ਜਦੋਂ ਵੀ ਕਥਿਤ ਦਸਮ ਗ੍ਰੰਥ ਦੀ ਗੱਲ ਚਲਦੀ ਹੈ ਤਾਂ ਇਸ ਦੇ ਸਮਰਥਕਾਂ
ਵੱਲੋਂ ਜਦ ਸਾਰੀਆਂ ਦਲੀਲਾਂ ਖਤਮ ਹੋ ਜਾਂਦੀਆਂ ਹਨ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ੳਪਾਸਕ
ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਦਲੀਲ ਦੇਂਦੇ ਹਨ ਕਿ
ਭਿੰਡਰਾਂਵਾਲੇ ਤਾਂ ਦਸਮ ਗ੍ਰੰਥ ਨੂੰ ਮੰਨਦੇ ਸੀ ਅਤੇ ਪੁਰਾਤਨ ਸਿੱਖ ਵੀ ਦਸਮ ਗ੍ਰੰਥ ਨੂੰ
ਪੜਦੇ ਸਨ, ਤੁਸੀਂ ਉਨ੍ਹਾਂ ਨਾਲੋ ਬਹੁਤੇ ਸਿਆਣੇ ਹੋ? ਬਸ ਸੁਣੀਆਂ ਸੁਣਾਈਆਂ ਗੱਲਾਂ
ਦੀ ਹੋੜ ਲਾਈ ਹੋਈ ਹੈ, ਜੀ ਤੁਸੀ ਪੰਥ ਵਿਚ ਦੁਫੇੜ ਪਾ ਰਹੇ ਹੋ, ਭਿੰਡਰਾਂਵਾਲੇ ਵੇਲੇ ਕੋਈ
ਨਹੀਂ ਬੋਲਦਾ ਸੀ ...
ਜਦੋਂ ਇਨ੍ਹਾਂ ਕੋਲੋਂ ਕੋਈ ਪੁਛਦਾ ਕੀ ਭਾਈ ਸਾਹਿਬ ਜੀ ਤੁਸੀਂ
ਕਦੀ ਦਸਮ ਗ੍ਰੰਥ ਪੜਿਆ ਹੈ, ਤਾਂ ਇਹਨਾਂ ਦੇ ਮੂੰਹੋਂ ਕੋਈ ਜਵਾਬ ਨਹੀਂ ਨਿਕਲਦਾ ...
ਬਸ ਤੁਸੀਂ ਚੁੱਪ ਰਹੋ ਜੀ ਓਇ... ਭਲਿਆ ਜੇ ਇਹ ਤੁਹਾਡਾ ਗੁਰੂ ਹੈ ਤਾਂ ਅਸੀਂ ਉਹ ਹੀ ਦਸ
ਰਹੇ ਹਾਂ ਜੋ ਇਸ ਵਿਚ ਲਿਖਿਆ ਹੈ, ਦੁਰਗਾ, ਭਗਉਤੀ, ਮਹਾਕਾਲ, ਅਸਿਧੁਜ ...
ਆਉ ਅਪਣੇ ਵਿਸ਼ਯ ਵੱਲ ਵਧੀਏ, ਕਥਿਤ ਦਸਮ ਗ੍ਰੰਥ ਦੇ ਵੀਰਾਂ ਵਲੋਂ ਦਿੱਤੀ ਜਾਣ ਵਾਲੀ ਛੇਂਵੀ
ਦਲੀਲ 'ਤੇ ਵਿਚਾਰ ਕਰੀਏ :
6)
ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵੀ
ਦਸਮ ਗ੍ਰੰਥ ਪੜ੍ਹਦੇ ਸਨ, ਸ਼ਹੀਦੀਆਂ ਦੇਣ ਵਾਲੇ ਸਿੰਘ ਵੀ ਦਸਮ ਗ੍ਰੰਥ ਪੜ੍ਹਦੇ ਰਹੇ ਹਨ।
ਕੁੱਝ ਜਜ਼ਬਾਤੀ ਵੀਰਾਂ ਵੱਲੋਂ ਜਦ ਦਸਮ ਗ੍ਰੰਥ ਦੇ ਹੱਕ ਵਿਚ ਸਾਰੀਆਂ ਦਲੀਲਾਂ ਖਤਮ ਹੋ
ਜਾਂਦੀਆਂ ਹਨ, ਤਾਂ ਉਹ ੳੁਕਤ ਦਲੀਲ ਦੇ ਕੇ ਸਵਾਲ ਕਰਦੇ ਹਨ ਕਿ
ਤੁਸੀਂ ਭਿੰਡਰਾਂਵਾਲੇ ਨਾਲੋਂ ਜ਼ਿਆਦਾ ਸਿਆਣੇ ਹੋ? ਕੀ ਤੁਸੀਂ ਦਰਬਾਰ ਸਾਹਿਬ ਵਿੱਚ ਫੌਜ
ਨਾਲ ਲੜ ਕੇ ਸ਼ਹੀਦ ਹੋਣ ਵਾਲੇ ਸਿੰਘਾਂ (ਜੋ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਾਠ ਕਰਦੇ
ਸਨ) ਨਾਲੋਂ ਜ਼ਿਆਦਾ ਕੁਰਬਾਨੀਆਂ ਕਰਨ ਵਾਲੇ ਹੋ?
ਜਿੱਥੇ ਤਕ ਇਹ ਗੱਲ ਹੈ ਕਿ ਭਿੰਡਰਾਂ ਵਾਲੇ ਨੇ ਜੋ ਗੱਲਾਂ ਸਟੇਜਾਂ ਤੋਂ ਕਹੀਆਂ, ਉਹ
ਪੂਰੀਆਂ ਕੀਤੀਆਂ ਤੇ ਉਸ ਨੇ ਬਾਕੀ ਲੀਡਰਾਂ ਵਾਂਗ ਪਿੱਠ ਨਹੀਂ ਦਿਖਾਈ,
ਜਿੱਥੋਂ ਤਕ ਦਸਮ ਗ੍ਰੰਥ ਦੇ ਸੰਬਧ ਦੀ ਗੱਲ ਹੈ ਉਹਨਾਂ ਨੇ ਹਰ
ਸਟੇਜ ਤੋਂ ਇਹ ਹੀ ਕਿਹਾ ਹੈ ਕਿ ਮੇਰੇ ਕੋਲ ਉਹ ਆਉਣ ਜੋ 'ਕੇਵਲ ਤੇ ਕੇਵਲ ਗੁਰੂ ਗ੍ਰੰਥ
ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋਣ, ਕਿਸੇ ਦੇਵੀ ਦੇਵਤੇ ਨੂੰ ਮੰਨਣ ਵਾਲੇ ਮੇਰੇ ਕੋਲ
ਨ ਆਉਣ, ਫਿਰ ਵੀ ਜੇਕਰ ਕੁਝ ਲੋਕ ਇਹ ਕਹਿੰਦੇ ਹਨ ਕਿ ਉਹ ਦਸਮ ਗ੍ਰੰਥ ਨੂੰ ਮੰਨਦੇ
ਸਨ, ਤਾਂ ਇਸਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਪੂਰਾ
ਯਕੀਨ ਨਹੀਂ ਸੀ ਤੇ ਜਾਂ ਇਹ ਸਿੱਧ ਕਰਨਾ ਚਾਹੁੰਦੇ ਹਨ, ਕਿ ਭਿੰਡਰਾਂ ਵਾਲਾ ਕਹਿੰਦਾ ਕੁਝ
ਸੀ ਤੇ ਕਰਦਾ ਕੁਝ ਸੀ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ
ਦੇ ਕੀਤੇ ਕੰਮਾਂ ਤੇ ਸ਼ਹਾਦਤ ਨੂੰ ਸਲਾਮ ਹੈ, ਭਾਈ ਜਰਨੈਲ ਸਿੰਘ ਅਤੇ ਉਨ੍ਹਾਂ ਦੇ
ਸਾਥੀਆਂ ਦੀ ਸਿਫ਼ਤਿ ਇਸ ਵਾਸਤੇ ਕੀਤੀ ਜਾਂਦੀ ਹੈ, ਕਿਉਂਕਿ ਇਹ ਜਾਣਦਿਆਂ ਹੋਇਆਂ ਵੀ ਕਿ
ਉਹ ਟੈਂਕਾਂ-ਤੋਪਾਂ, ਹੈਲੀਕਾਪਟਰਾਂ ਨਾਲ ਲੈਸ ਅਤਿ ਵੱਡੀ ਭਾਰਤੀ ਫੌਜ ਨੂੰ ਹਰਾਉਣਾ ਉਨ੍ਹਾਂ
ਵਾਸਤੇ ਅਸੰਭਵ ਹੈ, ਉਨ੍ਹਾਂ ਨੇ ਨਿਡਰਤਾ ਨਾਲ ਆਪਣੀ ਜਾਨ ਰਹਿੰਦਿਆਂ ਤੱਕ ਫੌਜ ਦਾ ਟਾਕਰਾ
ਕੀਤਾ, ਉਸ ਤੋਂ ਕੋਈ ਮੁਨਕਰ ਨਹੀਂ, ਪਰ
ਇਹ ਵੀ ਜ਼ਰੂਰੀ ਨਹੀਂ ਕਿ ਕੋਈ ਸ਼ੂਰਬੀਰ ਹੋਵੇ ਤਾਂ ਉਹ ਗੁਰਬਾਣੀ ਦਾ ਗਿਆਤਾ ਵੀ ਹੋਵੇ,
ਪਰ ਅਸੀਂ ਉਸੇ ਵਿਅਕਤੀ ਨੂੰ ਸਭ ਕੁਝ ਮੰਨੀ ਬੈਠੇ ਹਾਂ, ਜੋ ਉਸ ਵਿਅਕਤੀ ਨੇ ਕਿਹਾ
ਹੈ ਉਹ ਪੱਥਰ 'ਤੇ ਲਕੀਰ ਹੈ, ਪਰ ਇਹ ਕਹਿਣਾ ਜਾਂ ਸੋਚਣਾ ਭਾਰੀ ਗਲਤੀ ਹੈ ਕਿ ਭਾਈ ਜਰਨੈਲ
ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਦੀ ਇਹ ਨਿਡਰਤਾ ‘ਦਸਮ ਗ੍ਰੰਥ' ਦੀ ਦੇਣ ਸੀ ਅਤੇ
ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕਿਹੜਾ
ਦਸਮ ਗ੍ਰੰਥ ਸੀ ਉਹਨਾਂ ਨੇ ਬਾਬਰ ਨੂੰ ਜਾਬਰ ਕਹਿਣ ਦੀ ਸਮਰਥਾ ਰੱਖੀ, ਗੁਰੂ ਹਰਿਗੋਬਿੰਦ
ਸਾਹਿਬ ਦੇ ਸਮੇਂ ਤੋਂ ਹੀ ਸਿੱਖਾਂ ਦੀ ਮੁਗਲ ਫੌਜਾਂ ਨਾਲ ਹਥਿਆਰਬੰਦ ਜੰਗਾਂ ਵੀ ਅਰੰਭ ਹੋ
ਗਈਆਂ ਸਨ। ਸਿੱਖਾਂ ਨੇ ਬੇਹੱਦ ਬਹਾਦਰੀ ਨਾਲ ਲੜ ਕੇ ਇਹ ਸਭ ਜੰਗਾਂ ਜਿੱਤੀਆਂ,
ਤਾਂ ਇਸਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਉਪਦੇਸ਼ਾਂ 'ਤੇ ਅਮਲ ਕਾਰਨ ਵਿਕਸਿਤ
ਹੋਇਆ, ਉਨ੍ਹਾਂ ਦਾ ਉੱਚਾ-ਸੁੱਚਾ ਕਿਰਦਾਰ ਸੀ - ਬਚਿੱਤਰ ਨਾਟਕ
ਗ੍ਰੰਥ ਤਾਂ ਉਸ ਵੇਲੇ ਹੋਂਦ ਵਿੱਚ ਵੀ ਨਹੀਂ ਆਇਆ ਸੀ ਅਤੇ ਨਾ ਹੀ ਸਿੱਖਾਂ ਵਿੱਚ ਸੱਚੇ
ਗੁਰੂ ਤੋਂ ਬੇਮੁਖ ਹੋ ਕੇ ਬ੍ਰਾਹਮਣਵਾਦੀ ਗ੍ਰੰਥਾਂ ਦੇ ਉਪਾਸਕ ਬਣਨ ਦੀ ਪ੍ਰਵਿਰਤੀ
ਪ੍ਰਚਲਿਤ ਹੋਈ ਸੀ।
ਇਹ ਵੀ ਗੌਰਤਲਬ ਹੈ ਕਿ ਭਾਰਤ
ਦੀਆਂ ਵੱਖ-ਵੱਖ ਰਿਆਸਤਾਂ 'ਤੇ ਰਾਜ ਕਰ ਰਹੀ ਮੁਗਲ ਹਕੂਮਤ ਦੀਆਂ ਫੌਜਾਂ ਏਨੀਆਂ ਕਮਜ਼ੋਰ
ਵੀ ਨਹੀਂ ਸਨ ਕਿ ਉਨ੍ਹਾਂ ਨੂੰ ਅਸਾਨੀ ਨਾਲ ਹਰਾਇਆ ਜਾ ਸਕੇ, ਇਸ ਲਈ ਯਕੀਨ ਹੈ ਕਿ ਇਨ੍ਹਾਂ
ਜੰਗਾਂ ਵਿੱਚ ਘੱਟ ਜਾਂ ਵੱਧ ਗਿਣਤੀ ਵਿੱਚ ਸਿੱਖ ਸ਼ਹੀਦ ਵੀ ਹੋਏ ਹੋਣਗੇ।
ਹੁਣ ਵਿਚਾਰਨ ਦੀ ਗੱਲ ਇਹ ਹੈ ਕਿ ਕੀ ਇਨ੍ਹਾਂ ਸਿੱਖਾਂ ਨੇ ਭਗੌਤੀ ਨੂੰ ਸਿਮਰ ਕੇ ਜੰਗ ਲੜਨ
ਦੀ ਹਿੰਮਤ ਜੁਟਾਈ ਸੀ, ਜਿਵੇਂ ਕਿ ਦਸਮ ਗ੍ਰੰਥ ਦੇ ਉਪਾਸਕ ਲੋਕ, ਖਾੜਕੂ ਸਿੰਘਾਂ ਦੀ
‘ਹਿੰਮਤੱ ਲਈ ਇਸ ਵਿਵਾਦਿਤ ਪੁਸਤਕ ਨੂੰ ਪ੍ਰੇਰਣਾ-ਸ੍ਰੋਤ ਦੱਸਦੇ ਹਨ? ਜ਼ਾਹਿਰ ਹੈ ਕਿ
ਅਜਿਹਾ ਕੁੱਝ ਨਹੀਂ ਸੀ, ਬਲਕਿ ਛਲ-ਕਪਟ ਅਤੇ ਅਵੱਲ ਦਰਜੇ ਦੀਆਂ
ਅਸ਼ਲੀਲ ਕਥਾਵਾਂ ਵਾਲੀਆਂ ਰਚਨਾਵਾਂ ਪੜ੍ਹ ਕੇ ਤਾਂ ਚੰਗੇ ਕਿਰਦਾਰ ਵਾਲਾ ਵਿਅਕਤੀ ਵੀ
ਵਿਕਾਰਾਂ ਵਿੱਚ ਗ੍ਰਸਤ ਹੋ ਕੇ ਆਪਣੀ ਹਿੰਮਤ ਗੁਆ ਬੈਠਦਾ ਹੈ, ਜਿਥੋਂ ਤੱਕ ਭਾਈ
ਜਰਨੈਲ ਸਿੰਘ ਜਾਂ ਕਿਸੇ ਖਾੜਕੂ ਵੱਲੋਂ ਦਸਮ ਗ੍ਰੰਥ ਪੜ੍ਹੇ ਜਾਣ ਦੀ ਗੱਲ ਹੈ, ਇਹ ਤੱਥ ਸਭ
ਦਸਮ ਗ੍ਰੰਥੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ
ਭਾਈ ਜਰਨੈਲ ਸਿੰਘ ਜਾਂ ਹੋਰ ਸਿੰਘਾਂ
ਨੂੰ ਉਨ੍ਹਾਂ ਦੀ ਬਹਾਦਰੀ ਲਈ ਭਾਵੇਂ ਕਿੰਨਾ ਵੀ ਸਤਿਕਾਰਿਆ ਜਾਵੇ, ਇਹ ਸਭ ਸਿੱਖ ਹੀ ਸਨ,
ਸਿੱਖਾਂ ਦੇ ਗੁਰੂ ਨਹੀਂ ਜੋ ਇਨ੍ਹਾਂ ਵੱਲੋਂ ਕੀਤੇ ਜਾਂਦੇ ਰਹੇ ਕਾਰਜ ਦੀ ਅੰਨ੍ਹੇਵਾਹ ਨਕਲ
ਕਰਨੀ ਅਰੰਭ ਕਰ ਦਿੱਤੀ ਜਾਏ। ਅਤੇ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ,
ਬਾਕੀ ਇਨਸਾਨਾਂ ਦੀ ਤਰ੍ਹਾਂ ਸਿੱਖ ਵੀ ਭੁਲਣਹਾਰ ਹਨ ਅਤੇ ਗਲਤੀਆਂ ਕਰਦੇ ਹਨ ਤੇ ਭਾਈ
ਜਰਨੈਲ ਸਿੰਘ ਜਾਂ ਉਨ੍ਹਾਂ ਦੇ ਸਾਥੀ ਵੀ ਇਸਦਾ ਅਪਵਾਦ ਨਹੀਂ ਹਨ, ਇਸ ਤੋਂ ਬਾਦ ਵੀ ਕੋਈ ਨ
ਮੰਨੇ ਤੇ, ਤਾਂ ਗੁਰੂ ਸਾਹਿਬ ਕਹਿੰਦੇ ਹਨ ਉਹ ਪੁੱਠੇ ਭਾਂਡੇ ਦੀ ਤਰ੍ਹਾਂ, ਜਿਸ 'ਤੇ ਜੋ
ਮਰਜ਼ੀ ਪਾਈ ਜਾਓ, ਸਭ ਵਿਅਰਥ ਹੈ :
ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥