ਸਾਡੇ
ਪ੍ਰੋਜੈਕਟ ਨਾਲ ਜਜਬਾਤੀ ਹੋ ਕੇ ਵਿਦੇਸ਼ ਤੋਂ $80,000 ਆ ਗਏ ਨੇ! (ਹਸਦੇ ਹੋਏ ਸੰਸਥਾ ਦਾ ਮੁਖੀ
ਕੁਲਜੀਤ ਸਿੰਘ ਬੋਲਿਆ)
ਕੀ ਕਰਨਾ ਹੈ ਫਿਰ ਇਨ੍ਹਾਂ ਦਾ ? ਦਿਖਾ ਦੇਵਾਂ ਪੇਪਰਾਂ ਵਿਚ ? (ਖਜਾਂਚੀ ਅਵਤਾਰ ਸਿੰਘ ਨੇ
ਪੁੱਛਿਆ)
ਕੁਲਜੀਤ ਸਿੰਘ : ਚਿੰਤਾ ਨਾ ਕਰੋ ! ਅੱਗੇ ਜਵਾਬ ਵੀ ਦੇਣਾ
ਹੁੰਦਾ ਹੈ ਉਨ੍ਹਾਂ ਨੂੰ ! ਕਲ ਤੁਸੀਂ ਇੱਕ ਪਤਰਕਾਰਾਂ ਦੀ ਮੀਟਿੰਗ ਬੁਲਾਓ, ਨਾਲ ਹੀ ਉਨ੍ਹਾਂ
ਗਰੀਬਾਂ ਵਾਸਤੇ ਪ੍ਰੋਗਰਾਮ ਵੀ ਰਖ ਲਵੋ ! ਕੱਲ ਹੀ ਮਾਇਆ ਵਰਤਾ ਦੀਏ! ਸਿਰ ਤੇ ਬੋਝ ਹੈ ਇਨ੍ਹਾਂ
ਪੈਸਿਆਂ ਦਾ ! ਮੀਟਿੰਗ ਵਿਚ ਅਸੀਂ ਆਪ ਜਵਾਬ ਦੇਵਾਂਗੇ ਇਸ ਮਾਇਆ ਦੇ ਇਸਤੇਮਾਲ ਬਾਰੇ ! ਫਿਰ
ਵੀਡੀਓ ਵੀ ਭੇਜਣੀ ਹੈ ਇਸ ਪ੍ਰੋਗਰਾਮ ਦੀ ਵਿਦੇਸ਼ ਵਿਚ, ਅਗਲੀ ਉਗਰਾਹੀ ਵਾਸਤੇ!
{ਅਗਲੇ ਦਿਨ ਕੁਛ ਪਤਰਕਾਰ, ਲੋੜਵੰਦ ਗਰੀਬ ਤੇ ਪੀੜਤ (ਜਿਨ੍ਹਾਂ
ਦੇ ਨਾਮ ਤੇ ਵਿਦੇਸ਼ ਤੋਂ ਪੈਸਾ ਮੰਗਵਾਇਆ ਸੀ) ਵੀ ਬੁਲਾ ਲਏ ਗਏ !}
ਕੁਲਜੀਤ ਸਿੰਘ : ਮੈਂ
ਆਪ ਸਭ ਦਾ ਧਨਵਾਦੀ ਹਾਂ ਕੀ ਆਪ ਜੀ ਨੇ ਆਪਣਾ ਕੀਮਤੀ ਸਮਾਂ ਕਢਿਆ ! ਸਾਡੀ ਸੰਸਥਾ ਗਰੀਬਾਂ ਤੇ
ਹੋਰ ਮੁਸੀਬਤਾਂ ਦੇ ਮਾਰੇਆਂ ਦੀ ਮਦਦ ਕਰਦੀ ਹੈ ! ਅਸੀਂ ਇਹ ਕੀਤਾ ਹੈ ... ਅਸੀਂ ਉਹ ਕੀਤਾ ਹੈ
! ਸਾਡੀ ਇਸ ਹੱਡ-ਤੋੜ ਮਿਹਨਤ ਨੂੰ ਵੇਖ ਕੇ ਇਨ੍ਹਾਂ ਮੁਸੀਬਤ ਦੇ ਮਾਰਿਆ ਲਈ ਵਿਦੇਸ਼ ਤੋਂ ਦਾਨ
ਵਿਚ 80,000 ਆਏ ਨੇ ਜੋ ਕੀ ਅਸੀਂ ਅੱਜ ਇਨ੍ਹਾਂ ਵਿਚ ਵੰਡਾਂਗੇ !
{ਇਸ ਮਹਾਨ ਕਾਰਜ ਲਈ ਤਾਲਿਆਂ ਵਜਦੀਆਂ ਹਨ ! ਫੋਟੂਆਂ ਖਿਚ ਕੇ ਤੇ ਚਾਹ ਪਾਣੀ ਪੀ ਕੇ ਪਤਰਕਾਰ
ਚਲੇ ਜਾਂਦੇ ਹਨ ! ਗਰੀਬਾਂ ਨੂੰ 80,000 ਦਿਆਂ ਮਸ਼ੀਨਾ, ਵਜੀਫੇ ਤੇ ਹੋਰ ਸਮਾਨ ਇਮਾਨਦਾਰੀ ਨਾਲ
ਵੰਡ ਦਿੱਤਾ ਜਾਂਦਾ ਹੈ! ਸਭ ਤਰਫ਼ ਵਾਹ ਵਾਹ ! ਅਗਲੇ ਦਿਨ ਦੇ ਪੇਪਰਾਂ ਵਿਚ ਖਬਰ ਆ ਜਾਂਦੀ ਹੈ
!}
ਕੁਲਜੀਤ ਸਿੰਘ (ਦੋ
ਦਿਨ ਬਾਅਦ ਗੁਪਤ ਮੀਟਿੰਗ ਵਿਚ) : [ਹਸਦਾ ਹੋਇਆ] 80,000 ਡਾਲਰ ਆਏ ਸੀ ਤੇ ਅਸੀਂ ਇਮਾਨਦਾਰੀ
ਨਾਲ 80,000 ਰੁਪਏ ਖਰਚ ਕਰ ਦਿੱਤੇ ਨੇ ! ਰਿਪੋਰਟ ਚਲੀ ਗਈ ਹੈ! ਉਥੋਂ ਕਿਸੀ ਨੇ ਨਹੀ ਆਣਾ ਚੈਕ
ਕਰਨ ਲਈ ! ਤੁਹਾਨੂੰ ਸਭ ਨੂੰ ਤੁਹਾਡਾ ਬਣਦਾ ਹਿੱਸਾ ਇਮਾਨਦਾਰੀ ਨਾਲ ਪਹੁੰਚ ਜਾਵੇਗਾ ! ਆਖਿਰ
ਇਮਾਨਦਾਰੀ ਵੀ ਕੋਈ ਚੀਜ਼ ਹੁੰਦੀ ਹੈ ! [ਸਾਰੇ ਹਸਦੇ ਹਨ]
{ਅਚਾਨਕ ਪਿਛਲੀ ਦੀਵਾਰ ਤੇ ਟੰਗੀ ਫੋਟੋ ਡਿੱਗ ਪੈਂਦੀ ਹੈ ਜਿਸ ਤੇ ਲਿਖਿਆ ਸੀ “ਹਕੁ ਪਰਾਇਆ
ਨਾਨਕਾ ਉਸੁ ਸੂਅਰ ਉਸੁ ਗਾਇ ! ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ !”}