Share on Facebook

Main News Page

ਮੋਮਬੱਤੀ ਬਾਲ ਕੇ ਮੈਂ ਥੜੇ ਉਤੇ ਰਖਦੀ ਹਾਂ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ

ਆਓ ਭੈਣ ਜੀ ਆਓ, ਲੈ ਜਾਓ ਮੋਮਬਤੀਆਂ ਤੇ ਕਰਲੋ ਗੁਰੂ ਨੂੰ ਖੁਸ਼ ! (ਪ੍ਰਬੰਧਕ ਕਮੇਟੀ ਤੋਂ ਲਿੱਤੇ ਸਟਾਲ ਤੇ ਮੋਮਬਤੀਆਂ ਵੇਚ ਰਿਹਾ ਦੁਕਾਨਦਾਰ ਬੋਲਿਆ) !

ਹਰਨਾਮ ਕੌਰ : ਹੈ ? ਗੁਰਪੁਰਬ ਦੇ ਮੌਕੇ 'ਤੇ ਮੋਮਬੱਤੀ ਜਲਾਉਣ ਨਾਲ ਗੁਰੁ ਸਾਹਿਬ ਖੁਸ਼ ਹੋ ਜਾਂਦੇ ਨੇ ? (ਜਾਣ-ਬੂਝ ਕੇ ਅਨਜਾਣ ਬਣਦੀ ਹੈ!) ਪਹਿਲਾਂ ਕਿਓਂ ਨਹੀਂ ਦਸਿਆ ਵੀਰ ? ਮੈਂ ਤੇ ਸੋਚਦੀ ਸੀ ਕੀ ਚੰਗਾ ਜੀਵਨ ਜੀਉਣ ਨਾਲ ਅਤੇ ਗੁਰਬਾਣੀ ਦੇ ਰਾਹ ਤੇ ਚਲਣ ਨਾਲ ਗੁਰੁ ਸਾਹਿਬ ਖੁਸ਼ ਹੁੰਦੇ ਨੇ !

ਦੁਕਾਨਦਾਰ : ਇਹ ਦੋ ਮੋਮਬਤੀਆਂ ਬੱਚੇ ਵਾਸਤੇ ਵੀ ਲਵੋ .. ਤਾਂਕਿ ਇਹ ਵੀ ਗੁਰੂ ਘਰ ਨਾਲ ਜੁੜ ਸਕਣ !

(ਇਤਨੇ ਵਿਚ ਉਨ੍ਹਾਂ ਦੇ ਕੋਲੋਂ ਹੈਡ-ਗ੍ਰੰਥੀ ਗੁਰਨਾਮ ਸਿੰਘ ਜੀ ਨਿਕਲਦੇ ਹਨ... ਹਰਨਾਮ ਕੌਰ ਉਨ੍ਹਾਂ ਨੂੰ ਰੋਕ ਲੈਂਦੀ ਹੈ )

ਹਰਨਾਮ ਕੌਰ : ਭਾਈ ਸਾਹਿਬ ਜੀ, ਇੱਕ ਗੱਲ ਦੱਸੋ ਕਿ ਜੱਦ ਤੁਹਾਨੂੰ ਖੁਦ ਨੂੰ ਪਤਾ ਹੈ ਕੀ ਇਹ ਸਭ ਕਰਮ ਮਨਮੱਤ ਹਨ ਤੇ ਫਿਰ ਤੁਸੀਂ ਕਿਓਂ ਨਹੀ ਇਨ੍ਹਾਂ ਮਨਮਤਾਂ ਨੂੰ ਰੋਕਦੇ ?

ਗੁਰਨਾਮ ਸਿੰਘ : ਭੈਣ ਜੀ, ਮੈਂ ਸ਼ੁਰੂ ਸ਼ੁਰੂ ਵਿਚ ਕੋਸ਼ਿਸ਼ ਕਿੱਤੀ ਸੀ, ਪਰ ਪ੍ਰਬੰਧਕਾਂ ਨੇ ਬਹੁਤ ਡਾਂਟਿਆ ਕੀ ਸੰਗਤਾਂ ਦਿਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ ! ਜੋ ਪ੍ਰੇਮ ਨਾਲ ਕਰ ਰਿਹਾ ਹੈ ਕਰਨ ਦਿਓ, ਆਪਣੀ ਗੁਰਮਤ ਸਾਂਭ ਕੇ ਰਖੋ ਵਰਨਾ ਕਿਧਰੇ ਹੋਰ ਨੌਕਰੀ ਵੇਖੋ ! ਹੁਣ ਅਸੀਂ ਵੀ ਬੱਚੇ ਪਾਲਨੇ ਨੇ ਭੈਣ, ਇਨ੍ਹਾਂ ਪ੍ਰਬੰਧਕਾਂ ਦੇ ਮੂੰਹ ਕੌਣ ਲੱਗੇ ? ਦੁਖ ਤੇ ਸਾਨੂੰ ਵੀ ਬਹੁਤ ਹੁੰਦਾ ਹੈ ਕੀ ਇਹ ਮਨਮਤ ਕਿਵੇਂ ਫੈਲ ਰਹੀ ਹੈ ! ਕੀਮਤੀ ਸੰਗਮਰਮਰ ਲਗਾ ਕੇ ਫਿਰ ਉਸਨੂੰ ਮੋਮ ਤੇ ਅੱਗ ਨਾਲ ਖਰਾਬ ਕਰ ਦੇਣਾ ਕਿਥੋਂ ਦੀ ਸਿਆਨਪ ਹੈ ? ਬਸ ਵੇਖਾ ਵੇਖੀ ਭੇੜਚਾਲ ਚੱਲ ਰਹੀ ਹੈ ! ਪ੍ਰਬੰਧਕ ਚਾਹੁਣ ਤੇ ਇਹ ਦੁਕਾਨਦਾਰ ਇਥੇ ਨਜ਼ਰ ਨਾ ਆਉਣ ਪਰ ....... (ਠੰਡਾ ਹਉਕਾ ਭਰਦਾ ਹੈ ...)

ਹਰਨਾਮ ਕੌਰ : ਆਮ ਸਿੱਖ ਗੁਰਮਤ ਆਪ ਜੀ ਪਾਸੋਂ ਹੀ ਸਿਖਦਾ ਹੈ, ਪਰ ਆਪ ਹੀ ਨੌਕਰੀ ਦੇ ਡਰ ਨਾਲ ਚੁੱਪ ਬੈਠੇ ਹੋ ਤੇ ਫਿਰ ਤੇ ਗੁਰਮਤ ਦਾ ਭੋਗ ਪੈਣਾ ਪੱਕਾ ਹੈ ! ਬਾੜ ਹੀ ਖੇਤ ਨੂੰ ਖਾ ਰਹੀ ਹੈ! ਰਖਵਾਲਾ ਹੀ ਬਾਗ ਦਾ ਦੁਸ਼ਮਨ ਬਣ ਬੈਠਾ ਹੈ !

ਗੁਰਨਾਮ ਸਿੰਘ : ਭੈਣੇ, ਮੈਂ ਸ਼ਰਮਿੰਦਾ ਹਾਂ ... ਮੈਂ ਜਾਣਦਾ ਹਾਂ ਕੀ ਗੁਰਮਤ ਨੂੰ ਵਿਸਾਰ ਕੇ ਹੀ ਮੇਰੀ ਪੇਟ ਦੀ ਭੁਖ ਸ਼ਾਂਤ ਹੋ ਰਹੀ ਹੈ, ਪਰ ਮੈਂ ਮਜਬੂਰ ਹਾਂ ! ਮੈਂ ਅੱਜ ਕੁਛ ਕਹਾਂਗਾ ਤੇ ਕੱਲ ਹੀ ਕੋਈ ਦੂਜਾ ਗ੍ਰੰਥੀ ਆ ਜਾਵੇਗਾ, ਮੇਰੇ ਤੋਂ ਵੀ ਘਟ ਤਨਖਾਹ 'ਤੇ ਕੰਮ ਕਰਨ ਲਈ ! ਫਿਰ ਨੌਕਰੀ ਕੀ ਤੇ ਨਖਰਾ ਹੀ ? ਜੋ ਮਾਲਕ ਕਹੇ ਅਸੀਂ ਤੇ ਓਹੀ ਕਰ ਰਹੇ ਹਾਂ ... !

ਹਰਨਾਮ ਕੌਰ ਦੁਖ ਨਾਲ ਭਰੀ ਉਨ੍ਹਾਂ ਵਾਲ ਵੇਖਦੀ ਹੈ ਤੇ ਬੋਲਦੀ ਹੈ .. “ਮਾਲਕ ਕਹੇਗਾ ਕੀ ਖੂੰਹ ਵਿਚ ਛਾਲ ਮਾਰੋ ਤੇ ਕੀ ਮਾਰ ਦਵੋਗੇ ?

ਗੁਰਨਾਮ ਸਿੰਘ ਗੱਲ ਨੂੰ ਸਮਝਦਾ ਹੋਇਆ ਅੱਖਾਂ ਨੀਵੀਆਂ ਪਾ ਕੇ ਇੱਕ ਪਾਸੇ ਤੁਰ ਪੈਂਦਾ ਹੈ ! ਹਰਨਾਮ ਕੌਰ ਵੀ ਮਨਮਤ ਦਾ ਭੰਗੜਾ ਵੇਖ ਦੇ ਆਪਣੇ ਰਾਹ ਪੈਂਦੀ ਹੈ !

ਦੁਕਾਨਦਾਰ ਦੀ ਆਵਾਜ਼ ਮਨਮਤ ਦੇ ਢੋਲ ਵਾਂਗ ਗੂੰਜਦੀ ਹੈ ..... “ਆਓ, ਲੈ ਜਾਓ ਮੋਮਬਤੀਆਂ ਤੇ ਕਰਲੋ ਗੁਰੁ ਨੂੰ ਖੁਸ਼ !”


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top