Main News Page

   

ਅਖੌਤੀ ਜਥੇਦਾਰਾਂ ਨਾਲੋਂ ਤਾਂ ਬਰਾਕ ਓਬਾਮਾ ਚੰਗਾ
ਕੱਟ ਵੱਢ ਕੀਤੀ ਵੀਡਿਓ ਕਰਕੇ ਨੌਕਰੀ ਤੋਂ ਫਾਰਿਗ ਕੀਤੀ ਸ਼ਿਰਲੀ ਸ਼ੇਰੋਡ ਕੋਲੋਂ ਓਬਾਮਾ ਪ੍ਰਸ਼ਾਸਨ ਨੇ ਮੁਆਫੀ ਮੰਗੀ

ਸ਼ਿਰਲੀ ਸ਼ੇਰੋਡ ਬਰਾਕ ਓਬਾਮਾ ਪ੍ਰੋ. ਦਰਸ਼ਨ ਸਿੰਘ ਖਾਲਸਾ

ਸ਼ਿਰਲੀ ਸ਼ੇਰੋਡ, ਜੌਰਜੀਆ, ਅਮਰੀਕਾ ਵਿੱਚ ਖੇਤੀਬਾੜੀ ਮਹਿਕਮੇ ਵਿੱਚ ਡਾਇਰੈਕਟਰ ਦੇ ਅਹੁਦੇ ਉਤੇ ਕੰਮ ਕਰ ਰਹੀ ਸੀ, ਜਦੋਂ ਉਸਨੂੰ ਨਸਲਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਨੌਕਰੀ ਤੋਂ ਫਾਰਿਗ ਕਰ ਦਿੱਤਾ ਗਿਆ। ਸ਼ਿਰਲੀ ਸ਼ੇਰੋਡ ਦੀ ਮਾਰਚ 2010 ਦੀ ਵੀਡਿਓ ਨੂੰ ਐਂਡਰਿਉ ਬ੍ਰਿਟਬੈਟ ਨੇ ਕੱਟ ਵੱਡ ਕਰਕੇ ਇੰਟਰਨੈਟ 'ਤੇ ਪਾਇਆ, ਜਿਸ ਕਰਕੇ ਇਹ ਸਾਰਾ ਮਾਮਲਾ ਵਿਗੜ ਗਿਆ। ਹੁਣ ਜੱਦ ਅਸਲੀ ਵੀਡਿਓ ਸਾਹਮਣੇ ਆਈ ਹੈ, ਤਾਂ ਸਭ ਦੀਆਂ ਅੱਖਾਂ ਖੁੱਲ ਗਈਆਂ। ਖੇਤੀਬਾੜੀ ਮਹਿਕਮੇ ਦੇ ਸਕੱਤਰ ਟੌਮ ਵਿਲਸੈਕ ਨੇ ਵਾਈਟ ਹਾਉਸ ਵਲੋਂ ਸ਼ਿਰਲੀ ਸ਼ੇਰੋਡ ਕੋਲੋਂ ਮੁਆਫੀ ਮੰਗੀ, ਜੋ ਸ਼ਿਰਲੀ ਸ਼ੇਰੋਡ ਨੇ ਸਵੀਕਾਰ ਕਰ ਲਈ। ਇਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਆਪਣੇ ਤੌਰ 'ਤੇ ਸ਼ਿਰਲੀ ਸ਼ੇਰੋਡ ਨਾਲ ਫੋਨ ਉਤੇ ਗਲਬਾਤ ਕੀਤੀ। ਸ਼ਿਰਲੀ ਸ਼ੇਰੋਡ ਨੂੰ ਵਾਪਿਸ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਰਿਪਬਲੀਕਨ ਪਾਰਟੀ ਦੇ ਲੀਡਰ ਜੌਨ ਬੋਇਨਰ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਲਈ ਪ੍ਰਸ਼ਾਸਨ ਅਤੇ ਮੀਡੀਆ ਜਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਜਦੋਂ ਕਿਸੇ ਕਹਾਣੀ ਦਾ ਕੁੱਝ ਹਿੱਸਾ ਹੀ ਪੇਸ਼ ਕੀਤਾ ਜਾਂਦਾ ਹੈ ਤਾਂ ਲੋਕ ਭੁਲੇਖਾ ਖਾ ਜਾਂਦੇ ਨੇ, ਜਲਦਬਾਜ਼ੀ ਕਰਕੇ ਗਲਤ ਫੈਸਲੇ ਕਰ ਲੈਂਦੇ ਹਨ।

ਇਹ ਸਾਰਾ ਘਟਨਾਕ੍ਰਮ ਪੜ੍ਹਨ ਲਈ ਥੱਲੇ ਦਿੱਤੇ ਲਿੰਕ ਦੇ ਕਲਿੱਕ ਕਰੋ।

ਅਖੌਤੀ ਜਥੇਦਾਰ ਗੁਰਬਚਨ ਸਿੰਘ ਗੁਰਚਰਨਜੀਤ ਲਾਂਬਾ
ਜਿਸਨੇ ਪ੍ਰੋ. ਦਰਸ਼ਨ ਸਿੰਘ ਜੀ ਦੀ ਸੀ.ਡੀ ਨਾਲ ਕੱਟ ਵੱਢ ਕੀਤੀ

ਐਂਡਰਿਉ ਬ੍ਰਿਟਬੈਟ
ਜਿਸਨੇ ਸ਼ਿਰਲੀ ਸ਼ੇਰੋਡ ਦੀ ਵੀਡਿਓ ਨੂੰ  ਕੱਟ ਵੱਡ ਕੀਤਾ

ਇਹ ਸਾਰਾ ਕੁੱਝ ਦੇਖਣ ਸੁਣਨ ਤੋਂ ਬਾਅਦ ਲਗਦਾ ਹੈ ਕਿ ਧਾਰਮਿਕ ਉੱਚ ਪਦਵੀਆਂ 'ਤੇ ਬੈਠੇ ਅਖੌਤੀ ਜਥੇਦਾਰਾਂ ਨਾਲੋਂ ਤਾਂ ਬਰਾਕ ਓਬਾਮਾ ਅਤੇ ਉਸਦਾ ਪ੍ਰਸ਼ਾਸਨ ਚੰਗਾ ਹੈ, ਜਿਨ੍ਹਾਂ ਗਲਤੀ ਹੋਣ ਤੋਂ ਬਾਅਦ ਗਲਤੀ ਮੰਨੀ ਅਤੇ ਮੁਆਫੀ ਮੰਗੀ।

ਇੱਕ ਇਹ ਹਨ ਵਿਕੇ ਹੋਏ ਅਖੌਤੀ ਜਥੇਦਾਰ ਜਿਹਨਾਂ ਨੇ ਇੱਕ ਸ਼ਰਾਰਤੀ ਚਾਲਬਾਜ਼ ਗੁਰਚਰਨਜੀਤ ਲਾਂਬਾ ਦੀ ਕੱਟ ਵੱਢ ਕੀਤੀ ਹੋਈ ਵੀਡਿਓ ਦੇ ਸਹਾਰੇ ਸਿੱਖ ਕੌਮ ਦੇ ਨਿਧੜਕ, ਦੂਰਅੰਦੇਸ਼ੀ ਵਿਦਵਾਨ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਪਹਿਲਾਂ ਅਕਾਲ ਤਖਤ 'ਤੇ ਤਲਬ ਕੀਤਾ, ਫਿਰ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਅਤੇ ਅੰਤ ਵਿੱਚ ਛੇਕ ਦਿੱਤਾ। ਉਹ ਵੀ ਬਿਨਾਂ ਕਿਸੀ ਪੁੱਛ ਪੜਤਾਲ ਦੇ, ਬਿਨਾਂ ਕਿਸੇ ਛਾਣਬੀਨ ਤੋਂ, ਸਿਰਫ ਆਪਣੇ ਆਕਾ ਦੀ ਖੁਸ਼ੀ ਲਈ, ਸਿੱਖ ਕੌਮ ਦੇ ਮਹਾਨ ਵਿਦਵਾਨ ਨੂੰ ਜ਼ਲੀਲ ਕੀਤਾ। ਸਾਰੀ ਖੇਡ ਪਿਛੇ ਲੁਕਿਆ ਲੱਕੜਬੱਘਾ ਲਾਂਬਾ ਜੋ ਕਿ ਆਰ.ਆਰ. ਐਸ ਦਾ ਕਾਰਕੁੰਨ ਹੈ, ਜਥੇਦਾਰਾਂ ਦੇ ਟੁਕੜਿਆਂ ਉਤੇ ਪੱਲਣ ਵਾਲਾ, ਉਸ ਨਾਲ ਕਿਸੇ ਨੇ ਪੁੱਛਗਿਛ ਨਹੀਂ ਕੀਤੀ। ਅੱਗ ਲਾਕੇ ਡੱਬੂ ਕੰਧ ਉਤੇ ਵਾਲੀ ਕਹਾਵਤ ਅਨੁਸਾਰ ਲਾਂਬਾ ਲਾਂਬੂ ਲਾਕੇ ਤੁਰਦਾ ਬਣਿਆ।

ਇਨ੍ਹਾਂ ਆਚਰਣਹੀਨ ਲੋਕਾਂ ਦੀ ਅੱਖਾਂ ‘ਚ ਪ੍ਰੋ. ਦਰਸ਼ਨ ਸਿੰਘ ਬੜੀ ਦੇਰ ਤੋਂ ਰੜਕ ਰਹੇ ਸੀ। ਕੋਈ ਨਾ ਕੋਈ ਬਹਾਨਾ, ਕਦੀ ਨਿਤਨੇਮ ਦੀਆਂ ਬਾਣੀਆਂ ਦਾ ਝੂਠਾ ਇਲਜ਼ਾਮ, ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਦਾ ਝੂਠਾ ਇਲਜ਼ਾਮ...। ਆਖਿਰ ਲਾਂਬੇ ਅਤੇ ਰਤਿੰਦਰ ਸਿੰਘ ਅਖੌਤੀ www.panthic.org ਨੇ ਜਿਨ੍ਹਾਂ ਦੇ ਮਨ ਵਿੱਚ ਬੈਠਤ ਉਠਤ ਕੁਟਿਲਤਾ ਚਾਲਹਿ ਵਾਂਗ, ਕੋਈ ਨਾ ਕੌਈ ਸ਼ੈਤਾਨੀ ਚਲਦੀ ਰਹਿੰਦੀ ਹੈ, ਨੇ ਰੋਚੈਸਟਰ ਸਮਾਗਮ ਦੀ ਸੀ.ਡੀ ਸ. ਮੱਖਣ ਸਿੰਘ ਕੋਲੋਂ ਲੈ ਲਈ। ਫਿਰ ਉਸ ਸੀ.ਡੀ ਨੂੰ ਕੱਟ ਵੱਢ ਕੇ ਜੱਸ ਟੀ.ਵੀ ‘ਤੇ ਦਿਖਾ ਦਿੱਤਾ। ਸਿੱਖ ਅਖਵਾਉਣ ਵਾਲੇ ਭੜਕ ਉਠੇ, ਕਿਸੇ ਨੇ ਵੀ ਸੱਚਾਈ ਜਾਨਣ ਦੀ ਖੇਚਲ ਨਾ ਕੀਤੀ, ਲਾਂਬੇ ਨੇ ਝੱਟ ਉਹ ਸੀ.ਡੀ. ਆਪਣੇ ਆਕਾਵਾਂ ਸੌਂਪ ਕੇ ਪ੍ਰੋ. ਦਰਸ਼ਨ ਸਿੰਘ ਨੂੰ ਫਸਾਉਣ ਦਾ ਰਾਹ ਪੱਧਰਾ ਕਰ ਦਿੱਤਾ। ਅਕਲੋਂ ਪੈਦਲ ਅਖੌਤੀ ਜਥੇਦਾਰਾਂ ਦੇ ਹੱਥ ਜਿਵੇਂ ਗਿਦੜ ਸਿੰਗੀ ਲੱਗ ਗਈ ਹੋਵੇ। ਫੱਟ ਦੇਣੀ, ਕੂੜਨਾਮਾ ਜਾਰੀ ਹੋ ਗਿਆ, ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਕਰਨ ਦੀ ਮਨਾਹੀ ਦੇ ਹੁਕੁਮ ਸੁਣਾ ਦਿੱਤੇ। ਪਰ, ਜਾਗਰੂਕ ਸੰਗਤ ਨੇ ਕੀਰਤਨ ਬੰਦ ਕਰਨ ਦੀ ਬਜਾਏ, ਹੋਰ ਜ਼ਿਆਦਾ ਕਰਾਉਣੇ ਸ਼ੁਰੂ ਕਰ ਦਿੱਤੇ। 5 ਦਿਸੰਬਰ ਦੀ ਤਾਰੀਖ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦੇ ਹੁਕੁਮ ਸੁਣਾ ਦਿੱਤੇ। 5 ਦਿਸੰਬਰ ਨੂੰ ਪ੍ਰੋ. ਦਰਸ਼ਨ ਸਿੰਘ ਨਿਸ਼ਚਿਤ ਸਮੇਂ ‘ਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਪਸ਼ਟੀਕਰਣ ਦੇਣ ਪਹੁੰਚੇ, 2 ਘੰਟੇ ਇੰਤਜ਼ਾਰ ਤੋਂ ਬਾਅਦ ਜਦੋਂ ਜਥੇਦਾਰ ਆਪਣੇ ਕਮਰੇ ਤੋਂ ਬਾਹਰ ਨਾ ਆਏ, ਤਾਂ ਪ੍ਰੋ. ਦਰਸ਼ਨ ਸਿੰਘ ਸਮਪਸ਼ਟੀਕਰਨ ਦੀ ਫਾਇਲ ਸ੍ਰੀ ਅਕਾਲ ਤਖਤ ਸਾਹਿਬ ‘ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖ ਕੇ ਵਾਪਿਸ ਆ ਗਏ।

ਸਰਕਾਰੀ ਜਥੇਦਾਰ ਨੇ ਘੰਟੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆ ਕੇ ਝੂਠ ਬੋਲਿਆ ਕਿ, ਅਸੀਂ ਉਡੀਕਦੇ ਰਹੇ, ਦਰਸ਼ਨ ਸਿੰਘ ਆਇਆ ਨਹੀਂ, ਇਸ ਕਰਕੇ ਇਸ ਨੂੰ ਤਨਖਾਈਆ ਕਰਾਰ ਕੀਤਾ ਜਾਂਦਾ ਹੈ। 7 ਜਨਵਰੀ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ, ਜੇ ਦਰਸ਼ਨ ਸਿੰਘ ਸਾਡੇ ਸਾਹਮਣੇ ਪੇਸ਼ ਹੋ ਕੇ ਤਨਖਾਹ ਲਗਵਾ ਲੈਂਦਾ ਹੈ ਤਾਂ, ਮੁਆਫ ਕੀਤਾ ਜਾ ਸਕਦਾ ਹੈ, ਨਹੀਂ ਤੇ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ। ਇੰਨੇ ਸਮੇਂ ਵਿੱਚ ਪੰਜਾਬ ਵਿੱਚ ਟੀ.ਵੀ ਚੈਨਲਾਂ ਉਪਰ ਕਿੰਨੀਆਂ ਹੀ ਪ੍ਰੋ. ਦਰਸ਼ਨ ਸਿੰਘ ਜੀ ਦੀਆਂ ਇੰਟਰਵੀਊ ਆਈਆਂ। ਸੰਗਤਾਂ ਨੂੰ ਸੱਚਾਈ ਦਾ ਪਤਾ ਚੱਲ ਗਿਆ। ਹੋਰ ਤੇ ਹੋਰ, ਰੋਚੈਸਟਰ ਵਾਲੀ ਪੂਰੀ ਸੀ.ਡੀ. ਵੀ ਪੂਰੇ ਦੋ ਹਫਤੇ ਟੀ.ਵੀ ਉਪਰ ਦਿਖਾਈ ਗਈ। ਨਾਲ ਹੀ ਦਸਮ ਗ੍ਰੰਥੀਏ ਸ਼ਵੀਂਦਰ ਸਿੰਘ ਦੀ ਵੀਡੀਓ ਦਿਖਾਈ ਗਈ, ਜਿਸ ਵਿੱਚ ਸ਼ਵੀਂਦਰ ਸਿੰਘ ਵੀ ਅਨੂਪ ਕੌਰ ਦਾ ਚਰਿਤ੍ਰ ਗੁਰੂ ਗੋਬਿੰਦ ਸਿੰਘ ਨਾਲ ਵਾਪਰਿਆ ਦਸਦਾ ਹੈ।

ਪਰ, ਜਥੇਦਾਰਾਂ ਦੇ ਕੰਨਾਂ ‘ਤੇ ਜੂੰ ਨਾ ਸਰਕੀ। ਕਿਓਂਕਿ ਉਹ ਤਾਂ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਜ਼ਾ ਮੁਕਰਰ ਕਰ ਚੁਕੇ ਸਨ। 7 ਜਨਵਰੀ ਨੂੰ ਪ੍ਰੋ. ਦਰਸ਼ਨ ਸਿੰਘ ਅਖੌਤੀ ਜਥਦਾਰਾਂ ਦੇ ਝੂਠ ਅੱਗੇ ਝੁਕਣ ਲਈ ਨਹੀਂ ਆਏ। ਜਥੇਦਾਰਾਂ ਨੇ ਹੋਰ ਖੇਡ ਖੇਡੀ, ਪੇਸ਼ ਹੋਣ ਦੀ ਤਾਰੀਖ 29 ਜਨਵਰੀ 2010 ਕਰ ਦਿੱਤੀ।

29 ਜਨਵਰੀ ਨੂੰ ਵੀ ਪ੍ਰੋ. ਦਰਸ਼ਨ ਸਿੰਘ ਪੇਸ਼ ਨਹੀਂ ਹੋਏ, ਜਥੇਦਾਰਾਂ ਨੇ ਉਨ੍ਹਾਂ ਨੂੰ ਛੇਕ ਦਿੱਤਾ। ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਕਰਨ ਦੀ ਮਨਾਹੀ ਕਰ ਦਿੱਤੀ। ਜਿਸਦਾ ਪ੍ਰਤੀਕਰਮ ਇਹ ਹੋਇਆ ਕਿ ਸੰਗਤਾਂ ਨੇ ਹੋਰ ਜ਼ੋਰ ਸ਼ੋਰ ਨਾਲ ਪ੍ਰੋਗ੍ਰਾਮ ਕਰਵਾਏ, ਰੋਟੀ ਦੀ ਸਾਂਝ ਵੀ ਕੀਤੀ, ਜਥੇਦਾਰਾਂ ਦੇ ਪੁਤਲੇ ਵੀ ਸਾੜੇ। ਜਥੇਦਾਰ ਨੀਚਤਾ ‘ਤੇ ਉਤਰ ਆਏ। ਕੀਰਤਨ ਸਮਾਗਮਾਂ ‘ਤੇ ਹਮਲੇ ਕਰਵਾਏ, ਪ੍ਰਬੰਧਕਾਂ ਨੂੰ ਧਮਕੀਆਂ ਦੇਣ ਲੱਗ ਪਏ।

ਇਸ ਸਾਰੇ ਘਟਨਾਕ੍ਰਮ ਵਿੱਚ ਪ੍ਰੋ. ਦਰਸ਼ਨ ਸਿੰਘ ਹੋਰ ਮਜ਼ਬੂਤ ਹੋ ਕੇ ਨਿਕਲੇ। ਉਹਨਾਂ ਦੇ ਕਈ ਸਾਥੀ ਹੋਰ ਬਣੇ ਪਰ ਕਈ ਸਾਥੀ ਵੇਲੇ ‘ਤੇ ਸਾਥ ਛੱਡ ਗਏ।

ਹੁਣ ਪਾਠਕ ਆਪ ਅੰਦਾਜ਼ਾ ਲਗਾ ਸਕਦੇ ਨੇ ਕਿ, ਇੱਕ ਵਿਦਵਾਨ ਜਿਸਨੇ ਸਿੱਖੀ ਦੀ ਸੇਵਾ 40 ਸਾਲਾਂ ਤੋਂ ਵੀ ਉਪਰ ਕੀਤੀ ਹੋਵੇ, ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਵੀ ਰਹਿ ਚੁਕਿਆ ਹੋਵੇ, ਜਿਸਨੇ 1984 ਤੋਂ ਬਾਅਦ ਦਾ ਅਤਿਅੰਤ ਹਨੇਰੇ ਵਾਲਾ ਸਮਾਂ ਆਪਣੇ ਉਪਰ ਹੰਡਾਇਆ ਹੋਵੇ, ਜੇਲ ਵਿੱਚ ਰਿਹਾ ਹੋਵੇ, ਕੌਮ ਨੁੰ ਹਰ ਮੁਸ਼ਕਿਲ ਵਿੱਚੋਂ ਦੂਰਅੰਦੇਸ਼ੀ ਨਾਲ ਸੇਧ ਦਿੰਦਾ ਰਿਹਾ ਹੋਵੇ, ਉਸ ਗੁਰਸਿੱਖ ਨੂੰ ਛੇਕਣਾ, ਕਿੱਧਰ ਦੀ ਅਕਲਮੰਦੀ ਹੈ?

ਸਿਰਫ ਚੰਦ ਵਿਕੇ ਹੋਏ ਜਥੇਦਾਰਾਂ ਪਿੱਛੇ ਲੱਗ ਕੇ, ਜਿਨ੍ਹਾਂ ਲੋਕਾਂ ਦਾ ਕੋਈ ਵਜੂਦ ਨਹੀਂ, ਕੋਈ ਔਕਾਤ ਨਹੀਂ, ਕਿਸੇ ਦੇ ਟੁਕੜਿਆਂ ‘ਤੇ ਪੱਲਣ ਵਾਲੇ ਲੋਕਾਂ ਦੇ ਕਹੇ ਇਸ ਕੌਮ ਦੇ ਹੀਰੇ ਨੂੰ ਨਾ ਰੋਲੋ। ਹੀਰੇ ਦੀ ਕਦਰ ਉਹੋ ਹੀ ਕਰ ਸਕਦਾ ਹੈ, ਜਿਸ ਨੂੰ ਹੀਰੇ ਦੀ ਪਛਾਣ ਹੋਵੇ।

ਖ਼ਾਲਸਾ ਜੀ ਜਾਗੋ ਅਤੇ ਸੋਚੋ ਕੀ ਇਹ ਹੈ ਉੱਚ ਪਦਵੀਆਂ ‘ਤੇ ਬੈਠੇ ਧਰਮੀ ਬੰਦਿਆਂ ਦਾ ਆਚਰਣ। ਕੀ ਇਹਨਾਂ ਨਾਲੋਂ ਬਰਾਕ ਓਬਾਮਾ ਚੰਗਾ ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top