗਿਣਤੀ 131 ਹੈ। ਇਹ ਹੀ ਕਾਰਨ ਹੈ ਕਿ ਜੋ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੀ ਗਈ ਹੈ ਉਹ ਸੱਭ ਤੋਂ ਅਖੀਰ ਵਿੱਚ ਹੀ ਕੀਤੀ ਗਈ ਹੈ-ਉਹ ਹੈ ਰਾਗ ਮਾਲਾ।

ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ॥ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥ ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ 1 ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ 1 ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥ ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ 1 ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ 1 ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥ ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ 1 ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ 1 ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ 1 ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ 1 ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥ ਅਸਟ ਪੁਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ 1 ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ 1 ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥1॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ 11

ਉਪ੍ਰੋਕਤ ਪੰਗਤੀਆਂ ਨੂੰ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਹਰ ਵਾਰੀ ਅੰਕ 1 ਹੀ ਹੈ ਜਦੋਂ ਕਿ 1 ਤੋਂ ਪਿੱਛੋਂ 2, 3, ਅਤੇ 4 ਆਦਿ ਹੋਣੇ ਚਾਹੀਦੇ ਸਨ। ਸਿਰਲੇਖ ਵੀ ਰਾਗਮਾਲਾਹੀ ਹੈ, ਸਲੋਕ ਮਹਲਾ ਪਹਿਲਾ, ਦੂਜਾ ਜਾਂ ਤੀਜਾ ਆਦਿ ਨਹੀਂ ਹੈ, ਜਿਸ ਤੋਂ ਇਹ ਨਿਰਨਾ ਕੀਤਾ ਜਾ ਸੱਕੇ ਕਿ ਇਹ ਕਿਸ ਗੁਰੂ ਸਾਹਿਬ ਜਾਂ ਸਤਿਕਾਰ ਯੋਗ ਭਗਤ ਜੀ ਦੀ ਲਿਖੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੇਠ-ਲਿਖੇ 31 ਰਾਗਾਂ ਵਿਚ ਦਰਜ ਹੈ-

ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਰਾੜੀ,ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ,ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ। ਇਹ ਸਾਰੇ ਰਾਗ ਹੀ ਹਨ। ਇਹਨਾ ਦੇ ਵਿੱਚ ਕੋਈ ਪਤਨੀ ਜਾਂ ਪੁੱਤਰਨਹੀਂ ਹੈ। ਪਰ ਰਾਗਮਾਲਾ ਵਿਚ ਹੇਠ ਲਿੱਖੇ 6 ਹੀ ਰਾਗ ਹਨ ਅਤੇ ਬਾਕੀ ਉਨ੍ਹਾਂ ਦੀਆ ਪਤਨੀਆਂ ਅਤੇ ਪ੍ਰਵਾਰ।

  1. ਰਾਗ ਭੈਰਉ: ਰਾਗ ਦੀਆਂ ਪੰਜ ਰਾਗਣੀਆਂਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ।
    ਰਾਗ ਦੇ ਅੱਠ ਪੁੱਤਰਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ,
    ਬਿਲਾਵਲ।

  2. ਰਾਗ ਮਾਲਕਉਸਕ: ਰਾਗ ਦੀਆਂ ਪੰਜ ਰਾਗਣੀਆਂਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ ।
    ਰਾਗ ਦੇ ਅੱਠ ਪੁੱਤਰਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।

  3. ਰਾਗ ਹਿੰਡੋਲ: ਰਾਗ ਦੀਆਂ ਪੰਜ ਰਾਗਣੀਆਂਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ।
    ਰਾਗ ਦੇ ਅੱਠ ਪੁੱਤਰਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।

  4. ਰਾਗ ਦੀਪਕ: ਰਾਗ ਦੀਆਂ ਪੰਜ ਰਾਗਣੀਆਂਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ।
    ਰਾਗ ਦੇ ਅੱਠ ਪੁੱਤਰ:ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਹਾਨਾ।

  5. ਰਾਗ ਸਿਰੀਰਾਗ: ਰਾਗ ਦੀਆਂ ਪੰਜ ਰਾਗਣੀਆਂ:ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।
    ਰਾਗ ਦੇ ਅੱਠ ਪੁੱਤਰਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।

  6. ਰਾਗ ਮੇਘ: ਰਾਗ ਦੀਆਂ ਪੰਜ ਰਾਗਣੀਆਂ:ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।

ਰਾਗ ਦੇ ਅੱਠ ਪੁੱਤਰਾਂਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ। ( ਰਾਗ ਗੋਂਡ, ਸਿਰੀਰਾਗ ਦਾ ਤਾਂ ਪੁੱਤਰ ਹੈ ਅਤੇ ਮੇਘ ਰਾਗ ਦੀ ਪਤਨੀ) ਕੁਲ ਰਾਗ: 6, ਕੁਲ ਰਾਗਣੀਆਂ 30, ਕੁਲ ਪੁੱਤਰ 48, ਕੁਲ ਜੋੜ 6+30+48= 84। ਉੱਤਰੀ ਭਾਰਤ ਵਿੱਚ ਇਹ ਗਿਣਤੀ 108 ਹੈ। (ਮੁਦੰਵਣੀ, ਪੰਨਾ 145) ਇੱਕ ਹੋਰ ਰਾਗਮਾਲਾ ਵਿੱਚ ਇੰਝ ਗਿਣਤੀ 148 ਵੀ ਆਈ ਹੈ। (ਰਾਗਮਾਲਾ ਪੜਚੋਲ ਪੰਨਾ 35)

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਵਿੱਚੋਂ ਹੇਠ ਲਿੱਖੇ 9 ਰਾਗਮਾਲਾ ਵਿੱਚ ਨਹੀਂ ਹਨ। ਮਾਝ, ਬਿਹਾਗੜਾ, ਵਡਹੰਸ, ਜੈਤਸਰੀ ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ। ਰਾਗ ਆਸਾ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਨੂੰ ਰਾਗਮਾਲ `ਚ ਰਾਗ ਮੇਘ ਦੀ ਪਤਨੀ ਲਿਖਿਆ ਗਿਆ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਰਾਗਮਾਲਾ ਵਿੱਚ ਆਏ ਪ੍ਰਮੁੱਖ 6 ਰਾਗਾਂ, ‘ਖਸਟ ਰਾਗ ਉਨਿ ਗਾਏ ਵਿੱਚੋਂ ਅੱਧੇ ਭਾਵ 3 ਰਾਗ, ਮਾਲਕਉਂਸਕ, ਦੀਪਕ ਅਤੇ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ। ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇਂ ਮੰਨੀਏ? ਗੁਰਬਾਣੀ ਦਾ ਫੁਰਮਾਨ ਹੈ, "ਰਾਗਾਂ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥" ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ , ‘ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ। ਪਰ ਰਾਗ ਮਾਲਾ ਵਿੱਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, ‘ਪ੍ਰਥਮ ਰਾਗ ਭੈਰਉ ਵੈ ਕਰਹੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਹਰ ਰਚਨਾ ਦੇ ਅਰੰਭ ਵਿਚ ਚਉਪਦੇ, ਤਿਪਦੇ, ਦੋਹਰਾ ਸਲੋਕ ਅਤੇ ਛੰਤ ਆਦਿ ਸਿਰਲੇਖ ਦਿਤੇ ਗਏ ਹਨ ਪਰ ਜੋ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਵਿੱਚ ਅਜੇਹਾ ਨਹੀਂ ਹੈ ਜਦੋਂ ਕਿ ਅਸਲ ਲਿਖਤ ਵਿੱਚਜਿਥੋਂ ਇਹ ਰਾਗਮਾਲ ਆਈ ਹੈ `ਚ ਦਰਜ ਹਨ। ਪਾਠਕਾਂ ਦੀ ਜਾਣਕਾਰੀ ਵਾਸਤੇ ਹਾਜਰ ਹੈ ਆਲਮ ਦੀ ਅਸਲ ਲਿਖਤ ਵਿੱਚ ਦਰਜ, ‘ਰਾਗਮਾਲਾ

ਚੌਪਈ॥ ਰਾਗ ਏਕ ਸੰਗਿ ਪੰਚ ਬਰੰਗਨ॥ ਸੰਗਿ ਅਲਾਪਹਿ ਆਠਉ ਨੰਦਨ ਪ੍ਰਥਮ ਰਾਗ ਭੈਰਉ ਵੈ ਕਰਹੀ॥ ਪੰਚ ਰਾਗਨੀ ਸੰਗਿ ਉਚਰਹੀ॥ ਪ੍ਰਥਮ ਭੈਰਵੀ ਬਿਲਾਵਲੀ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ॥ ਬੰਗਾਲਮ ਮਧੁ ਮਾਧਵ ਗਾਵਹਿ॥  ਦੋਹਰਾ॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ 34

ਚੌਪਈ॥ ਦੁਤੀਆ ਮਾਲਕਉਸਕ ਆਲਾਪਹਿ॥ ਸੰਗਿ ਰਾਗਨੀ ਪਾਚਉ ਥਾਪਹਿ॥ ਗੋਂਡਕਰੀ ਅਰੁ ਦੇਵਗੰਧਾਰੀ॥ ਗੰਧਾਰੀ ਸੀਹੁਤੀ ਉਚਾਰੀ॥ ਧਨਾਸਰੀ ਏ ਪਾਚਉ ਗਾਈ॥ ਮਾਲ ਰਾਗ ਕਉਸਕ ਸੰਗਿ ਲਾਈ॥ ਮਾਰੂ, ਮਸਤਅੰਗ, ਮੇਵਾਰਾ॥ ਪ੍ਰਬਲਚੰਡ, ਕਉਸਕ, ਉਭਾਰਾ॥ ਖਉਖਟ, ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥ ਦੋਹਰਾ॥ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ॥ ਉਠਹਿਤਾਨ ਕਲੋਲ, ਗਾਇਨ ਤਾਰ ਮਿਲਾਵਹੀ 35 ਚੋਪਈ॥ ਤੇਲੰਗੀ ਦੇਵਕਰੀ ਆਈ॥ ਬਸੰਤੀ ਸੰਦੂਰ ਸੁਹਾਈ॥ ਸਰਸ ਅਹੀਰੀ ਲੈ ਭਾਰਜਾ॥ ਸੰਗਿ ਲਾਈ ਪਾਂਚਉ ਆਰਜਾ॥ ਸੁਰਮਾਨੰਦ, ਭਾਸਕਰ ਆਏ॥ ਚੰਦ੍ਰਬਿੰਬ, ਮੰਗਲਨ ਸੁਹਾਏ॥ ਸਰਸਬਾਨ, ਅਉ ਆਹਿ ਬਿਨੋਦਾ॥ ਗਾਵਹਿ ਸਰਸ ਬਸੰਤ ਕਮੋਦਾ॥ ਅਸਟ ਪੁਤ੍ਰ ਮੈ ਕਹੇ ਸਵਾਰੀ॥ ਪੁਨਿ ਆਈ ਦੀਪਕ ਕੀ ਬਾਰੀ॥ ਦੋਹਰਾ॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ 36 ਚੌਪਈ॥ ਕਾਲੰਕਾ, ਕੁੰਤਲ, ਅਉ ਰਾਮਾ॥ ਕਮਲਕੁਸਮ, ਚੰਪਕ ਕੇ ਨਾਮਾ॥ ਗਉਰਾ ਅਉ ਕਾਨਰਾ ਕਲ੍ਹਾਨਾ॥ ਅਸਟ ਪੁਤ੍ਰ ਦੀਪਕ ਕੇ ਜਾਨਾ॥ ਸਭ ਮਿਲਿ ਸਿਰੀਰਾਗ ਵੈ ਗਾਵਹਿ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਬੈਰਾਰੀ ਕਰਨਾਟੀ ਧਰੀ॥ ਗਵਰੀ ਗਾਵਹਿ ਆਸਾਵਰੀ॥ ਤਿਹ ਪਾਛੈ ਸਿੰਧਵੀ ਅਲਾਪੀ॥ ਸਿਰੀਰਾਗ ਸਿਉ ਪਾਂਚਉ ਥਾਪੀ॥ ਦੋਹਰਾ॥ ਕਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ॥ ਅਸਟ ਪਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ 37 ਚੋਪਈ॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਸੋਰਠਿ ਗੋਂਡ ਮਲਾਰੀ ਧੁਨੀ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ਊਚੈ ਸੁਰਿ ਸੂਹਉ ਪੁਨਿ ਕੀਨੀ॥ ਮੇਘ ਰਾਗ ਸਿਉ ਪਾਂਚਉ ਚੀਨੀ ਬੈਰਾਧਰ, ਗਜਧਰ, ਕੇਦਾਰਾ॥ ਜਬਲੀਧਰ, ਨਟ ਅਉ ਜਲਧਾਰਾ॥ ਪੁਨਿ ਗਾਵਹਿ ਸੰਕਰ ਅਉ ਸਿਆਮਾ॥ ਮੇਘ ਰਾਗ ਪੁਤ੍ਰਨ ਕੇ ਨਾਮਾ॥ ਦੋਹਰਾ॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ38 (ਰਾਗਮਾਲਾ ਨਿਰਣਯ, ਪੰਨਾ 47) ਪਾਠਕ ਧਿਆਣ ਦੇਣ, ਇਸ ਅਸਲ ਲਿਖਤ ਵਿੱਚ ਹਰ ਛੰਦ ਦਾ ਅੰਕ ਬਦਲ ਜਾਂਦਾ ਹੈ ਜਿਵੇਂ 34, 35, 36, 37 ਅਤੇ 38 ਆਦਿ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਬਾਣੀ ਦਰਜ ਕਰਨ ਦੀ ਤਰਤੀਬ ਹੈ ਉਸ ਅਨੁਸਾਰ ਸਭ ਤੋ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਅੱਗੇ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨੌਵਾਂ ਅਤੇ ਉੱਸ ਤੋ ਅੱਗੇ ਭਗਤਾਂ ਦੀ ਬਾਣੀ ਦਰਜ ਹੈ। ਸਭ ਤੋ ਅਖੀਰ ਵਿਚ, ‘ਸਲੋਕ ਵਾਰਾਂ ਤੇ ਵਧੀਕ ਵੀ ਇਸੇ ਹੀ ਤਰਤੀਬ ਨਾਲ ਦਰਜ ਹਨ ਅਤੇ ਸਭ ਤੋਂ ਅਖੀਰ ਵਿੱਚ ਗੁਰੁ ਅਰਜਨ ਸਾਹਿਬ ਜੀ ਵਲੋਂ ਉਚਾਰਨ ਕੀਤੀ ਗਈ ਮੁੰਦਾਵਣੀ ਅਤੇ ਸ਼ੁਕਰਾਨੇ ਦਾ ਸਲੋਕ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ। ਦਰਜ ਹੈ। ਮੁੰਦਾਵਣੀ ਦੇ ਅਰਥ ਭਾਵ ਹੈ, ਮੁੰਦਣਾ, ਬੰਦ ਕਰਨਾ, ਬਸ ਕਰਨੀ, ਮੋਹਰ ਲਾੳਣੀ, ਹੱਦ ਬੰਨ੍ਹਣੀ, ਆਦਿ। ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਜਦੋ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤਾਂ ਉਹਨਾਂ ਨੇ ਵੀ ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੀ।

 "ਮੁੰਦਾਵਣੀ, ਸਰਪੋਸ ਕੋ ਕਹਿਤੇ ਹੈਂ ਜੈਸੇ ਥਾਲ ਮੇਂ ਪ੍ਰਸਾਦ ਰਖ ਕਰ ਊਪਰ ਸੇ ਉਸਕੋ ਸਰਪੋਸ ਸੇ ਮੂੰਦ ਦੇਤੇ ਹੈਂ ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥" (ਫਰੀਦਕੋਟੀ ਟੀਕਾ)

"ਸਾਰੀ ਬਾਣੀ ਲਿਖਾ ਕੇ ਗੁਰੂ ਜੀ ਨੇ ਅੰਤ ਨੂੰ ਮੁੰਦਾਵਣੀਉੱਤੇ ਭੋਗ ਪਾ ਦਿੱਤਾ, ਕਿਉਕਿ ਮੁੰਦਾਵਣੀਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿੱਚ ਮੋਹਰ ਲਾ ਕੇ ਮੁੰਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਝ ਨਹੀ…"(ਗਿਆਨੀ ਗਿਆਨ ਸਿੰਘ, ‘ਤਵਾਰੀਖ ਗੁਰੁ ਖਾਲਸਾ’)

"ਮੁੰਦਾਵਣੀ: ਇਹ ਮੋਹਰ ਛਾਪ ਪੰਜਵੀ ਪਾਤਸ਼ਾਹੀ ਨੇ ਕੀਤੀ ਸੀ। ਜੈਸੇ ਪਾਤਸ਼ਾਹ ਆਪਨੀ ਥੈਲੀ ਨੂੰ ਕਰਤਾ ਹੈ ਫੇਰ ਕਿਸੀ ਕਾ ਭੈ ਖੋਲਨੇ ਕਾ ਨਹੀਂ ਕਰਤਾ। ਤੈਸੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥੈਲੀ ਹੈ ਹੀਰੋ ਜੁਵਾਹਰਾਤ ਸੇ ਪੂਰਨ ਹੈ ਤਿਸਕੇ ਉਪਰ ਮੋਹਰ ਛਾਪ ਲਗਾਈ ਹੈ।" (ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ) ਭਾਵ, ਮੁੰਦਾਵਣੀ ਦੇ ਭਾਵ ਅਰਥਾਂ ਵਾਰੇ ਕਿਤੇ ਵੀ ਕੋਈ ਮੱਤ-ਭੇਦ ਨਹੀ ਹਨ।

ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾਵਿੱਚ ਰਾਗਮਾਲਾ ਬਾਰੇ, ਪੰਨਾ 18 ਉੱਪਰ ਇਹ ਦਰਜ ਹੈ-ਭੋਗ (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ `ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਸਿੱਖ ਰਹਿਤ ਮਰਯਾਦਾ ਵਿਚ ਰਾਗਮਾਲਾ ਨੂੰ ਪੜ੍ਹਨ ਜਾਂ ਛੱਡਣਾ ਨਿੱਜੀ ਚੋਣ ਉਪਰ ਛੱਡਿਆ ਗਿਆ ਹੈ। ਸਪੱਸ਼ਟ ਹੈ ਕਿ ਪੰਥ ਨੇ ਹੋਰ ਸਮੱਸਿਆਵਾਂ ਵਾਂਗ ਇਸ ਸਮੱਸਿਆ ਬਾਰੇ ਵੀ ਟਾਲ-ਮਟੋਲ ਦੀ ਨੀਤੀ ਧਾਰਨ ਕੀਤੀ ਹੋਈ ਹੈ। ਕੌਮੀ ਮਸਲੇ ਹਿੰਮਤ ਅਤੇ ਇੱਛਾ-ਸ਼ਕਤੀ ਨਾਲ ਨਜਿੱਠੇ ਜਾਣੇ ਚਾਹੀਦੇ ਹਨ। ਰਹਿਤ ਮਰਯਾਦਾ ਦੇ ਮੁਢਲੇ ਖਰੜੇ ਵਿੱਚ ਰਾਗਮਾਲਾ ਬਾਰੇ ਢਿੱਲੜ ਵਿਚਾਰ  ਨਹੀਂ ਦਿੱਤੇ ਗਏ ਸਨ। (ਦੇਖੋ ਅੰਤਿਕਾ ਯ) ਇਹ ਢਿੱਲ੍ਹ ਪੰਥਕ ਪ੍ਰਬੰਧ ਉੱਪਰ ਸਿਆਸੀ ਲੋਕਾਂ ਦੀ ਮਜਬੂਤ ਪਕੜ ਦਾ ਸਿੱਟਾ ਹੈ, ਜੋ ਸਭ ਨੂੰ ਖੁਸ਼ ਕਰਨਾ ਲੋਚਦੇ ਹਨ। ਸਾਨੂੰ ਸਪੱਸ਼ਟ ਹੋ ਕੇ ਰਾਗਮਾਲਾ ਦਾ ਤਿਆਗ ਕਰਨ ਦੀ ਹਿੰਮਤ ਜੁਟਾਉਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਮੁੰਦਾਵਣੀ ਉੱਪਰ ਹੀ ਪਾਏ ਜਾਣ ਦੀ ਠੀਕ ਮਰਯਾਦਾ ਚੱਲ ਰਹੀ ਹੈ। ਹਰ ਥਾਂ ਇਸੇ ਮਰਯਾਦਾ ਦਾ ਅਨੁਸਰਣ ਹੋਣਾ ਚਾਹੀਦਾ ਹੈ। ਡਾ. ਗੁਰਸ਼ਰਨਜੀਤ ਸਿੰਘ, ਗੁਰਮਤਿ ਨਿਰਣਯ ਕੋਸ਼ ਪੰਨਾ 166)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾਂ ਕਰੇ) (ਅੰਤਿਕਾ ਗੁਰਮਤ ਨਿਰਣਯ ਕੋਸ਼ ਪੰਨਾ 213) ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਸਬ ਕਮੇਟੀ ਦੀ ਕਾਰਵਾਈ ਵਿੱਚੋਂ, ਮਤਾ ਨੰ: 5 ਰਾਗਮਾਲਾ ਅਤੇ ਭੋਗ: ਪਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਅਤੇ ਰਾਗਮਾਲਾ ਤੇ ਨਹੀਂ ਪੜਨੀ ਚਾਹੀਦੀ। (ਹਵਾਲਾ: ਪੰਥਕ ਮਤੇ ਸੰਪਾਦਕ, ਡਾ:ਕਿਰਪਾਲ ਸਿੰਘ, ਪੰਨਾ 34)

ਸਰਦਾਰ ਅਮਰ ਸਿੰਘ ਜੀ (ਸ਼ੇਰਿ ਪੰਜਾਬ) ਵਲੋਂ ਰਾਗਮਾਲਾ ਬਾਰੇ ਇਹ ਪਤਾ ਪੇਸ਼ ਕੀਤਾ ਗਿਆ, ਜਿਸ ਸੰਬੰਧੀ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸੰਨ 1936 ਈ. ਵਿਚ ਧਾਰਮਿਕ ਸਲਾਹਕਾਰ ਕਮੇਟੀ ਨੇ ਫ਼ੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਵੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਗ ਮਾਲਾ ਨੂੰ ਕੱਢਣ ਦਾ ਹੀਆ ਕੋਈ ਨਾ ਕਰੇ। ਇਸ ਫੈਸਲੇ ਤੇ ਕਿਸੇ ਥਾਂ ਅਮਲ ਹੋਇਆ ਅਤੇ ਕਿਸੇ ਥਾਂ ਨਹੀਂ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਚ ਉਦੋਂ ਤੋਂ ਹੀ ਭੋਗ ਮੁੰਦਾਵਣੀ ਤੇ ਪਾਇਆ ਜਾਂਦਾ ਹੈ, ਜਦੋਂ ਤੋਂ ਕਿ ਇਹ ਪਵਿੱਤ੍ਰ ਅਸਥਾਨ ਮੁੜ ਪੰਥਕ ਪ੍ਰਬੰਧ ਵਿਚ ਆਏ ਹਨ। ਪਿਛੋ ਗਿਆਨੀ ਕਰਤਾਰ ਸਿੰਘ ਦੀ ਤਜਵੀਜ਼ ਤੇ ਜਥੇਦਾਰ ਊਧਮ ਸਿੰਘ ਦੀ ਤਾੲਦਿ ਨਾਲ ਸਰਬ-ਸੰਮਤੀ ਹੋਣ ਤੇ ਪਾਸ ਹੋਇਆ ਕਿ ਜਦ ਤਕ ਧਾਰਮਿਕ ਸਲਾਹਕਾਰ ਕਮੇਟੀ  ਰਾਗਮਾਲਾ ਬਾਰੇ ਕੋਈ ਫੈਸਲਾ ਨਾ ਕਰੇ, ਤਦ ਤਕ ਪੰਥ ਵਿਚ ਵੱਖੋ ਵੱਖ ਥਾਵੀਂ ਉਨ੍ਹਾਂ ਦਾ ਉਹੋ ਪੁਰਾਣਾ ਬੰਧੇਜ ਹੀ ਕਾਇਮ ਰਹੇ ਤੇ ਉਸ ਵਿਚ ਕੋਈ ਤਬਦੀਲੀ ਨਾ ਕੀਤੀ ਜਾਵੇ। (26 ਅਕਤੂਬਰ 1945, ਸ੍ਰੋਮਣੀ ਗੁ: ਪ੍ਰ: ਕਮੇਟੀ ਦਾ ਪੰਜਾਹ ਸਾਲਾ ਇਤਿਹਾਸ, ਪੰਨਾ 228)

ਰਾਗਮਾਲਾ ਸ੍ਰੀ ਗੁਰੂ ਕੀ ਕ੍ਰਿਤ ਨਹਿ, ਹੈ ਮੁੰਦਾਵਣੀ ਲਗਿ ਗੁਰ ਬੈਨ। ਇਸ ਮਹਿ ਨਹਿ ਸੰਸੇ ਕੁਝ ਕਰੀਅਹਿ, ਜੇ ਸੰਸੇ ਅਵਲੋਕਹੁ ਨੈਨ। ਮਾਧਵਾਨਲ ਆਲਮ ਕਵਿ ਕੀਨਸਿ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ। ਰਾਗ ਰਾਗਨੀ ਨਾਮ ਗਿਣੇ ਤਹਿ, ਯਾ ਤੇ ਸ੍ਰੀ ਅਰਜਨ ਕ੍ਰਿਤ ਹੈ ਨ। (40) (ਗੁਰ ਪ੍ਰਤਾਪ ਸੂਰਜ ਰਾਸਿ 3 ਅੰਸੂ 48)

ਕਵੀ ਸੰਤੋਖ ਸਿੰਘ ਦੀ ਮੌਤ 1844 ਵਿੱਚ ਹੋਈ ਸੀ ਇਸ ਦਾ ਮਤਲਵ ਸਾਫ਼ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਵੀ ਰਾਗ ਮਾਲਾ ਨੂੰ ਗੁਰਬਾਣੀ ਨਹੀਂ ਸੀ ਮੰਨਿਆ ਜਾਂਦਾ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਕਵੀ ਸੰਤੋਖ ਸਿੰਘ ਗਿਆਨੀ ਸੰਤ ਸਿੰਘ ਦਾ ਚੇਲਾ ਸੀ, ਜਿਹੜਾ ਹਰਿਮੰਦਰ ਸਾਹਿਬ ਦਾ ਹੈਡ ਗ੍ਰੰਥੀ ਸੀ। ਇਸ ਤੋਂ ਸਪਸ਼ਟ ਹੈ ਕਿ ਰਾਗਮਾਲਾ ਘੱਟੋ-ਘੱਟ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕ ਹਰਿਮੰਦਰ ਸਾਹਿਬ ਵਿੱਚ ਨਹੀਂ ਸੀ ਪੜ੍ਹੀ ਜਾਂਦੀ, ਨਹੀਂ ਤਾਂ ਹੈਢ ਗ੍ਰੰਥੀ ਦਾ ਸਭ ਤੋਂ ਵੱਡਾ ਚੇਲਾ ਰਾਗਮਾਲਾ ਨੂੰ ਰੱਦ ਨਹੀਂ ਸੀ ਕਰ ਸਕਦਾ। (ਖਸ਼ਟ ਰਾਗ ਕਿਨ ਗਾਏ, ਪੰਨਾ 6) ਇੱਥੇ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਉਹ ਇਹ ਕਿ ਗਿਆਨੀ ਸੰਤ ਸਿੰਘ ਜੀ ਉਹੀ ਹਨ ਜਿਸ ਨੂੰ ਅੱਜ ਦਮਦਮੀ ਟਕਸਾਲ ਆਪਣਾ ਪੰਜਵਾਂ ਮੁਖੀ ਆਖਦੀ ਹੈ।

ਰਾਗਮਾਲਾ ਦੇ ਹਮਾਇਤੀ ਵਿਦਵਾਨਾਂ ਦੇ ਵਿਚਾਰ-"ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦਾ; ਪਰੰਤੂ, ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ ਰਾਗਮਾਲਾਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ ਰਾਗਮਾਲਾਹੈ ਇਸੇ ਬਾਣੀ ਦੀ।" (ਡਾ: ਚਰਨ ਸਿੰਘ ਜੀ, ਬਾਣੀ ਬੇਉਰਾ)

ਗੁਰ ਬਿਲਾਸ ਪਾਤਸ਼ਾਹੀ 6 ਵਿੱਚ ਹੋਰ ਬੇਅੰਤ ਗੁਰਮਿਤ ਵਿਰੋਧੀ ਸਾਖੀਆਂ ਸਮੇਤ ਰਾਗਮਾਲਾ ਬਾਰੇ ਵੀ ਇਹ ਦਰਜ ਹੈ-ਰਾਗਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖਖਾਨ। ਰਾਗਮਾਲ ਤਬ ਹੀ ਲਿਖੀ ਭੋਗ ਤਾਹਿ ਪਰਿ ਠਾਨ॥654॥ ਮ੍ਰਿਤੁ ਪਾਛੇ ਇਹ ਰੀਤਿ ਕਰਾਵੋ। ਗੁਰੂ ਗ੍ਰਿੰਥ ਕਾ ਪਾਠ ਧਰਾਵੋ। ਪਾਵੋ ਭੋਗ ਰਾਗਮਾਲਾ ਪੜ੍ਹਿ। ਛਿਨ ਮਹਿ ਪਾਪ ਜਾਹਿ ਤਿਨ ਕੇ ਸੜ॥697॥ ਕੜਾਹ ਪ੍ਰਸਾਦ ਤਿਹ ਨਿਮਿਤ ਦਿਵਾਵੈ । ਨਰਕ ਦੁਆਰ ਤਿਸ ਨਹਿ ਦ੍ਰਿਸਟਾਵੇ। ਪਾਛੇ ਮ੍ਰਿਤਕ ਐਸ ਬਿਧਿ ਕਰੋ। ਜੀਵਤ ਜਤਨ ਐਸ ਬਿਧਿ ਧਰੋ॥698॥ ਧਾਰਿ ਪ੍ਰੇਮ ਗੁਰ ਗ੍ਰਿੰਥ ਕਾ ਪਾਠ ਕਰੈ ਮੁਨ ਲਾਇ। ਰਾਗਮਾਲ ਪੜ੍ਹਿ ਪ੍ਰੇਮ ਸੋਂ ਭੋਗ ਜਪੁ ਜੀ ਤੇ ਪਾਇ॥699॥(ਗੁਰ ਬਿਲਾਸ ਪਾਤਸ਼ਾਹੀ 6 ਅਧਿਆਇ ਚੌਥਾ, ਸੰਪਾਦਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ) ਇਸ ਦੇ ਉਲਟ ਗੁਰ ਬਿਲਾਸ ਪਾਤਸ਼ਾਹੀ 6 ਦਾ ਲਿਖਾਰੀ ਖੁਦ ਹੀ, ਇਸੇ ਅਧਿਆਏ `ਚ ਲਿਖਦਾ ਹੈ: ਛਾਡਿ ਮਨ ਹਰਿ ਬਿਮੁਖਨ ਕੋ ਸੰਗੁਸਬਦੁ ਲਿਖਿ ਲੀਨੁ।ਮੀਰਾਂ ਬਾਈ ਸਬਦੁ ਪੁਨਿ, ਔਰ ਲਿਖਯੋ ਚਿਤਿ ਚੀਨ॥677ਮਨ ਹਮਾਰੋ ਬਾਂਧਿਓ ਗੁਨ ਮਾਰੂ ਸਬਦ ਲਿਖਿਾਇ।ਜਿਤਿ ਦਰਿ ਲਖ ਮਹੰਮਦਾ ਸਲੋਕ ਤੀਨਿ ਲਿਖ ਪਾਈ॥678ਬਾਇ ਆਤਸ ਸੋਲਾਂ ਸਲੋਕ। ਰਤਨਮਾਲ ਲਿਖ ਲਈ ਅਲੋਕ। ਰਾਹ ਮੁਕਾਮ ਕੀ ਸਾਖ ਲਿਖਾਈ। ਰਾਗਮਾਲਾ ਪਾਛੇ ਲਿਖਿ ਪਾਈ॥679

"ਸੋ ਉਪਕ੍ਰਮ ਸਤਿਨਾਮ ਸੇ ਲੇਕਰ ਉਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ ਕਹਿ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਤਿਆਰ ਕਰ ਚੁੱਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਭੋਗ ਸੁਨ ਕਰ ੬ ਰਾਗ ੩੦ ਰਾਗਨੀ ੪੮ ਪੁਤ੍ਰ ਸਭ ਪਰਵਾਰ ਸਮੇਤ ਦਰਸਨ ਕੋ ਆਏ ਔਰ ਕੀਰਤਨ ਕਰ ਬੇਨਤੀ ਪੂਰਬਕ ਬੋਲੇ ਕਿ ਹੇ ਕ੍ਰਿਪਾ ਸਿੰਧੁ ਜੀ ਹਮ ਸਭ ਕੇ ਵਕਤ ਕਾ ਕੈਸੇ ਨਿਰਣੇ ਹੋਗਾ ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋ ਆਗਾ ਕਰੀ ਕਿ ਜੈਸੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਕੇ ਆਦਿ ਮੈਂ ਸ਼ਬਦੋਂ ਕਾ ਸੂਚੀ ਪਤ੍ਰ ਲਿਖਾ ਹੈ ਤਿਸੀ ਭਾਂਤ ਰਾਗੋਂ ਕਾ ਸੂਚੀਪਤ੍ਰ ਮੰਗਲ ਰੂਪ ਅੰਤ ਮੇਂ ਲਿਖੋ। ਤਬ ਭਾਈ ਗੁਰਦਾਸ ਜੀ ਨੇ ਏਹੀ ਛੇ ਰਾਗ ਔਰ ਤੀਸ ਰਾਗਨੀ, ਅਠਤਾਲੀਸ ਪੁਤ੍ਰ ਜੋ ਆਏ ਥੇ ਸੋ ਰਾਗ ਮਾਲਾ ਰੱਖੀ ਹੈ॥ (ਫਰੀਦਕੋਟੀ ਟੀਕਾ)

ਇਹ ਚੁਰਾਸੀ-6 ਰਾਗ, 30 ਰਾਗਣੀਆਂ, 48 ਪੁੱਤਰ, ਸਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਸਮੇਂ ਉਤਸ਼ਾਹ ਨਾਲ ਆਪ ਗਾਏ ਸਨ, ਜਿਨ੍ਹਾਂ ਦਾ ਨਾਮ ਰਾਗ ਮਾਲਾ ਵਿੱਚ ਆਪ ਜੀ ਨੇ ਲਿਖਿਆ ਹੈ। ਰਾਗ ਮਾਲਾ ਪੜ੍ਹ ਕੇ ਮਹਰਾਜ ਜੀ ਨੇ ਸੰਪੂਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ ਅਤੇ ਆਗਿਆ ਕੀਤੀ ਕਿ ਜੋ ਵੀ ਰਾਗ ਮਾਲਾ ਪੜ੍ਹ ਕੇ ਭੋਗ ਪਾਵੇਗਾ, ਉਹ ਚੁਰਾਸੀ ਲੱਖ ਜੂਨ ਦੇ ਗੇੜੇ ਵਿੱਚ ਨਹੀਂ ਆਵੇਗਾ। (ਰਾਗਮਾਲਾ ਗੁਰਬਾਣੀ ਹੈ, ਪੰਨਾ 46)

ਕੁਝ ਸਮੇਂ ਤੋਂ ਗੁਰਸਿਖਾਂ ਵਿਚ ਇਹ ਅਸ਼ੰਕਾ ਆ ਗਈ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਆਸ਼ੰਕਾ ਸੰ: ਬਿ: 1900 ਦੇ ਕਰੀਬ ਸੇ ਸੋਭਾ ਸਿੰਘ ਸਾਹਿਬ ਜੀ ਸੇ ਸ਼ੁਰੂ ਹੋਈ ਹੈ। ਪ੍ਰੰਤੂ ਉਨਕੇ ਸਰੀਰ ਮੇ ਜਬ ਅਤੀ ਤਕਲੀਫ ਜ਼ਬਾਨ ਬੰਦ ਹੋ ਜਾਨੇ ਕੀ ਅੋਰ ਸਰੀਰ ਦੇ ਕੁਸਟ ਹੋ ਜਾਨੇ ਦੀ ਹੋ ਗਈ ਤੋ ਇਹ ਆਸ਼ੰਕਾ ਭੀ ਬੰਦ ਹੋ ਗਈ ਸੀ। (ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ ਪੰਨਾ 9)

ਇਹ ਸੰਗਤ ਨੇ ਅਰਦਾਸ (ਸ਼੍ਰੀ ਅਕਾਲ ਤਖਤ ਸਾਹਿਬ ਉੱਤੇ) ਕਰ ਦਿੱਤੀ, ਅੱਠ ਦਿਨਾਂ ਤੋਂ ਪਹਿਲਾਂ ਪਹਿਲਾਂ ਉਸ ਸੋਭਾ ਸਿੰਘ ਦੀ ਜ਼ਬਾਨ ਵਿੱਚ ਕੀੜੇ ਪੈ ਗਏ। ਉਨ੍ਹਾਂ ਫਿਰ ਰਾਗਮਾਲਾ ਲਿਖ ਕੇ ਅਰਦਾਸ ਕੀਤੀ ਕਿ ਮਹਾਰਾਜ ਜੀ! ਮੈਂ ਭੁਲ ਗਿਆ, ਮੈਨੂੰ ਸਾਧ ਸੰਗਤ ਬਖਸ਼ੇ। ਉਸ ਵੇਲੇ ਉਹਦੀ ਅਰਦਾਸ ਕੀਤੀ ਗਈ ਤਾਂ ਫਿਰ ਕੀੜੇ ਹਟ ਗਏ। (ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤਮਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖ਼ਲਸਾ ਭਿੰਡਰਾਵਾਲੇ, ਗੁਰਬਾਣੀ ਪਾਠ ਦਰਸ਼ਨ ਪੰਨਾ-182)

ਗਿਆਨੀ ਇਕਬਾਲ ਸਿੰਘ ਦੇ ਬਿਆਨ ਨੇ ਇਕ ਵੇਰਾਂ ਫੇਰ ਰਾਗਮਾਲਾ ਬਾਰੇ ਚਰਚਾ ਛੇੜ ਦਿੱਤੀ ਹੈ। ਸੱਚ ਨੂੰ ਸਮਝਣ ਸਮਰੱਥਾ ਰੱਖਣ ਵਾਲੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ, ਟਾਲ-ਮਟੋਲ ਦੀ ਨੀਤੀ ਛੱਡਕੇ ਇਕੱਤਰ ਹੋਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈਕੇ ਰਾਗਮਾਲਾ ਬਾਰੇ ਸਪੱਸ਼ਟ ਫੈਸਲਾ ਕਰੀਏ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਤਾਂ ਹੀ ਅਖਵਾਂ ਸਕਦੇ ਹਾਂ ਜੇ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰੀ ਹਰ ਰਚਨਾਂ ਨੂੰ ਰੱਦ ਕਰ ਦਈਏ। ਸਾਡੇ ਵਾਸਤੇ ਗੁਰਬਾਣੀ ਅਲਾਹੀ ਫੁਰਮਾਨ ਹੈ- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ (ਪੰਨਾ 917)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top