ਤੂੰ
ਫਿਰ ਆ ਗਿਆ ਹੈ “ਮੁਫ਼ਤ ਦੇ ਟੁੱਕੜ ਚੱਬਣ?” ਚਲ ਬਾਹਰ ਨਿਕਲ ! ਸਤਨਾਮ ਸਿੰਘ ਸੇਵਾਦਾਰ ਨੇ
ਗਰੀਬੜੇ ਜਿਹੇ ਮਨੋਜ ਨੂੰ ਵੇਖ ਕੇ ਕਿਹਾ ! ਪਤਾ ਨਹੀਂ ਕਿਥੋਂ ਕਿਥੋਂ ਤੁਰੇ ਆਉਂਦੇ ਨੇ ਰੋਜ਼
ਰੋਜ਼? ਬੇਇਜ੍ਜਤੀ ਮਿਹਸੂਸ ਕਰਦਾ ਹੋਇਆ ਮਨੋਜ ਬਾਹਰ ਨੂੰ ਜਾਣ ਲੱਗਾ, ਅੱਗੋਂ ਸਰਦਾਰ ਸਿੰਘ ਨੇ
ਹੱਥ ਫੜ ਕੇ ਰੋਕ ਲਿਆ ! ਉਸਨੂੰ ਪਿਆਰ ਨਾਲ ਬਿਠਾ ਕੇ ਸੇਵਾਦਾਰ ਜੀ ਨੂੰ ਕਿਹਾ ਕਿ ਲੰਗਰ ਛਕਾਇਆ
ਤੇ ਬਾਅਦ ਵਿਚ ਸਤਨਾਮ ਸਿੰਘ ਨੂੰ ਬੁਲਾ ਲਿਆ !
ਸਰਦਾਰ ਸਿੰਘ : ਕੀ ਗੱਲ ਹੈ ਸਤਨਾਮ ਸਿੰਘ ਜੀ ? ਅੱਜ ਕਲ ਗੁਰੂ ਕੇ ਲੰਗਰ ਤੋਂ ਵੀ ਲੋਕਾਂ ਨੂੰ
ਭਜਾ ਰਹੇ ਹੋ ?
ਸਤਨਾਮ ਸਿੰਘ : ਹੋਰ ਨੀ ਤੇ ਵੀਰ ਜੀ, ਇਹ ਰੋਜ਼ ਰੋਜ਼ ਆ ਜਾਂਦੇ ਨੇ, ਮੁਫ਼ਤ ਦਿਆਂ ਖਾਉਣ !
ਪਰਧਾਨ ਸਾਹਿਬ ਕਹਿੰਦੇ ਨੇ ਕੀ ਇਨ੍ਹਾਂ ਨੂੰ ਰੋਜ਼ ਰੋਜ਼ ਨੀ ਖੁਵਾਣਾ, ਵਰਨਾ ਇਨ੍ਹਾਂ ਨੂੰ
ਮੁਫ਼ਤ ਦੀ ਆਦਤ ਪੈ ਜਾਵੇਗੀ !
ਇਤਨੀ ਕੁ ਦੇਰ ਵਿੱਚ ਪਰਧਾਨ, ਸੱਕਤਰ ਤੇ ਉਨ੍ਹਾਂ ਦੀ ਜੁੰਡਲੀ ਆ ਕੇ ਪੰਗਤ ਤੋਂ ਲਾਂਭੇ ਹੋ ਕੇ
ਬਹਿ ਗਈ ! ਸਤਨਾਮ ਸਿੰਘ ਭੱਜਿਆ ਤੇ ਉਨ੍ਹਾਂ ਦੀ ਰੋਟੀ ਨੂੰ ਦੇਸੀ ਘੇਓ ਨਾਲ ਚੋਪੜ ਲਿਆਇਆ, ਤੇ
ਫਿਰ ਦਾਲ ਵਿਚ ਦੇਸੀ ਘੇਓ ਦੀ ਇੱਕ ਵੱਡੀ ਚੰਮਚ ਭਰ ਕੇ ਪਾ ਦਿੱਤੀ ! ਬੱਦੋ ਬੱਦੀ ਖੀਰ ਵੀ ਪੇਸ਼
ਹੋ ਗਈ ਤੇ ਲੱਗੇ ਸਭ ਪ੍ਰਧਾਨ ਜੀ ਦੇ ਆਲੇ ਦੁਆਲੇ ਫਿਰਣ !
ਸਰਦਾਰ ਸਿੰਘ ਦਿਆਂ ਅਖ੍ਹਾਂ ਵਿਚ ਅਥਰੂ ਵੱਗ ਚੱਲੇ .... ਉਸਨੂੰ ਲੱਗਾ ਕੀ ਜਿਵੇਂ ਮਨੋਜ ਨੂੰ
“ਭਾਈ ਲਾਲੋ ਦਾ ਲੰਗਰ ਮਿਲਿਆ” ਤੇ ਪ੍ਰਧਾਨ-ਸਕੱਤਰਾਂ ਨੇ “ਮਲਕ ਭਾਗੋ ਦੇ ਘਰ ਦੇ ਮਾਲ-ਪੂਏ”
ਖਾਂਦੇ ! ਓਹ ਸੋਚਣ ਲੱਗਾ ਕੀ ਜਿਸ ਲੰਗਰ ਵਿਚ ਆਪ ਗੁਰੂ ਸਾਹਿਬ ਸੇਵਾ ਕਰਦੇ ਹੁੰਦੇ ਸੀ ਤੇ ਆਪ
ਛਕਦੇ ਸੀ, ਅੱਜ ਉਨ੍ਹਾਂ ਦੇ ਸਿੱਖ ਸੇਵਾਦਾਰਾਂ ਨੇ ਉਸਦੇ ਵੀ ਦੋ ਹਿੱਸੇ ਕਰ ਦਿੱਤੇ ਨੇ ! ਮਨੋਜ
ਦਿਆਂ ਸੁੱਕੀਆਂ ਹੱਡੀਆਂ ਤੇ ਪ੍ਰਧਾਨ ਜੀ ਦੀ ਮੋਟੀ ਤੋਂਦ ਵੇਖਦਿਆਂ ਤੇ ਅਖਾਂ ਪੂੰਝਦੇ ਹੋਏ,
ਉਸਨੂੰ ਦਿਸਿਆ ਕੀ ਜਿਵੇਂ ਕਿਤਨੇ ਹੀ ਗਰੀਬਾਂ ਦਾ ਹੱਕ ਓਹ ਪ੍ਰਧਾਨ-ਸੱਕਤਰ ਖਾ ਗਏ ਨੇ !
ਅੱਜ ਉਸਨੂੰ “ਗੁਰਮਤਿ” ਤੇ “ਮਨਮਤਿ” ਵਿਚਲਾ ਫ਼ਰਕ ਸਮਝ ਆਉਣ ਲੱਗਾ, ਤੇ ਉਹ ਗਿੱਲੀਆਂ ਅੱਖਾਂ
ਲਈ ਆਪਣੇ ਘਰ ਵੱਲ ਨੂੰ ਤੁਰ ਪਿਆ !