Share on Facebook

Main News Page

ਇਹ ਧਰਤੀ…?
-
ਗੁਰਦੇਵ ਸਿੰਘ ਸੱਧੇਵਾਲੀਆ

ਇਹ ਧਰਤੀ ਰਿਸ਼ੀਆਂ-ਮੁਨੀਆਂ ਦੀ ਹੈ, ਇਹ ਧਰਤੀ ਪੀਰਾਂ-ਪੈਕੰਬਰਾਂ ਦੀ ਹੈ? ਪਰ… ਹੁਣੇ ਜਿਹੇ ਆਸਾਰਾਮ ਦੇ ਬਿਆਨ ਨੇ ਸਭ ਦਾ ਧਿਆਨ ਖਿਚਿਆ ਹੈ। ਉਹ ਕਸੂਰ, ਬਲਾਤਕਾਰ ਹੋਈ ਲੜਕੀ ਦਾ ਕੱਢ ਰਿਹਾ ਹੈ। ਹੋਰ ਕਿ ਕੁੜੀ ਨੂੰ ਬਲਾਤਕਾਰੀਆਂ ਨੂੰ ਭਾਈ ਕਹਿਣਾ ਚਾਹੀਦਾ ਸੀ! ਸਰਵਸਤੀ ਦਾ ਮੰਤਰ ਪੜਨਾ ਚਾਹੀਦਾ ਸੀ! ਆਸਾਰਾਮ ਕਿਤੇ ਅਬਦਾਲੀ ਵੇਲੇ ਹੁੰਦਾ ਤਾਂ ਇਸਨੇ ਓਸ ਵੇਲੇ ਵੀ ਕਸੂਰ, ਮੰਡੀਆਂ ਵਿਚ ਵਿਕ ਰਹੀਆਂ ਔਰਤਾਂ ਦਾ ਹੀ ਕੱਢਣਾ ਸੀ ਕਿ ਉਨ੍ਹਾਂ ਕੋਲੋਂ ਭਾਈ ਕਹਿਕੇ ਜਾਨ ਨਹੀੰ ਸੀ ਬਚਾਈ ਜਾਂਦੀ? ਤੇ ਸਰਵਸਤੀ ਮੰਤਰ? ਤੁਹਾਨੂੰ ਜਾਪਦਾ ਕਿ ਉਨ੍ਹਾਂ ਕੋਈ ਮੰਤਰ ਛੱਡਿਆ ਹੋਵੇਗਾ? ਪਰ ਨਾ ਉਥੇ ਕੋਈ ਮੰਤਰ ਬਹੁੜਿਆ ਤੇ ਨਾ ਸ੍ਰੀ ਕ੍ਰਿਸ਼ਨ ਜੀ ਸਾਹੜੀ ਲੈ ਕੇ ਜਿਹੜੇ ਕਹਿੰਦੇ ਸਨ ਕਿ ਜਦ ਵੀ ਧਰਤੀ ਪਰ ਪਾਪ ਹੋਵੇਗਾ ਮੈਂ ਅਵਤਾਰ ਧਾਰਾਂਗਾ। ਬਹੁੜੇ ਕੌਣ ਸਨ? ਘੋੜਿਆਂ ਦੀ ਕਾਠੀਆਂ ਤੇ ਸਾਉਣ ਵਾਲੇ ਸੂਰਬੀਰ ਜੋਧੇ। ਪਰ ਉਹ ਕੋਈ ਮੰਤਰ ਜਪ ਕੇ ਨਹੀੰ ਸਨ ਗਏ। ਕਿ ਗਏ ਸਨ?

ਕਦੇ ਦਿਲ ਕਰਦਾ ਖੀਰ ਸਮੁੰਦਰ ਵਿਚ ਜਾ ਕੇ ਵਿਸ਼ਨੂੰ ਜੀ ਨੂੰ ਕਹਾਂ ਕਿ ਜਿਵੇਂ ਤੁਸੀਂ ਰਾਖਸ਼ਾਂ ਕੋਲੋਂ ਅੰਮ੍ਰਤਿ ਖੋਹਣ ਵੇਲੇ ਮੋਹਣੀ ਦਾ ਰੂਪ ਧਾਰਿਆ ਸੀ ਥੋੜੇ ਚਿਰ ਲਈ ਆਸਾਰਾਮ ਨੂੰ ਉਂਝ ਦੀ ਸੋਹਣੀ ਜਿਹੀ, ਨਾਜਕ ਜਿਹੀ ਮੋਹਣੀ ਬਣਾ ਦਿਓ ਤੇ ਇਸ ਉਪਰ ਫਿਰ ਮੈਂ ਪੰਜਾਬੀ ਗਾਣਿਆਂ ਦੇ ਮੁਸ਼ਕਾਏ ਹੋਏ ਪੰਜ-ਸੱਤ ਮੁਸ਼ਟੰਡੇ ਛੱਡਾਂ ਤੇ ਕਹਾਂ ਕਿ ਆਸਾਰਾਮ ਜੀ ਇਨ੍ਹਾਂ ਨੂੰ ਭਾਈ ਕਹਿ ਕੇ ਅਪਣੀ ਇੱਜਤ ਬਚਾਓ ਨਾ ਭਲਾ! ਜਾਂ ਸਰਵਸਤੀ ਮੰਤਰ ਪੜਕੇ ਅਪਣਾ ਬਲਾਤਕਾਰ ਹੋਣੋ ਰੋਕੋ! ਸਾਰਾ ਮੁਲਖ ਨਿਪੁੰਸਕ ਕਰ ਛੱਡਿਆ ਇਨ੍ਹਾਂ ਹੀਜੜਿਆਂ ਨੇ।

ਬਹੁਤੇ ਅਗਾਂਹ ਵਿਦਵਾਨਾਂ ਕੋਲੋਂ ਮੈਂ ਸੁਣਿਆ ਕਿ ਕ੍ਰਿਪਾਨ ਵੇਲਾ ਵਿਹਾ ਚੁੱਕਾ ਹਥਿਆਰ ਹੈ ਪਰ ਤੁਸੀਂ ਸੋਚ ਸਕਦੇ ਕਿ ਜੇ ਕੁੜੀ ਦੇ ਮਿੱਤਰ ਮੁੰਡੇ ਦੇ ਅੱਠ ਇੰਚ ਪਾਈ ਹੁੰਦੀ ਤਾਂ ਗੁੰਡੇ ਉਸ ਦੀ ਇੱਜਤ ਅਤੇ ਜਾਨ ਲੈ ਸਕਦੇ? ਗੁਰੂ ਦੀ ਬਖਸ਼ੀ ਇਸ ਸ੍ਰੀ ਸਾਹਿਬ ਦੀ ਜਿੰਨੀ ਅੱਜ ਦੇ ਭ੍ਰਸ਼ਟ ਚੁੱਕੇ ਸਮਾਜ ਵਿਚ ਲੋੜ ਹੈ ਸ਼ਾਇਦ ਕਦੇ ਵੀ ਨਾ ਰਹੀ ਹੋਵੇ। ਆਸਾਰਾਮ ਨੂੰ ਜੇ ਭੋਰਾ ਵੀ ਅਕਲ ਹੁੰਦੀ ਅਤੇ ਉਸ ਦੇ ਅੰਦਰ ਕੱਟੜ ਹਿੰਦੂ ਨਾ ਬੈਠਾ ਹੁੰਦਾ ਤਾਂ ਉਹ ਐਲਾਨ ਕਰ ਦਿੰਦਾ ਕਿ ਹਿੰਦੋਸਤਾਨ ਦੀ ਬੱਚੀਓ ਜੇ ਤੁਸੀਂ ਅੱਜ ਇਸ ਗੰਦੇ ਸਮਾਜ ਵਿਚ ਅਪਣੀ ਇੱਜਤ ਬਚਾਉਂਣੀ ਹੈ ਤਾ ਗੁਰੂ ਗੋਬਿੰਦ ਸਿੰਘ ਦੀਆਂ ਸ਼ੀਹਣੀਆਂ ਬਣ ਜਾਓ ਤੇ ਅੱਠ ਇੰਚ ਦੀ ਪਾਓ ਕ੍ਰਿਪਾਨ ਜੇ ਫਿਰ ਵੀ ਕੋਈ ਗੁੰਡਾ ਤੁਹਾਡੇ ਨੇੜੇ ਆ ਗਿਆ ਤਾਂ ਮੈਨੂੰ ਆਸਾਰਾਮ ਨਾ ਕਿਹਾ ਜੇ।

ਤੁਹਾਡੇ ਗਲ ਕੇਵਲ ਪਾਇਆ ਹੋਇਆ ਹਥਿਆਰ ਹੀ ਤੁਹਾਡੀ ਅੱਧੀ ਲੜਾਈ ਟਾਲ ਦਿੰਦਾ ਹੈ। ਨਿਹੰਗਾਂ ਦੇ ਪੱਲੇ ਭੰਗ ਪੀ ਪੀ ਭਵੇਂ ਕੁਝ ਨਹੀੰ ਰਿਹਾ ਪਰ ਤੁਹਾਨੂੰ ਜਾਪਦਾ ਕਿ ਪੰਜ-ਸੱਤ ਗੁੰਡੇ ਐਵੇਂ ਹੀ ਕਿਸੇ ਇੱਕਲੇ ਦੇ ਵੀ ਗਲ ਪੈ ਜਾਣਗੇ? ਕ੍ਰਿਪਾਨ ਕੋਈ ਸਿੰਬਲ ਨਹੀੰ ਸਾਡਾ ਜਿਵੇਂ ਕਿ ਪ੍ਰਚਾਰਿਆ ਜਾ ਰਿਹਾ ਹੈ। ਸਿੰਬਲ ਤਾਂ ਲੱਕੜ ਦਾ ਬਣਾ ਕੇ ਪਾਈ ਫਿਰੋ। ਬਹੁਤੇ ਲੋਕ ਜਨੇਊ ਵਾਂਗ ਡੋਰੀ ਜਿਹੀ ਵਿਚ ਪਾਈ ਹੀ ਫਿਰਦੇ ਹਨ ਪਰ ਉਹ ਕ੍ਰਿਪਾਨ ਕਿਵੇਂ ਹੋਈ? ਉਸ ਨਾਲ ਕ੍ਰਿਪਾ ਹੋ ਸਕਦੀ ਨਾ ਆਨ ਬੱਚ ਸਕਦੀ। ਬੱਚ ਸਕਦੀ ਆਨ ਉਸ ਧਾਗੇ ਜਿਹੇ ਨਾਲ ਜਿਹੜਾ ਸਾਧਾਂ ਨੇ ਪਵਾ ਦਿੱਤਾ ਹੈ? ਦੰਦਾ ਚੋਂ ਕਰੇੜਾ ਕੱਡਣ ਲਈ ਰੱਖੀ ਫਿਰਦੇ ਨੂੰ ਕ੍ਰਿਪਾਨ ਕਹੀ ਜਾਂਦੇ ਹਨ।

ਇਸ ਮੁਲਖ ਨੂੰ ਸਿੰਘਾਂ ਨੇ ਨਾਦਰਾਂ-ਅਬਦਾਲੀਆਂ ਤੋਂ ਅਜਾਦ ਕਰਵਾਇਆ ਸੀ ਪਰ ਇਹ ਫਿਰ ਉਨ੍ਹਾਂ ਦੇ ਵਸ ਜਾ ਪਿਆ ਹੈ। ਰੂਪ ਹੀ ਬਦਲਿਆ ਹੈ ਕੰਮ ਉਹੋ ਹਨ। ਤੁਸੀਂ ਸੋਚ ਵੀ ਨਹੀੰ ਸਕਦੇ ਜਿੰਨੀਆਂ ਅਬਲਾਵਾਂ ਦੇ ਬਲਾਤਕਾਰ ਹਰ ਰੋਜ ਹਿੰਦੋਸਤਾਨ ਵਿਚ ਹੁੰਦੇ ਹਨ ਜੇ ਉਹ ਸਭ ਬਾਹਰ ਆ ਜਾਣ ਤਾਂ ਤੁਸੀਂ ਚਕਰਾ ਜਾਵੋਂ ਕਿ ਤੁਸੀਂ ਕਿਹੜੇ ਜੁੱਗ ਵਿਚ ਤੇ ਕਿਹੜੀ ਧਰਤੀ ਉਪਰ ਰਹਿ ਰਹੇ ਹੋਂ।

ਪੁਰਾਣਕ ਕਹਾਣੀਆਂ ਵਿਚ ਸੁਣਿਆ ਕਿ ਇੰਦਰ ਦੇ ਅਖਾੜੇ ਦੀਆਂ ਅਪੱਛਰਾਂ ਬੜੀਆਂ ਆਹਲਾ ਸਨ ਤੇ ਉਹ ਕਹਿੰਦੇ ਕਹਾਉਂਦੇ ਰਿਸ਼ੀ ਦੀ ਲੰਗੋਟੀ ਢਿੱਲੀ ਕਰ ਮਾਰਦੀਆਂ ਸਨ। ਉਨ੍ਹਾਂ ਅਪੱਛਰਾਵਾਂ ਤੋਂ ਜੇ ਜਤੀ-ਸਤੀ ਆਖੇ ਜਾਂਦੇ ਰਿਸ਼ੀ ਨਾ ਬਚ ਸਕੇ ਤਾਂ ਤੁਸੀਂ ਆਮ ਲੁਕਾਈ ਤੋਂ ਕੀ ਆਸ ਕਰਦੇ ਹੋ। ਤੇ ਅੱਜ? ਅੱਜ ਦਾ ਬਾਲੀਵੁੱਡ ਦਾ ਇੰਦਰ ਹਰੇਕ ਘਰ ਵਿਚ ਅਪਣੀਆਂ ਅਪੱਛਰਾਂ ਭੇਜ ਰਿਹਾ ਹੈ ਤੇ ਉਹ ਅਪੱਛਰਾਵਾਂ ਜਦ ‘ਚੋਲੀ ਕੇ ਨੀਚੇ ਕਿਆ ਹੈ ਜਾਂ ਮੁੰਨੀ ਬਦਨਾਮੀ ਹੋਈ’ ਗਾ ਕੇ ਅੱਧ ਨੰਗੇ ਢਿੱਡ ਭੜਕਾਉਂਦੀਆਂ ਤਾਂ ਤੁਸੀਂ ਦੱਸੋ ਇਹ ਮੁਲਖ ਬਲਾਤਕਾਰਾਂ ਦੇ ਰਾਹ ਨਹੀੰ ਪਵੇਗਾ ਤਾਂ ਕੀ ਹੋਵੇਗਾ।

ਤੇ ਉਪਰੋਂ ਇਹ ਅੱਧ ਨੰਗੇ ਸਾਧੜਿਆਂ ਦੀਆਂ ਹੇੜਾਂ? ਇਹ ਕ੍ਰਿਸ਼ਨ ਦੀ ਗੋਪੀਆਂ ਦੇ ਕੱਪੜੇ ਚੁਰਾ ਕੇ ਰੁੱਖ ਉਪਰ ਚੜ੍ਹਨ ਵਰਗੀਆਂ ਕਹਾਣੀਆਂ ਇਨੇ ਮਸਾਲੇ ਲਾ ਲਾ ਸੁਣਾਉਂਦੇ ਕਿ ਸੁਣਨ ਵਾਲਾ ਸੋਚਦਾ ਕਿ ਇਹ ਕੋਈ ਧਰਮ ਦੀ ਗੱਲ ਸੁਣਾ ਰਿਹਾ ਜਾਂ ਕਿਸੇ ਨੀਲੀ ਫਿਲਮ ਦੀ ਕਹਾਣੀ ਦੱਸ ਰਿਹਾ?

ਤੇ ਪੰਜਾਬ ਵਾਲੇ? ਸਰੁਤੀ ਕੇਸ ਵਿਚ ਕੋਈ ਬੋਲਿਆ? ਅੰਮ੍ਰਿਤਸਰ ਵਾਲੇ ਕਾਂਡ ਵੇਲੇ? ਸੱਪ ਸੁੰਘ ਗਿਆ ਇਨ੍ਹਾਂ ਦੇ ਭੋਰਿਆਂ ਨੂੰ, ਜੁਬਾਨ ਠਾਕੀ ਗਈ ਇਨ੍ਹਾਂ ਦੇ ਚਿਮਟਿਆਂ ਦੀ, ਢੋਲਕੀਆਂ ਪਾਟ ਗਈਆਂ, ਸੰਘ ਪਾੜ ਪਾੜ ਮਿਰਜੇ ਦੀਆਂ ਹੇਕਾਂ ਕਿਥੇ ਚਲੇ ਜਾਂਦੀਆਂ ਇਨ੍ਹਾਂ ਦੀਆਂ ਜਦ ਕਿਤੇ ਸੱਚ ਦੀ ਗੱਲ ਕਰਨ ਦਾ ਸਮਾਂ ਆਉਂਦਾ। ਇਨ੍ਹਾਂ ਪੰਜਾਬ ਦੀ ਗੈਰਤ ਦਾ ਨਾਸ ਮਾਰ ਕੇ ਰੱਖ ਦਿੱਤਾ ਨੰਗਾਂ ਦੀਆਂ ਕਹਾਣੀਆ ਸੁਣਾ ਸੁਣਾ। ਸੂਰਬੀਰ ਸਿੰਘਾਂ ਦੀਆਂ ਸੁਣਾਈਆਂ ਹੁੰਦੀਆਂ ਤਾਂ ਪੰਜਾਬ ਇੰਝ ਨਾ ਕਰਦਾ ਜਿਵੇਂ ਮਰ ਰਿਹਾ ਹੈ।

ਅਖੀਰ ਤੇ। ਭਾਈ ਅਮਰੀਕ ਸਿੰਘ ਚੰਡੀਗੜ ਦਾ ਸਿੱਖ ਇਤਿਹਾਸ ਹੈ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਰਾਜ ਤੱਕ। ਉਹ ਸਿੱਖ ਨੂੰ, ਖਾਸ ਕਰਕੇ ਹਰੇਕ ਸਿੱਖ ਬੀਬੀ ਨੂੰ ਸੁਣਨਾ ਬਣਦਾ ਹੈ। ਤੁਸੀਂ ਸੁਣਕੇ ਅਪਣੇ ਅਸਲੇ ਨਾਲ ਜੁੜਨ ਲੱਗਦੇ ਹੋ ਤੇ ਸਾਧਾਂ ਦਾ ਕੂੜਾ-ਕੱਚਰਾ ਤੁਹਾਡੇ ਸਿਰ ਵਿਚੋਂ ਨਿਕਲਨ ਲੱਗਦਾ ਹੈ। ਧਾਹਾਂ ਨਿਕਲ ਜਾਂਦੀਆਂ ਤੁਹਾਡੀਆਂ ਸੁਣਕੇ ਕਿ ਆਹ ਕੁਝ ਸਾਡੇ ਕੋਲ ਸੀ ਪਰ ਸੁਣਦੇ ਕੀ ਰਹੇ ਅਸੀਂ? ਤੁਹਾਡੀਆਂ ਅੱਖਾਂ ਵਿਚੋਂ ਅੱਥਰੂ ਨਹੀੰ ਰੁਕਦੇ ਕਿ ਯਾਰੋ ਉਹ ਅਣਖੀਲੇ ਜੋਧੇ ਸਾਡੀਆਂ ਸਟੇਜਾਂ ਤੋਂ ਗਾਇਬ ਹੀ ਕਰ ਦਿਤੇ ਗਏ? ਤੇ ਬਚਿਆ ਕੀ? ਗੀਦੀ ਸਾਧਾਂ ਦੀਆਂ ਜੁੱਤੀਆਂ ਵਾਲੇ ‘ਸੱਚਖੰਡ’ ਤੇ ਭੋਰੇ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top