Share on Facebook

Main News Page

ਸੇਹ ਦਾ ਤਕਲਾ
-
ਗੁਰਦੇਵ ਸਿੰਘ ਸੱਧੇਵਾਲੀਆ

ਗੁਰੂ ਨਾਨਕ ਦੇ ਘਰ ਸੇਹ ਦਾ ਤਕਲਾ ਗੱਡਿਆ ਗਿਆ ਹੈ। ਪਰ ਕਿਤੇ ਹੁਣ ਤੋਂ ਹੀ ਥੋੜੋਂ ਗੁਰੂ ਸਾਹਿਬ ਵੇਲੇ ਹੀ ਪੰਡੀਏ ਨੇ ਗੱਡ ਦਿੱਤਾ ਸੀ ਜਦ ਗੁਰੂ ਜੀ ਦਾ ਖੁਦ ਦਾ ਹੀ ਪੁੱਤਰ ਸਿਰ ਵਿਚ ਸਵਾਹ ਪਾ ਕੇ ਅਪਣੇ ਪਿਤਾ ਦੇ ਸਾਹਵੇਂ ਆਣ ਬੈਠਾ ਸੀ। ਤੁਹਾਨੂੰ ਲੱਗਦਾ ਕਿ ਗੁਰੂ ਜੀ ਨੇ ਨਾ ਸਮਝਾਇਆ ਹੋਵੇਗਾ ਕਿ ਪੁੱਤਰ ਚੰਗੇ ਮਨੁੱਖ ਸਿਰ ਵਿਚ ਸਵਾਹ ਪਾਈ ਸੋਹਣੇ ਨਹੀਂ ਲੱਗਦੇ। ਪਰ ਉਸ ਕਿਉਂ ਨਾ ਮੰਨੀ ਗੁਰੂ ਪਿਤਾ ਦੀ? ਕਿਉਂਕਿ ਪੰਡੀਆ ਉਸ ਦੇ ਸਿਰ ਚੜ੍ਹ ਚੁੱਕਾ ਹੋਇਆ ਸੀ। ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਇਹੀ ਦੱਸਦਾ ਹੈ, ਕਿ ਬਿਪਰ ਨਾਲ ਨਾਲ ਹੀ ਆਹਡਾ ਲਾਈ ਰੱਖਦਾ ਰਿਹਾ ਗੁਰੂ ਘਰ ਦੇ।

ਧੀਰਮੱਲੀਆਂ, ਰਾਮਰਾਈਆਂ, ਪ੍ਰਿਥਵੀਆਂ, ਵਡਭਾਗੀਆਂ, ਹਿੰਦੂ ਪਹਾੜੀ ਰਾਜਿਆਂ, ਗੰਗੂਆਂ, ਚੰਦੂਆਂ, ਸੁੱਚਾਨੰਦੂਆਂ, ਤੇ ਫਿਰ ਡੋਗਰਿਆਂ। ਤੇ ਹੁਣੇ ਇੰਦਰਾ-ਰਜੀਵ, ਭਗਤ, ਟਾਈਟਲਰ! ਬੜੀ ਲੰਮੀ ਲਿਸਟ ਹੈ। ਉਸ ਨੂੰ ਚਿੜ ਹੈ ਸਿੱਖ ਤੋਂ। ਡਾ. ਅੰਬੇਦਕਰ ਨੇ ਜਦ ਸਿੱਖ ਬਣਨ ਬਾਰੇ ਸੋਚਿਆ, ਤਾਂ ਗਾਂਧੀ ਕਹਿਣ ਲਗਾ ਤੂੰ ਮੁਸਲਮਾਨ ਕਿਉਂ ਨਹੀਂ ਬਣ ਜਾਂਦਾ? ਯਾਨੀ ਸਿੱਖ ਕਿਉਂ? ਉਹ ਮੁਸਲਮਾਨ ਨੂੰ ਵੀ ਇਨੀ ਨਫਰਤ ਨਹੀਂ ਕਰਦਾ ਜਿੰਨੀ ਸਿੱਖ ਨੂੰ।

ਇਹ ਚਿੜ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੀ ਹੈ। ਨੌ ਸਾਲ ਦੇ ਬਾਲਕ ਨੇ ਮੇਰਾ ਜਨੇਊ ਨਹੀਂ ਪਾਇਆ? ਇਹ ਸਭ ਤੋਂ ਪਹਿਲੀ ਚਿੜ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਕਹਿੰਦਾ ਆਹ ‘ਚੂਹੇ ਚਪੜੇ-ਜੱਟ-ਬੂਟ’ ਇਕ ਪਾਸੇ ਕਰਦੇ ਮੈਂ ਤੇਰੇ ਬਾਟੇ ਵਿਚੋਂ ਦੋ ਘੁਟਾਂ ਭਰ ਲਵਾਂਗਾ। ਗੁਰੂ ਕਹਿੰਦੇ ਤੂੰ ਰਾਹੇ ਪੈ! ਤੇਰੀ ਗੁਲਾਮੀ ਵਿਚੋਂ ਕੱਢਣ ਦੀ ਹੀ ਤਾਂ ਲੜਾਈ ਸਾਰੀ।

ਤੁਸੀਂ ਕਦੇ ਕਹਾਣੀਆਂ ਵਾਲਾ ਛਲੇਡਾ-ਭੂਤ ਸੁਣਿਆ? ਕਹਿੰਦੇ ਉਹ ਤੁਰਿਆ ਤੁਰਿਆ ਜਾਂਦਾ ਹੀ ਕਦੇ ਬੱਕਰਾ ਬਣ ਜਾਂਦਾ ਕਦੇ ਗੱਧਾ ਅਤੇ ਕਦੇ ਕੁੱਤਾ। ਯਾਨੀ ਪਲਾਂ ਵਿਚ ਹੀ ਉਹ ਰੂਪ ਬਦਲ ਜਾਂਦਾ। ਪੰਡਤ ਉਹ ਛਲੇਡਾ-ਭੂਤ ਹੈ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹ ਤੁਹਾਡੇ ਸਾਹਵੇਂ ਕਿਹੜੇ ਰੂਪ ਵਿਚ ਆ ਜਾਂਦਾ ਹੈ। ਉਹ ਡੋਗਰਾ ਬਣਕੇ ਸਿੱਖ ਰਾਜ ਵਿਚ ਆਣ ਵੜਿਆ ਤੇ ਕਿਧਰ ਗਿਆ ਸਿੱਖ ਰਾਜ? ਖਾ ਗਿਆ ਨਾ ਸਭ? ਤੇ ਹੁਣ ਉਹ ਤੁਹਾਡੀ ਹੀ ਕੌਮ ਦਾ ‘ਬ੍ਰਹਮਗਿਆਨੀ’ ਬਣ ਕੇ ਆ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਾ। ਤੇ ਜਦ ਲੱਗਾ ਉਹ ਅਪਣੀਆਂ ਜੜਾਂ ਇਨੀਆਂ ਪੱਕੀਆਂ ਕਰ ਚੁੱਕਾ ਹੋਇਆ ਸੀ ਕਿ ਤੁਹਾਡੇ ਵਸੋਂ ਬਾਹਰ ਹੋ ਗਿਆ। ਹੁਣ ਅਧਿਓਂ ਜਿਆਦਾ ਕੌਮ ਉਸ ਮਗਰ ਤੁਰੀ ਹੋਈ ਹੈ ਜਿਹੜੀ ਤੁਹਾਡੇ ਗਲ ਇਸ ਕਰਕੇ ਨਹੀਂ ਪੈਂਦੀ ਕਿ ਉਨ੍ਹਾਂ ਨੂੰ ‘ਦਸਮ ਗਰੰਥ’ ਬਾਰੇ ਬਹੁਤ ਜਾਣਕਾਰੀ ਹੈ ਜਾਂ ਉਨ੍ਹਾਂ ਪੜਿਆ ਹੋਇਆ ਹੈ ਬਲਕਿ ਉਨ੍ਹਾਂ ਦੇ ‘ਬ੍ਰਹਮਗਿਆਨੀ’ ਇਸ ਭੋਲੇ ਦੇ ਕੰਨ ਵਿਚ ਫੂਕ ਮਾਰ ਗਏ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਵਿਆਖਿਆ ‘ਦਸਮ ਗਰੰਥ’ ਹੈ, ਇਹੀ ਤੁਹਾਨੂੰ ਸੂਰਮੇ ਬਣਾਉਂਦਾ ਹੈ…? ਵੈਸੇ ਸੂਰਮੇ ਬਣਾ ਤਾਂ ਦਿੱਤਾ ਪਰ ਅਪਣਿਆਂ ਦਾ ਹੀ ਗਲ ਵੱਡਣ ਵਾਲੇ! ਇਹ ਅਜਿਹਾ ਸੇਹ ਦਾ ਤਕਲਾ ਉਸ ਸਿੱਖ ਕੌਮ ਦੇ ਵਿਹੜੇ ਗੱਡ ਦਿੱਤਾ ਹੈ ਕਿ ਵੱਡੀ ਜਾਓ ਇਕ ਦੂਏ ਨੂੰ।

 

ਸਾਡੇ ਭਰਾ ਸਚਮੁਚ ਇਨੇ ਭੋਲੇ ਹਨ ਕਿ ਉਸ ਨੂੰ ਸਮਝ ਹੀ ਨਹੀਂ ਪਾ ਰਹੇ। ਧੂੰਦਾ ਅਮਰੀਕਾ ਆਇਆ ਹੋ ਗਏ ਲਲਕਾਰੇ ਸ਼ੁਰੂ! ਮੇਰੀ ਕੌਮ ਦੀ ਬਦਕਿਸਮਤੀ ਦੇਖੋ ਕਿ ਅਗ ਲਾ ਕੇ ਡੱਬੂ ਕੰਧ ਤੇ ਬੈਠਾ ਤਮਾਸ਼ਾ ਦੇਖ ਰਿਹਾ ਹੈ ਪਰ ਇਧਰ ਆਪਸ ਵਿਚ ਹੀ ਲਾਲੀਆਂ ਚੜੀਆਂ ਹੋਈਆਂ ਹਨ। ਸ਼ਾਸ਼ਤਰਾਂ ਦੀ ਪੂਜਾ ਇਸ ਕਰਕੇ ਕਰਦੇ ਅਸੀਂ ਕਿ ਅਪਣਿਆਂ ਦੇ ਹੀ ਗਲ ਵਢੀਏ? ਇਹ ਕ੍ਰਿਪਾਨਾਂ ਹੁਣ ਦੁਸ਼ਮਣ ਦਾ ਲਹੂ ਪੀਣਾ ਤਾਂ ਭੁੱਲ ਹੀ ਗਈਆਂ ਹਨ ਅਪਣੇ ਹੀ ਲਹੂਆਂ ਦੀਆਂ ਧਿਆਈਆਂ ਹੋ ਗਈਆਂ ਹਨ। ਅਪਣੇ ਹੀ ਲਹੂਆਂ ਵਿਚ ਇਸ਼ਨਾਨ ਕਰਦੀਆਂ ਨਜਰ ਆ ਰਹੀਆਂ ਹਨ। ਇਥੇ ਰਾਧਾ ਸੁਆਮੀ ਆਉਂਦੇ ਹਨ, ਇਥੇ ਆਸ਼ੂਤੋਸ਼ ਆਉਂਦੇ ਹੈਨ, ਇਥੇ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਗੰਦ ਪਾਉਣ ਵਾਲੇ ਮੁਸ਼ਟੰਡੇ ਗਾਇਕ ਆਉਂਦੇ ਹਨ, ਇਥੇ ਚੁੰਨੀਆਂ ਲੈ ਲੈ ਭੇਟਾ ਗਾਉਂਣ ਵਾਲੇ ਬਾਦਲਾਂ ਦੇ ਪਾਲਤੂ ਆਉਂਦੇ ਹਨ, ਪਰ ‘ਖਾਲਸਾ ਜੀ’ ਦੀਆਂ ਕ੍ਰਿਪਾਨਾਂ ਖਾਮੋਸ਼? ਗੰਡਾਸੇ ਚੁੱਪ? ਟੱਕੂਏ ਲੱਭਦੇ ਹੀ ਨਹੀਂ? ਇਹ ਕਿਹੋ ਜਿਹੀ ਸ਼ਾਸ਼ਤਰ ਪੂਜਾ ਹੁਮਦਿ, ਕਿ ਦੁਸ਼ਮਣ ਆਏ ਤੋਂ ਤਲਵਾਰ ਲੱਭਦੀ ਨਹੀਂ, ਪਰ ਆਪਣੇ ਆਏ ਤੋਂ ਫੁੰਕਾਰੇ ਮਾਰਨ ਲੱਗ ਜਾਂਦੀ। ਇਹ ਚੰਡੀ ਪੁੱਠੀ ਪੈ ਗਈ ਲੱਗਦੀ ‘ਸਿੰਘਾਂ’ ਤੇ। ਨਹੀਂ?

ਪਰ ਉਧਰ ਅੱਗ ਲਾਉਂਣ ਵਾਲੇ ? ਮੇਰੇ ਇਕ ਮਿੱਤਰ ਦੀ ਪੋਸਟ ਆਈ। ਉਸ ਪਹਿਲਾਂ ਤੋਂ ਹੀ ਅੱਗ ਲਾਉਂਣ ਦੇ ਮਾਹਰ ਇੰਦੌਰ ਵਾਲੇ ਰਤਿੰਦਰ ਦੀ ਸਾਈਟ ਦਾ ਲਿੰਕ ਭੇਜਿਆ। ਉਸ ਦਾ ਪਹਿਲਾ ਹੀ ਹੈਡਿੰਗ ਪਤਾ ਕੀ ਸੀ?

‘ਧੂੰਦਾ ਸਿੱਖ ਸੰਗਤਾਂ ਤੋਂ ਡਰਦਾ ਬੀਬੀਆਂ ਪਿੱਛੇ ਲੁੱਕਿਆ! ਪ੍ਰਬੰਧਕਾਂ ਨੇ ਪੁਲਿਸ ਸੱਦਕੇ ਹਾਲ ਖਾਲੀ ਕਰਵਾਇਆ! ਸੰਗਤਾਂ ਵਿਚ ਭਾਰੀ ਰੋਸ’!!! ਇਨ੍ਹਾਂ ਦੇ ਝੂਠ ਸੁਣਕੇ ਤੁਹਾਨੂੰ ਕਦੇ ਇੰਝ ਜਾਪਦਾ ਜਿਵੇਂ ਤੁਹਾਡੇ ਗੋਡੇ ਦੀ ਚਪੱਣੀ ਤੇ ਸੱਟ ਲਗੀ ਹੋਵੇ ਤੇ ਸਮਝ ਨਾ ਆਉਂਦੀ ਹੋਵੇ ਕਿ ਤੁਸੀਂ ਹੱਸਣਾ ਚਾਹੁੰਦੇ ਜਾਂ ਰੋਣਾ!

ਨਾਲੇ ਸੰਗਤਾਂ? ਕਿਹੜੀਆਂ ਸੰਗਤਾਂ? ਇਨਾਂ ਸੰਗਤਾਂ ਦਾ ਤਮਾਸ਼ਾ ਅਸੀਂ ਇਥੇ ਟਰੰਟੋ ਵਿਚ ਨਾ ਦੇਖਿਆ ਹੁੰਦਾ ਤਾਂ ਸ਼ਾਇਦ ਭੁਲੇਖਾ ਖਾ ਜਾਂਦੇ। ਹੱਥਾਂ ਵਿਚ ਗੰਡਾਸੇ, ਨੰਗੀਆਂ ਕ੍ਰਿਪਾਨਾ, ਵੱਡੇ ਮੋਟੇ ਕੜੇ ਲਾਹ ਕੇ ਹੱਥਾਂ ਵਿਚ ਫੜੇ ਹੋਏ, ਕਨੇਡੀਆਨ ਟਾਇਰ ਤੋਂ ਮਿਲਦੇ ਟਕੂਏ, ਹਰਲ ਹਰਲ ਕਰਦੇ ਫਿਰਦੇ, ‘ਦੁਸ਼ਮਣਾਂ’ ਨੂੰ ਲੱਭਦੇ, ਕਦੇ ਪਿੱਛਲੇ ਡੋਰ ਕਦੇ ਅਗਲੇ ਦਰਵਾਜੇ! ਅਰਦਾਸਾਂ ਕਰਕੇ ਤੁਰੇ ਸਨ ਅਗਲੇ, ਜਿਵੇਂ ਮੱਸੇ ਰੰਗੜ ਦਾ ਸਿਰ ਵੱਡ ਕੇ ਲਿਆਉਣਾ ਹੋਵੇ! ਤੇ ਮੂੰਹ ਵਿਚੋਂ ਕਿਤੇ ਜਿਹੜੇ ਫੁੱਲ ਕਿਰਦੇ ਸਨ? ਗੁਰਦੁਆਰਿਆਂ ਵਿਚ ਅੱਖਾਂ ਮੀਚੀ ਸਿਮਰਨ ਕਰਨ ਵਾਲਿਆਂ ਦੀਆਂ ‘ਫਿਲੌਰ ਪਾਸ’ ਗਾਹਲਾਂ ਸੁਣੀਆਂ ਹੀ ਬਣਦੀਆਂ ਸਨ? ਧੰਨ ਧੰਨ ਹਨ ਇਹ ‘ਸੰਗਤਾਂ’? ਤੇ ਇਹ ‘ਸੰਗਤਾਂ’ ਹਰੇਕ ਸ਼ਹਿਰ ਵਿਚ ਤੇ ਹਰੇਕ ਥਾਂ ਹਨ ਤੇ ਜਦ ਕਦੇ ਵੀ ਕੋਈ ‘ਦੁਸ਼ਮਣ’ ਆਉਂਦਾ ਹੈ ਤਾਂ ਪੱਬਾਂ ਭਾਰ ਹੋ ਜਾਂਦੇ ਹਨ। ਇਹ ‘ਸੰਗਤਾਂ’ ਨੈੱਟ ਰਾਹੀਂ ਕਈ ਕਈ ਚਿਰ ਪਹਿਲਾਂ ਹੀ ਅਗਲੇ ਦੀ ਕੱਟ ਵੱਡ ਕਰਕੇ ਅੱਗ ਲਾਉਣੀ ਸ਼ੁਰੂ ਕਰ ਦਿੰਦੀਆਂ ਹਨ ਤੇ ਜਿਹੜੇ ਸ਼ਹਿਰ ਦੀਆਂ ‘ਸੰਗਤਾਂ’ ਖੜਕਾ-ਦੜਕਾ ਕਰ ਦੇਣ ਯਾਨੀ ਕੁਝ ਅਪਣੀਆਂ ਪੱਗਾਂ ਲੁਹਾ ਲੈਣ ਤੇ ਕੁਝ ਦੂਜਿਆਂ ਦੀਆਂ ਲਾਹ ਲੈਣ ਤਾਂ ਉਹ ਦੂਜੇ ਸ਼ਹਿਰ ਦੀਆਂ ‘ਸੰਗਤਾਂ’ ਨੂੰ ਫੇਸਬੁੱਕਾਂ ਤੇ ਫਿਰ ਬਹਾਦਰੀ ਭਰੇ ਸੁਨੇਹੇ ਭੇਜਦੀਆਂ ਹਨ, ਕਿ ਵੇਖਿਆ ਫਿਰ ਸਾਡੇ ਸ਼ਹਿਰ ਦੀਆਂ ‘ਸੰਗਤਾਂ’? ਅਸੀਂ ਨਹੀਂ ਸੁੱਕਾ ਜਾਣ ਦਿੰਦੇ!!!!

ਇਨ੍ਹਾਂ ‘ਸੰਗਤਾਂ’ ਦਾ ਇੱਕ ਹਿੰਦੂ ਲੀਡਰ ‘ਨੀਰਜ ਸਚਦੇਵਾ’ ਉਰਫ ਗੁਰਪ੍ਰੀਤ ਸਿੰਘ ਬੋਲ ਰਿਹਾ ਸੀ।

ਨਾਮਰਦ, ਖੱਸੀ, ਚੰਦੂਆਂ ਦੀ ਖੁਸਰਾ ਉਲਾਦ, ਬਜਾਰੂ ਔਰਤਾਂ’! ‘ਅਸੀਂ ਵੀ ਇਥੇ ਹਾ ਜਿੰਨਾ ਚਿਰ ਧੂੰਦਾ ਇਥੇ ਹੈ’! ਯਾਨੀ ਅਸੀਂ ਗੁੰਡੇ ਹਾਂ ਧੂੰਦਾ ਨਿਕਲੇ ਬਾਹਰ? ਕੌਮ ਮੇਰੀ ਦੀ ਬਦਕਿਸਮਤੀ ਦੇਖੋ ਕਿ ਇਕ ਲੂੰਗੀ ਵਾਲਾ ਸਾਡੇ ਅਪਣੇ ਹੀ ਭਰਾਵਾਂ ਦੇ ਸਿਰ ਚੜ, ਸਾਡੇ ਅਪਣਿਆਂ ਨੂੰ ਹੀ ਵੰਗਾਰ ਰਿਹਾ ਹੈ।

ਅਖੇ ਧੂੰਦੇ ਦਾ ਮੈਨੂੰ ਦੇਖ ਪਿਸ਼ਾਬ ਕਿਉਂ ਨਿਕਲ ਜਾਂਦਾ? ਜਿੰਨਾ ਦੀਆਂ ਹਾਲੇ ਅਬਦਾਲੀ ਵੇਲੇ ਦੀਆਂ ਅਪਣੀਆਂ ਲੂੰਗੀਆਂ ਨਹੀਂ ਸੁੱਕੀਆਂ, ਉਹ ਦੂਜਿਆਂ ਦਾ ਪਿਸ਼ਾਬ ਕੱਡ ਰਹੇ ਹਨ! ਤੁਸੀਂ ਦੱਸੋ ਇਨ੍ਹਾਂ ਗੱਲਾਂ ਦਾ ਧਰਮ ਨਾਲ ਦੂਰ ਦਾ ਵੀ ਵਾਸਤਾ ਹੈ? ਤਾਂ ਫਿਰ ਇਹ ਕਿਹੜੇ ਧਰਮ ਦੀ ਰੱਖਿਆ ਕਰਨ ਤੁਰੇ ਹੋਏ ਹਨ?

 

ਅਸੀਂ ਸਿਆਣੇ ਹੋਈਏ। ਪ੍ਰੋ. ਧੂੰਦੇ ਨੇ ਇਕ ਵਾਰ ਗੁਰਦੁਆਰਾ ਸਾਹਬ ਸਾਹਵੇਂ ਬੈਠ ਕੇ ਹਰੇਕ ਸਵਾਲ ਦਾ ਜਵਾਬ ਦੇ ਦਿੱਤਾ ਹੋਇਆ। ‘ਖਾਲਸਾ ਕੇਅਰ ਫਾਉਂਡੇਸ਼ਨ’ (ਲਾਸ-ਏਜਲਸ) ਵਿਖੇ ਸਟੇਜ ਤੇ ਦੋਵਾਂ ਧਿਰਾਂ ਦੀ ਆਮੋ-ਸਾਹਮਣੀ ਗੱਲ ਹੋ ਚੁੱਕੀ ਹੋਈ, ਤੇ ਦੂਜੀ ਧਿਰ ਇਹ ਮੰਨ ਕੇ ਵੀ ਗਈ ਕਿ ਅਸੀਂ ਭੁਲੇਖੇ ਵਿਚ ਸੀ। ਤਾਂ ਫਿਰ ਹੁਣ ਲੜਾਈ ਕਾਹਦੀ? ਅਸੀਂ ਹੁਣ ਵੀ ਲਲਕਾਰੇ ਮਾਰੀ ਜਾ ਰਹੇ ਹਾਂ ਕਿ ਦੇਹ ਜਵਾਬ! ਬੈਠ ਸਾਡੇ ਨਾਲ? ? ਵੈਸੇ ਹਰੇਕ ਜਣੇ-ਖਣੇ ਨੂੰ ਪ੍ਰੋ. ਧੂੰਦੇ ਦਾ ਜਵਾਬ ਦੇਹ ਹੋਣਾ ਜਰੂਰੀ ਨਹੀਂ, ਬਣਦਾ ਹੀ ਨਹੀਂ। ਇਹ ਕੌਣ ਹੁੰਦੇ ਜਵਾਬ ਮੰਗਣ ਵਾਲੇ? ਇਹੀ ਬਚੇ ਧਰਮ ਦੇ ਠੇਕੇਦਾਰ? ਕੋਈ ਲੋੜ ਨਹੀਂ ਜਵਾਬ ਦੇਣ ਦੀ। ਇਦਾਂ ਦੇ ਤਾਂ ਹਰੇਕ ਸ਼ਹਿਰ ਵਿਚ ਹਨ, ਕੀਹਨੂੰ ਕੀਹਨੂੰ ਜਵਾਬ ਦਈ ਜਾਵੋਂਗੇ? ਕੀ ਇਹ ਅਥਾਰਟੀ ਹਨ? ਕੀ ਕਦੀ ਹਰੀ ਸਿਓਂ ਰੰਧਾਵੇ ਵਾਲੇ ਨੂੰ ਸਵਾਲ ਪੁੱਛਿਆ, ਕਦੀ ਗਪੌੜੀ ਠਾਕੁਰ ਸਿੰਘ ਨੂੰ ਸਵਾਲ ਪੁਛਿਆ, ਬਈ ਦੱਸ ਜਿਹੜੀਆਂ ਤੂੰ ਗੱਪਾਂ ਸੁਣਾਉਂਦੈ, ਇਹ ਕਿਥੇ ਲਿਖਿਆਂ। ਇਹ ਕੰਮ ਸਿਆਣੇ ਲੋਕਾਂ ਦੇ ਨਹੀਂ। ਗੁਰਸਿੱਖਾਂ ਦੇ ਤਾਂ ਬਿਲਕੁਲ ਹੀ ਨਹੀਂ ਕਿ ਹਰੇਕ ਆਏ ਤੋਂ ਦੇ ਜਵਾਬ, ਨਹੀਂ ਗੰਡਾਸੇ ਕੱਢ ਲਓ। ਅਸੀਂ ਇੰਝ ਹੀ ਜੇ ਸੇਹ ਦਾ ਤਕਲਾ ਗੱਡੀ ਰੱਖਿਆ, ਤਾਂ ਸਾਡੀਆਂ ਖੁਦ ਦੀਆਂ ਨਸਲਾਂ ਵੀ ਸਿੱਖ ਬਣਨ ਤੋਂ ਤੌਬਾ ਕਰ ਜਾਣਗੀਆਂ ਬਣਾਈ ਜਾਇਓ ਸੁਰਬੀਰ ਪੰਡੀਏ ਨੂੰ ‘ਦਸਮ ਗਰੰਥ’ ਸੁਣਾ ਕੇ। ਸਿੱਖ ਹੀ ਨਾ ਰਿਹਾ ਤਾਂ ਸੂਰਬੀਰ ਕਿਥੋਂ ਰਹਿ ਜਾਊ। ਰਹਿ ਜਾਊ?

ਨੋਟ: ਇਹ ਗੁਰਪ੍ਰੀਤ ਸਿੰਘ, ਨਿਹੰਗ ਧਰਮ ਸਿੰਘ ਦਾ ਚੇਲਾ ਹੈ, ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਕਈ ਕੁੱਝ ਊਲ ਜਲੂਲ ਬੋਲਿਆ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top