Share on Facebook

Main News Page

‘ਬਾਬਾ ਜੀ’ ਬਨਾਮ ਬਾਬਾ ਜੀ
- ਗੁਰਦੇਵ ਸਿੰਘ ਸੱਧੇਵਾਲੀਆ

ਵੈਨਕੋਵਰ ਦੀ ਗੱਲ ਹੈ ਕਿ ਸਾਡੇ ਗੁਆਢੀਂ ਕਿਸੇ ਬਾਬਾ ਜੀ ਦੇ ਸ਼ਰਧਾਲੂ ਸਨ, ਉਹਨਾ ਘਰ ‘ਪਵਿੱਤਰ’ ਕਰਾਉਂਣ ਲਈ ਕਿਸੇ ਬਾਬਾ ਜੀ ਦੇ ੱਚਰਨ’ ਪਵਾਏ। ਗੁਆਂਢ ਮੱਥਾ ਕਰਕੇ ਉਹਨਾ ਸਾਨੂੰ ਵੀ ਆਉਂਣ ਨੂੰ ਕਿਹਾ, ਅਸੀਂ ਸਾਰਾ ਪਰਿਵਾਰ ਜਾਂਦੇ ਹਾਂ। ਬਾਬਾ ਜੀ ਹਾਲੇ ਆਏ ਨਹੀਂ ਸਨ ਪਰ ਅਸੀਂ ਦੇਖਿਆ ਕਿ ਸਾਰਾ ਟੱਬਰ ਤੇ ਕਈ ਹੋਰ ਆਏ ਨੇੜਲੇ ਰਿਸ਼ਤੇਦਾਰ ਅਤੇ ਮਿੱਤਰ-ਦੋਸਤ ਅੱਧੀਆਂ ਕੁ ਪਿੰਟਾਂ ਟੰਗੀ ਭੰਬੀਰੀ ਵਾਂਗ ਘੁੰਮ ਰਹੇ ਸਨ। ਨਿਆਣੇ ਉਹਨਾ ਦੇ ਵੀ ਜਿਵੇਂ ਰਿਮੋਟ ਕੰਟਰੌਲ ਨਾਲ ਚਲਦੇ ਹੁੰਦੇ ਹਨ। ਘਰ ਦੇ ਦਰਵਾਜੇ ਦੇ ਬਾਹਰ ਤੀਕ ਚਿੱਟੀਆਂ ਚਾਦਰਾਂ ਵਿੱਛੀਆਂ ਹੋਈਆਂ ਸਨ। ਘਰ ਵਿੱਚ ਬਲੂਨ ਅਤੇ ਡੇਕੋਰੇਸ਼ਨ ਦਾ ਸਮ੍ਹਾਨ ਇੰਝ ਟੰਗਿਆ ਸੀ, ਜਿਵੇਂ ਵਿਆਹ ਜਾਂ ਕਿਸੇ ਬੱਚੇ ਦਾ ਬਰਥਡੇਅ ਹੁੰਦਾ ਹੈ। ਹਰੇਕ ਕੋਈ ਕੋਲਿਆਂ ਦੇ ਭੱਖਦੇ ਇੰਝਣ ਵਾਂਗ ਬਾਬਾ ਜੀ ਦੀ ਆਉਂਣ ਦੀ ਖੁਸ਼ੀ ਵਿੱਚ ਹਉਂਕ ਰਿਹਾ ਸੀ ਕਿ ਬਾਬਾ ਜੀ ਦੀ ਸਵੱਲੀ ਨਿਗਾਹ ਮੇਰੇ ਤੇ ਪੈਂਣੋ ਨਾ ਰਹਿ ਜਾਏ।

ਖੈਰ! ਬਾਬਾ ਜੀ ਆਇਆਂ ਦੀ ਖਬਰ ਮਿਲਦੇ ਸਾਰ ਸਾਰੇ ਲੋਕ ਇੱਕ ਦਮ ਬਾਹਰ ਸੜਕ ‘ਤੇ ਆਣ ਖੜੋਤੇ। ਬਾਬਾ ਜੀ ਹਾਲੇ ਗੱਡੀ ਵਿਚੋ ਅੱਧਾ ਕੁ ਹੀ ਉਤਰੇ ਸਨ ਕਿ ਸਾਰੇ ਉਥੇ ਖੜੋਤੇ ਲੋਕ ਇੰਝ ਹੇਠਾਂ ਡਿੱਗ ਪਏ ਜਿਵੇਂ ਹਨੇਰੀ ਨਾਲ ਰੁੱਖ ਡਿੱਗਦੇ ਹਨ। ਸੜਕ ‘ਤੇ ਜਾ ਰਹੇ ਕਈ ਗੋਰੇ ਲੋਕ ਬੜੇ ਹੈਰਾਨ ਕਿ ਇਹਨਾ ਖੜੋਤਿਆਂ ਨੂੰ ਕੀ ਹੋ ਗਿਆ! ਬਾਬੇ ਆਏ, ਖਾਸ ਲਾਏ ਹੋਏ ਵੱਡੀ ਕੁਰਸੀ ਦੇ ਸਿੰਘਾਸਨ ਤੇ ਬੈਠ ਗਏ ਤੇ ਸਾਰੀ ਲੁਕਾਈ ਦੁਬਾਰਾ ਮੱਥੇ ਟੇਕਦੀ ਤੇ ‘ਲਫਾਫੇ’ ਰੱਖਦੀ ਹੇਠਾਂ ਚਰਨਾ’ ਵਿੱਚ ਬੈਠਦੀ ਗਈ। ਬਾਬਾ ਜੀ ਕੋਈ ਡੇੜ ਘੰਟਾ ਘਰ ੱਚ ਰਹੇ ਮਜਾਲ ਕੋਈ ਹਿੱਲਿਆ ਜਾਂ ਉੱਚੀ ਸਾਹ ਵੀ ਲਿਆ ਹੋਵੇ। ਬਾਬਾ ਜੀ ਨੇ, ਨਾਲ ਚੇਲਿਆਂ ਅਤੇ ਸੰਗੀਆਂ ਚਾਹ ਪਕੌੜੇ ਛੱਕੇ, ਥੋੜੇ ਬੱਚਨ ਬਿਲਾਸ ਕੀਤੇ ਤੇ ਜਿਵੇਂ ਆਏ ਸਨ ਉਵੇਂ ਚਲੇ ਗਏ। ਬਾਬਿਆਂ ਦੀਆਂ ਆਮ ਪ੍ਰਚਲਚਤ ਜਿਹੀਆਂ ਗੱਲਾਂ ਨੂੰ ਲੋਕ ਅੱਧ ਮੀਟੀਆਂ ਅੱਖਾਂ ਨਾਲ ਸਿਰ ਮਾਰ-ਮਾਰ ਇੰਝ ਸੁਣ ਰਹੇ ਸਨ ਜਿਵੇਂ ਬਾਬਾ ਜੀ ਕਿਸੇ ਪ੍ਰਲੋਕ ਦੀ ਖਬਰ ਲੈ ਕੇ ਆਏ ਹੋਣ।

ਬਾਬਿਆਂ ਦੇ ਜਾਣ ਲਈ ਹਰੇਕ ਕੋਈ ਅਪਣੀ ਗੱਡੀ ਦੀ ਪੇਸ਼ਕਸ਼ ਕਰ ਰਿਹਾ ਜਾਪਦਾ ਸੀ ਕਿ ਮੇਰੀ ਗੱਡੀ ਬਾਬਾ ਜੀ ‘ਪਵਿੱਤਰ’ ਕਰਦੇ ਜਾਣ ਤਾਂ ਚੰਗਾ ਹੈ। ਗੱਡੀ ਦੀ ਅਗਲੀ ਸੀਟ ਉਪਰ ਬਾਬਾ ਜੀ ਦੇ ਆਸਣ ਲਈ ਇੱਕ ਖਾਸ ਗਲੀਚਾ ਵਿਛਾਇਆ ਹੋਇਆ ਸੀ ਜਿਸਨੂੰ ਬਾਬਾ ਜੀ ਦੇ ਸੰਗੀ ਆਸਣ ਕਹਿੰਦੇ ਸਨ। ਆਖਰ ਬਾਬਾ ਜੀ ਸਾਰੀ ਸੰਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਪੰਜ-ਸੱਤ ਲਿਸ਼ਕਦੀਆਂ ਕਾਰਾਂ ਦੇ ਕਾਫਲੇ ਸਮੇਤ ਵਿਦਾ ਹੋਏ ਤਾਂ ਫਿਰ ਸਾਰੇ ਟੱਬਰ ਨੂੰ ਕੁੱਝ ਖਾਣ ਪੀਣ ਦੀ ਸੋਝੀ ਆਈ। ਇਸ ਸਾਰੇ ਸਮੇ ਵਿੱਚ ਵੀ ਬਾਬਾ ਜੀ ਦੀਆਂ ਬਾਤਾਂ ਚਲਦੀਆਂ ਰਹੀਆਂ ਜਿਵੇਂ,

ਬਾਬਾ ਜੀ ਦੇ ਦੇਖੋ ਬੁੱਲ ਕਿਵੇਂ ਹਰ ਸਮੇ ਹਿੱਲਦੇ ਰਹਿੰਦੇ ਹਨ
ਬਾਬਾ ਜੀ ਦਾ ਚਿਹਰਾ ਕਿਵੇਂ ਨੂਰੋ ਨੂਰ ਹੈ
ਰਾਤ ਇੱਕ ਵੱਜੇ ਹੀ ਉੱਠ ਖੜਦੇ ਹਨ ਨੂਰ ਹੋਵੇ ਕਿਉਂ ਨਾ ਬਈ! ਦੂਜਾ ਬੋਲ ਪੈਂਦਾ ਹੈ।
ਅਸੀਂ ਤਾਂ ਧੰਨ ਹੋ ਗਏ ਜਦ ਦੇ ਬਾਬਾ ਜੀ ਦੇ ਲੜ ਲੱਗੇ ਹਾਂ। ਘਰ ਦੀ ਮਾਲਕਣ ਕਹਿੰਦੀ ਹੈ।
ਬਾਬਾ ਜੀ ਨੂੰ ਫੋਨ ਕਰਕੇ ਖੋਲ੍ਹੀ ਸੀ ਕੰਪਨੀ, ਇੱਕ ਟਰੱਕ ਤੋਂ ਹੁਣ ਅੱਠ ਹੋ ਗਏ। ਬਾਬਾ ਜੀ ਨੇ ਕਿਹਾ ਸੀ ਅਰਦਾਸ ਕਰਕੇ ਸ਼ੁਰੂ ਕਰ ਦਿਉ ਰੱਬ ਭਲੀ ਕਰੂ।

ਅਸੀਂ ਦੇਖਿਆ ਕਿ ਸਾਰੇ ਸਮੇ ਇੰਝ ਕੁ ਦੀ ਹੀ ਚਰਚਾ ਹੁੰਦੀ ਰਹੀ। ਅਸੀਂ ਬਚੇ ਖੁੱਚੇ ਰੱਸਗੁਲਿਆਂ ਨੂੰ ਹੱਥ ਫੇਰ ਕੇ ਘਰ ਨੂੰ ਆ ਗਏ। ਪਤਨੀ ਮੇਰੀ ਕਹਿਣ ਲੱਗੀ ਬਾਬਾ ਜੀ ਕੀ ਆਏ ਇਹ ਤਾਂ ਜਿਵੇਂ ਹਨੇਰੀ ਆਈ ਹੁੰਦੀ ਹੈ।

ਸਾਲ ਕੁ ਬਾਅਦ ਉਹੀ ਪਰੀਵਾਰ ਮੁੰਡੇ ਦੇ ਜਨਮ ਦਿਨ ਤੇ ਸੁਖਮਨੀ ਸਾਹਬ ਦਾ ਪਾਠ ਕਰਉਂਦਾ ਹੈ, ਅਸੀਂ ਫੇਰ ਜਾਂਦੇ ਹਾਂ। ਥੋੜੇ ਬਾਹਲੇ ਫਰਕ ਨਾਲ ਉਹੀ ਚਿਹਰੇ, ਰਿਸ਼ਤੇਦਾਰ, ਦੋਸਤ-ਮਿੱਤਰ। ਕੋਈ 10 ਕੁ ਵੱਜੇ ਦਾ ਸਮਾ ਸੀ ਜਦ ਘਰ ਦੇ ਦੋ ਕੁ ਮੈਂਬਰ ਤੇ ਗੁਰਦੁਆਰਾ ਸਾਹਬ ਦਾ ਕੀਰਤਨੀ ਜਥਾ ਗੁਰੂ ਗਰੰਥ ਸਾਹਬ ਘਰੇ ਲੈ ਕੇ ਆਉਂਦੇ ਹਨ। ਕੋਈ ਵਿਰਲਾ ਟਾਵਾਂ ਜਿਹਾ ਹੀ ਘਰ ਆਇਆ ਸੀ। ਘਰ ਦੀ ਸੁਆਣੀ ਹਾਲੇ ਤੀਕ ਨਿਆਣੇ ਕੁੱਟੀ ਜਾ ਰਹੀ ਸੀ ਜਿਹੜਾ ਤਿਆਰ ਨਹੀਂ ਸਨ ਹੋ ਰਹੇ। ਕੋਈ ਘਰੋਂ ਬਾਹਰ ਨਹੀਂ ਆਇਆ। ਘਰ ਦੀ ਮਾਲਕਣ ਤੇ ਹੋਰ ਦੋ ਚਾਰ ਮੈਂਬਰਾਂ ਰਸਮੀ ਜਿਹੇ ਸਤਿਕਾਰ ਦਾ ਵਿਖਾਲਾ ਕਰਦਿਆਂ ਧਰਤੀ ਛੋਹੀ ਤੇ ਗੁਰੂ ਗਰੰਥ ਸਾਹਬ ਕਮਰੇ ਵਿੱਚ ਪਹੁੰਚ ਗਏ। ਪਾਠ ਸ਼ੁਰੂ ਹੋ ਗਿਆ। ਘਰ ਦਾ ਮਾਲਕ ਤੇ ਦੋ ਚਾਰ ਹੋਰ ਸੱਜਣ ਪਾਠ ਸ਼ੁਰੂ ਕਰਾ ਕੇ ਚਾਹ ਪਕੌੜੇ ਛਕਣ ਚਲੇ ਗਏ। ਕੀਰਤਨੀ ਜਥੇ ਦੀ ਵੇਲਣੇ 'ਚ ਬਾਂਹ ਆਈ ਸੀ ਕਿ ਉਹ ਉਥੇ ਬੈਠਣ, ਉਹ ਵੀ ਇੱਕ ਦੀ ਵਾਰੀ ਲਾ ਕੇ ਬਾਕੀ ਚਲੇ ਗਏ। ਬਾਬਾ ਜੀ ਹੁਣ ਇਕੱਲੇ ਸਨ। ਪਾਠ ਮਸ਼ੀਨੀ ਢੰਗ ਨਾਲ ਚਲ ਰਿਹਾ ਸੀ। ਮੈ ਹੈਰਾਨ ਸਾਂ ਕਿ ਪਾਠੀ ਨੇ ਗੁਰਬਾਣੀ ਕਾਹਦੀ ਪੜ੍ਹੀ ਜਿਵੇਂ ਉਸ ਹਨੇਰੀ ਲਿਆ ਦਿੱਤੀ। ਉਸ ਹਨੇਰੀ ਵਿੱਚ ਗੁਰਬਾਣੀ ਦੇ ਪਾਵਨ ਬੋਲ ਕੱਖਾਂ ਵਾਂਗ ਉੱਡ ਰਹੇ ਸਨ ਜੀਹਨਾ ਦਾ ਕੁੱਝ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਲਫਜ ਕਿਸ ਨਾਲ ਜੋੜ ਕੇ ਕੀ ਅਰਥ ਕੱਢਿਆ ਜਾਵੇ। ਮੈਨੂੰ ਬਾਅਦ ੱਚ ਪਤਾ ਚਲਿਆ ਕਿ ਕੀਰਤਨੀ ਜੱਥੇ ਨੇ ਕਿਤੇ ਹੋਰ ਵੀ ‘ਦੋਹਰ’ ਲਾਉਂਣੀ ਸੀ ਜਿਸ ਕਰ ਕੇ ਉਹ ਫਾਹਾ ਵੱਡ ਰਿਹਾ ਸੀ।

ਘਰ ਵਿੱਚ ਕਿਸੇ ਨੂੰ ਖਬਰ ਨਹੀਂ ਕਿ ਕੋਈ ਆਇਆ ਹੈ। ਚਾਹ ਪਕੌੜਿਆਂ ਵਾਲੀ ਥਾਂ ਤੋਂ ਬਹੁਤ ਰੌਲਾ ਬਾਬਾ ਜੀ ਦੇ ਅੰਦਰ ਆ ਰਿਹਾ ਸੀ ਪਰ ਨਾ ਪਾਠ ਕਰਨ ਵਾਲੇ ਦੀ ਜੁਅਰਤ ਸੀ ਕਿ ਕਹੇ ਕਿ ਬਾਹਰੀ ਖੱਪ ਬੰਦ ਕਰੋ ਤੇ ਨਾ ਹੀ ਉਹ ਕਰਨਾ ਹੀ ਚਾਹੁੰਦਾ ਸੀ, ਕਿਉਂਕਿ ਕਿਸੇ ਦੇ ਬੈਠੇ ਉਹ ਪਾਠ ਕਰਨ ਦਾ ਫਾਹਾ ਨਹੀਂ ਸੀ ਵੱਡ ਸਕਦਾ ਤੇ ਲੇਟ ਹੋਣ ਦੀ ਸੂਰਤ ਵਿੱਚ ਉਸਦਾ ਅੱਗਾ ਮਾਰਿਆ ਜਾਣਾ ਸੀ। ਜਿਵੇਂ ਕਿਵੇ ਪਾਠ ਹੋ ਗਿਆ। ਕੀਰਤਨ ਸ਼ੁਰੂ ਹੋ ਗਿਆ। ਹੁਣ ਕੁੱਝ ਇੱਕ ਬੁੱਢੇ-ਬੁੱਢੀਆਂ ਉਤਰਨੇ ਸ਼ੁਰੂ ਹੋ ਗਏ ਸਨ। ਤੇ ਆਖਰ ਅਨੰਦ ਸਾਹਬ ਵੇਲੇ ਰੌਣਕ ਹੋ ਗਈ ਸੀ। ਭੋਗ ਪਿਆ ਅਰਦਾਸ ਵਿੱਚ ਸ਼ਰਧਾਲੂ ਪ੍ਰਰਿਵਾਰ ਕਹਿਕੇ ਲੱਖਾਂ ਖੁਸ਼ੀਆਂ ਝੋਲੀ ਪਾਈਆਂ ਗਈਆਂ ਤੇ ਪ੍ਰਸਾਦ ਵਰਤਾ ਦਿੱਤਾ ਗਿਆ।

ਹੁਣ ਕੀਰਤਨੀ ਜਥੇ ਦੀ ਇੱਕ ਕਿਸਮ ਦੀ ਬਹੁੜੀ ਸੀ ਕਿ ਸਾਨੂੰ ਦਫਾ ਕਰੋ ਅਸੀਂ ਲੰਗਰ ਨਹੀਂ ਛਕਣਾ। ਘਰ ਵਾਲੇ ਬਥੇਰਾ ਕਹਿਣ ਕਿ ਪ੍ਰਸਾਦਾ ਛੱਕ ਕੇ ਜਾਉ ਪਰ ਉਹਨਾ ਦੀ ਇੱਕੋ ਰਟ ਸੀ ਕਿ ਸਾਨੂੰ ਛੱਡ ਆਉ। ਪਰ ਬਾਬਾ ਜੀ ਅਤੇ ਕੀਰਤਨੀਆਂ ਦੀ ਕੋਈ ਨਹੀਂ ਸੀ ਸੁਣ ਰਿਹਾ ਸਭ ਆਪੋ ਅਪਣੀਆਂ ਗੱਪਾਂ ਵਿੱਚ ਮਸ਼ਰੂਫ ਸਨ। ਆਖਰ ਘਰ ਦੇ ਮਾਲਕ ਨੇ ਮੇਰਾ ਤਰਲਾ ਕੀਤਾ ਕਿ ਬਾਬਾ ਜੀ ਨੂੰ ਗੁਰਦੁਆਰਾ ਸਾਹਬ ਛੱਡ ਆਉ। ਬਾਬਾ ਜੀ, ਤਿੰਨ ਕੀਰਤਨੀਏ ਅਤੇ ਪੰਜਵਾਂ ਮੈ, ਅਸੀਂ ਗੱਡੀ ੱਚ ਇੰਝ ਬੈਠ ਗਏ ਜਿਵੇਂ ਬੇਇੱਜਤ ਕਰਕੇ ਘਰੋਂ ਕੱਢੇ ਗਏ ਹੁੰਨੇ ਆਂ। ਕਿਸੇ ਨਹੀਂ ਕਿਹਾ ਕਿ ਮੇਰੀ ਗੱਡੀ ਹਾਜਰ ਹੈ, ਕਿਸੇ ਨੂੰ ਮੱਤਲਬ ਨਹੀਂ ਸੀ ਗੁਰੂ ਗਰੰਥ ਸਾਹਬ ਜਾ ਰਹੇ ਹਨ। ਕਿਸੇ ਨਹੀਂ ਬਾਅਦ ਵਿੱਚ ਚਰਚਾ ਕੀਤੀ ਹੋਣੀ ਕਿ ਗੁਰੂ ਗਰੰਥ ਸਾਹਬ ਘਰੇ ਆਏ ਤੇ ਆਹ ਕਹਿਕੇ ਗਏ। ਕਿਸੇ ਨਹੀਂ ਗੁਰੂ ਗਰੰਥ ਸਾਹਿਬ ਨੂੰ ਸਿਰ ਮਾਰ-ਮਾਰ ਸੁਣਿਆ। ਕੋਈ ਨਹੀਂ ਪੈਂਟਾਂ ਟੰਗ-ਟੰਗ ਸਾਹੋ ਸਾਹੀ ਹੋਇਆ।

ਇਹ ਕੋਈ ਕਹਾਣੀ ਨਹੀਂ ਰੋਜ ਵਾਪਰ ਰਿਹਾ ਵਰਤਾਰਾ ਹੈ। ਇਹ ਸਿਰਫ ਕਹਿਣ ਦੀਆਂ ਬਾਤਾਂ ਹਨ ਕਿ ਗੁਰੂ ਸਾਡਾ ਗਰੰਥ ਸਾਹਿਬ ਹੈ ਦਰਅਸਲ ਪ੍ਰਭਾਵ ਅਸੀਂ ਦੇਹਾਂ ਦਾ ਹੀ ਮੰਨਦੇ ਹਾਂ। ਵੀਕਐਂਡ ਕਿਸੇ ਗੁਰਦੁਆਰੇ ਜਾਉ। ਗੁਰੂ ਗਰੰਥ ਸਾਹਿਬ ‘ਵਿਕਣ’ ਲਈ ਜਾ ਰਹੇ ਹੁੰਦੇ ਹਨ ਤੇ ਦੁਪਹਿਰ ਜਿਹੀ ਨੂੰ ਵੱਟਕ ਵੱਟਕੇ ਵਾਪਸ ਆ ਰਹੇ ਹੁੰਦੇ ਹਨ। ਸ਼ਾਮ ਨੂੰ ਮੁਸਕੜੀਆਂ ਹੱਸਦੇ ਪ੍ਰਬੰਧਕ ਲੋਕ ਗੁਰੂ ਦੀ ਵੱਟਕ ਥੁੱਕ ਲਾ-ਲਾ ਗਿਣ ਰਹੇ ਹੁੰਦੇ ਹਨ। ਉਂਝ ਗੱਲੀਂਬਾਤੀਂ ਸ਼ਬਦ ਗੁਰੂ, ਜੁੱਗੋ ਜੁੱਗ ਅਟੱਲ, ਚਵਰ ਤਖਤ ਦੇ ਮਾਲਕ, ਤੇ ਪਤਾ ਨਹੀਂ ਕਿੰਨਾ ਕੁੱਝ ਕਹਿਣ ਦਾ ਪਖੰਡ ਅਸੀਂ ਨਿੱਤ ਕਰਦੇ ਹਾਂ। ਇੱਕ ਚਲਾਵਾਂ ਜਿਹਾ ਬੰਦਾ ਵੀ ਘਰ ਆ ਜਾਏ ਤਾਂ ਉਠ ਕੇ ਨਹੀਂ ਜਾਈਦਾ ਕਿ ਇੰਝ ਇਸ ਦੀ ਬੇਇੱਜਤੀ ਹੈ। ਪਿਛਲੇ ਹਫਤੇ ਮੇਰੇ ਰਿਸ਼ਤੇਦਾਰ ਦੇ ਕੀਰਤਨ ਪਾਠ ਸੀ। ਅਨੰਦ ਸਾਹਬ ਵੇਲੇ ਉਹਨੂੰ ਹੇਠੋਂ ਗੱਪਾਂ ਮਾਰਦੇ ਨੂੰ ਲੈ ਕੇ ਆਇਆ ਕਿ ਹੁਣ ਤਾਂ ਉਪਰ ਆ ਜਾ। ਇਹ ਕੀ ਹੈ ਜੋ ਅਸੀਂ ਕਰ ਰਹੇ ਹਾਂ। ਕੋਈ ਸ਼ੱਕ ਨਹੀਂ ਕਿ ਸਾਡੀ ਸ਼ਰਧਾ ਹੈ ਕਿ ਗੁਰੂ ਗਰੰਥ ਸਾਹਿਬ ਅਸੀਂ ਘਰੇ ਲੈ ਕੇ ਆਉਂਣੇ ਹਨ ਪਰ ਲਿਆ ਕੇ ਘੱਟੋ ਘਟ ਉਸਦੀ ਬੇਇੱਜਤੀ ਤਾਂ ਨਾ ਕਰੀਏ। ਤੁਸੀਂ ਕਦੇ ਸੋਚਿਆ ਕਿ ਤੁਸੀਂ ਜਿਹੜਾ ਵਿਹਾਰ ਅਪਣੇ ਬੱਚਿਆਂ ਸਾਹਵੇਂ ਗੁਰੂ ਗਰੰਥ ਸਾਹਬ ਨਾਲ ਕਰਦੇ ਹੋ ਇਹ ਤੁਹਾਨੂੰ ਨੋਟ ਨਹੀਂ ਕਰ ਰਹੇ ਤੇ ਇਹ ਇਸ ਨਾਲ ਜੁੜੇ ਰਹਿ ਜਾਣਗੇ।

ਪੰਜਾਬ ਮੇਰੀ ਪਤਨੀ ਦੇ ਤਾਏ ਕਿਆਂ ਮੁੰਡੇ ਦਾ ਧਮਾਣ ਕੀਤਾ ਮੈ ਬਥੇਰਾ ਕਿਹਾ ਕਿ ਸਾਰੇ ਰਲ ਕੇ ਸੁਖਮਨੀ ਸਾਹਬ ਦਾ ਪਾਠ ਕਰਕੇ ਕੀਰਤਨ ਕਰ ਲੈਨੇ ਆਂ ਅਖੰਡ ਪਾਠ ਤੇ ਜਦ ਕਿਸੇ ਬੈਠਣਾ ਹੀ ਨਹੀਂ ਤਾਂ ਕਿਉਂ ਗੁਰੂ ਦੀ ਬੇਇੱਜਤੀ ਕਰਦੇ ਹਾਂ। ਉਹ ਕਹਿੰਦੇ ਅਸੀਂ ਸੁੱਖਿਆ। ਪਾਠ ਸ਼ੁਰੂ ਹੋ ਗਿਆ। ਬਾਹਲੇ ਤਾਂ ਪੰਜ ਪਉੜੀਆਂ ਤੇ ਹੀ ਖਿਸਕ ਗਏ। ਦੋ ਚਾਰ ਰਹੇ ਸਨ ਉਹ ਜਪੁਜੀ ਦੇ ਭੋਗ ਤੇ ਚਲੇ ਗਏ। ਪਾਠੀ ਨੇ ਮੇਰੇ ਤੋਂ ਔਖ ਮਹਿਸੂਸ ਕੀਤੀ ਕਿਉਕਿ ਉਸ ਅਪਣੇ ‘ਤਰੀਕੇ’ ਦਾ ਪਾਠ ਸ਼ੁਰੂ ਕਰ ਦੇਣਾ ਸੀ ਹੁਣ ਉਸ ਨੂੰ ਬੋਲ ਕੇ ਕਰਨਾ ਪੈ ਰਿਹਾ ਸੀ। ਉਸ ਰਹਿਰਾਸ ਸਾਹਬ ਦੇ ਸ਼ਬਦਾਂ ਤੇ ਕਈ ਵਾਰ ਘਰੋੜ ਕੇ ਹੇਕ ਲਾਈ ਕਿ ਹੁਣ ਤਾਂ ਚਲਾ ਜਾਹ ਵੈਰੀਆ! ਫੇਰ ਉਹੀ ਕੁੱਝ ਉਸ ਸੋਹਿਲੇ ਤੇ ਕੀਤਾ। ਆਖਰ ਜਦ ਉਸ ਦੇਖਿਆ ਕਿ ਇਹ ਗਲੋਂ ਨਹੀਂ ਲੱਥਦਾ ਤਾਂ ਉਸ ਅਪਣੇ ‘ਤਰੀਕੇ’ ਵਾਲਾ ਪਾਠ ਸ਼ੁਰੂ ਕਰ ਹੀ ਦਿਤਾ ਤੇ ਯਕੀਨਨ ਤਿੰਨ ਦਿਨ ਉਸੇ ਦਾ ਤਰੀਕਾ ਚਲਦਾ ਰਿਹਾ। ਭੋਗ ਵਾਲੇ ਦਿਨ ਭੋਗ ਦੇ ਸਬਦ ਸ਼ੁਰੂ ਹੋ ਕੇ ਰਾਗਮਾਲਾ ਤੱਕ ਵੀ ਪਾਠ ਪਹੁੰਚ ਗਿਆ ਪਰ ਘਰ ਦੀਆਂ ਬੀਬੀਆਂ ਹਾਲੇ ਤੱਕ ਨਿਆਣੇ ਕੁੱਟੀ ਜਾ ਰਹੀਆਂ ਸਨ। ਇਸ ਸਾਰੇ ਸਮੇ ਵਿੱਚ ਇੱਕੋ ਕੰਮ ਸੀ ਜਿਸ ਉਪਰ ਘਰ ਵਾਲਿਆਂ ਤੇ ਪਾਠੀਆਂ ਦਾ ਖਾਸ ਜੋਰ ਲੱਗਾ ਰਿਹਾ। ਉਹ ਸੀ, ਜੋਤ ਨਾ ਬੁੱਝ ਜਾਏ ਤੇ ਧੁਪ ਨਾ ਧੁੱਖਣੋ ਰਹਿ ਜਾਏ। ਉਹ ਜੋਤ ਜਾਂ ਧੁਪ ਦੀ ਦੇਖ-ਭਾਲ ਕਰਕੇ ਕਮਰੇ ਵਿਚੋਂ ਇੰਝ ਦੌੜਦੇ ਜਿਵੇਂ ਬਾਬਾ ਜੀ ਨੇ ਬਦੋਬਦੀ ਫੜ ਕੇ ਬਿਠਾਲ ਲੈਣ ਹੁੰਦਾ ਹੈ। ਪਾਠੀਆਂ ਦਾ ਸਾਹ ਘੁੱਟਦਾ, ਉਹ 4-5 ਧੂਪਾਂ ਦੀ ਬਜਾਇ ਇੱਕ ਕਰਕੇ ਜਾਂਦੇ ਘਰ ਵਾਲੇ ਫਿਰ ਧੂਆਂ ਕਰ ਜਾਂਦੇ। ਘਰ ਵਾਲਿਆਂ ਨੂੰ ਜਾਪਦਾ ਸਾਰੇ ਪਾਠ ਦਾ ‘ਫਲ’ ਜੋਤ ਤੇ ਧੂਪਾਂ ਵਿੱਚ ਹੀ ਹੈ।

ਅਸੀਂ ਕਦੇ ਨਹੀਂ ਸੋਚਿਆ ਕਿ ਇਹ ਸਭ ਅਸੀਂ ਕਿਉਂ ਕਰਨਾ ਚਾਹੁੰਦੇ ਹਾਂ। ਜਦ ਅਸੀਂ ਬੈਠਣਾ ਹੀ ਨਹੀਂ, ਸੁਣਨਾ ਹੀ ਨਹੀਂ, ਪੱਲੇ ਹੀ ਕੁੱਝ ਨਹੀਂ ਪੈਣਾ ਤਾਂ ਇਸ ਦਾ ਲਾਭ ਕੀ? ਅਸੀਂ ਅਖੰਡ ਪਾਠਾਂ ਦੀ ਬਜਾਇ ਆਪ ਪਾਠ ਕਰਨ ਦੀ ਜਦ ਗੱਲ ਕਰਦੇ ਹਾਂ ‘ਧਰਮੀ ਲੋਕ’ ਫੱਟ ਰੌਲਾ ਚੁੱਕ ਦਿੰਦੇ ਹਨ ਕਿ ਦੇਖੋ ਜੀ! ਇਹ ਬਾਣੀ ਪੜ੍ਹਨ ਦੀ ਮੁਖਾਲਫਤ ਕਰ ਰਹੇ ਹਨ। ਸ਼ਰਧਾਵਾਨ ਯਕੀਨਨ ਜਾਣ ਲੈਣ ਕਿ ਇਹ ਗੁਰੂ ਦੀ ਘੋਰ ਬੇਅਦਬੀ ਹੈ ਜਿਹੜੀ ਅਸੀਂ ਪਾਠਾਂ ਜਾਂ ਕੀਰਤਨਾ ਦੇ ਨਾਂ ਤੇ ਕਰਦੇ ਹਾਂ। ਸਵਾਲ ਉੱਠੇਗਾ ਕੀ ਫਿਰ ਇਹ ਸਭ ਬੰਦ ਹੋ ਜਾਏ? ਨਹੀਂ!

ਹੱਲ- ਹਰੇਕ ਗੱਲ ਦਾ ਹੱਲ ਹੈ। ਵੈਸੇ ਤਾਂ ਇਹ ਸਭ ਕੁੱਝ ਤੁਹਾਨੂੰ ਆਪ ਕਰਨਾ ਚਾਹੀਦਾ। ਸੁਖਮਨੀ ਸਾਹਿਬ ਦਾ ਪਾਠ ਕਿੰਨਾ ਕੁ ਔਖਾ। ਪਰ ਚਲੋ ਜੇ ਤੁਹਾਨੂੰ ਪੁਜਾਰੀਆਂ ਦੇ ਕੀਤੇ ਦਾ ਸਵਾਦ ਪੈ ਹੀ ਗਿਆ ਹੈ ਤਾਂ ਘਟੋ ਘਟ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਬੱਚਿਆ ਜਾ ਸਕਦਾ ਹੈ। ਸਵਾਦ ਪੈ ਗਿਆ ਮੈਂ ਤਾਂ ਕਿਹਾ ਕਿ ਇੱਕ ਮਿੱਤਰ ਦੇ ਘਰੇ ਅਸੀਂ ਇਹ ਸਭ ਕੁੱਝ ਜਦ ਆਪ ਕੀਤਾ ਤਾਂ ਇੱਕ ਮਾਈ ਲੰਗਰ ਛੱਕਦੀ ਬੋਲੀ ਜਾਵੇ,

ਲੈ ਹੇ ਖਾਂ! ਇਹ ਆਪ ਹੀ ਚੌਧਰੀ ਬਣੇ ਫਿਰਦੇ, ਭਾਈ ਜੀ ਦੀ ਅਰਦਾਸ ਤੋਂ ਬਿਨਾ ਕਿਵੇਂ ਲੱਗਜੂ ਕਿਸੇ ਦੀ ਅਰਦਾਸ। ਹਾਂਅ!

ਜੀਹਨੂ ਸੱਦਣਾ ਨਾਲ ਕਹੋ ਕਿ 10: 30 ਤੋਂ ਬਾਅਦ ਚਾਹ ਪਾਣੀ ਦਾ ਲੰਗਰ ਬੰਦ। ਲੋਕ ਪਹਿਲਾਂ ਆਉਂਣ ਚਾਹ ਪਾਣੀ ਪੀਣ ਤੇ ਇੱਕਠੀਆਂ ਹੋਈਆਂ ਗੱਪਾਂ ਦਾ ਥੋੜਾ ਭਾਰ ਹੌਲਾ ਕਰ ਲੈਣ ਪਰ ਜਿਹੜਾ ਲੇਟ ਸੋ ਲੇਟ। ਠੀਕ 11 ਵਜੇ ਗੁਰੂ ਗਰੰਥ ਸਾਹਿਬ ਜੀ ਦੇ ਆਉਂਣ ਦਾ ਸਮਾ ਹੋਵੇ। ਸਾਰੇ ਲੋਕ ਸਤਿਕਾਰ ਵਿੱਚ ਖੜੇ ਹੋਣ ਤਾਂ ਕਿ ਤੁਹਾਡੇ ਬੱਚਿਆਂ ਦੇ ਮਨਾ ਵਿੱਚ ਚੰਗਾ ਪ੍ਰਭਾਵ ਜਾਵੇ। ਅੱਧਾ ਘੰਟਾ ਕੀਤਰਨ, ਅੱਧਾ ਘੰਟਾ ਜਾਂ ਗੁਰੂ ਗਰੰਥ ਸਾਹਿਬ ਤੋਂ ਪਾਠ ਜਾਂ ਉਸ ਦੀ ਸਰਲ ਵਿਆਖਿਆ। ਘੰਟੇ ਬਾਅਦ ਭੋਗ ਪਾਉ ਤਾਂ ਕਿ ਆਏ ਲੋਕਾਂ ਨੂੰ ਬਹੁਤਾ ਬੈਠਣਾ ਔਖਾ ਨਾ ਲੱਗੇ। ਪਰ ਜਿੰਨਾ ਚਿਰ ਉਹ ਬੈਠਣ ਉਹਨਾ ਨੂੰ ਸੁਣਨ ਨੂੰ ਕੁੱਝ ਮਿਲੇ ਨਾਂ ਕਿ ਭਾਈ ਜੀ ਇਕੱਲੇ ਹੀ ਪਾਠ ਨੂੰ ਦੁੜਾਈ ਫਿਰਨ। ਅਦਬ ਨਾਲ ਗੁਰੂ ਨੂੰ ਘਰੋਂ ਤੋਰੋ। ਬਾਅਦ ਵਿੱਚ ਲੰਗਰ ਛੱਕੋ, ਗੱਪਾਂ ਮਾਰੋ ਕੋਈ ਨਹੀਂ ਰੋਕਦਾ ਪਰ ਗੁਰੂ ਗਰੰਥ ਸਾਹਿਬ ਜਿੰਨਾ ਚਿਰ ਘਰੇ ਉਨ੍ਹਾ ਚਿਰ ਮੂੰਹ ਬੰਦ ਰੱਖੋ।

ਤੁਹਾਨੂੰ ਕਿਸੇ ਨਹੀਂ ਦਸਣਾ, ਨਾ ਗੁਰੂਦਆਰਿਆਂ, ਨਾ ਪੁਜਾਰੀਆਂ। ਉਨ੍ਹਾ ਦੇ ਵਪਾਰ ਦਾ ਮਸਲਾ ਹੈ। ਰੱਬ ਦਾ ਵਾਸਤਾ ਗੁਰੂਆਂ ਭਗਤਾਂ ਤੇ ਗੁਰਸਿੱਖਾਂ ਦੇ ਇਸ ਮਹਾਨ ਫਲਸਫੇ ਤੇ ਰੱਬੀ ਗਿਆਨ ਦਾ ਨਿਰਾਦਰ ਕਰਨ ਦੇ ਭਾਗੀ ਨਾ ਬਣੋ। ਇਸ ਪਿੱਛੇ ਬੜੀਆਂ ਘਾਲਨਾਵਾਂ, ਮੁੱਸ਼ਕਤਾਂ ਤੇ ਮੁਸੀਬਤਾਂ ਝੱਲੀਆਂ ਗੁਰੂਆਂ ਅਤੇ ਗੁਰੂ ਕੇ ਸਿੱਖਾਂ ਨੇ। ਇਸੇ ਗੁਰੂ ਗਿਆਨ ਦੀ ਹਨੇਰੀ ਤੋਂ ਡਰ ਕੇ ਹੀ ਗੁਰੂ ਅਰਜਨ ਸਾਹਿਬ ਨੂੰ ਤਤੀ ਲੋਹ ਤੇ ਬੈਠਾ ਕੇ ਛਾਲਿਉ ਛਾਲੀ ਕਰ ਦਿਤਾ ਗਿਆ ਸੀ। ਇਸ ਗਿਆਨ ਨੂੰ ਇਕੱਠਾ ਕਰਨ ਹਿੱਤ ਗੁਰੂ ਨਾਨਕ ਸਾਹਿਬ ਦੇ ਚਰਨ ਛਾਲਿਉ ਛਾਲੀ ਹੋ ਗਏ ਸਨ ਤੇ ਹਜਾਰਾਂ ਮੀਲ ਤੁਰ ਤੁਰ ਕੇ ਗੁਰੂ ਨੇ ਭਗਤਾਂ ਮਹਾਂਪੁਰਖਾਂ ਦੀ ਇਹ ਅਨਮੋਲ ਬਾਣੀ ਇਕੱਠੀ ਕੀਤੀ ਸੀ। ਇਹਨੂੰ ਭਾਰ ਨਾ ਸਮਝੋ। ਭੋਗ ਤੋਂ ਬਾਅਦ ਇਸ ਨੂੰ ਫੋਰਨ ਘਰੋਂ ਕੱਢਣ ਦੀ ਨਾ ਸੋਚਿਆ ਕਰੋ ਬਲਕਿ ਇਸ ਨੂੰ ਅਦਬ ਸਹਿਤ ਗੁਰਦੁਆਰਾ ਸਾਹਿਬ ਛੱਡ ਕੇ ਆਉਂਣ ਵਿੱਚ ਸਾਡੀ ਭਲਿਆਈ, ਵਫਾਦਾਰੀ ਤੇ ਈਮਾਨਦਾਰੀ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top