Share on Facebook

Main News Page

ਇਨਸਾਫ..?
- ਗੁਰਦੇਵ ਸਿੰਘ ਸੱਧੇਵਾਲੀਆ

ਸੱਜਣ ਕੁਮਾਰ ਬਰੀ ਹੋ ਗਿਆ? ਹੋ ਹੀ ਜਾਣਾ ਸੀ! ਕਿਉਂਕਿ ਉਸ ਨਾਲ ਇਕ ਲਫਜ ਜੁੜਿਆ ਹੈ ਤੇ ਉਹ ਹੈ, ਹਿੰਦੂ! ਸਾਰਾ ਲਫਜਾਂ ਦਾ ਹੀ ਹੇਰ ਫੇਰ ਹੈ, ਨਹੀਂ ਤਾਂ ਕੌਣ ਸੱਜਣ ਤੇ ਕੌਣ ਦੁਸ਼ਮਣ! ਬਾਕੀ ਵੀ ਜੋ ਬਚੇ ਹਨ ਬਰੀ ਹੋ ਜਾਣੇ ਕੁਝ ਹੋ ਗਏ ਹਨ। ਇਹ ਤਾਂ ਐਵੇਂ ਲਮਕਾਇਆ ਜਾਂਦਾ ਹੈ। ਲੰਮਾ ਸਮਾਂ ਪੈ ਕੇ ਕੁਝ ਗਵਾਹ ਡਰ ਜਾਂਦੇ ਹਨ, ਕੁਝ ਮਰ ਜਾਂਦੇ ਹਨ, ਕੁਝ ਖਰੀਦ ਲਏ ਜਾਂਦੇ ਹਨ ਤੇ ਗੱਲ ਖਤਮ। 26 ਸਾਲ ਹੋ ਗਏ ਤੇ ਫੈਸਲੇ ਹੁਣ ਹੋ ਰਹੇ ਹਨ ਤੇ ਉਹ ਵੀ ਬਰੀ? ਬਰੀ, ਸੱਜਣ ਵਰਗੇ ਕਾਤਲ ਪਹਿਲਾਂ ਹੀ ਸਨ, ਪਰ ਇਹ ਤਰੀਕਾ ਹੁੰਦਾ ਸਮਾਂ ਟਪਾਉਂਣ ਦਾ। ਲੰਮੇ ਸਮੇਂ ਬਾਅਦ ਲੋਕ ਭੜਕਦੇ ਘੱਟ ਹਨ।

ਉਧਰ ਪ੍ਰੋ. ਭੁੱਲਰ ਫਾਂਸੀ ਵਾਲੀ ਕਤਾਰ ਵਿਚ ਹੈ। ਭਾਈ ਰਾਜੋਆਣਾ ਦੀ ਵਾਰੀ ਕਦੇ ਵੀ ਆ ਸਕਦੀ ਹੈ। ਗੁਜਰਾਤ ਵਿਚ ਮੁਸਲਮਾਨਾਂ ਦੇ ਲਹੂ ਵਿਚ ਨਹਾਉਣ ਵਾਲੇ ਨਰਿੰਦਰ ਮੋਦੀ ਦੀ ਕੋਈ ਵਾਅ ਵਲ ਨਹੀਂ ਦੇਖ ਸਕਦਾ। ਉਹ ਤਾਂ ਸ਼ਾਇਦ ਬੀ.ਜੇ.ਪੀ ਵਲੋਂ ਪ੍ਰਧਾਨ ਮੰਤਰੀ ਵੀ ਬਣ ਜਾਏ। ਇਸਾਈ ਮਿਸ਼ਨਰੀਆਂ ਨੂੰ ਜਿੰਦਾ ਫੂਕਣ ਵਾਲਾ ਦਾਰਾ ਸਿੰਘ ਨਾਂ ਦਾ ਬੰਦਾ ਜਿਹਲ ਵਿਚ ਹੈ। ਫਾਸੀਂ ਤੋਂ ਉਮਰ ਕੈਦ ਤੇ ਹੁਣ ਸ਼ਾਇਦ ਛੇਤੀ ਛੱਡ ਵੀ ਦੇਣ? ਕਿਉਂਕਿ ਉਸ ਦਾ ਅੰਦਰ ਵਿਹਾਰ ਚੰਗਾ ਹੈ!! ਵਿਹਾਰ ਚੰਗਾ ਹੈ? ਤੁਹਾਨੂੰ ਮੰਨਣਾ ਪੈਣਾ ਕਿ ਉਹ ਚੰਗਾ ਹੈ! ਕਿਉਂਕਿ ਉਹ ਹਿੰਦੂ ਹੈ! ਨਹੀਂ?

ਉਹ ਠੀਕ ਹਨ। ਜਿੰਨਾ ਚਿਰ ਉਹ ਰਾਜ ਕਰਦੇ ਉਹ ਠੀਕ ਹੀ ਰਹਿਣਗੇ। ਗੁਰਦੁਆਰਾ, ਮਸਜਿਦ ਜੋ ਮਰਜੀ ਢਾਹ ਦੇਣ, ਉਹ ਠੀਕ ਹੀ ਰਹਿਣੇ ਹਨ। ਲੋਕਾਂ ਨੂੰ ਅੱਗਾਂ ਲਾ ਕੇ ਫੂਕ ਦੇਣ, ਮੁਕਾਬਲੇ ਬਣਾ ਕੇ ਮਾਰ ਦੇਣ, ਵਹਿਸ਼ੀ ਪੁਣਾ ਕਰਨ ਉਹਨਾ ਨੂੰ ਠੀਕ ਹੋਣੋ ਕੋਈ ਨਹੀਂ ਰੋਕ ਸਕਦਾ। ਕਿਉਂਕਿ ਉਹ ਰਾਜ ਜੂ ਕਰ ਰਹੇ ਹਨ। ਵੈਸੇ ਉਨ੍ਹਾਂ ਨੂੰ ‘84 ਵਾਲੇ ਕੇਸ ਵਾਲੀਆਂ ਸ਼ੋਸ਼ੇਬਾਜੀਆਂ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਉਨਹੀਂ ਤਾਂ ਐਲਾਨੀਆਂ ਮਿਥਿਆ ਹੋਇਆ ਕਿ ਤੁਹਾਨੂੰ ਜਲੀਲ ਕਰਨਾ ਹੈ। ਤੁਸੀਂ ਜਦ ਕਹਿੰਨੇ ਸਾਨੂੰ ਇਸ ਮੁਲਕ ਵਿਚ ਇੱਜਤ ਨਾਲ ਰਹਿਣ ਦਿੱਤਾ ਜਾਵੇ ਤਾਂ ਉਨ੍ਹਾਂ ਦਾ ‘ਰੈਡੀ-ਮੇਡ’ ਜਵਾਬ ਹੁੰਦਾ ਕਿ ਇੱਜਤ ਨਾਲ ਰਹਿਣਾ ਤਾਂ ਪਾਕਿਸਤਾਨ ਚਲੇ ਜਾਵੋ!

ਉਝਂ ਬੜਾ ਅਜੀਬ ਜਿਹਾ ਜਾਪਦਾ ਜਦ ਕੋਈ ਸਿੱਖ ਕਹੇ ਕਿ ਅਸੀਂ ਇਸ ਮੁਲਖਕ ਵਿੱਚ ਇੱਜਤ ਨਾਲ ਰਹਿਣਾ ਚਾਹੁੰਦੇ ਹਾਂ। ਇੱਜਤ ਉਨਹੀਂ ਤੁਹਾਡੀ ਕਰ ਤਾਂ ਦਿੱਤੀ। ਥੋੜੀ ਇੱਜਤ ਕੀਤੀ ‘47 ਤੋਂ ਲੈ ਕੇ? ਇਨੀ ‘ਇੱਜਤ’ ਕਰਾ ਕੇ ਵੀ ਕੋਈ ਕਹੀ ਜਾਵੇ ਮੈਨੂੰ ਇੱਜਤ ਚਾਹੀਦੀ ਤਾਂ ਉਸ ਦੇ ਸਿਰ ਦਾ ਇਲਾਜ ਕਰਾਇਆ ਜਾਣਾ ਬਣਦਾ ਹੈ।

ਉਨ੍ਹਾਂ ਕੋਲੇ ਬਹਾਨਾ ਵੇਖੋ ਕਿਹੜਾ ਹੈ। ਅਖੇ ਹੋਰ ਇੱਜਤ ਤੁਹਾਨੂੰ ਕੀ ਚਾਹੀਦੀ, ਪ੍ਰਧਾਨ ਮੰਤਰੀ ਤੁਹਾਡਾ, ਫੌਜ ਵਿਚ ਸਭ ਤੋਂ ਉਪਰਲੀ ਪੁਜੀਸ਼ਨ ਉਪਰ ਬੰਦਾ ਤੁਹਾਡਾ, ਮੁਲਕ ਵਿੱਚ ਹੋਰ ਵੱਡੀਆਂ-ਵੱਡੀਆਂ ਪੋਸਟਾਂ ਤੁਹਾਡੀਆਂ ਹੋਰ ਇੱਜਤ ਤੁਹਾਡੀ ਦਾ ਕੀ ਕਰੀਏ।

ਚਲੋ ਇਸ ਦਾ ਜਵਾਬ ਲਭਣ ਲਈ ਥੋੜਾ ਇਤਿਹਾਸ ਵਲ ਮੁੜਦੇ ਹਾਂ ਜਵਾਬ ਸੌਖਾ ਸਮਝ ਹੋ ਜੂ। ਮੁਲਸਮਾਨਾਂ ਦੇ ਰਾਜ ਵੇਲੇ ਹਿੰਦੂ ਦੀ ਇੱਜਤ ਕਿਸੇ ਤੋਂ ਭੁੱਲੀ ਨਹੀਂ। ਮੁਗਲ ਹਿੰਦੂ ਦੇ ਮੂੰਹ ਵਿਚ ਥੁੱਕਦਾ ਰਿਹਾ, ਘੋੜੇ ਤੇ ਚੜ੍ਹਨ ਤੋਂ ਮਨਾਹੀ ਸੀ, ਹਥਿਆਰ ਨਹੀਂ ਸੀ ਰੱਖ ਸਕਦਾ ਹਿੰਦੂ, ਸ਼ਿਕਾਰ ਨਹੀਂ ਸੀ ਖੇਡ ਸਕਦਾ। ਤੇ ਜੋ ਵਿਚਾਰੀਆਂ ਹਿੰਦਵਾਣੀਆਂ ਨਾਲ ਹੋਈ! ਪਰ ਇਤਿਹਾਸ ਦੇ ਜਾਨਣ ਵਾਲਿਆਂ ਨੂੰ ਪਤੈ ਕਿ ਵੱਡੇ ਵੱਡੇ ਅਹੁਦਿਆਂ ਉਪਰ ਮੁਗਲਾਂ ਵੇਲੇ ਵੀ ਹਿੰਦੂ ਸਨ। ਸੁੱਚਾ ਨੰਦ ਹਿੰਦੂ ਸੀ, ਬੀਰਬਲ ਹਿੰਦੂ ਵਜੀਰ ਸੀ ਅਕਬਰ ਦਾ, ਚੰਦੂ ਦੀਵਾਨ ਵੱਡੇ ਅਹੁਦੇ ਉਪਰ ਸੀ, ਲੱਖਪਤ ਰਾਇ, ਜੱਸਪਤ ਰਾਇ ਹਿੰਦੂ ਸਨ । ਹੋਰ ਕਿੰਨੇ ਪਰ ਚਲੋ ਸਮਝਣ ਲਈ ਕਾਫੀ ਹਨ। ਪਰ ਕੀ ਸੀ? ਇਨੇ ਉੱਚੇ ਅਹੁਦਿਆਂ ਉਪਰ ਹੁੰਦੇ ਹੋਏ ਹਿੰਦੂ ਦੀ ਕੀ ਇੱਜਤ ਸੀ ਮੁਲਕ ਵਿਚ, ਕੀ ਭੁੱਲੀ ਹੋਈ?

ਉੱਚੇ ਅਹੁਦਿਆਂ ਵਾਲੇ ‘ਸਿੱਖ’ ਚੰਦੂ-ਬੀਰਬਲ ਤੋਂ ਸਿਵਾਏ ਕੀ ਹਨ? ਗੱਲ ਸੱਜਣ ਕੁਮਾਰ ਤੋਂ ਚਲੀ ਸੀ। ਛੱਡ ਦਿੱਤਾ ਉਨਹੀਂ! ਛੱਡਣਾ ਸੀ। ਕੋਈ ਚੰਦੂ, ਲੱਖੂ, ਸੁੱਚਾ ਨੰਦ ਬੋਲਿਆ? ਇਹ ਉਦੋਂ ਵੀ ਨਹੀਂ ਸਨ ਬੋਲੇ ਜਦ ਹਿੰਦੂ ਨੂੰ ਜਲੀਲ ਕੀਤਾ ਜਾਂਦਾ ਸੀ। ਗੁਲਾਮ ਕੌਮ ਦੇ ਜੰਗਲਾਂ ਵਿਚ ਦਸਤੇ ਬਹੁਤ ਮਿਲ ਜਾਂਦੇ ਜਿੰਨਾ ਨੂੰ ਇਸਤੇਮਾਲ ਕਰਕੇ ਬਾਕੀ ਹਰਿਆਵਲ ਦਾ ਸਫਾਇਆ ਕੀਤਾ ਜਾਂਦਾ ਹੈ। ਨਹੀਂ?

ਅਸੀਂ ਇਨਸਾਫ ਗਲਤ ਥਾਂ ਮੰਗ ਰਹੇ ਹਾਂ। ਮੇਰਾ ਕਾਤਲ ਵੀ ਉਹ ਤੇ ਮੈਨੂੰ ਇਨਸਾਫ ਵੀ ਉਹ ਦੇਵੇ? ਕਾਤਲ ਕਦੇ ਇਨਸਾਫ ਦਿੰਦਾ ਸੁਣਿਆ? ਅਸੀਂ ਇਨਸਾਫ ਮੰਗਣ ਦੀ ਬਜਾਇ ਧਿਆਨ ਇਸ ਗਲ ਵਲ ਲਾਈਏ ਕਿ ਇਨਸਾਫ ਲੈਣਾ ਕਿਵੇਂ ਤੇ ਦੂਜਾ ਦੁਨੀਆਂ ਨੂੰ ਦੱਸਣਾ ਕਿਵੇਂ ਕਿ ‘ਓ ਨਮੋ ਸ਼ਾਂਤੀ’ ਪੜਨ ਵਾਲੇ ਦਾ ਖੂਨੀ ਚਿਹਰਾ ਕਿੰਨਾ ਘਿਨਾਉਂਣਾ ਹੈ। ਇੱਕ ਕੰਮ ਹੋਰ ਜਿਹੜਾ ਹੈ ਥੋੜਾ ਔਖਾ ਪਰ ਜੇ ਕਿਤੇ ਅਸੀਂ ਉਸ ਵਲ ਧਿਆਨ ਦੇਣ ਲੱਗ ਜਾਈਏ ਤਾਂ ਸਾਡੀ ਦਿੱਲੀ ਨਾਲ ਲੜਾਈ ਬਹੁਤ ਸੌਖੀ ਹੋ ਸਕਦੀ ਹੈ। ਉਹ ਹੈ ਬ੍ਰਹਾਮਣ ਦੀਆਂ ਰੀਤਾਂ ਨੂੰ ਅਪਣੀ ਜੀਵਨ ਵਿਚੋਂ ਸਹਿਜੇ ਸਹਿਜੇ ਦਫਾ ਕਰਨਾ। ਜਦ ਅਸੀਂ ਉਸ ਨਾਲ ਰਿਸ਼ਤਾ ਹੀ ਨਹੀਂ ਰੱਖਣਾ ਤਾਂ ਉਸ ਦੇ ਰਾਮ-ਕ੍ਰਿਸ਼ਨ ਕਾਹਤੋਂ ਚੁੱਕੇ ਹੋਏ ਨੇ। ਉਹ ਮੈਨੂੰ ਫਾਹੇ ਲਾ ਰਿਹੈ, ਉਹ ਮੇਰੇ ਭਰਾਵਾਂ ਨੂੰ ਜਿੰਦਾ ਫੂਕਣ ਵਾਲੇ ਕਾਤਲਾਂ ਨੂੰ ਬਰੀ ਕਰ ਰਿਹੈ ਤੇ ਮੈਂ?

ਇਕੇ ਵਾਰ ਕੁਝ ਵੀ ਛੱਡ ਨਹੀਂ ਹੁੰਦਾ। ਇੱਕ ਇੱਕ ਕਰਕੇ, ਸਮਝ ਸਮਝ ਕੇ। ਜਦ ਅਸੀਂ ਉਸ ਨਾਲ ਰਹਿਣਾ ਹੀ ਨਹੀਂ ਚਾਹੁੰਦੇ ਤਾਂ ਉਸ ਦੀਆਂ ਰੀਤਾਂ ਕਿਉਂ? ਪਰ ਇੱਕ ਗੱਲ ਯਾਦ ਰੱਖਣਾ ਕਿ ਜੇ ਅਸੀਂ ਇਹ ਨਾ ਕੀਤਾ ਤਾਂ ਸਾਨੂੰ ਇਨਸਾਫ ਮੰਗਣ ਦੀ ਲੋੜ ਹੀ ਨਹੀਂ ਰਹਿਣੀ। ਜ਼ੁਲਮ ਹੀ ਨਹੀਂ ਹੋਣਾ ਤਾਂ ਇਨਸਾਫ ਵਾਲਾ ਝਗੜਾ ਕਾਹਦਾ? ਹਿੰਦੂ ਹੀ ਹਿੰਦੂ ਉਪਰ ਜੁਲਮ ਕਿਉਂ ਕਰੇਗਾ! ਕਿ ਕਰੇਗਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top