Share on Facebook

Main News Page

ਗੁਰੂ ਗ੍ਰੰਥ ਸਾਹਿ਼ਬ ਵਿੱਚ ਵਰਤੀਆਂ ਕੁੱਝ ਭਾਸ਼ਾਵਾਂ ਦੇ ਦਰਸ਼ਨ - ਕਿਸ਼ਤ ਆਖ਼ਰੀ
-: ਪ੍ਰੋ. ਕਸ਼ਮੀਰਾ ਸਿੰਘ USA
03.10.2021
#KhalsaNews #ProfKashmiraSingh #Languages #SGGS #Bengali #Orriya #Urdu #Telugu #Pushto #Turkey #Portugal

👉 ਲੜੀ ਜੋੜਨ ਲਈ ਪੜ੍ਹੋ ਕਿਸ਼ਤ : ਪਹਿਲੀ, ਦੂਜੀ, ਆਖ਼ਰੀ

25. ਬੰਗਾਲੀ:
ਇਸ ਨੂੰ ‘ਬੰਗਲਾ’ ਜਾਂ ‘ਬੰਗਾਲੀ’ ਵੀ ਕਿਹਾ ਜਾਂਦਾ ਹੈ । ਭਾਰਤੀ ਸੰਵਿਧਾਨ ਦੀਆਂ ਪ੍ਰਵਾਨਤ 22 ਭਾਸ਼ਾਵਾਂ ਵਿੱਚੋਂ, ਹਿੰਦੀ ਤੋਂ ਬਾਅਦ, ਦੂਜੇ ਨੰਬਰ 'ਤੇ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ । ਬੰਗਲਾਦੇਸ਼ ਦੀ ਇਹ ਸਰਕਾਰੀ ਭਾਸ਼ਾ ਹੈ । ਭਾਰਤ ਵਿੱਚ ਇਹ ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਅਸਾਮ ਦੇ ਦੱਖਣੀ ਇਲਾਕੇ ਦੀ ਇਹ ਸਰਕਾਰੀ ਭਾਸ਼ਾ ਹੈ ਅਤੇ ਭਾਰਤ ਦੇ ਹੋਰ ਕਈ ਇਲਾਕਿਆਂ ਵਿੱਚ ਵੀ ਬੋਲੀ ਜਾਂਦੀ ਹੈ । ਮਾਂ ਬੋਲੀ ਵਜੋਂ ਸੱਭ ਤੋਂ ਵੱਧ ਬੋਲੀ ਜਾਣ ਵਾਲ਼ੀ ਇਹ ਸੱਤਵੀਂ ਭਾਸ਼ਾ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚੋਂ ਬੈਂਗਾਲੀ ਭਾਸ਼ਾ ਨਾਲ਼ ਸੰਬੰਧਤ ਮਿਲ਼ਦੇ ਕੁੱਝ ਸ਼ਬਦ ਹਨ, ਜਿਵੇਂ: ਕੂਕਰ (=ਕੁੱਤਾ, 969; ਬੰਗਲਾ ‘ਕੂਕੂਰ’), ਖੂਬ (=ਬਹੁਤ ਵਧੀਆ, 727), ਮੇਘੁਲਾ (162), ਭਲੋ (394), ਲਾਗਿਓ (215), ਦੁਇ (=2), ਪੰਚਮਿ (=ਪੰਜਵੀਂ, 297), ਉਪਰੇ (=ਉਤਾਂਹ, 706), ਪੂਰਬਿ (=ਪਹਿਲੇ, 1138; ਬੰਗਲਾ ‘ਪੂਰਬੇ’), ਨਿਕਟੇ (1139), ਭੀਤਰੇ (808), ਸੰਗੇ (=ਨਾਲ਼, 38), ਛੁਰੀ (898), ਸੀਘਰ (=ਛੇਤੀ, 176), ਬੰਧ (=ਮਿੱਤ੍ਰ, 718; ਬੰਗਲਾ ‘ਬੰਧੂ’), ਮਾਂਸ (1290), ਜਲ (=ਪਾਣੀ, 19), ਚਾਟੜੇ (=ਵਿਦਿਆਰਥੀ, 552), ਸ੍ਵਾਮੀ (554), ਨਾਰੀ (=ਇਸਤ੍ਰੀ, 176), ਤੁਖਾਰੁ (=ਬਰਫ਼, 135; ਬੰਗਲਾ ‘ਤੁਸ਼ਾਰ’), ਜੇਵਿਆ (=ਖਾਧਾ, 471), ਅੰਨੁ (873), ਧੂਰਾ (=ਧੂੜ, 215; ਬੈਂਗਾਲੀ ‘ਧੂਲਾ’), ਮੇਘ (269), ਸਾਦ (=ਸੁਆਦ, 100), ਗ੍ਰਾਮ (=ਪਿੰਡ, 133), ਪਾਕਾ (=ਪੱਕਿਆ, 972), ਪੁਰਾਤਨ (815), ਗਰਬਤ (1387), ਅਹੰਕਾਰੀ (87), ਤੁਖਾਰੁ (=ਠੰਢ, 1109; ਬੈਂਗਲੀ ‘ਤੁਸ਼ਾਰ’), ਬਿਖਿਆਤ (=ਮਸ਼ਹੂਰ, 1293), ਦਾੜੀ (1380), ਮੁਸਟੀ (336), ਚਤੁਰੁ (178) ਆਦਿਕ।

26. ਓਡੀਆ:
ਇਸ ਨੂੰ ਓੜੀਆ ਜਾਂ ਉੜੀਆ ਵੀ ਕਿਹਾ ਜਾਂਦਾ ਹੈ । ਭਾਰਤ ਦੇ ਓਡੀਸ਼ਾ (ਉੜੀਸਾ) ਵਿੱਚ ਸਰਕਾਰੀ ਭਾਸ਼ਾ ਹੈ ਅਤੇ ਝਾੜਖੰਡ ਵਿੱਚ ਦੂਜੀ ਭਾਸ਼ਾ ਹੈ । ਇਸ ਤੋਂ ਬਿਨਾਂ ਪੱਛਮੀ ਬੰਗਾਲ ਅਤੇ ਛਤੀਸਗੜ੍ਹ ਦੇ ਕੁੱਝ ਖੇਤਰਾਂ ਵਿੱਚ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ । ਇਸ ਦੀ ਲਿੱਪੀ ਵੀ ‘ਓਡੀਆ’ ਹੈ ਅਤੇ ਆਬਾਦੀ ਦਾ 82 ਪ੍ਰਤੀਸ਼ਤ ਲੋਕ ਓਡੀਸ਼ਾ ਵਿੱਚ ਇਸ ਨੂੰ ਮਾਂ ਬੋਲੀ ਵਜੋਂ ਬੋਲਦੇ ਹਨ । ਇਸ ਭਾਸ਼ਾ ਵਿੱਚੋਂ ਗੁਰਬਾਣੀ ਵਿੱਚ ਕੁੱਝ ਸ਼ਬਦ ਹਨ, ਜਿਵੇਂ: ਤਿਨਿ (=3), ਦੁਇ (=2), ਚਾਰਿ (=4), ਦੁਤੀਆ (=ਦੂਜਾ, 80), ਪ੍ਰਥਮ (=ਪਹਿਲਾ), ਤੁਖਾਰੁ (=ਬਰਫ਼ ਵਰਗਾ ਠੰਢਾ ਮੌਸਮ, 135), ਬਾਪਾ (=ਪਿਤਾ, 51), ਕੂਕਰ (1029, ਉੜੀਆ ‘ਕੁਕੁਰ’), ਗਾਈ (=ਗਾਂ, 481), ਮੂਸਾ (=ਚੂਹਾ, 390), ਚਾਟੜੇ (=ਵਿਦਿਆਰਥੀ, 1154), ਭੇਟਿ (=ਮਿਲ਼ ਕੇ, 340), ਭਲ (=ਚੰਗਾ, 824), ਅਲਪ (1358), ਤਾਂ ਪਰੁ (=ਤਦੋਂ, 468), ਕੇਤੇ (7), ਦੇਹ (=ਸ਼ਰੀਰ, 4), ਅਉ (=ਅਤੇ, 220), ਭੀਤਰੇ (857), ਸਹਿਤ (=ਨਾਲ਼, ਸਮੇਤ, 1167), ਤਲੇ (=ਹੇਠਾਂ, 1325), ਤੁਮੇ (=ਤੁਸੀਂ, 938), ਮੋਰ (=ਮੇਰਾ, 91), ਵਹੀ (=ਕਿਤਾਬ, 953; ਓਡੀਆ ‘ਬਹਿ’). ਕੂ (=ਨੂੰ, 958), ਮੋ (=ਮੇਰੇ, 152), ਮੂੰ (=ਮੈਂ, 488), ਹੁਈ (=ਹੋਈ, 499), ਕਿਛੁ (=ਕੁਝ, 1342; ਓਡੀਆ ‘ਕਿਛਿ’), ਨਮਸਕਾਰ (820) ਆਦਿਕ।

27. ਉਰਦੂ:
ਇਹ ‘ਉਰਦੂ’ ਸ਼ਬਦ ਤੁਰਕੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ- ਸੈਨਾ, ਫ਼ੌਜ । ਉਰਦੂ ਭਾਸ਼ਾ ਦਾ ਨਾਂ ‘ਲਸ਼ਕਰੀ’ ਵੀ ਸੀ । ਇਸ ਦਾ ਮੁੱਢ ਖ਼ਿਲਜੀਆਂ ਦੇ ਰਾਜ ਸਮੇਂ ਸ਼ਾਹੀ ਫ਼ੌਜ ਦੇ ਬਾਜ਼ਾਰਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾ ਦੇ ਮੇਲ਼-ਜੋਲ਼ ਤੋਂ ਬੱਝਾ । ਇਸ ਭਾਸ਼ਾ ਦਾ ਢਾਂਚਾ ਹਿੰਦੀ ਹੈ, ਪਰ ਇਸ ਵਿੱਚ ਅ਼ਰਬੀ, ਤੁਰਕੀ ਅਤੇ ਫ਼ਾਰਸੀ ਦੇ ਸ਼ਬਦ ਵੀ ਪਾਏ ਜਾਂਦੇ ਹਨ (ਮਕੋ) । ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਆਏ ਇਸ ਭਾਸ਼ਾ ਦੇ ਸ਼ਬਦਾਂ ਵਿੱਚੋਂ ਕੁੱਝ ਪ੍ਰਮਾਣ ਹਨ, ਜਿਵੇਂ: ਆਦਮੀ (660), ਅ਼ਉਰਤ (=ਇਸਤ੍ਰੀ, 1084), ਪਰੰਦਏ (=ਪੰਛੀਆਂ ਲਈ, 144), ਕੁਤਾ (=ਕੂਕਰ, 1046), ਉਸਤਾਦ (1096), ਕ਼ਲਮ (3), ਪਾਉ (=ਪੈਰ, 318), ਪੇਟੁ (1105), ਦਰਦ (257), ਅਉਰ (1196), ੳ਼ੁਮਰ (966), ਬਾਤ (92), ਮੁਝੈ (1330), ਲਫ਼ਜ਼ (1083), ਤਲਕੀ (=ਤਾਬੇਦਾਰੀ, 591), ਸੀਧੈ (=ਸਿੱਧੇ, 1410), ਗਾਇ (=ਗਾਂ, 1166) ਆਦਿਕ।

28. ਡਿੰਗਲ:
ਇਹ ਰਾਜਪੂਤਾਨੇ ਦੀ ਭਾਸ਼ਾ ਸੀ (ਮਕੋ)। ਰਾਜਪੁਤਾਨਾ, ਭਾਰਤ ਦਾ ਇੱਕ ਖਿੱਤਾ ਸੀ ਜਿਸ ਵਿੱਚ ਮੁੱਖ ਤੌਰ ਤੇ ਅੱਜ ਦਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕੁੱਝ ਹਿੱਸੇ ਅਤੇ ਸਿੰਧ (ਪਾਕਿਸਤਾਨ) ਦੇ ਨਾਲ਼ ਲੱਗਦੇ ਕੁੱਝ ਖੇਤਰ ਸ਼ਾਮਲ ਸਨ । ਮੱਧ ਯੁੱਗ ਵਿੱਚ ਅਰਵਲੀ ਪਹਾੜੀਆਂ ਦੇ ਪੱਛਮ ਵਲ ਦੀਆਂ ਬਸਤੀਆਂ ਨੂੰ ਰਾਜਪੁਤਾਨਾ ਕਿਹਾ ਜਾਂਦਾ ਸੀ । ਕੁਸ਼ੱਲਭ ਦੀ ਲਿਖਤ ‘ਪਿੰਗਲ ਸ਼੍ਰਿੋਮਣੀ’ ਡਿੰਗਲ ਵਿੱਚ ਲਿਖੀ ਪਹਿਲੀ ਕਿਰਤ ਹੈ । ਗਿਰਧਰ ਆਰਸੀਆ ਦੀ ਲਿਖਤ ‘ਸਗਤ ਸਿੰਗ ਰਾਸੋ’, ਜੋ ਮਹਾਰਾਣਾਂ ਪ੍ਰਤਾਪ ਦੇ ਛੋਟੇ ਭਰਾ ਸ਼ਕਤੀ ਸਿੰਘ ਬਾਰੇ ਹੈ, ਡਿੰਗਲ ਭਾਸ਼ਾ ਵਿੱਚ ਹੈ । ਰਾਜਸਥਾਨ ਦੇ ਕਵੀ ਚਾਰਣ, ਬਾਂਕੀ ਦਾਸ ਅਤੇ ਸੂਰਯ ਮਲ ਮਿਸ਼ਰ, ਡਿੰਗਲ ਭਾਸ਼ਾ ਵਰਤਦੇ ਸਨ । ਗੁਰਬਾਣੀ ਵਿੱਚ ਇਸ ਭਾਸ਼ਾ ਦੇ ਕੁੱਝ ਪ੍ਰਮਾਣ ਹਨ, ਜਿਵੇਂ: 'ਰਾਇਸਾ' (=ਕਹਾਣੀਆਂ, 725), ਰੂੜੋ (=ਚੰਗਾ, 431), ਰੂੜੀ (=ਚੰਗੀ, 421), ਡੂਗਰ (=ਪਹਾੜੀ ਰਸਤਾ), ਡਾਂਵੜਾ (=ਬਾਲਕ, 1292 ), ਢੋਲੋ (=ਪ੍ਰੀਤਮ, 1108), ਗਾਡਰ (=ਭੇਡ, 198), ਊਘੈ (=ਉਸ ਪਾਸੇ, 827), ਉਬਟ (=ਬਿਖੜਾ ਰਾਹ, 1123), ਛੋਹੋ (=ਗੁੱਸਾ, 960), ਛੋਹੈ (=ਗੁੱਸੇ ਹੁੰਦਾ, 1013), ਹੀਡੋਲੀ (=ਪੰਘੂੜਾ, 417), ਗਹਲੜੋ (=ਨਸ਼ੇ ਵਿੱਚ ਪਾਗਲ, 715), ਰੀ (=ਦੀ, 715), ਭਾਇਰ (=ਭਰਾ, 1015), ਭਾਇਰਾ (=ਭਰਾ, 756). ਭਾਇਰਹੁ (=ਭਰਾਵੋ, 1092), ਬੀਜੋ (=ਦੂਜਾ, 1348), ਮਾਕਉ (=ਮੈਨੂੰ, 1410) ਆਦਿਕ।

29. ਪਸ਼ਤੋ:
ਇਸ ਭਾਸ਼ਾ ਨੂੰ ਫ਼ਾਰਸੀ ਸਾਹਿਤ ਵਿੱਚ ‘ਅਫ਼ਗਾਨੀ’ ਵੀ ਜਿਹਾ ਜਾਂਦਾ ਹੈ । ਇਹ ਦਾਰੀ (ਅਫ਼ਗਾਨ ਪਰਸ਼ੀਅਨ) ਭਾਸ਼ਾ ਸਮੇਤ ਅਫ਼ਗਾਨਿਸਤਾਨ ਦੀ ਸਰਕਾਰੀ ਭਾਸ਼ਾ ਹੈ ਜੋ ਪਾਕਿਸਤਾਨ ਦੇ ਖਾਈਬਰ ਪਖਤੂਨਵਾ ਅਤੇ ਬਲੋਚਿਸਤਾਨ ਦੇ ਕੁੱਝ ਖਿੱਤਿਆਂ ਵਿੱਚ ਵੀ ਬੋਲੀ ਜਾਂਦੀ ਹੈ । ਦੁਨੀਆਂ ਵਿੱਚ 40 ਮਿਲੀਅਨ ਤੋਂ ਵੀ ਵੱਧ ਲੋਕ ਪਸ਼ਤੋ ਬੋਲਦੇ ਹਨ । ਪਾਕਿਸਤਾਨ ਵਿੱਚ ਇਹ ਦੂਜੀ ਵੱਡੀ ਖੇਤਰੀ ਭਾਸ਼ਾ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦਾਂ ਵਿੱਚੋਂ ਕੁੱਝ ਹਨ, ਜਿਵੇਂ: ਫੀਲੁ (=ਹਾਥੀ, 477), ਖਰ (=ਖੋਤਾ, 1103), ਅਸੁ (=ਘੋੜਾ, 706), ਕਾਰ (=ਕੰਮ, 3), ਵਖਤ (=ਸਮਾਂ, 717), ਲਾਇਕ (=ਯੋਗ, 1039), ਅਸਮਾਨ (=ਆਕਾਸ਼, 488), ਤੁਰਸੀ (=ਖੱਟੇ ਪਦਾਰਥ, 16), ਬਦ (=ਬੁਰਾ, 42), ਪਾਕ (=ਨਿਰਮਲ, 374), ਸਰ (=ਸਿਰ, 721), ਖੁਦਾਇ (=ਰੱਬ, 1286), ਮੁਸ਼ਕਲ (264) ਆਦਿਕ।

30. ਤੇਲੁਗੂ:
ਇਹ ਇਕ ਦ੍ਰਾਵੜੀ ਭਾਸ਼ਾ ਹੈ ਜੋ ਭਾਰਤ ਦੇ ਆਂਧਰਾ ਪਰਦੇਸ਼ ਅਤੇ ਤੇਲੰਗਾਨਾ ਦੀ ਸਰਕਾਰੀ ਭਾਸ਼ਾ ਹੈ । ਤੇਲੁਗੂ ਨੂੰ ਮਾਂ ਬੋਲੀ ਵਜੋਂ ਬੋਲਣ ਵਾਲ਼ੇ ਲਗਭਗ 82 ਮਿਲੀਅਨ ਲੋਕ ਹਨ (ਭਾਰਤੀ ਜਨ ਗਣਨਾ 2011) । ਮਾਂ ਬੋਲੀ ਬੋਲਣ ਵਾਲ਼ਿਆਂ ਦੀ ਗਿਣਤੀ ਵਜੋਂ ਇਹ ਚੌਥੀ ਵੱਧ ਬੋਲੇ ਜਾਣ ਵਾਲ਼ੀ ਭਾਸ਼ਾ ਹੈ । ਭਾਰਤੀ ਸੰਵਿਧਾਨ ਵਿੱਚ 22 ਪ੍ਰਵਾਨਤ ਭਾਸ਼ਾਵਾਂ ਵਿੱਚ ਦਰਜ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦਾਂ ਵਿੱਚੋਂ ਕੁੱਝ ਹਨ, ਜਿਵੇਂ: ਖਾਲੀ (62), ਪਰਜਾ, (468), ਅਬੇ (=ਪਿਤਾ, 73), ਅਮ (=ਮਾਂ, 73), ਵਿਦੇਸ਼ਿ (594), ਭਰਤਾ (400), ਭੂਮੀ (7), ਖਿੜਕੀ (1159, ਤੇਲੁਗੂ ‘ਕਿਟਿਕੀ’), ਕਲਮ (3), ਰਾਤਿ (8), ਨਦੀ (150) ਆਦਿਕ।

31. ਗੁਰਜਰੀ:
ਇਸ ਨੂੰ ‘ਗੁੱਜਰੀ’ ਜਾਂ ਗੋਜਰੀ’ ਵੀ ਕਿਹਾ ਜਾਂਦਾ ਹੈ । ਭਾਰਤ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਗੁੱਜਰਾਂ ਅਤੇ ਹੋਰ ਕਬੀਲਿਆਂ ਦੀ ਇਹ ਭਾਸ਼ਾ ਹੈ । ਭਾਰਤ ਵਿੱਚ ਇਸ ਨੂੰ ਬੋਲਣ ਵਾਲ਼ੇ ਲੋਕ ਮੁੱਖ ਤੌਰ ਤੇ ਜੰਮੂ ਅਤੇ ਕਸ਼ਮੀਰ, ਪੰਜਾਬ, ਦਿੱਲੀ, ਹਰਿਆਣਾ, ਉੱਤਰਖੰਡ, ਗੁਜਰਾਤ ਆਦਿਕ ਵਿੱਚ ਹਨ । ਗੁਰਬਾਣੀ ਵਿੱਚ ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਮੇਰੋ (=ਮੇਰਾ, 693), ਤੇਰੋ (=ਤੇਰਾ, 694), ਥਾਰੋ (=ਤੁਹਾਡਾ, 695), ਸਿਰ, ਪੇਟ, ਲੋਹਉ (=ਲੋਹਾ, 1399; ਗੁੱਜਰੀ ‘ਲੋਹੋ’), ਅਬੇ (=ਪਿਤਾ, 73), ਆਦਮੀ, ਤਾਰਾ, ਕੁਕੜ (=ਗੁੱਜਰੀ ‘ਕੁਕੁਰ’), ਬੈਸ (=ਬੈਠ), ਦੇ (=ਦੇਣਾ), ਹਮ (=ਅਸੀਂ, 660, ਦਸ (=10), ਅਗ (=ਅੱਗ), ਨੇਰੇ (=ਨੇੜੇ), ਥਾ (=ਸੀ, 333), ਥੀ (=ਸੀ, 874), ਥਾਰਾ (=ਤੇਰਾ, 449), ਥਾਰੀ (=ਤੇਰੀ, 210), ਦਾਗੁ (171), ਫਿਰਤਉ (1363), ਬਡੋ (=ਬਹੁਤ, 338; ਗੁਰਜਰੀ ‘ਬੜੋ’), ਕਾਇ (=ਕੋਈ, 60), ਕੰਗਨਾ (ਇਕ ਗਹਣਾ, 1308) ਆਦਿਕ।

32. ਮਹਾਰਾਸ਼ਟ੍ਰੀ:
ਇਸ ਨੂੰ ਮਹਾਂਰਾਸ਼ਟਰੀ ਪ੍ਰਾਕ੍ਰਿਤ ਵੀ ਕਿਹਾ ਜਾਂਦਾ ਹੈ । ਇਹ ‘ਮਰਾਠੀ’ ਅਤੇ ‘ਕੋਂਕਣੀ’ ਭਾਸ਼ਾਵਾਂ (ਦੋਵੇਂ ਭਾਰਤੀ ਸੰਵਿਧਾਨ ਵਿੱਚ ਪ੍ਰਵਾਨਤ) ਬੋਲਣ ਵਾਲ਼ਿਆਂ ਦੇ ਪੁਰਖਿਆਂ ਦੀ ਭਾਸ਼ਾ ਸੀ । ‘ਕਰਪੂਰਮੰਜਰੀ’ ਅਤੇ ‘ਗਹਾ ਸੱਤਸਈ’ ਇਸੇ ਭਾਸ਼ਾ ਵਿੱਚ ਲਿਖੀਆਂ ਰਚਨਾਵਾਂ ਸਨ । ਜੈਨੀ ਆਚਾਰਯ ਹੇਮਚੰਦਰ ਇਸ ਭਾਸ਼ਾ ਦਾ ਵਿਆਕਰਣਬੇਤਾ ਸੀ । ਭਾਰਤ ਦੇ ਦੱਖਣ ਅਤੇ ਪੱਛਮ ਵਿੱਚ ਇਹ ਭਾਸ਼ਾ ਆਮ ਬੋਲੀ ਜਾਂਦੀ ਸੀ । ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦਾਂ ਵਿੱਚੋਂ ਕੁੱਝ ਹਨ, ਜਿਵੇਂ: ਥਾਂਗੀ (=ਥਾਂ ਟਿਕਾਣਾ, 1367), ਬਾਈ (=ਭੈਣ, 526 ), ਗੋਇਲਿ (=ਚਰਾਂਦ ਵਿੱਚ, 50), ਗੋਇਲੀ, ਗੋਇਲੜਾ (=ਅਸਥਾਈ ਟਿਕਾਣਾ, 1023), ਓਲਗ ਓਲਗਣੀ (=ਜੂਠੇ ਬਰਤਨ ਮਾਂਜਣੇ, 486) ਆਦਿਕ।

33. ਥਲੀ:
‘ਥਲੀ’ ਬੋਲੀ ਦਾ ਨਾਂ, ਪਾਕਿਸਤਾਨ ਦੇ ਪੰਜਾਬ ਵਿੱਚ ‘ਥਲ’ ਮਾਰੂਥਲ ਤੋਂ ਬਣਿਆਂ ਹੈ । ਇਹ ਬੋਲੀ, ਪਾਕਿਸਤਾਨ ਵਿੱਚ ਪੰਜਾਬ ਅਤੇ ਖਾਈਬਰ ਪਖਤੂਨਖਵਾ (Khyber Pakhtunkhwa) ਦੇ ਕੁੱਝ ਇਲਾਕਿਆਂ ਜਿਵੇਂ- ਲਈਆਹ, ਮੁਜ਼ੱਫਰਗੜ੍ਹ ਦੇ ਕੁੱਝ ਹਿੱਸੇ, ਡੇਰਾ ਇਸਮਾਈਲ ਖਾਂ, ਮੀਆਂਵਾਲ਼ੀ ਦੇ ਕੁੱਝ ਖਿੱਤੇ, ਆਦਿਕ ਵਿੱਚ ਬੋਲੀ ਜਾਂਦੀ ਹੈ । ਇਹ ਮਾਰਵਾੜੀ ਦੀ ਇੱਕ ਉਪਭਾਸ਼ਾ ਹੈ । ਗੁਰਬਾਣੀ ਵਿੱਚ ਇਸ ਬੋਲੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਓਲ੍‍ਗੀ (=ਲਾਗੀ, ਕੰਮੀ, ਦਾਸ- 421), ਓਲ੍‍ਗੀਆ (ਓਲਗੀਆਂ- ਕੰਮੀਆਂ ਦਾ, 421) ਆਦਿਕ।

34. ਸਰਾਇਕੀ:
ਇਹ ਭਾਸ਼ਾ ਪਾਕਿਸਤਾਨ ਦੇ ਪੰਜਾਬ, ਖਾਈਬਰ ਪਖ਼ਤੂਨਵਾ, ਸਿੰਧ ਅਤੇ ਬਲੋਚਿਸਤਾਨ ਦੇ ਕੁੱਝ ਖਿੱਤਿਆਂ ਵਿੱਚ ਰਹਿਣ ਵਾਲ਼ੇ ਲੋਕ ਬੋਲਦੇ ਹਨ । ਇਹ ਭਾਸ਼ਾ ਉਰਦੂ ਦੇ ਅੱਖਰਾਂ ਵਿੱਚ ਲਿਖੀ ਜਾਂਦੀ ਹੈ । ਪਾਕਿਸਤਾਨ ਵਿੱਚ ਲਗਭਗ 25.9 ਮਿਲੀਅਨ ( https://www.ethnologue.com/language/skr ) ਲੋਕ ਇਹ ਭਾਸ਼ਾ ਬੋਲਦੇ ਹਨ । ਇਸ ਨੂੰ ਪਹਿਲਾਂ ‘ਮੁਲਤਾਨੀ’ ਭਾਸ਼ਾ ਕਿਹਾ ਜਾਂਦਾ ਸੀ । ਗੁਰਬਾਣੀ ਵਿੱਚ ਇਸ ਭਾਸ਼ਾ ਨਾਲ ਸੰਬੰਧਤ ਸ਼ਬਦਾਂ ਵਿੱਚੋਂ ਕੁੱਝ ਪ੍ਰਮਾਣ ਹਨ, ਜਿਵੇਂ: ਤੈਡੀ (=ਤੇਰੀ, 964), ਤੈਡੈ (=ਤੇਰੇ, 520), ਬਿਸੀਆਰ (=ਬਹੁਤ, 475), ਮਿਠੜਾ (73), ਪਿਆਰ (56), ਓਹਾ (406), ਮੀਆ (1191), ਬੈਸਨਿ (=ਬੈਠਣਾ, 319), ਰਹੰਦਾ (1096), ਰਤਾ (23), ਢੋਲਾ (=ਪ੍ਰੀਤਮ, 729), ਦੁਆਈ (1286), ਦਰਬਾਰ (678), ਜ਼ਹਰ (1291), ਯਾਰ (259), ਬੀਆ (=ਦੂਜਾ, ਹੋਰ- 1056), ਕਰੇਂਦੀ (1378), ਭਰੇਦੀ (1111), ਸਾਰੇਦੀ (1111), ਕੋਠਾ (1237), ਪਿਯੂ (968), ਹਿਕ (=ਇੱਕ, 703), ਪੇਰੁ (=ਪੈਰ, 1095) ਆਦਿਕ।

35. ਬਾਗੜੀ:
ਇਹ ਰਾਜਸਥਾਨ ਦੇ ਉੱਤਰੀ ਖਿੱਤੇ ਦੀ ਉਪਭਾਸ਼ਾ ਹੈ । ਭਾਰਤ ਵਿੱਚ ਜੋਧਪੁਰ ਅਤੇ ਬੀਕਾਨੇਰ ਤੋਂ ਬਿਨਾਂ ਹਰਿਆਣੇ ਦੇ ਪੱਛਮੀ ਅਤੇ ਉੱਤਰ-ਪੱਛਮੀ ਭਾਗ ਅਤੇ ਦੱਖਣੀ ਪੰਜਾਬ ਵਿੱਚ ਵੀ ਇਸ ਦੇ ਬੋਲਣ ਵਾਲ਼ੇ ਲੋਕ ਹਨ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਤੇਰੋ, ਮੇਰੋ, ਥਾਰੋ, ਕਿਉਂਕਰਿ, ਥਾ (=ਸੀ), ਢੇਢ (=ਨੀਚ, 1292), ਭਾਂਡਾ (=ਬਰਤਨ, 728), ਕੁਨ (=ਕੌਣ, 694), ਆਇਓ (=ਆਇਆ, 1217), ਜਿਉਂ (=ਜਿਵੇਂ), ਕਿਉਂ, ਬਤਾਇਓ, ਸਵਾਲ, ਜਵਾਬ, ਆਵੈਗੋ (1310), ਜਾਵੈਗੋ (1308), ਓਹਾ, ਓਹੀ, ਰਹਿਓ, ਸੋਇਓ, ਦੇਸੀ (=ਦੇਵੇਂਗਾ, 35), ਬਤਾਇਓ (1195), ਗਇਓ (1376), ਅਉਰ (=ਹੋਰ, 1213), ਕਹਾਣੀ, ਬਤਾਈ (1182), ਸਾਰੋ (=ਸਾਰਾ, 524), ਕਹਿਓ (215), ਆਛਹੁ (=ਉੱਤਮ; ਬਾਗੜੀ ‘ਆਛੋ’), ਆਦਿਕ।

36. ਕਸ਼ਮੀਰੀ:
ਇਹ ਜੰਮੂ ਅਤੇ ਕਸ਼ਮੀਰ ਦੀ ਭਾਸ਼ਾ ਹੈ । ਭਾਰਤੀ ਸੰਸਦ ਵਲੋਂ ਸੰਨ 2020 ਵਿੱਚ ਇਸ ਨੂੰ ਜੰਮੂ ਅਤੇ ਕਸ਼ਮੀਰ ਦੀ ਸਰਕਾਰੀ ਭਾਸ਼ਾ ਬਣਾਇਆ ਗਿਆ । ਭਾਰਤੀ ਸੰਵਿਧਾਨ ਵਿੱਚ ਪ੍ਰਵਾਨਤ 22 ਭਾਸ਼ਾਵਾਂ ਵਿੱਚੋਂ ਇਹ ਇੱਕ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਬੀਠਾ (=ਬੈਠਾ, 1235; ਕਸ਼ਮੀਰੀ ‘ਬੀਠ’), ਕਿਆ, ਸਵਾਲ, ਜਵਾਬ, ਦਿੰਤੁ (=ਦਿੱਤਾ, 1397; ਕਸ਼ਮੀਰੀ ‘ਦਿਤ’), ਦਤੁ (=ਦਿੱਤਾ), ਰੰਗੁ (ਜਿਵੇਂ ਲਾਲ ਰੰਗ), ਦੂਰਿ, ਬਹਿ (=ਬੈਠ ਕੇ, 3), ਨਾਵ (=ਨਾਮ), ਕਾਵ (=ਕਾਂ, 138), ਦਹ (=10, 624), ਹਟੈ (=ਹਟਣਾ, 478) ਆਦਿਕ।

37. ਤੁਰਕੀ:
ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ; ਮੁਗ਼ਲ (418), ਓ (=ਉਹ, 988), ਫੀਲੁ (=ਹਾਥੀ, 477), ਆਦਮ (=ਆਦਮੀ, 1161), ਸਬਾਹ (=ਸਵੇਰ, 146), ਹਵਾਈ (1161; ਤੁਰਕੀ ‘ਹਵਾ’), ਦੁਨੀਆ (727), ਸਾਬੂਣੁ (=ਸਾਬਣ, 4; ਤੁਰਕੀ ‘ਸਾਬੂਨ’), ਕਲਮ (3), ਸ਼ਹਰੁ (1412; ਤੁਰਕੀ ‘ਸ਼ਹਿਰ’, ਆਤਸ਼ (=ਅੱਗ, 1291; ਤੁਰਕੀ ‘ਅਤਿਸ਼’), ਕਬੂਲ (1083), ਬਾਬਾ (=ਪਿਤਾ, ਗੁਰੂ ਪਿਤਾ ਵੀ ਹੈ ਅਤੇ ਗੁਰੂ ਬਾਬਾ ਵੀ, 307, 167) ਆਦਿਕ।

38. ਪਹਾੜੀ-ਪੋਠੋਹਾਰੀ:
ਇਹ ਭਾਸ਼ਾ ਪਾਕਿਸਤਾਨੀ ਪੰਜਾਬ ਦੇ ਦੂਰ ਉੱਤਰ ਵਿੱਚ, ਪਾਕਿਸਤਾਨੀ ਆਜ਼ਾਦ ਕਸ਼ਮੀਰ ਵਿੱਚ ਅਤੇ ਭਾਰਤ ਦੇ ਜੰਮੂ ਅਤੇ ਕਸ਼ਮੀਰ ਦੇ ਪੱਛਮੀ ਇਲਾਕਿਆਂ ਵਿੱਚ ਬਹੁਤੇ ਲੋਕਾਂ ਵਲੋਂ ਬੋਲੀ ਜਾਂਦੀ ਹੈ (ਵਿੱਕੀਪੀਡੀਆ- ਸੰਪਾਦਿਤ 6 ਸਤੰਬਰ, 2021) । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ;
ਓਬਰੀ (=ਕੈਦਖ਼ਾਨਾ, ਪਸ਼ੂਸ਼ਾਲਾ, 1371), ਕੰਨੈ (=ਪਾਸਿ, ਕਿਨਾਰੇ ਕੋਲ਼, 1383), ਕੰਨਹੁ (=ਕੋਲ਼ੋਂ, 715), ਰਾਧੇ (=ਬੀਜਣਾਂ, 56), ਰਾਧੀ (=ਬੀਜੀ, 1379), ਕਰਸੀ (=ਕਰੇਗਾ, 9), ਕਰਸਨ (1303), ਅਸਾ (=ਅਸੀਂ, 579), ਕਰਸਨਿ (143), ਤੁਸਾ (=ਤੁਸੀਂ, 41), ਗਾਛਹੁ (=ਚਲੇ ਜਾਓ, 1187), ਗਛੇਣ (=ਤੁਰਿਆਂ, 1360) ਆਦਿਕ।

39. ਪੁਰਤਗਾਲੀ:
ਮਾਈ (=ਮਾਤਾ, ਮਾਂ - 481)

40. ਪੂਰਬੀ:
ਮਨਈ (=ਮਨੁੱਖ, 855)

41. ਕਾਂਗੜੀ:
ਇਸ ਦੀ ਲਿੱਪੀ ਟਾਕਰੀ ਅਤੇ ਦੇਵਨਾਗਰੀ ਹੈ । ਭਾਰਤ ਵਿੱਚ ਇਸ ਨੂੰ 1.17 ਮਿਲੀਅਨ ਲੋਕ ਬੋਲਦੇ ਹਨ (ਜਨ ਗਣਨਾ 2011) । ਇਹ ਭਾਸ਼ਾ ਮੁੱਖ ਤੌਰ ਤੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਹਮੀਰਪੁਰ ਅਤੇ ਊਨਾ ਜਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ । ਪੰਜਾਬ ਦੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜਿਲ੍ਹਿਆਂ ਵਿੱਚ ਵੀ ਇਸ ਨੂੰ ਬੋਲਣ ਵਾਲ਼ੇ ਲੋਕ ਹਨ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਗੁਰਬਾਣੀ ਵਿੱਚ ਹਨ, ਜਿਵੇਂ; ਖਰਾ (=ਚੰਗਾ, 660), ਥਾ/ਥੀ/ਥੇ/ਥੋ (=ਸੀ, ਸਾਂ, ਸਨ- 1002, 557, 813, 338), ਨਠਯੋ (1392), ਨਠੜੋ (709), ਨਠੇ (218),), ਨੀਂਦ੍ਰਾਵਲੇ (1382, ਕਾਂਗੜੀ ‘ਨੀਂਦਰ’), ਸੁਤਾ (=ਸੌਂ ਗਿਆ, 112), ਖਾਣਾ (16), ਕਿਤਾ (=ਕੀਤਾ, 322) ਆਦਿਕ।

42. ਮੇਵਾੜੀ:
ਇਹ ਰਾਜਸਥਾਨੀ ਭਾਸ਼ਾ ਦੀਆਂ ਮੁੱਖ ਉੱਪਭਾਸ਼ਾਵਾਂ ਵਿੱਚੋਂ ਇੱਕ ਹੈ । ਇਸ ਨੂੰ ਬੋਲਣ ਵਾਲ਼ੇ ਲਗਭਗ 5 ਮਿਲੀਅਨ ਲੋਕ , ਰਾਜਸਥਾਨ ਦੇ ਰਾਜਸਮੰਦ, ਭੀਲਵਾੜਾ, ਉਦੇਪੁਰ ਅਤੇ ਚਿਤੌੜਗੜ੍ਹ ਜਿਲ੍ਹਿਆ ਵਿੱਚ ਬੋਲੀ ਜਾਂਦੀ ਹੈ (ਵਿੱਕੀਪੀਡੀਆ- ਸੰਪਾਦਿਤ 19 ਅਗੱਸਤ, 2021) । ਇਸ ਦੀ ਲਿੱਪੀ ਦੇਵਨਾਗਰੀ ਹੈ । ਮੇਵਾੜੀ ਨਾਲ਼ ਸੰਬੰਧਤ ਕੁੱਝ ਸ਼ਬਦ ਗੁਰਬਾਣੀ ਵਿੱਚ ਹਨ, ਜਿਵੇਂ; ਮੂੰ (=ਮੈਂ, 488), ਬੈਠਨੋ (402), ਜਾਨੋ (=ਚਲੇ ਜਾਣਾਂ, 402), ਥਾਰੋ (=ਤੁਹਾਡਾ, 695), ਮੀਠੋ (1222), ਯਾ (=ਇਸ, 251), ਹੇ (=ਹੈ, 13), ਰੋ (=ਦਾ, 715), ਵਾ (=ਉਸ ਇਸਤ੍ਰੀ ਦੇ, 1165), ਆਉ (457), ਪਰੋ (=ਪਰੇ ਚਲੇ ਜਾਣਾਂ, 1429) ਆਦਿਕ ।

43. ਅਸਾਮੀ:
ਭਾਰਤ ਵਿੱਚ ਅਸਾਮ ਰਾਜ ਦੀ ਇਹ ਸਰਕਾਰੀ ਭਾਸ਼ਾ ਹੈ । ਇਸ ਨੂੰ ਅਸਾਮਿਆ ਅਤੇ ਅਹੋਮੀਆ ਵੀ ਕਿਹਾ ਜਾਂਦਾ ਹੈ । ਜਨ ਗਣਨਾ 2011 ਅਨੁਸਾਰ 15,311,351 ਲੋਕਾਂ ਦੀ ਇਹ ਮਾਂ ਬੋਲੀ ਹੈ । ਮਾਗਧੀ ਪ੍ਰਾਕ੍ਰਿਤ ਤੋਂ ਬਣੀ ਇਹ ਭਾਸ਼ਾ, ਸੱਤਵੀਂ ਸਦੀ ਤੋਂ ਪਹਿਲਾਂ ਦੀ ਪ੍ਰਚੱਲਤ ਮੰਨੀ ਗਈ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦਾਂ ਵਿੱਚੋਂ ਕੁੱਝ ਹਨ, ਜਿਵੇਂ; ਖੈਬੋ (=ਖਾਣ ਲਈ 871; ਅਸਾਮੀ ‘ਖਾਬੋ’), ਜੈਬੋ (=ਜਾਵੇਗਾ 692; ਅਸਾਮੀ ‘ਜਾਬੋ’), ਐਬੋ (=ਆਵੇਗਾ 692; ਅਸਾਮੀ ‘ਆਹਿਬੋ’), ਆਇਬੋ (=ਆਵੇਗਾ, 695), ਜਾਇਬੋ (=ਜਾਵੇਗਾ, 695), ਤੁਮਾਰ (=ਤੁਹਾਡਾ, 856), ਕੇਤਾ (3), ਪ੍ਰਿਉ (527), ਭਲ (=ਚੰਗਾ, 1269), ਆਹਾਰ (865), ਕਲਿ (=ਬੀਤਿਆ ਦਿਨ, 1383), ਕਉਨੇ (=ਕਿਹੜੇ ਨੇ? 856), ਆਪਨ (=ਆਪਣਾ, 896), ਤੋਹੀ (93) ਆਦਿਕ ।

44. ਭੋਜਪੁਰੀ:
ਲੋਗ (=ਲੋਕ, 1269), ਮੀਠ (=ਮਿੱਠਾ, 282), ਹਹਿ (=ਹੈਂ, 13), ਹਮ (=ਮੈਂ, 696), ਬਜਾਇਲਾ (=ਵਜਾਇਆ, 1166), ਆਇਲਾ (=ਆਇਆ, 1166), ਕਿਤਨੋ (212), ਤੂ (=ਤੂੰ, 3), ਤੁਹਾਰਿ (=ਤੁਹਾਡੀ, 241), ਮਿਹਰੀ (=ਵਹੁਟੀ, 1224; ਭੋਜਪੁਰੀ ‘ਮੇਹਰਾਰੁ’), ਜਾਡਾ (=ਠੰਢ, 1109; ਭੋਜਪੁਰੀ ‘ਜਾੜਾ’), ਤੋਰ (=ਤੇਰਾ, 1265), ਕਾਠ (=ਲੱਕੜੀ, 1373), ਕਾਹੇ (=ਕਿਉਂ, 1171), ਪੀਅਰੀ (=ਪੀਲ਼ੀ, 1367), ਚੀਟੀ (=ਕੀੜੀ, 972; ਭੋਜਪੁਰੀ ‘ਚਿਉਟੀ’) ), ਸਾਂਝ (=ਸ਼ਾਮ, ), ਜਲ (=ਪਾਣੀ, 323), ਪਨਹੀ (=ਜੁੱਤੀ, 659), ਪਨੀਆ (=ਜੁੱਤੀ, 695), ਚਾਮ (=ਚਮੜੀ, ), ਤਨਕ (=ਕੁੱਝ, 483), ਕਾਹੂ (=ਕਿਸੇ ਨੂੰ, 479), ਪਾਹੁਨ (=ਪ੍ਰਾਹੁਣੇ, 1266), ਜੀਅਰਾ (876), ਕਰੇਜੇ (=ਦਿੱਲ ਵਿੱਚ, 1279), ਈਹਾਂ (1147), ਢਬੂਆ (381; ਭੋਜਪੁਰੀ ‘ਢੇਬੂਆ’), ਛਿਨੁ (726; ਭੋਜਪੁਰੀ ‘ਛਨ”), ਚੰਦ੍ਰਮਾ (145; ਭੋਜਪੁਰੀ ‘ਚਨਰਮਾ’), ਨਾ (=ਨਹੀਂ, 582), ਨੀਕਾ (=ਚੰਗਾ, 623; ਭੋਜਪੁਰੀ ‘ਨੀਕ’), ਲਿਲਾਰ (=ਮੱਥਾ, 1409), ਬਗੀਚਾ (385; ਭੋਜਪੁਰੀ ‘ਬਗਈਚਾ’), ਧੂਰਿ (181; ਭੋਜਪੁਰੀ ‘ਧੁਰ’), ਮਾਈ (=ਮਾਂ, 494), ਆਪਨ (187), ਤੋਰ (=ਤੇਰਾ, 1265), ਅੰਗੁਰੀਆ (=ਉਂਗਲ਼ੀ, 203; ਭੋਜਪੁਰੀ ‘ਅੰਗੂਰੀ’), ਰਾਂਡ (544), ਨਿਰਖਤ (=ਦੇਖਣਾ, 655; ਭੋਜਪੁਰੀ ‘ਨਿਰਖਲ’), (ਅਉਰ, 486), ਨੇਰਾ (=ਨੇੜੇ, 106; ਭੋਜਪੁਰੀ ‘ਨਿਯਰਾ’), ਅਬਕੀ ਬਾਰ (1104), ਕਵਨ ਕਵਨ (503), ਕੰਨ੍‍ ਿ(=ਕੰਧੇ ਉੱਤੇ, 1383; ਭੋਜਪੁਰੀ ‘ਕਾਨਹ’), ਕੂਤੁ (=ਸ਼ਕਤੀ, 3; ਭੋਜਪੁਰੀ ‘ਕੁਵਤ’), ਕੇਵਾੜ (856; ਭੋਜਪੁਰੀ ‘ਕੇਵਾੜੀ’), ਕੋਠਰੀ (=970; ਭੋਜਪੁਰੀ ‘ਕੋਠਾਰੀ’), ਖਟੀਆ (=ਮੰਜੀ, 478), ਨਿਹਾਰਿ (=ਦੇਖਣਾ, 1301; ਭੋਜਪੁਰੀ ‘ਨਿਹਾਰਤ’), ਪਿਛਬਾਰਲਾ (1292; ਭੋਜਪੁਰੀ ‘ਪਿਛੁਵਾਰਾ’), ਫੇਨ (=ਝੱਗ, 485), ਵਾਚਹਿ (56), ਬੇਰਾ (=ਸਮਾਂ, 254), ਭਤਾਰ (63), ਮਹਤਾਰੀ (1215; ਭੋਜਪੁਰੀ ‘ਮਤਾਰੀ’), ਲਉਕੀ (656), ਸੁਘਰ (404), ਪਹਿਰਿ (225), ਹੀਅ (1394), ਸੋਰਹ (=ਸੋਲ਼ਾਂ, 970; ਭੋਜਪੁਰੀ ‘ਸੋਰਹੋ’), ਬਹੁਰੀਆ (483), ਉਜਿਆਰੋ (694), ਮੂਸ (=ਚੂਹਾ, 1387; ਭੋਜਪੁਰੀ ‘ਮੁਸ’), ਮੂਸਾ (=ਚੂਹਾ, 855), ਬਿਲਈਆ (=ਬਿੱਲੀ, 855; ਭੋਜਪੁਰੀ ‘ਬਿਲਾਇ’), ਨੀਦ ਭਰੇ (=ਪੂਰੀ ਨੀਂਦ ਵਿੱਚ, 548; ਭੋਜਪੁਰੀ ‘ਰਾਤ ਭਰ’ ਪੂਰੀ ਰਾਤ), ਰਖਵਾਰਾ (=ਰਖਵਾਲਾ, 206; ਭੋਜਪੁਰੀ ‘ਰਖਵਾਰ’) , ਹਲੁਕੀ (=ਹਲਕੀ, 333; ਭੋਜਪੁਰੀ ‘ਹਲੁਕ’) ਆਦਿਕ ।

ਖੋਜ ਵਿੱਚ ਵਰਤੀ ਸਹਾਇਕ ਸਮੱਗ੍ਰੀ:
ਪ੍ਰੋ. ਸਾਹਿਬ ਸਿੰਘ ਦੀ ਲਿਖੀ ਪੁਸਤਕ ‘ਗੁਰਬਾਣੀ ਵਿਆਕਰਣ’ ਅਤੇ ਉਨ੍ਹਾਂ ਵਲੋਂ ਲਿਖਿਆ ‘ਗੁਰੂ ਗ੍ਰੰਥ ਸਾਹਿਬ ਦਰਪਣ’, ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ (ਮਕੋ), ਵੱਖ-ਵੱਖ ਭਾਸ਼ਾਵਾਂ ਦੇ ਪ੍ਰਚੱਲਤ ਸ਼ਬਦਾਰਥਾਂ ਦੀ ਜਾਣਕਾਰੀ ਦੇਣ ਵਾਲ਼ੀਆਂ ਵੈੱਬਸਾਈਟਸ, ਵਿਕੀਪੀਡੀਆ, ਗੂਗਲ ਅਤੇ ਹੋਰ ਟ੍ਰਾਂਸਲੇਟਰ, ਅਕਾਲੀ ਕੌਰ ਸਿੰਘ ਵਲੋਂ ਲਿਖਿਆ ‘ਤੁਕ ਤਤਕਰਾ’, ਗੁਰਬਾਣੀ ਦੀਆਂ ਸੈਂਚੀਆਂ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਗਾਏ ਗਏ ਗੀਤਾਂ ਤੋਂ ਖੋਜ ਕਰ ਕੇ ਗੁਰਬਾਣੀ ਵਿੱਚ ਵਰਤੇ ਗਏ ਸ਼ਬਦਾਂ ਨਾਲ਼ ਸੰਬੰਧਤ ਕੁੱਝ ਭਾਸ਼ਾਵਾਂ ਨੂੰ ਲੱਭਣ ਦਾ ਜਤਨ ਹੋਇਆ ਹੈ । ਸ. ਕੁਲਬੀਰ ਸਿੰਘ ਥਿੰਦ ਵਲੋਂ ਨਿਯੰਤ੍ਰਿਤ ਅਤੇ ਬਹੁਤ ਮਿਹਨਤ ਨਾਲ਼ ਬਣਾਈਆਂ ਗੁਰਬਾਣੀ ਨਾਲ਼ ਸੰਬੰਧਤ ਫਾਈਲਾਂ ਤੋਂ ਗੁਰਬਾਣੀ ਦੇ ਸ਼ਬਦ ਅਤੇ ਉਨ੍ਹਾਂ ਦੇ ਪੰਨੇ ਲੱਭਣ ਵਿੱਚ ਬਹੁਤ ਸਹਾਇਤਾ ਹੋਈ ਹੈ । ਇਹ ਫਾਈਲਾਂ ‘http://www.punjabonline.com/ ’ਤੇ ਉਪਲਭਧ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top