Share on Facebook

Main News Page

ਭੂਤਾਂ ਵਾਲਾ ਬਾਬਾ
- ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਭੂਤਾਂ ਵਾਲਾ ਚੰਗਾ ਮਸ਼ਹੂਰ ਹੋਇਆ। ਕਈ ਲੋਕ ਉਸ ਦੇ ਮਗਰ ਹੋ ਤੁਰੇ। ਕਈ ਭੂਤਾਂ ਕਢਾਉਂਣ ਵਾਲੇ ਕਈ ਭਜਾਉਂਣ ਵਾਲੇ। ਗੱਲ ਅਖ਼ਬਾਰਾਂ ਦੀ ਸੁਰਖੀਆਂ ਜਾਂ ਚੁਸਕੀਆਂ ਬਣ ਗਈ। ਕੁੱਝ ਉਸ ਦੇ ਹੱਕ ਵਿੱਚ ਕੁੱਝ ਵਿਰੋਧ ਵਿਚ।

ਵਿਚੋਂ ਕੁੱਝ ‘ਕਮਲੇ’ ਉਠ ਖੜੇ ਹੋਏ। ਭੂਤਾਂ ਵਾਲੇ ਬਾਬਾ ਬੜਾ ਪ੍ਰੇਸ਼ਾਨ। ਉਸ ਇੱਕ ਲੀਡਰ ਨੂੰ ਸੱਦਿਆ। ਕਹਿਣ ਲੱਗਾ ਕਿ ਦੱਸ ਮੇਰਾ ਕਸੂਰ ਕੀ ਏ। ਉਹ ਅਗੋਂ ਕਹਿਣ ਲਗਾ ਕਿ ਤੇਰਾ ਕਸੂਰ ਕਿ ਤੂੰ ਲੋਕਾਂ ਨੂੰ ਗੁੰਮਰਾਹ ਕੇ ਲੁੱਟਦਾ। ਅਸੀਂ ਇਹ ਲੁੱਟ ਨਹੀਂ ਹੋਣ ਦੇਣੀ। ਇਹ ਧੋਖਾ ਹੈ ਫਰੇਬ ਹੈ ਝੂਠ ਹੈ।

ਬਾਬਾ ਭੁਤਾਂ ਵਾਲਾ ਖਿੜ ਖਿੜਾ ਕੇ ਹੱਸਿਆ ਅਤੇ ਲੀਡਰ ਨੂੰ ਥੋੜੇ ਚਿਰ ਲਈ ਅਪਣੇ ਕੋਲ ਹੀ ਠਹਿਰਨ ਲਈ ਬੇਨਤੀ ਕਰਨ ਲਗਿਆ।

ਘੰਟੇ ਕੁ ਬਾਅਦ ਲੀਡਰ ਦੇ ਬੈਠਿਆਂ ਹੀ ਇੱਕ ਜੋੜਾ ਆਇਆ। ਔਰਤ ਜਵਾਨ, ਕਰੀਬਨ ਤੀਹਾਂ ਕੁ ਦੀ ਅਤੇ ਪਤੀ ਉਸ ਦਾ 32-34 ਦਾ ਹੋਵੇਗਾ। ਉਹ ਭੂਤਾਂ ਵਾਲੇ ਦੇ ਪੁਰਾਣੇ ‘ਗਾਹਕ’ ਸਨ। ਆ ਕੇ ਬਾਬੇ ਦੇ ਪੈਰਾਂ ਵਿੱਚ ਬੈਠ ਗਏ।

ਹਾਂ ਬਈ! ਬਾਬੇ ਦੇ ਬੋਲਾਂ ਵਿੱਚ ਬੜਾ ਖਰਵਾਪਨ ਸੀ, ਪਰ ਉਨਾ ਹੀ ਜਿਆਦਾ ਕੂਲਾਪਨ ਜੋੜੇ ਦੀ ਅਵਾਜ ਵਿੱਚ ਸੀ।

ਬਾਬਾ ਜੀ ‘ਕਸਰ’ ਹਾਲੇ ਗਈ ਨਹੀਂ। ਹਾਲੇ ਵੀ ਅਵਲੀਆਂ ਟਵਲੀਆਂ ਮਾਰਦੀ ਹੈ। ਰਾਤੀਂ ਸੁੱਤੀ ਸੁੱਤੀ ਉਠ ਕੇ ਰੋਣ ਲੱਗ ਪਈ ਕਹਿੰਦੀ ਮੈਨੂੰ ਕਾਲੀ ਦਿੱਸਦੀ ਹੈ। ਸਾਰੀ ਰਾਤ ਇੰਝ ਹੀ ਗੁਜਰ ਗਈ ਕ੍ਰਿਪਾ ਕਰੋ।
‘ਇਹਦੀ ਮਾਂ ਦੀ………ਐਸੀ ਤੈਸੀ। ਤੇ ਬਾਬੇ ਨੇ ਚੰਗਾ ਸੋਹਣਾ ਕੀਤਾ ਜੂੜਾ ਭਾਈ ਦੀ ਪਤਨੀ ਦਾ ਖਿਲਾਰ ਦਿੱਤਾ। ਵਾਲਾਂ ਤੋਂ ਫੜਕੇ ਇੰਝ ਧਾਭੜਨ ਲੱਗਿਆ ਜਿਵੇਂ ਪਿੰਡਾਂ ਦੇ ਸ਼ਰਾਬੀ ਪਤੀ, ਪਤਨੀ ਦੀ ਧੌੜੀ ਲਾਹੁੰਦੇ ਹਨ। ਲੀਡਰ ਦੇ ਦੇਖਦਿਆਂ ਦੇਖਦਿਆਂ ਹੀ ਚੀਖ ਚਿਹਾੜਾ ਪੈ ਗਿਆ। ਬੜੀ ਸੁਹਣੀ ਬਣ ਫਬ ਕੇ ਆਈ ਪਤਨੀ, ਪਤੀ ਦੇ ਸਾਹਵੇਂ ਹੀ ਬਾਬੇ ਨੇ ਇੰਝ ਕਰ ਦਿੱਤੀ ਜਿਵੇਂ ਵਾਹਣ 'ਚ ਇੱਲ ਕੁੱਟੀ ਹੁੰਦੀ ਹੈ।
ਕੁੱਟ-ਕੱਟ ਖਾ ਕੇ ਪਤਨੀ ਵਿਚਲੀਆਂ ਚੁੜੇਲਾਂ’ ਬੋਲ ਪਈਆਂ ਕਿ ਅਸੀਂ ਅੱਜ ਛੱਡਦੀਆਂ ਹਾਂ, ਪਰ ਸਾਡੀ ਸ਼ਰਤ ਹੈ ਕਿ ਸਾਡਾ ਘਰ ਛੱਡ ਦਿੱਤਾ ਜਾਏ। ਅਸੀਂ ਪੁਰਾਣੀਆਂ ਰਹਿ ਰਹੀਆਂ ਹਾਂ ਇਥੇ ਸਾਡਾ ਕਬਜਾ ਹੈ। ਜੇ ਘਰ ਨਾ ਛੱਡਿਆ ਗਿਆ ਤਾਂ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਕਿਸੇ ਘਰ ਦਾ ਜੀਅ ਲੈ ਜਾਵਾਂਗੀਆਂ।

ਭੂਤਾਂ ਵਾਲੇ ਨੇ ਦੱਸਿਆ ਕਿ ਤੁਹਾਡੇ ਘਰ ਵਿੱਚ ਕੋਈ ਰਹਿੰਦੀ ਹੈ, ਛੇਤੀ ਘਰ ਬਦਲ ਲਿਆ ਜਾਵੇ ਨਹੀਂ ਤਾਂ ਇਹ ਠੀਕ ਨਹੀਂ ਹੋਵੇਗੀ। ਜੋੜੇ ਨੇ ਲਫਾਫਾ ਬਾਬੇ ਦੇ ਗੋਡਿਆਂ ਹੇਠ ਰੱਖਿਆ ਅਤੇ ਮੱਥਾ ਟੇਕਦੇ ਤੁਰ ਗਏ।
ਜੋੜੇ ਨੂੰ ਤੋਰਕੇ ਬਾਬਾ ਲੀਡਰ ਨੂੰ ਮੁਖਾਤਬ ਹੋਇਆ।

ਲਓ ਦੱਸੋ ਮੇਰਾ ਕੀ ਕਸੂਰ। ਆਇਆਂ ਨੂੰ ਨਾ ਮੈ ਚਾਹ ਪਿਆਈ ਨਾ ਪਾਣੀ। ਛਿੱਤਰ ਫੇਰਿਆ ਰੱਜ ਕੇ, ਗਾਹਲਾਂ ਕੱਢੀਆਂ ਗੱਜ ਕੇ। ਛਿੱਤਰ ਖਾ ਕੇ, ਗਾਹਲਾਂ ਖਾ ਕੇ, ਮੱਥਾ ਟੇਕਕੇ ਅਤੇ ਲਫਾਫਾ ਦੇ ਕੇ ਗਏ ਨੇ। ਫਿਰ ਮੈ ਇਨ੍ਹਾ ਨੂੰ ਸੱਦਣ ਨਹੀਂ ਗਿਆ। ਇਹ ਆਪੇ ਆਏ ਨੇ। ਐਡਵਰਟਾਈਜ ਕੋਈ ਮੈ ਨਹੀਂ ਕੀਤੀ। ਦਰਅਸਲ ਕਹਾਣੀ ਇਹ ਹੈ ਕਿ ਇਸ ਬੀਬੀ ਨੂੰ ਕੋਈ ਭੂਤਾਂ ਚੁੜੇਲਾਂ ਨਹੀਂ, ਇਹ ਸਾਂਝਾ ਅਤੇ ਪੁਰਾਣਾ ਘਰ ਬਦਲ ਕੇ ਨਵਾਂ ਅਤੇ ਅੱਡ ਲੈਣਾ ਚਾਹੁੰਦੀ ਸੀ, ਪਤੀ ਮੰਨਦਾ ਨਹੀਂ ਹੋਣਾ ਤੇ ਹੁਣ ਪਤੀ ਜੀ ਇਥੋਂ ਸਿੱਧਾ ਘਰ ਦੇਖਣ ਜਾਣਗੇ। ਕਈ ਕੇਸ ਮੇਰੇ ਕੋਲੇ ਇੰਝ ਵੀ ਆਉਂਦੇ ਨੇ ਕਿ ਜਿਹੜੇ ਪਤੀ, ਘਰੇ ਪਤਨੀ ਨੂੰ ਨਹੀਂ ਕੁੱਟ ਸਕਦੇ ਹੁੰਦੇ ਉਹ 100 ਡਾਲਰ ਦੇ ਕੇ ਮੇਰੇ ਕੋਲੋਂ ਅਪਣਾ ਝੱਸ ਪੂਰਾ ਕਰਵਾ ਕੇ ਖੁਸ਼ ਹੋ ਜਾਂਦੇ ਹਨ। ਪਰ ਮੈ ਸੱਦਣ ਕਿਸੇ ਨੂੰ ਜਾਂਦਾ ਨਹੀਂ ਫਿਰ ਤੁਸੀਂ ਲੋਕ ਮੇਰੇ ਮਗਰ ਕਿਉਂ ਪਏ ਹੋ।

ਬਾਬਾ ਫੋਜਾ ਸਿੰਘ ਨੇ ਜਦ ਇਹ ਕਹਾਣੀ ਸੁਣੀ ਤਾਂ ਉਸ ਨੂੰ ਜਾਪਿਆ ਕਿ ਭੂਤਾਂ ਦੀਆਂ ਦੁਕਾਨਾਂ ਇਸ ਕਰਕੇ ਨਹੀਂ ਚਲ ਰਹੀਆਂ ਕਿ ਭੂਤਾਂ ਵਾਲੇ ਵਾਕਿਆ ਹੀ ਕੋਈ ਭੂਤਾਂ ਦੇ ‘ਡਾਕਟਰ’ ਹੁੰਦੇ ਹਨ, ਬਲਕਿ ਲੋਕਾਂ ਦੀ ਹੀ ਮਾਨਸਿਕਤਾ ਨੂੰ ਘੁਣ ਲੱਗ ਚੁੱਕਾ ਹੋਇਆ ਹੈ।

ਕਾਫੀ ਚਿਰ ਦੀ ਗੱਲ ਹੈ ਕਿ ਇੱਕ ਵਾਰ ਬਾਬਾ ਫੋਜਾ ਸਿੰਘ ਇੱਕ ਗੁਰਦੁਆਰਾ ਸਾਹਿਬ ਗਿਆ ਉਥੇ ਪ੍ਰਚਾਰਕ ਜੀ ਇੱਕ ਸਾਖੀ ਬੜੇ ‘ਵਜੂਦੱ ਵਿੱਚ ਆਏ ਸੁਣਾ ਰਹੇ ਸਨ। ਸਾਖੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਨੂਰਸ਼ਾਹ ਕੋਲੇ ਜਾਣ ਦੀ। ਸਾਖੀ ਮੁਤਾਬਕ ਭਾਈ ਮਰਦਾਨਾ ਜੀ ਜਦ ਨੂਰਸ਼ਾਹ ਕੋਲੇ ਗਏ ਤਾਂ ਉਸ ਭਾਈ ਸਾਹਬ ਜੀ ਨੂੰ ਅਪਣੇ ਮੰਤ੍ਰਾ ਨਾਲ ਭੇਡੂ ਬਣਾ ਕੇ ਮੰਜੇ ਦੇ ਪਾਵੇ ਨਾਲ ਬੰਨ ਲਿਆ। ਗੁਰੂ ਪਾਤਸ਼ਾਹ ‘ਬਾਲੇੱ ਨੂੰ ਕਹਿੰਦੇ ਹਨ ਕਿ ਭਾਈ ਬਾਲਾ ਜੀ! ਚਲੋ ਮਰਦਾਨੇ ਨੂੰ ਚਲ ਕੇ ਛੁਡਾਈਏ, ਨੂਰਸ਼ਾਹ ਉਸ ਨੂੰ ਭੇਡੂ ਬਣਾਈ ਬੈਠੀ ਹੈ। ਤੇ ਉਸ ਤੋਂ ਅਗੇ ਕਿ ਗੁਰੂ ਨਾਨਕ ਸਾਹਬ ਨੇ ਭਾਈ ਮਰਦਾਨਾ ਜੀ ਨੂੰ ਭੇਡੂ ਬਣੇ ਨੂੰ ਨੂਰਸ਼ਾਹ ਕੋਲੋਂ ਛੁਡਵਾਇਆ ਅਤੇ ਨੂਰਸ਼ਾਹ ਦੀ ਮੁਕਤੀ ਕੀਤੀ।

ਬਾਬਾ ਫੋਜਾ ਸਿੰਘ ਉਸ ਸਾਖੀ ਬਾਰੇ ਬੜਾ ਦੁਬਿਧਾ ਵਿੱਚ ਪਿਆ ਉਸ ਨੂੰ ਭਾਈ ਮਰਦਾਨਾ ਜੀ ਵਰਗੇ ਮਹਾਂਪੁਰਖ ਦਾ ‘ਬਾਲੇ ਵਲੋਂ ਭੇਡੂ ਬਣਾਇਆ ਜਾਣਾ ਹਜਮ ਨਹੀਂ ਸੀ ਹੁੰਦਾ। ਤੇ ਆਖਰ ਇੱਕ ਵਾਪਰੀ ਘਟਨਾ ਨਾਲ ਬਾਬੇ ਦੀ ਇਹ ਧਾਰਨਾ ਪੱਕੀ ਹੋ ਗਈ ਕਿ ਭੇਡੂ ਕੌਣ ਬਣਦੇ ਹਨ।

ਵੈਨਕੋਵਰ ਦੀ ਗੱਲ ਹੈ ਕਿ ਬਾਬਾ ਜਿਸਦੇ ਕਿਰਾਏਦਾਰ ਰਹਿੰਦਾ ਸੀ ਉਹ ਚੰਗਾ ਪਰਵਾਰ ਸੀ। ਭਾਈ ਦੇ ਤਿੰਨ ਨਿਆਣੇ ਸਨ, ਉਸ ਦੀ ਸੁਆਣੀ ਬੜੇ ਮਿੱਠ ਸੁਭਾਅ ਦੀ ਸੀ। ਜੋੜੀ ਬੜੇ ਪਿਆਰ ਨਾਲ ਰਹਿੰਦੀ ਸੀ। ਭਾਈ ਆਪ ਜਿਆਦਾ ਟਰੱਕ ‘ਤੇ ਹੋਣ ਕਾਰਨ ਬਾਬਾ ਵੇਲੇ ਕੁਵੇਲੇ ਉਨ੍ਹਾਂ ਦੇ ਯਾਰਡ ਦਾ ਘਾਹ ਪੱਠਾ ਵੱਡ ਕੱਟ ਕੇ ਪਰਿਵਾਰ ਦੀ ਮਦਦ ਕਰ ਦਿਆ ਕਰਦਾ ਸੀ ਅਤੇ ਉਹ ਵੀ ਬਾਬੇ ਨੂੰ ਪਰਿਵਾਰ ਵਾਂਗ ਹੀ ਸਮਝਣ ਲਗ ਪਏ ਅਤੇ ਚਾਹ ਪਕੌੜਿਆਂ ਤੇ ਆਮ ਹੀ ਉਹ ਬਾਬੇ ਨੂੰ ਉਪਰ ਸੱਦ ਲੈਂਦੇ।

ਅਚਾਨਕ ਉਸ ਪਰਿਵਾਰ ਵਿੱਚ ਇੱਕ ‘ਨੂਰਸ਼ਾਹੱ ਆਣ ਸ਼ਾਮਲ ਹੋਈ। ਬਾਬੇ ਨੂੰ ਦੱਸਿਆ ਗਿਆ ਕਿ ਰਿਸ਼ਤੇਦਾਰੀ ਵਿਚੋਂ ਉਹ ਉਸ ਦੀ ਪਤਨੀ ਦੀ ਭੈਣ ਹੈ, ਪੰਜਾਬੋ ਆਈ ਹੈ ਅਤੇ ਉਹ ਹੁਣ ਉਨ੍ਹਾ ਕੋਲੇ ਹੀ ਰਹੇਗੀ। ਕੁੜੀ ਵਲ ਦੇਖ ਬਾਬੇ ਦਾ ਮੱਥਾ ਠਣਕਿਆ, ਪਰ ਕਹਿਣਾ ਚਾਹੁੰਦਾ ਹੋਇਆ ਵੀ ਬਾਬਾ ਚੁੱਪ ਕਰ ਰਿਹਾ। ਕੁੜੀ ਦੀ ਜੁਬਾਨ ਘੱਟ ਪਰ ਅੱਖਾਂ ਜਿਆਦਾ ਗੱਲਾਂ ਕਰਦੀਆਂ ਸਨ। ਥੋੜੇ ਚਿਰ ਬਾਅਦ ਘਰ ਵਿੱਚ ਤਬਦੀਲੀ ਆਉਂਣੀ ਸ਼ੁਰੂ ਹੋ ਗਈ। ਉਪਰੋਂ ਬੰਦਿਆਂ ਦੀ ਬਜਾਇ ‘ਭੂਤ-ਪ੍ਰੇਤਾਂੱ ਦੀਆਂ ਅਵਾਜਾਂ ਆਉਂਣੀਆਂ ਸ਼ੁਰੂ ਹੋ ਗਈਆਂ। ਕੰਮ ਵਿੱਚ ਹੀ ਮਸਤ ਰਹਿਣ ਵਾਲਾ ਘਰ ਦਾ ਮਾਲਕ ਹੁਣ ਜਿਆਦਾ ਘਰੇ ਹੀ ‘ਝੂਠੇ ਮੁਕਾਬਲਿਆਂ ਵਾਂਗ ਠੂੰਹ-ਠਾਹ ਕਰਨ ਪਿਆ। ਬਾਬੇ ਦਾ ਵੀ ਉਪਰ ਆਉਂਣਾ ਜਾਣਾ ਘਟ ਗਿਆ ਅਤੇ ਉਪਰ ਵਾਲੇ ਵਾਲਿਆਂ ਵੀ ਬਾਬੇ ਨੂੰ ਸੱਦਣਾ ਘਟਾ ਦਿੱਤਾ।

ਥੋੜੇ ਮਹੀਨਿਆਂ ਬਾਅਦ ਅੱਧੀ ਰਾਤ ਬਾਬੇ ਦੇ ਬੇਸਮਿੰਟ ਦਾ ਦਰਵਾਜਾ ਖੜਕਿਆ। ਦਰਵਾਜੇ ਅੱਗੇ ਰੋਣਹਾਕੀ ਭਾਈ ਦੀ ਪਤਨੀ ਖੜੀ ਸੀ। ਬੜੇ ਚਿਰਾਂ ਦੀ ਢੱਕੀ ਰਿਝ ਰਹੀ ਉਬਲ ਪਈ ਸੀ ਤੇ ਪਤਨੀ ਫਿਸ ਪਈ ਕਿ ਉਸ ਦਾ ਘਰਵਾਲਾ…

ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਪਤੀ ਜੀ ਹੁਰੀਂ ਕੁੜੀ ਨੂੰ ਲੈ ਕੇ ਨਿਆਣੇ ਪਤਨੀ ਛੱਡ ਪੱਕੇ ਹੀ ਚਲੇ ਗਏ। ਬਾਬੇ ਫੋਜਾ ਸਿੰਘ ਨੇ ਔਖਿਆਂ-ਸੌਖਿਆਂ ਭਾਈ ਨੂੰ ਜਦ ਲੱਭਾ ਤਾਂ ਉਹ ਇੱਕ ਬੇਸਮਿੰਟ ਵਿੱਚ ‘ਭੇਡੂੱ ਬਣਿਆ ‘ਨੂਰਸ਼ਾਹੱ ਦੇ ਪਾਵੇ ਨਾਲ ਬੱਧਾ ਮਿਆਂਕ ਰਿਹਾ ਸੀ। ਬਾਬੇ ਨੇ ਬਥੇਰਾ ਜੋਰ ਲਾਇਆ ਕਿ ਵੱਡੇ ਹੋ ਰਹੇ ਬੱਚਿਆਂ ਦੀ ਹੀ ਸ਼ਰਮ ਕਰ! ਪਰ ਉਸ ਸਿਵਾਏ ਮਿਆਂਕਣ ਤੋਂ ਕੋਈ ਜਵਾਬ ਨਾ ਦਿੱਤਾ। ਬੱਚੇ, ਪਤਨੀ, ਸਮਾਜ, ਸ਼ਰਮ-ਹਯਾ ਉਸ ਲਈ ਸਭ ਬੇਮਾਇਨਾ ਹੋ ਗਈਆਂ ਸਨ, ਉਹ ਕੇਵਲ ਤੇ ਕੇਵਲ ‘ਨੂਰਸ਼ਾਹੱ ਦਾ ‘ਭੇਡੂੱ ਬਣੇ ਰਹਿਣ ਵਿੱਚ ਹੀ ਅਪਣੀ ‘ਮੁਕਤੀੱ ਸਮਝਦਾ ਸੀ।

ਬਾਬਾ ਸੋਚ ਰਿਹਾ ਸੀ ਕਿ ਪਤਾ ਨਹੀਂ ਕਿੰਨੇ ਲੋਕ ਨੇ ਜੋ ਨਿੱਤ ਅਜਿਹੀਆਂ ਨੂਰਸ਼ਾਹਾਂ ਦੇ ਹੱਥੋਂ ਘਰ ਪਰਿਵਾਰ ਛਡ ਕੇ ਭੇਡੂ ਬਣੇ ਮਿਆਂਕਦੇ ਫਿਰਦੇ ਹਨ, ਪਰ ਜਿਸ ਮਹਾਂਪੁਰਖ ਦੀ ਗੱਲ ਕਥਾਵਾਚਕ ਸੁਣਾ ਰਿਹਾ ਸੀ, ਉਸ ਮਹਾਂਪੁਰਖ ਦਾ ਤਾਂ ਨਾਂ ਸੁਣ ਕੇ ਹੀ ਸਿਰ ਝੁਕ ਜਾਂਦਾ ਹੈ। ਜਿਸ ਗੁਰੂ ਨਾਨਕ ਪਾਤਸ਼ਾਹ ਤੋਂ ਅਪਣਾ ਘਰ ਪਰਵਾਰ, ਸੁਖ ਅਰਾਮ ਸਭ ਕੁੱਝ ਨਿਛਾਵਰ ਕਰ ਦਿਤਾ ਅਤੇ ਜੰਗਲਾਂ ਪਹਾੜਾ ਦੇ ਔਖੇ ਰਸਤੇ ਸਾਰੀ ਉਪਰ ਗੁਰੂ ਦੇ ਚਰਨਾ ਵਿੱਚ ਕੱਟ ਦਿਤੀ। ਹੁਣ ਕੌਣ ਸਮਝਾਵੇ ਕਿ ਭੇਡੂ ਕੌਣ ਬਣਦੇ ਹਨ, ਗੁਰੂ ਤੋਂ ਉਖੜੇ ਜਾਂ ਗੁਰੂ ਤੋਂ ਸਦਕੇ ਜਾਣ ਵਾਲੇ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top