Share on Facebook

Main News Page

🔥 #ਅਦਵੈਤਵਾਦ ਬਨਾਮ #ਸਿੱਖੀ - (ਭਾਗ ਪਹਿਲਾ)
-: ਸਿਰਦਾਰ ਪ੍ਰਭਦੀਪ ਸਿੰਘ
06.10.2024
#PrabhdeepSingh #KhalsaNews #advaitvaad #sikhi #shankaracharya #gianishersingh

>> ਲੜੀ ਜੋੜਨ ਲਈ ਪੜੋ: (ਭਾਗ ਪਹਿਲਾ), (ਭਾਗ ਦੂਜਾ), (ਭਾਗ ਤੀਜਾ)

🕉️ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਵਿਨਾਸ਼ਕਾਰੀ ਪ੍ਰਹਾਰ ਦੁਧਾਰਾ ਹੈ, ਜਿਸਨੂੰ ਸ਼ੰਕਰਾਚਾਰਿਆ ਨੇ ਸਪਸ਼ਟ ਕੀਤਾ ਹੈ ਕਿ... "ਪਹਿਲੇ ਸਾਸ਼ਤਰ ਸੇ ਮਾਰੋ, ਬਚ ਗਏ ਤੋ ਸਸ਼ਤਰ ਸੇ ਮਾਰੋ।" ਵੇਦ ਪੁੱਤਰੀ ਮਨੂ-ਸਿਮਰਤੀ ਮੁਤਾਬਿਕ Heterodox Religion (ਨਾਸਤਿਕ ਵਿਚਾਰਧਾਰਾ) ਜਿਸ ਤੋਂ ਮੁੱਖ ਭਾਵ ਹੈ ਕਿ ਵੇਦਾਂ ਦੀ ਪ੍ਰਮਾਣਿਕਤਾ ਤੋਂ ਮੁਨਕਰ ਜਿਵੇਂ ਬੁੱਧ, ਜੈਨ ਅਤੇ ਚਾਰਵਾਕ ਦਰਸ਼ਨ ਜਿਹਨਾਂ ਵਿੱਚੋਂ ਦੋ ਧਰਮਾਂ ਜੈਨ ਅਤੇ ਬੋਧੀ ਦਾ ਬੋਲ ਬਾਲਾ ਹੋਇਆ ਉਹਨਾਂ ਵਿਚੋਂ ਜੈਨੀਆਂ ਨੂੰ ਤਾਂ ਬ੍ਰਾਹਮਣ ਰੂਪੀ Boa Constructor ਨੇ ਸ਼ਸਤਾਰਥ ਵਿਧੀ ਨਾਲ ਦਬੋਚ ਕੇ ਸਮੋਅ (Assimilate) ਲਿਆ, ਪਰ ਬੋਧੀਆਂ ਤੇ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਰੂਪੀ ਵਿਧੀ ਦੀ ਵਰਤੋਂ ਭੀ ਹੋਈ।

📍 ਇਸਦੇ ਨਾਲ ਹੀ ਇਹਨਾਂ ਦਰਸ਼ਨਾਂ ਨੂੰ #ਨਾਸਤਿਕ ਵਿਚਾਰ ਘੋਸ਼ਿਤ ਕਰਕੇ ਨਾਸਤਿਕਤਾ ਦੇ ਅਰਥ ਵੇਦ ਨੂੰ ਨਾ ਮੰਨਣ ਦੀ ਬਜਾਇ ਰੱਬੀ ਹੋਂਦ ਨੂੰ ਨਾ ਮੰਨਣ ਵਾਲੇ ਕਰ ਦਿੱਤੇ, ਜਿਸਦਾ ਵੱਡਾ ਕਾਰਣ ਇਹ ਸੀ ਕਿ ਇਹ ਤਿੰਨ ਦਰਸ਼ਨ ਵੇਦਾਂ ਦੀ ਪ੍ਰਮਾਣਿਕਤਾ ਮੰਨਣ ਦੇ ਉਲਟ ਸਨ ਇਸ ਲਈ ਇਹ ਨਾਸਤਿਕ ਧਰਮ ਹਨ, ਪਰ ਇਸਦਾ ਉੱਲਟ ਬਿੱਪਰ ਦਾ ਦੂਹਰਾ ਮਾਪਦੰਡ ਉਦੋਂ ਸਾਹਮਣੇ ਉੱਘੜ ਆਉਂਦਾ ਹੈ ਜਦੋਂ ਇਹ ਸਾਂਖਯ ਦਰਸ਼ਨ ਜੋ ਨਿਰਈਸ਼ਵਰ ਹੈ ਜੋ ਕੇਵਲ ਪ੍ਰਕਿਰਤੀ ਅਤੇ ਉਸਦੀ ਤ੍ਰਿਗੁਣੀ ਤਾਸੀਰ ਨੂੰ ਹੀ ਮੂਲ ਮੰਨਦਾ ਹੈ। ਰੱਬੀ ਹੋਂਦ ਤੋਂ ਮੁਨਕਰ ਹੋਣ ਦੇ ਬਾਵਜੂਦ ਭੀ ਇਹ ਬਿੱਪਰ ਦੀਆਂ ਨਜ਼ਰਾਂ ਅੰਦਰ ਆਸਤਿਕ ਦਰਸ਼ਨ ਹੈ ਜਿਸਦਾ ਕਾਰਣ ਇਹ ਹੈ ਕਿ ਇਹ ਵੇਦ ਲਈ ਕੋਈ ਖਤਰਾ ਜਾਂ ਚੁਣੌਤੀ ਖੜੀ ਨਹੀਂ ਕਰਦਾ ਸਗੋਂ ਵੇਦ ਦਾ ਹੀ ਇੱਕ ਹਿੱਸਾ ਹੈ।

💢 #ਬੁੱਧ ਅਤੇ #ਜੈਨ ਦੇ ਕਾਲ ਤੋਂ ਬਾਅਦ ਖਟ ਦਰਸ਼ਨ ਦਾ ਕਾਲ ਆਉਂਦਾ ਹੈ ਜਿਸ ਵਿੱਚ ਦੋ ਦਰਸ਼ਨ ਸਾਂਖ ਸੂਤਰ ਅਤੇ ਜੋਗ ਸੂਤਰ ਦੋਵੇਂ ਥੋੜੇ ਬਹੁਤੇ ਫਰਕ ਨਾਲ ਜੈਨ ਦੇ ਦਵੈਤ ਸਿਧਾਂਤ ਜੀਵਾ ਅਤੇ ਅਜੀਵਾ ਦਾ ਹੀ ਸੰਕਲਪ ਰੂਪ ਹਨ।

#ਵੈਸ਼ੇਸ਼ਿਕ ਦਾ ਕਰਤਾ ਕਣਾਦ ਮੁਨੀ ਛੇ ਪਦਾਰਥਾਂ ਅਤੇ ਨਿਆਯ ਦਾ ਕਰਤਾ ਗੌਤਮ ਮੁਨੀ ਥੋੜਾ ਹੋਰ ਅਗਲੀ ਛਾਲ ਮਾਰਦਾ ਹੋਇਆ ੧੬ ਪਦਾਰਥਾਂ ਦੀ ਮਨੌਤ 'ਤੇ ਜਾ ਖੜਦਾ ਹੈ, ਪਰ ਮੁਕਤੀ ਦਾ ਸਾਧਨ ਦੋਵਾਂ ਲਈ ਇੱਕ ਹੈ ਉਹ ਹੈ ਇਹਨਾਂ ਪਦਾਰਥਾਂ ਦਾ ਤੱਤਵ ਗਿਆਨੀ ਭਾਰਤੀ ਦਰਸ਼ਨ ਅੰਦਰ ਇਸੇ ਲਈ ਇਹਨਾਂ ਦੋਵਾਂ ਦਰਸ਼ਨਾਂ ਨੂੰ ਇੱਕ ਜੋੜੇ ਦੇ ਰੂਪ 'ਚ ਦੇਖਿਆ ਜਾਂਦਾ ਹੈ।

⚠️ ਅੱਗੇ ਆਉਂਦਾ ਹੈ #ਮਿਮਾਂਸਾ ਜੋ ਧਰਮ ਗਿਆਨ ਅਤੇ ਮੁਕਤੀ ਦੀ ਗੱਲ ਤਾਂ ਕਰਦਾ ਹੈ, ਪਰ ਇਸਦੀ ਟੇਕ ਕਰਮਕਾਂਡੀ ਪ੍ਰਣਾਲੀ ਤੱਕ ਹੀ ਸੀਮਤ ਹੈ। ਇਸਤੋਂ ਬਾਅਦ ਵੇਦਾਂਤ ਦਰਸ਼ਨ ਜੋ ਉਸ ਸਮੇਂ ਦੀ ਇੱਕ ਵੱਡੀ ਛਾਲ ਸੀ ਜਿਸਦੀ ਫ਼ਲਸਫ਼ੀ ਪਹੁੰਚ ਬ੍ਰਹਮ, ਆਤਮਾ, ਮੋਕਸ਼ (ਕਵੈਲਯ), ਪੁਨਰ ਜਨਮ ਇਤਿਆਦਿ ਦੀ ਬਾਤ ਪਾਉਂਦੀ ਹੈ। Western Philosophy ਅੰਦਰ ਇਸੇ ਨੂੰ Philosophy ਦੀ Metaphysical branch ਦੇ ਰੂਪ 'ਚ ਮੰਨਦੇ ਹਨ।

🇮🇳 ਵੈਸੇ ਭਾਰਤ ਦੇ ਦਰਸ਼ਨ ਸ਼ਾਸਤਰੀਆਂ ਅਨੁਸਾਰ ਵੇਦਾਂਤ ਤੋਂ ਇੱਕ ਖਿਆਲ ਇਹ ਭੀ ਸੀ ਇਹ ਵੇਦ+ਅੰਤ ਹੈ ਭਾਵ ਵੇਦਾਂ ਦੀ ਇਸ ਤੋਂ ਬਾਅਦ ਕੋਈ ਅਹਿਮੀਅਤ ਨਹੀਂ ਰਹਿ ਗਈ ਅਤੇ ਉਹਨਾਂ ਦੀ ਜਗਾਹ ਹੁਣ ਵੇਦਾਂਤ ਨੇ ਲੈ ਲਈ ਹੈ ਅਤੇ ਦੂਜਾ ਖਿਆਲ ਇਹ ਹੈ ਕਿ ਇਹ #ਵੇਦਾਂਤ ਇਸ ਲਈ ਹੈ ਕਿਉਂਕਿ ਇਹ ਵੇਦ ਦਾ ਅੰਤਲਾ ਹਿੱਸਾ ਹੈ। ਵੇਦਾਂਤ ਜਾਂ ਉਪਨਿਸ਼ਦ ਬਾਰੇ ਥੋੜੀ ਹੋਰ ਸਾਂਝ ਪਾਉਣ ਤੋਂ ਪਹਿਲਾਂ ਵੇਦਾਂ ਦੀ ਅੰਦਰੂਨੀ ਬਣਤਰ ਵੱਲ ਇੱਕ ਪੰਛੀ ਝਾਤ ਮਾਰ ਲਈਏ।

🕉️ #ਵੇਦ ਦੇ ਮੋਟੇ ਰੂਪ 'ਚ ਦੋ ਹਿੱਸੇ ਹਨ... ਪਹਿਲਾ ਹਿੱਸਾ #ਕਰਮਕਾਂਡ ਅਤੇ ਦੂਜਾ ਹਿੱਸਾ #ਗਿਆਨਕਾਂਡ, ਪਰ ਜੇ ਥੋੜਾ ਹੋਰ ਖੋਲਦੇ ਹਾਂ ਤਾਂ ਇਹ ਚਾਰ ਹਿੱਸਿਆਂ 'ਚ ਵੰਡਿਆ ਜਾਂਦਾ ਹੈ...

▪️ 1) #ਸਹਿਤਾ - ਮੰਤਰ ਪ੍ਰਣਾਲੀ
▪️ 2) #ਬ੍ਰਾਹਮਣ - ਪੂਜਾ ਪਾਠ ਦੀ ਵਿਧੀ ਵਿਧਾਨ ਨਾਲ ਸੰਬੰਧਤ
▪️ 3) #ਆਰਿਯਨਕ - ਜੰਗਲਾਂ 'ਚ ਤਪ ਕਰਨ ਵਾਲਿਆਂ ਲਈ ਦਿਸ਼ਾ ਨਿਰਦੇਸ਼

☝️ ਉਪਰੋਕਤ ਤਿੰਨ ਹਿੱਸੇ ਹੀ ਕਰਮਕਾਂਡ (ਕਾਂਡ = ਹਿੱਸਾ) ਅਖਵਾਉਂਦੇ ਹਨ। ਇਸ ਉੱਤੇ ਸਿਰਦਾਰ ਕਪੂਰ ਸਿੰਘ ਨੇ ਭੀ ਬਹੁ ਵਿਸਥਾਰ ਪੁਸਤਕ ਅੰਦਰ ਸੰਖੇਪ ਰੂਪ ਵਿੱਚ ਟਿੱਪਣੀ ਕੀਤੀ ਹੈ। ਇਸਦੇ ਨਾਲ ਹੀ ਵੇਦਾਂ ਦਾ ਇਹ ਹਿੱਸਾ ਬਹੁ ਈਸ਼ਵਰਵਾਦੀ (Un-organized Polytheism) ਨੂੰ ਮੰਨਦਾ ਹੈ।

🙏 ਗੁਰਬਾਣੀ ਦਾ ਇਸ ਕਰਮਕਾਂਡੀ ਪ੍ਰਣਾਲੀ ਸੰਬੰਧੀ ਸਪਸ਼ਟ ਫੁਰਮਾਨ ਹੈ:

ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥3॥ (ਮਹਲਾ ੩)
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ (ਮਹਲਾ ੩)
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ (ਮਹਲਾ ੫)
ਕਰਮ ਧਰਮ ਨੇਮ ਬ੍ਰਤ ਪੂਜਾ ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥ (ਮਹਲਾ ੫)
ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥ (ਮਹਲਾ ੫)

▪️ 4) #ਉਪਨਿਸ਼ਦ - ਵੇਦਾਂ ਦਾ ਅਖੀਰਲਾ ਹਿੱਸਾ ਜੋ #ਵੇਦਾਂਤ, ਬ੍ਰਹਮ ਮਿਮਾਂਸਾ ਜਾਂ ਉੱਤਰ ਮਿਮਾਂਸਾ ਅਖਵਾਇਆ। ਇਹੀ ਉਹ ਹਿੱਸਾ ਹੈ ਜਿਸਨੂੰ ਆਧਾਰ ਬਣਾ ਕੇ ਖਟ ਦਰਸ਼ਨ ਹੋਂਦ ਵਿੱਚ ਆਉਂਦੇ ਹਨ ਤਾਂ ਕਿ ਨਾਸਤਿਕ ਦਰਸ਼ਨ ਦੇ ਖਿਲਾਫ ਪਿੜ ਮੱਲਦੇ ਹੋਏ ਵੇਦਾਂ ਦੀ ਪ੍ਰਮਾਣਿਕਤਾ ਨੂੰ ਦੁਬਾਰਾ ਸਥਾਪਿਤ ਕੀਤਾ ਜਾ ਸਕੇ। ਸਮਾਂ ਪਾ ਕੇ ਇਹਨਾਂ ਛੇ ਸ਼ਾਸਤਰਾਂ ਦੇ ਛੇ ਗੁਰੂਆਂ (ਮੁਨੀਆਂ) ਵੱਲੋਂ ਸੂਤਰ ਲਿਖੇ ਗਏ ਅਤੇ ਇਹਨਾਂ ਦੇ ਉਪਦੇਸ਼ ਭੀ ਅਲਗ ਅਲਗ ਹਨ ਜਿਵੇਂ ਗੁਰਬਾਣੀ ਨੇ ਫੈਸਲਾ ਦਿੱਤਾ ਹੈ ਕਿ

ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥1॥ (ਮਹਲਾ ੧)

👁️ ਜਿਵੇਂ ਅੱਜ ਕੱਲ ਤੁਸੀਂ "ਗਿਆਨੀ ਸ਼ੇਰ ਸਿੰਘ" ਰਾਹੀਂ ਆਮ ਸੁਣ ਰਹੇ ਹੋ ਕਿ ਵੇਦਾਂ ਅੰਦਰ ਆਈ ਨਾਮ ਦੀ ਗੱਲ ਅਤੇ ਸਿੱਖੀ ਅੰਦਰ ਆਈ ਨਾਮ ਦੀ ਗੱਲ ਇੱਕ ਸਾਂਝੀ ਲੜੀ ਵਿੱਚ ਪਰੋਅ ਦਿੱਤੀ ਹੈ, ਇਹ ਸਰਾਸਰ ਸ਼ਰਾਰਤ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਫਲਸਫ਼ੇ ਨੂੰ ਵੇਦਾਂਤੀ ਪਾਨ ਚਾੜ ਕੇ ਵੇਦਾਂਤ ਜਾਂ ਬ੍ਰਹਮ ਸੂਤਰਾਂ ਚੋਂ ਨਿਕਲੇ ਟੀਕਿਆਂ ਵਾਂਙ ਗੁਰੂ ਗਰੰਥ ਸਾਹਿਬ ਨੂੰ ਭੀ ਵੇਦਾਂਤ ਸੂਤਰ ਦਾ ਇੱਕ ਨਿਚੋੜ ਜਾਂ ਟੀਕਾ ਬਣਾ ਕੇ ਪੇਸ਼ ਕੀਤਾ ਜਾ ਸਕੇ। ਗੁਰੂ ਸਾਹਿਬ ਨੇ ਭਾਰਤੀ ਦਰਸ਼ਨ ਪ੍ਰਣਾਲੀ ਜਿਸਨੂੰ ਖਟ ਦਰਸ਼ਨ ਜਾਂ ਸਨਾਤਨੀ ਦਰਸ਼ਨ ਦੇ ਸੰਬੰਧ ਚ' ਸਖ਼ਤ ਅਤੇ ਸਪਸ਼ਟ ਫੈਸਲਾ ਸੁਣਾ ਦਿੱਤਾ ਹੈ ਕਿ

️🎯 ਖਟੁ ਦਰਸਨੁ ਵਰਤੈ ਵਰਤਾਰਾ ॥ ਗੁਰ ਕਾ ਦਰਸਨੁ ਅਗਮ ਅਪਾਰਾ ॥ (ਮਹਲਾ ੨)

🕉️ ਜਦੋਂ ਵੇਦਾਂਤ ਸੂਤਰਾਂ ਦੀ ਵਿਆਖਿਆ (ਟੀਕਾਕਾਰੀ) ਪ੍ਰਣਾਲੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਮੰਨੀ ਜਾਣ ਵਾਲੀ ਵਿਆਖਿਆ ਆਚਿਰਆ ਸ਼ੰਕਰ (ਸ਼ੰਕਰਾਚਾਰਿਆ) ਦੀ ਹੈ ਜਿਸਨੂੰ ਅਦਵੈਤ ਸਿਧਾਂਤ ਕਿਹਾ ਜਾਂਦਾ ਹੈ। ਇਸੇ ਅਦਵੈਤ ਫਲਸਫੇ ਨੇ ਦਵੈਤ ਦਰਸ਼ਨਾਂ ਦੇ ਵਿਕਾਸ 'ਤੇ ਕੇਵਲ ਰੋਕ ਲਾਈ ਸਗੋਂ ਭਾਰਤ ਅੰਦਰੋਂ ਜੜਾ ਪੱਟ ਸੁੱਟੀਆਂ ਅਤੇ ਬੁੱਧ ਵਰਗਿਆਂ ਨੇ ਚੀਨ, ਲਾਓਸ, ਕੰਬੋਡੀਆ ਅਤੇ ਸਿਆਮ (ਥਾਈਲੈਂਡ) ਵਰਗੇ ਮੁਲਕਾਂ ਅੰਦਰ ਜਾ ਕੇ ਸਾਹ ਲਿਆ।

☝️ ਅਦਵੈਤ ਦੀ ਸਾਰੀ ਵਿਆਖਿਆ ਮਿਥਿਆ ਅਤੇ ਬ੍ਰਹਮ ਵਿਧਾਨ ਤੇ ਖੜੀ ਹੈ ਅਤੇ ਸਿੱਖੀ ਅੰਦਰ ਭੀ ਮਿੱਥ, ਕੂੜ, ਸੁਪਨ ਸੰਸਾਰ ਦੀ ਬਾਤ ਪਾਈ ਗਈ ਹੈ ਜਿਸਤੋਂ ਇਹ ਭੁਲੇਖਾ ਖੜਾ ਹੋ ਜਾਂਦਾ ਹੈ ਕਿ ਸਿੱਖੀ ਭੀ ਸ਼ੰਕਰ ਦੇ ਅਦਵੈਤਵਾਦ ਵਾਂਙ ਹੀ ਅਤੇ ਗਿਆਨੀ ਸ਼ੇਰ ਸਿੰਘ ਵਰਗੇ ਨਿਰਮਲੇ ਅਤੇ ਉਦਾਸੀ ਕਥਾਵਾਚਕ ਇਸ ਘੁੰਮਣਘੇਰੀ ਚ' ਜਾਂ ਤਾਂ ਫੱਸ ਜਾਂਦੇ ਹਨ ਜਾਂ ਫਿਰ ਸਾਜਿਸ਼ੀ ਬਿਰਤੀ ਰਾਹੀਂ ਇੱਕ ਘੁੱਸਪੈਠੀਏ ਵਾਂਙ ਸਿੱਖੀ ਦੀਆਂ ਜੜਾਂ 'ਚ ਤੇਲ ਦਿੰਦੇ ਰਹਿੰਦੇ ਹਨ। ਆਓ ਗੁਰੂ ਬਾਬੇ ਦੀ ਇਲਾਹੀ ਬਾਣੀ ਰਾਹੀਂ ਸੰਖੇਪ 'ਚ ਇਸ ਭੇਦ ਨੂੰ ਸਮਝਦੇ ਹਾਂ ।

🔺 ਵਿਚਾਰ (੧)
ਸ਼ੰਕਰਾਚਾਰਿਆ -: ਅਨੁਸਾਰ ਬ੍ਰਹਮ ਹੀ ਸੱਤ ਹੈ ਅਤੇ ਸੰਸਾਰ ਮਿੱਥਿਆ ਹੈ ਜਾਂ ਬ੍ਰਹਮ ਦਾ ਪ੍ਰਤਿਬਿੰਬ ਹੈ।

✅ ਗੁਰਬਾਣੀ-: ਵੈਸੇ ਤਾਂ ਜੇ ਉੱਤੋਂ ਉੱਤੋਂ ਝਾਤੀ ਮਾਰੀਏ ਤਾਂ ਗੱਲ ਬੜੀ ਪਾਏਦਾਰ ਜਾਪਦੀ ਹੈ ਅਤੇ ਜੇ ਇਹ ਗੱਲ ਗਿਆਨੀ ਸ਼ੇਰ ਸਿੰਘ ਵਰਗੇ ਸੰਪ੍ਰਦਾਈ ਪ੍ਰਚਾਰਕਾਂ ਦੇ ਹੱਥ ਚੜ ਜਾਏ ਤਾਂ ਗੁਰਬਾਣੀ ਦੀ ਸੰਪੂਰਨ ਅਤੇ ਬੱਝਵੀਂ ਵਿਚਾਰ ਨੂੰ ਨੁੱਕਰੇ ਲਾ ਕੇ ਗੁਰਬਾਣੀ ਵਿੱਚੋ ਹੀ ਸਾਬਤ ਕਰਨ ਦੀ ਕੋਸ਼ਿਸ਼ ਕਰਣਗੇ ਕਿ ਦੇਖੋ ਸੁਖਮਨੀ ਬਾਣੀ ਅੰਦਰ ਪੰਜਵੀਂ ਅਸ਼ਟਪਦੀ ਸ਼ੰਕਰ ਦੇ ਮਿੱਥਿਆ ਦੀ ਹੀ ਤਾਂ ਬਾਤ ਪਾ ਰਹੀ ਹੈ ਕਿ

ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥

ਜੋ ਕਿ ਚੌਥੇ ਪਦੇ ਤੋਂ ਚਲਦੀ ਹੈ, ਪਰ ਪੰਜਵੇਂ ਪਦੇ ਦੇ ਅਖੀਰ 'ਤੇ ਪਹੁੰਚ ਕੇ ਗੁਰੂ ਅਰਜੁਨ ਸਾਹਿਬ ਗੁਰਮਤਿ ਫਲਸਫੇ ਦੀ ਵਿਚਾਰ ਸਪਸ਼ੱਟ ਕਰ ਦਿੰਦੇ ਹਨ ਕਿ ਸਭ ਕੁਝ ਮਿਥਿਆ ਇਸ ਲਈ ਹੈ ਕਿ ਤੁਹਾਡੀ ਲਿਵ ਬ੍ਰਹਮ ਅੰਦਰ ਲੀਨ ਨਹੀਂ ਹੋਈ।

ਬਿਨੁ ਬੂਝੇ ਮਿਥਿਆ ਸਭ ਭਏ ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥ (ਮਹਲਾ ੫)

👉 ਭਾਵ ਸਿੱਖੀ ਅੰਦਰ ਬ੍ਰਹਮਗਿਆਨੀ ਬ੍ਰਹਮ ਅਭੇਦਤਾ ਤੋਂ ਬਾਅਦ ਹਰ ਇੱਕ ਵਸਤੂ ਨੂੰ ਸੱਚ ਕਰਕੇ ਮਾਣਦਾ ਅਤੇ ਮੰਨਦਾ ਹੈ ਜਿਵੇਂ ਪੜੋ ਆਸਾ ਕੀ ਵਾਰ

ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ (ਮਹਲਾ ੧)

🙏 ਆਉ ਹੁਣ ਫਿਰ ਸ਼ੰਕਰ ਦੇ ਅਦਵੈਤਵਾਦ ਵਾਲਾ ਟਪਲਾ ਖਾਈਏ ਅਤੇ ਇਸੇ ਬਾਣੀ ਦੀ ਦਸਵੀਂ ਪਉੜੀ ਪੜ ਕੇ ਵੇਖੀਏ।

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥(ਮਹਲਾ ੧)

👁️ ਪਾਠਕਾਂ ਦਾ ਦਿਮਾਗ ਜ਼ਰੂਰ ਚੱਕਰਾ ਜਾਏਗਾ ਕੀ ਇਹ ਆਪਾ ਵਿਰੋਧੀ ਵਿਚਾਰ ਹੈ ? ਜਾਂ ਫਿਰ ਉਹੀ ਸ਼ੰਕਰ ਵਾਲੀ ਵਿਚਾਰ ਕਿ ਸਭ ਮਿਥਿਆ ਹੈ, ਭਰਮ ਹੈ, ਕੂੜ ਹੈ, ਸੁਪਨਾ ਹੈ ਇਤਿਆਦਿ। ਪਰ ਜਿਵੇਂ ਮੈਂ ਉੱਤੇ ਕਹਿ ਚੁੱਕਾ ਹਾਂ ਕਿ ਗੁਰਬਾਣੀ "ਛੇ ਘਰ ਛੇ ਗੁਰ ਛੇ ਉਪਦੇਸ਼" ਵਾਲਾ ਫਲਸਫਾ ਨਹੀਂ ਕਿ ਸਗੋਂ ਸਿੱਖੀ ਅੰਦਰ ਇੱਕ ਹੀ ਗੁਰੂ ਜੋਤ ਹੈ ਅਤੇ ਸਿਰਫ ਜਾਮਾਂ ਬਦਲਿਆ ਹੈ ਅਤੇ ਇਸੇ ਕਰਕੇ ਦੂਜਾ,ਤੀਜਾ,ਚੌਥਾ, ਪੰਜਵਾਂ ਅਤੇ ਨੌਵੇਂ ਗੁਰੂ ਦੇ ਟਾਈਟਲ ਦੀ ਬਜਾਇ "ਮਹਲ" ਸ਼ਬਦ ਦੀ ਵਰਤੋਂ ਹੋਈ ਕਿ ਸਰੀਰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਅਤੇ ਨੌਵਾਂ ਪਰ ਜੋਤ ਉਹੀ। ਹਰ ਮਹਲ ਵੱਲੋਂ ਨਾਨਕ ਸ਼ਬਦ ਦੀ ਵਰਤੋਂ ਭੀ ਇਸੇ ਦਾ ਸੰਕੇਤ ਹੈ। ਇਸ ਲਈ ਆਪਾ-ਵਿਰੋਧੀ ਭਾਸ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਜੋਤਿ ਉਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

☝️ ਇਸੇ ਲਈ ਜਦੋਂ ਜੋਤ ਇੱਕ ਹੋਵੇਗੀ ਅਤੇ ਜੁਗਤੀ ਭੀ ਇੱਕ ਹੀ ਹੋਵੇਗੀ ਅਤੇ ਦਸ਼ਮ ਗਰੰਥ ਉੱਤੇ ਭੀ ਇਹੋ ਸਿਧਾਂਤ ਕੰਮ ਕਰਦਾ ਹੈ ਕਿ ਜੋਤ ਦਸਵੀਂ ਹੋਵੇ ਤੇ ਜੁਗਤੀ ਉਸ ਗਰੰਥ ਅੰਦਰ ਬਿਲਕੁੱਲ ਉੱਲਟ, ਕਿਵੇਂ?

🙏 ਆਉ ਹੁਣ ਉੱਤੇ ਪਿਆ ਚੱਕਰ ਸਮਝੀਏ ਕਿ ਗੁਰਮਤਿ ਸਿਧਾਂਤ ਦੀ ਕੂੜ ਜਾਂ ਮਿੱਥ ਦੀ ਵਿਆਖਿਆ ਕੀ ਹੈ? ਜਦੋਂ ਅਸੀਂ ਇਸੇ ਕੂੜ ਵਾਲੀ ਦਸਵੀਂ ਪਉੜੀ ਨੂੰ ਪੜਦੇ ਹੇਠਾਂ ਨਿਰਣੈ ਤੇ ਪਹੁੰਚ ਜਾਂਦੇ ਹਾਂ ਤਾਂ ਹੂ ਬ ਹੂ ਸੁਖਮਨੀ ਦੀ ਮਿਥ ਵਾਲੀ ਪਉੜੀ ਵਾਂਙ ਮਸਲਾ ਸਪਸ਼ੱਟ ਹੋ ਜਾਂਦਾ ਹੈ ਕਿ

ਕੂੜ ਕੂੜੇ ਨੇਹੁ ਲਗਾ ਵਿਸਰਿਆ ਕਰਤਾਰੁ॥

ਜਦੋਂ ਭੀ ਕਰਤਾਰ (ਬ੍ਰਹਮ) ਵਿਸਰੇਗਾ ਤਾਂ ਕੂੜ ਦਾ ਪ੍ਰਸਾਰ ਸ਼ੁਰੂ ਹੋਵੇਗਾ ਨਹੀਂ ਤਾ ਭਗਤ ਨਾਮਦੇਵ ਦੇ "ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ" ਵਾਲਾ ਵਰਤਾਰਾ ਹੈ।

👉 ਆਸਾ ਕੀ ਵਾਰ ਅੰਦਰ ਇਸੇ ਕੂੜ ਵਾਲੀ ਪਉੜੀ ਅੰਦਰ ਆਏ ਅਗਲੇ ਸਲੋਕ ਵੱਲ ਭੀ ਧਿਆਨ ਮਾਰੋ ਗੱਲ ਹੋਰ ਸਪਸ਼ੱਟ ਹੋ ਜਾਂਦੀ ਹੈ।

ਸਚ ਤਾ ਪਰ ਜਾਣੀਐ ਜਾ ਰਿਦੈ ਸਚਾ ਹੋਇ॥ ਕੂੜ ਕੀ ਮਲੁ ਉਤਰੈ ਤਨ ਕਰੈ ਹਛਾ ਧੋਇ॥

▪️ ਭਾਵ: ਕੁਝ ਭੀ ਮਿਥਿਆ ਨਹੀਂ ਜੇ ਹਿਰਦੇ ਅੰਦਰ ਸਦੀਵੀਂ ਸੱਚ ਦਾ ਭਾਵ ਆ ਗਿਆ।

🔺 ਵਿਚਾਰ (੨)
ਸ਼ੰਕਰਾਚਾਰਿਆ :- ਅਦਵੈਤ ਵਿਆਖਿਆ ਅਨੁਸਾਰ ਬ੍ਰਹਮ ਤੋਂ ਬਾਅਦ ਸਭ ਮਿਥਿਆ ਹੀ ਹੈ।

🔹 ਸਵਾਲ: ਮੈਂ ਆਪਣੇ ਗੁਰੂ ਦਾ ਇੱਕ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਸ਼ੰਕਰ ਕੋਲ ਇਹ ਪੁੱਛਣਾਂ ਚਾਹੁੰਦਾ ਹਾਂ ਕਿ ਜੇ ਸਭ ਕੁਝ ਮਿਥਿਆ ਹੀ ਹੈ ਤਾਂ ਸ਼ੰਕਰਾਚਾਰਿਆ ਦਾ ਪੰਜ ਭੂਤਕ ਸਰੀਰ ਭੀ ਮਿਥਿਆ ਸੀ। ਸਰੀਰ ਉੱਤੇ ਇੱਕ ਹਿੱਸਾ ਖੋਪੜੀ ਅਤੇ ਉਸ ਅੰਦਰ ਬੁੱਧੀ ਭੀ ਮਿੱਥ ਹੀ ਹੋਵੇਗੀ ਫਿਰ ਉਸ ਮਿੱਥ ਬੁੱਧੀ ਅੰਦਰੋਂ ਅਮਿੱਥ (ਬ੍ਰਹਮ) ਦੀ ਵਿਆਖਿਆ ਦੀ ਕੀ ਪ੍ਰਮਾਣਿਕਤਾ ਹੋਵੇਗੀ ? ਭਾਵ ਜੇ ਸਥੂਲ ਰੱਦ ਹੋਵੇਗਾ ਤਾਂ ਸੂਖਮ ਭੀ ਨਾਲ ਹੀ ਹੋ ਜਾਵੇਗਾ। ਇਸ #ਸਥੂਲ ਤੋਂ #ਸੂਖਮ ਅਤੇ ਸੂਖਮ ਤੋਂ ਸਥੂਲ ਦੀ ਵਿਆਖਿਆ ਤੈਅ ਹੁੰਦੀ ਹੈ ਜਿਵੇਂ #ਨਿਰਗੁਣ ਤੋਂ #ਸਰਗੁਣ ਅਤੇ ਫਿਰ ਸਰਗੁਣ ਤੋਂ ਨਿਰਗੁਣ, ਕਾਦਰ ਤੋਂ ਕੁਦਰਤ ਤੇ ਫਿਰ ਕੁਦਰਤ ਤੋਂ ਕਾਦਰ ਤੇ ਇਸੇ ਲੜੀ ਅੰਦਰ ਬ੍ਰਹਮ ਤੋਂ ਸੰਸਾਰ ਅਤੇ ਸੰਸਾਰ ਤੋਂ ਬ੍ਰਹਮੀ ਸਿੱਖੀ ਅੰਦਰ ਇੱਕ ਗੱਲ ਸਪਸ਼ੱਟ ਹੈ ਸਾਡੀ ਪ੍ਰਾਥਮਿਕਤਾ ਬ੍ਰਹਮ ਹੈ ਪਰ ਉਸਦੀ ਪੈਦਾਇਸ (ਸੰਸਾਰ) ਫਿਰ ਉਸੇ ਅੰਦਰ ਸਮਾਉਣ ਦਾ ਸਾਧਨ ਬਣ ਜਾਂਦੀ ਹੈ।

▪️ ਆਪੀਨੈ ਆਪ ਸਾਜਿਓ ਆਪੀਨੈ ਰਚਿਓ ਨਾਉ ॥
ਦੂਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥


💠 ਮੁੱਕਦੀ ਗੱਲ ਸਿੱਖੀ ਅੰਦਰ ਦਿੱਖ ਸੰਸਾਰ ਮਿੱਥਿਆ ਉਸ ਤਰਾਂ ਨਹੀਂ ਜਿਸ ਤਰਾਂ ਸ਼ੰਕਰ ਦਾ ਅਦਵੈਤ ਸਿਧਾਂਤ ਮੰਨਦਾ ਹੈ। ਸੰਸਾਰ ਭੀ ਬ੍ਰਹਮ ਦੀ ਦੂਜੇ ਦਰਜ਼ੇ ਦੀ ਸਾਜਣਾ ਹੈ ਅਤੇ ਇਸੇ ਨੂੰ ਪਉੜੀ ਬਣਾ ਕੇ ਬ੍ਰਹਮ ਦੀ ਯਾਤਰਾ ਦਾ ਪ੍ਰਾਰੰਭ ਹੁੰਦਾ ਹੈ

▪️ ਕਰਤੇ ਕੁਦਰਤੀ ਮੁਸਤਾਕੁ ॥ (ਮਹਲਾ ੫, ਪੰਨਾਂ 724)

🔺 ਵਿਚਾਰ (੩)
ਵੇਦਾਂ ਤੇ ਬਾਣੀ ਅੰਦਰ ਨਾਮ ਦੀ ਸਾਂਝ ਦਾ ਹੋਕਾ ਦੇਣ ਵਾਲੇ ਇੱਕ ਗੱਲ ਹੀ ਦੱਸ ਦੇਣ ਕਿ ਉਹ ਕਿਹੜੀ ਸਾਂਝ ਦੀ ਗੱਲ ਕਰ ਰਹੇ ਹਨ ਵੇਦ ਦੇ ਉਪਨਿਸ਼ਦ ਜਾਂ ਵੇਦਾਂਤ ਦੀ ਅਦਵੈਤ ਸਿਧਾਂਤ ਰਾਹੀਂ ਵਿਆਖਿਆ ਕਰਨ ਵਾਲੇ ਸੰਕਰਾਚਾਰੀਆ ਦੀ ਵਿਆਖਿਆ ਤਾਂ "ਵਸਿਸ਼ਟ ਅਦਵੈਤਵਾਦ" ਦੇ ਕਰਤਾ #ਰਾਮਾਨੁਜ ਨੇ ਹੀ ਨਾਕਾਰ ਦਿੱਤੀ ਤੇ ਵਿਸ਼ਨੂੰ ਭਗਤੀ ਮਾਰਗ ਦਾ ਰਾਹ ਚੁਣਿਆ। ਰਾਮਾਨੁਜ ਤੋਂ ਬਾਅਦ "ਵੱਲਭ ਆਚਾਰੀਆ" ਅਤੇ ਬਾਰ੍ਹਵੀਂ ਸਦੀ ਅੰਦਰ "ਮਾਧਵਚਾਰੀਆ" ਜਿਸ ਨੇ ਦਵੈਤ ਵਾਦ ਦਾ ਸਿਧਾਂਤ ਘੜਿਆ। ਯਾਦ ਰਹੇ ਇਹ ਸਾਰੇ ਵੇਦਾਂਤ ਦੇ ਸੂਤਰਾਂ ਦੇ ਵਿਆਖਿਆਕਾਰ ਹਨ ਪਰ ਬੱਝਵਾਂ ਸਿਧਾਂਤ ਕਿਤੇ ਭੀ ਨਹੀਂ ਹੈ।

💢 #ਸ਼ੰਕਰਾਚਾਰਿਆ ਦੀ ਅਦਵੈਤ ਵਿਚਾਰ 'ਤੇ ਚੋਟ ਕਰਨ ਵਾਲਾ ਅਚਾਰੀਆ ਰਾਮਾਨੁਜ ਦੇ ਇੱਕ ਚੇਲੇ ਰਾਮਾਨੰਦ ਜੋ ਪਹਿਲਾਂ ਇਸੇ ਪ੍ਰਣਾਲੀ ਦਾ ਹਿੱਸਾ ਸਨ ਤੇ ਅਖੀਰ ਉਹ ਇਸ ਵੈਸ਼ਨਵ ਭਗਤੀ ਪ੍ਰਣਾਲੀ ਛੱਡ ਦਿੰਦੇ ਹਨ ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਬਰੀ ਨਦਰਿ ਤੇ ਚੜ ਜਾਂਦੇ ਹਨ ਕਿ ਅਕਾਲੀ ਸਿੱਖ ਪ੍ਰੰਪਰਾ ਦੇ ਗ੍ਰੰਥ ਅੰਦਰ ਭਗਤ ਰਾਮਾਨੰਦ ਹੋਣ ਦਾ ਮਾਣ ਪਾਉਂਦੇ ਹਨੀ ਭਗਤ ਰਾਮਾਨੰਦ ਜੀ ਦਾ ਸਪਸ਼ੱਟ ਖਿਆਲ ਜੋ ਸਿੱਖਾਂ ਲਈ ਇਲਾਹੀ ਫੁਰਮਾਨ ਵਾਂਙ ਹੈ-

🙏 ਰਾਮਾਨੰਦ ਜੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
▪️ ਕਤ ਜਾਈਐ ਰੇ ਘਰ ਲਾਗੋ ਰੰਗੁ ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥1॥ ਰਹਾਉ ॥


ਅਰਥਾਤ ਚਿੱਤ ਸਥਿਰ ਹੋ ਗਿਆ ਤੇ ਹੁਣ ਦੌੜ -ਭੱਜ ਮੁੱਕ ਗਈ।

▪️ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥
ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥1॥


ਇਸ ਬੰਦ ਅੰਦਰ ਪਹਿਲੀਆਂ ਦੋ ਤੁਕਾਂ ਉਹਨਾਂ ਦੀ ਵੈਸ਼ਨਵ ਭਗਤੀ ਦੇ ਪਿਛਲੇ ਸੰਸਕਾਰਾਂ ਨਾਲ ਸੰਬੰਧਿਤ ਹੈ ਅਤੇ ਨਾਲ ਹੀ ਅਗਲੀਆਂ ਦੋ ਤੁਕਾਂ ਅੰਦਰ ਬ੍ਰਹਮ ਦਾ ਨਿਵਾਸ ਹੁਣ ਮਨ ਵਿੱਚ ਹੋ ਗਿਆ ਦੀ ਘੋਸ਼ਣਾ ਹੈ।

▪️ ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥2॥


✅ ਇਸ ਬੰਦ ਅੰਦਰ ਤਾਂ ਨਿਬੇੜਾ ਹੀ ਹੋ ਚੁੱਕਾ ਹੈ ਕਿ ਮੈਂ ਸਭ ਬੇਦ ਪੁਰਾਣਾਂ ਦੀ ਘੁੰਮਣਘੇਰੀ ਵਿੱਚੋ ਨਿਕਲ ਆਇਆ ਹਾਂ ਭਾਵ ਬੇਦਾਂ ਅੰਦਰ ਜੇ ਨਾਮ ਅਹਿਮੀਅਤ ਹੁੰਦੀ ਤਾਂ ਭਗਤ ਰਾਮਾਨੰਦ ਨੂੰ ਪਤਾ ਨਾ ਲੱਗਦੀ ਜਿਹੜੀ ਅੱਗ "ਗਿਆਨੀ ਸ਼ੇਰ ਸਿੰਘ" ਨੂੰ ਲੱਭ ਗਈ ਹੈ?

👉 ਯਾਦ ਰਹੇ ਕਿ ਭਗਤ ਰਾਮਾਨੰਦ ਜੀ ਦਾ ਸੰਬੰਧ ਸਿੱਧਾ ਰਾਮਾਨੁਜ ਨਾਲ ਸੀ ਜਿਸਨੇ ਵੇਦ ਦੇ ਵੇਦਾਂਤ ਵਾਲੇ ਹਿੱਸੇ ਦਾ ਟੀਕਾ ਕੀਤਾ ਸੀ।

▪️ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥3॥1॥


️🎯 ਅਖੀਰ 'ਤੇ ਜਾ ਕੇ "ਸੁਆਮੀ ਰਮਤ ਬ੍ਰਹਮ" ਭਾਵ ਸਰਵ-ਵਿਆਪਿਕਤਾ ਦੀ ਵਿਚਾਰ ਹੈ ਤੇ ਫਿਰ ਸ਼ੰਕਰਾਚਾਰਿਆ ਦੇ ਮਿੱਥ ਵਿੱਚ ਬ੍ਰਹਮ ਦਾ ਵਾਸਾ ਕਿਵੇਂ ਹੋ ਗਿਆ ?

⛔ ਵੇਦਾਂ ਨਾਲ ਸਿੱਖੀ ਦਾ ਕੋਈ ਭੀ ਲੈਣ ਦੇਣ ਜਾਂ ਸਾਂਝ ਨਹੀਂ ਅਨੇਕਾਂ ਸ਼ਬਦ ਗੁਰਬਾਣੀ ਅੰਦਰ ਵੇਦਾਂ ਦੇ ਕਰਮਕਾਂਡ ਅਤੇ ਗਿਆਨਕਾਂਡ ਨੂੰ ਨਕਾਰਦੇ ਮਿਲ ਜਾਂਦੇ ਹਨ ਸਿੱਖੀ ਦਾ ਸ਼ੰਕਰਾਚਾਰਿਆ ਦੀ ਅਦਵੈਤ ਵਿਆਖਿਆ ਨਾਲ ਭੀ ਕੋਈ ਦੂਰ ਨੇੜੇ ਦਾ ਰਿਸ਼ਤਾ ਨਹੀਂ ਹੈ। ਸਿੱਖੀ ਨਾ ਦਵੈਤਵਾਦੀ ਹੈ ਤੇ ਨਾ ਹੀ ਅਦਵੈਤਵਾਦੀ ਇਹ ਨਿਰੋਲ ਸ਼ਬਦ (ਨਾਮ) ਧਰਮ ਹੈ।

ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ ॥ (ਭਾਈ ਗੁਰਦਾਸ)

ਵੇਦਾਂ ਦੇ ਖੰਡਨ ਸੰਬੰਧੀ ਅਗਲੇ ਭਾਗ 'ਚ ਨਿਰਣਾ ਕਰਾਂਗੇ ਤੇ ਨਾਲ ਹੀ ਇਹ ਭੀ ਵਿਚਾਰਾਂਗੇ ਕਿ ਕਿਵੇਂ ਗੁਰਬਾਣੀ ਦੇ ਕੁਝ ਸ਼ਬਦਾਂ ਦੀ ਗਲਤ ਵਿਆਖਿਆ (Misinterpretation) ਕਰਕੇ ਬੜੀ ਬੇਈਮਾਨੀ ਨਾਲ ਕੁਝ ਸੰਪ੍ਰਦਾਈ ਪ੍ਰਚਾਰਕਾਂ ਵੱਲੋਂ ਆਪਣੇ ਆਕਿਆਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਹੱਕ ਵਿੱਚ ਭੁਗਤਾਇਆ ਜਾ ਰਿਹਾ ਹੈ।

ਚਲਦਾ ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top