Main News Page

ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ ॥ ਜੇ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ॥ (ਸਲੋਕ ਮਹਲਾ 3 , ਅੰਕ 951)

ਲਾਲਾ ਦੌਲਤ ਰਾਏ ਦੀਆਂ ਸਿੱਖ ਧਰਮ ਵਿਰੁਧ ਜ਼ਹਿਰ ਉਗਲਦੀਆਂ ਘੁੰਤ੍ਰਬਾਜ਼ੀਆਂ  ਦੀ ਪੁਸਤਕ
"
ਲਾਲਾ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ"

ਆਓ! ਦੌਲਤ ਰਾਏ ਦੀਆਂ ਨਜ਼ਰਾਂ ਵਿੱਚ, ਨਜ਼ਰਾਂ ਮਿਲਾਕੇ ਪੜ੍ਹੀਏ - ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

ਗੁਰੂ ਨਾਨਕ ਗੁਰਮਤਿ ਵਿਚਾਰਧਾਰਾ ਦਾ ਸਿਖਿਆਰਥੀ ਹੋਣ ਦੇ ਨਾਤੇ, ਜ਼ਿੰਦਗੀ ਦੇ ਇਸ ਮੇਲੇ ਵਿੱਚ ਅਨੇਕ ਸਚਿਆਰ ਜਾਪਦੇ ਸਿੱਖ ਮਿਲਦੇ ਰਹੇ ਅਤੇ ਜ਼ਿਆਦਾਤਰ ਉਨ੍ਹਾਂ ਵਲੋਂ ਲਾਲਾ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ (ਜੀ) ਨਾਮੀ ਪੁਸਤਕ ਨੂੰ ਪੜ੍ਹਨ ਲਈ ਕਾਫ਼ੀ ਉਤਸ਼ਾਹਿਤ ਕੀਤਾ ਜਾਂਦਾ ਰਿਹਾ। ਖੈਰ! ਸਮੇਂ ਦੇ ਭਾਰੂ ਰੁਝੇਵਿਆਂ ਕਾਰਨ ਅਜੇਹਾ ਸਬੱਬ ਬਣ ਹੀ ਨਾ ਸਕਿਆ।

ਜੀਵਨ ਦੇ ਪਿਛਲੇ ਪੜਾਅਚ ਕਨੇਡਾ ਵਿੱਚ ਆਣ ਕੇ ਕੁਝ ਸੁਰਖਰੂ ਜਿਹਾ ਮਹਿਸੂਸ ਕੀਤਾ ਤਾਂ ਪਹਿਲੀ ਵਾਰ ਗੁਰਮਤਿ ਸਾਹਿਤ ਚੈਰੀਟੇਬਲ ਟ੍ਰਸਟ, ਬਜ਼ਾਰ ਮਾਈ ਸੇਵਾਂ, ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ਦੌਲਤ ਰਾਏ ਦੀਆਂ ਨਜ਼ਰਾਂਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਐਡੀਸ਼ਨ 18ਵੀਂ ਵਾਰ ਜਨਵਰੀ-2000) ਪੜ੍ਹਨ ਦਾ ਮੌਕਾ ਮਿਲਿਆ। ਮੌਕਾ ਹੀ ਨਾ ਮਿਲਿਆ ਸਮਝੋ, ਸਗੋਂ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਨਜ਼ਰਾਂ ਮਿਲਾ ਕੇ, ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨੂੰ ਕਲਮ-ਬੰਦ ਕਰਨ ਪਿੱਛੇ ਛੁਪੀਆਂ ਅਤੇ ਕੁਰਬਲ-ਕੁਰਬਲ ਕਰਦੀਆਂ ਅਥਾਹ ਕੂੜ ਭਰੀਆਂ ਆਰੀਆ ਸਮਾਜੀ ਭਾਵਨਾਵਾਂ ਨੂੰ ਬਹੁਤ ਨੇੜਿਉਂ ਹੋ ਕੇ ਤੱਕ ਸਕਣ ਦਾ ਸੁਨਿੱਹਰੀ ਅਵਸਰ ਪ੍ਰਾਪਤ ਹੋ ਗਿਆ।

ਯੱਕਦਮ ਭਾਵੇਂ ਮੇਰੇ ਲਈ ਇਹ ਅਨੁਮਾਨ ਲਾ ਸਕਣਾ ਅਤੀ ਅਸੰਭਵ ਹੈ ਕਿ ਇਸ ਪੁਸਤਕ ਦੇ (ਸਦੀਉਂ ਵੱਧ ਪੁਰਾਣੀ ਫ਼ਾਰਸੀ ਨੁਮਾਂ ਉਰਦੂ ਲਿਖਤ ਤੋਂ) ਸਰਲ ਜਹੀ ਪੰਜਾਬੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕਈ ਖਰੈਤੀ ਸੰਗਠਨਾਂ ਵਲੋਂ ਨਾ-ਮਾਤਰ ਯਾਂ ਮੁਫਤ ਕਿਉਂ ਉਪਲਬਧ ਕਰਵਾਈ ਗਈ ਅਤੇ ਇਸੇ ਸੰਦਰਭ ਵਿੱਚ ਉਕਤ ਗੁਰਮਤਿ ਸਾਹਿਤ ਚੈਰੀਟੈਬਲ ਟ੍ਰਸਟ ਵਲੋਂ ਵੀ ਇਹ ਕਿਤਾਬ ਬਿਨ੍ਹਾਂ ਪੜ੍ਹਿਆਂ-ਵਿਚਾਰਿਆਂ ਕਿਵੇਂ ਧੜਾ-ਧੜ ਵੇਚੀ ਜਾ ਰਹੀ ਹੈ? ਇਸ ਕਿਤਾਬ ਦੇ ਪਾਠਕਾਂ ਅਤੇ ਪ੍ਰਸ਼ੰਸਕਾਂ ਵਿਚੋਂ ਕੋਈ ਜਗਿਆਸੂ ਪਾੜ੍ਹਾ, ਕਿਉਂ ਨਾ ਦੌਲਤ ਰਾਏ ਦੀ ਕੁਟਿੱਲ-ਨੀਤੀ ਦੀਆਂ ਸਮੂੰਦਰੋਂ ਡੂੰਘੀਆਂ ਗਹਿਰਾਈਆਂ ਤੋਂ ਜਾਣੂ ਹੋ ਸਕਿਆ? ਇਹ ਸਾਫ਼ ਅਤੇ ਸਪਸ਼ਟ ਹੈ ਕਿ ਇਹ ਆਰੀਆ ਸਮਾਜੀ ਲੇਖਕ ਤੁਹਾਡੇ (ਸਮੇਤ ਉਪਰੋਤਕ ਟ੍ਰਸਟ ਦੇ) ਜਹੀਆਂ ਸਿੱਖ ਸੰਸਥਾਵਾਂ ਅਤੇ ਸਭਾਵਾਂ ਰਾਹੀਂ, ਆਪਣੇ ਕਪਟ ਹਿਰਦੇ ਵਿੱਚ ਛੁਪੇ ਹਿੰਦੂਤਵ ਏਜੰਡੇ ਨੂੰ, ਸਿੱਖ ਜਗਤ ਵਿੱਚ ਪ੍ਰਸਾਰਨ ਅਤੇ ਪ੍ਰਚਾਰਨਚ ਨਿਰਸੰਦੇਹ, ਹਰ ਪੱਖੋਂ ਸਫ਼ਲ ਰਿਹਾ ਕਿਹਾ ਜਾ ਸਕਦਾ ਹੈ।

ਸੱਚ ਜਾਣਿਉਂ! ਉਪਰੋਤਕ ਕਿਤਾਬ ਨੂੰ ਨਿਚੋੜੀਏ ਤਾਂ ਆਰੀਆ ਸਮਾਜੀ ਪ੍ਰਚਾਰਕ ਲਾਲਾ ਦੌਲਤ ਰਾਏ ਦਾ ਇੱਕੋ-ਇੱਕ ਉਦੇਸ਼ ਪ੍ਰਗਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਅਨੁਆਈ ਸਿੱਖ, ਹਿੰਦੂ ਹੈ। ਇਹਨਾਂ ਸਿੱਖਾਂ ਦੇ ਗੁਰੂ ਹਿੰਦੂ, ਹਿੰਦੂ ਜੰਮੇ ਅਤੇ ਹਿੰਦੂਆਂ ਖਾਤਰ ਮਰੇ। ਬਸ, ਇਸ ਤੋਂ ਵੱਧ ਕੁੱਝ ਵੀ ਨਹੀਂ ਹੈ। ਵਿਚਾਰ ਅਧੀਨ ਦੌਲਤ ਰਾਏ ਦੀ ਸਾਹਿਬੇ ਕਮਾਲ ਕਿਤਾਬ ਵਿੱਚੋਂ ਬੜੇ ਗਹੁ ਨਾਲ ਜੋ ਪੜ੍ਹਿਆ, ਵਾਚਿਆ ਅਤੇ ਸਿੱਖੀ ਦੀ ਕਸਵੱਟੀ ਪਰਖਣ ਉਪਰੰਤ, ਲਾਲਾ ਜੀ ਦੀਆਂ ਸਿੱਖ ਧਰਮ ਵਿਰੁਧ ਜ਼ਹਿਰ ਉਗਲਦੀਆਂ ਪਰ ਸੁਆਦਲੀਆਂ ਘੁੰਤ੍ਰਬਾਜ਼ੀਆਂ ਆਪ ਜੀ ਨਾਲ ਸਾਂਝਾ ਕਰਨ ਦਾ ਇਕ ਨਿਮਾਣਾ ਜਿਹਾ ਉਪਰਾਲਾ ਕਰਨਾ ਯੋਗ ਸਮਝਦਾ ਹਾਂ।

ਪ੍ਰਥਮ ਬੇਨਤੀ ਕਿ ਆਪ ਪਾਠਕ ਹੋ ਜਾਂ ਪ੍ਰਕਾਸ਼ਿਕ, ਅਗਰ ਇਹ ਨਿਮਤਲਿਖਤ ਪੜ੍ਹਦਿਆਂ, ਕਿਸੇ ਦੀਆਂ ਬਲਹੀਨ ਭਾਵਨਾਵਾਂ ਨੂੰ ਕੋਈ ਠੇਸ ਪੁੱਜੇ ਤਾਂ ਨਜ਼ਰ-ਅੰਦਾਜ਼ ਕਰਨ ਦੀ ਖੇਚਲ ਨੂੰ ਅਮਲਚ ਲਿਆਉਣ ਦੀ ਪ੍ਰਕਿਰਿਆ ਨੂੰ ਅੱਛਾ ਕਿਹਾ ਜਾਣਾ ਬਿਲਕੁਲ ਜਾਇਜ਼ ਹੀ ਹੋਵੇਗਾ। ਦੂਸਰਾ, ਇਹ ਵੀ ਮਨ ਕੇ ਚਲਣਾ ਹੋਏਗਾ ਕਿ ਕਿਸੇ ਵੀ ਲੇਖਕ ਦੇ, ਜੋ ਦਿਲੋ-ਦਿਮਾਗ ਵਿੱਚ ਹੁੰਦਾ ਹੈ, ਯਕੀਨਨ ਓਹੋ ਕੁੱਝ ਹੀ ਉਸ ਦੀ ਕਲਮ ਦੀ ਨੋਕ ਤੇ। ਹੁਣ ਵਿਚਾਰ ਉਕਤ ਕਿਤਾਬ ਦੇ ਮੁੱਖਬੰਦ ਤੋਂ ਸ਼ੁਰੂ ਕਰਦੇ ਹਾਂ:-

ੳ) ਸਿਰਲੇਖ - ਹਿੰਦੂਆਂ ਦੀ ਉਸ ਹਾਲਤ ਦਾ ਵਰਨਣ, ਜਿਸ ਨੇ ਗੁਰੂ ਗੋਬਿੰਦ ਸਿੰਘ ਨੂੰ ਜਨਮ ਦਿੱਤਾ।

ਇਥੇ ਮੁੱਢ ਵਿੱਚ ਹੀ ਵਿਚਾਰ ਗੋਚਰਾ ਇਕ ਅਹਿਮ ਸੁਆਲ ਪੈਦਾ ਹੁੰਦਾ ਹੈ ਕਿ ਕੀ ਜੇ ਹਾਲਾਤ ਠੀਕ-ਠਾਕ ਹੁੰਦੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੀ ਨਾ ਹੁੰਦੇ? ਯਾਂ ਕੀ ਗੁਰੂ ਨਾਨਕ ਦੇਵ ਜੀ ਦੀ ਗੱਦੀ -8ਵੇ ਜਾਂ 9ਵੇਂ ਗੁਰੂ ਸਾਹਿਬਾਨ ਤੇ ਖ਼ਤਮ ਹੋ ਜਾਂਦੀ? ਯਾਂ ਕੀ ਸਰਬੋਤਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ - ਗੋਬਿੰਦ ਰੂਪ ਇਸ ਸੰਸਾਰ ਵਿੱਚ ਆਉਂਦੇ ਹੀ ਨਾ? ਯਾਂ ਕੀ ਯੱਕ-ਮੁਕਤ ਕਿਹਾ ਜਾ ਸਕਦਾ ਹੈ ਕਿ ਕੇਵਲ ਹਿੰਦੂਆਂ ਦੀ ਦਸ਼ਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਾ ਕੇਵਲ ਕਾਰਨ ਸੀ? ਯਾਂ ਕੀ ਗੁਰੂ ਗੋਬਿੰਦ ਸਿੰਘ ਸਿਰਫ਼ ਹਿੰਦੂਆਂ ਲਈ ਹੀ ਪੈਦਾ ਹੋਏ? ਕੀ ਗੁਰੂ ਜੀ ਇਸਲਾਮ, ਜੈਨ, ਬੁੱਧ ਧਰਮ ਵਿਰੋਧੀ ਸਨ? ਕਿੱਥੇ ਗਿਆ ਪਵਿੱਤਰ ਗੁਰਮਤਿ ਸਿਧਾਂਤ ਕਿ:-

ਸਭੈ ਸਾਂਝੀਵਾਲ ਸਦਾਇਣ ਤੂ ਕਿਸੇ ਨ ਦਿਸਹਿ ਬਾਹਰਾ ਜੀਓ॥ ਤਥਾ
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਤਥਾ
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ ਤਥਾ
ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ

ਕੀ ਇਹ ਸੱਚ ਨਹੀਂ ਕਿ ਹਿੰਦੂ ਢਾਂਚੇ ਵਿੱਚ ਆਪਣਿਆਂ ਹੱਥੋਂ ਹੀ ਦੱਬਿਆ, ਕੁਚਲਿਆ ਅਤੇ ਸਤਾਇਆ ਹੋਇਆ ਇੱਕ ਪ੍ਰਭਾਵਸ਼ਾਲੀ ਹਿੰਦੂ ਵਰਗ, ਮੂਲ ਨਾਲੋਂ ਟੁੱਟ ਕੇ ਦੂਸਰੇ ਪਾਸੇ ਚਲਾ ਜਾ ਰਿਹਾ ਸੀ?

ਇਥੇ ਹੀ ਪੰਨਾ-24 ਉੱਤੇ ਲਾਲਾ ਦੌਲਤ ਰਾਏ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਵਿੱਚ ਸੁਧਾਰ ਹੀ ਕੀਤਾ ਤੇ ਹਿੰਦੂ ਦੀ ਹਾਲਤ ਨੂੰ ਪਲਟਾ ਦਿੱਤਾ। ਨਾ ਹੀ ਕੋਈ ਨਵਾਂ ਧਰਮ ਚਲਾਇਆ ਤੇ ਨਾ ਹੀ ਕਿਸੇ ਨਵੇਂ ਫਿਰਕੇ ਦੀ ਨੀਂਹ ਰੱਖੀ। ਜਦੋਂ ਕਿ ਗੁਰਮਤਿ ਸਾਹਿਤ ਚੈਰੀਟੇਬਲ ਟ੍ਰਸਟ ਵਲੋਂ ਇਸ ਕਿਤਾਬ ਦੇ ਤਤਕਰੇ ਤੋਂ ਪਹਿਲੇ ਪੰਨੇ ਉਤੇ ਹੀ ਦਰਜ ਹੈ ਕਿ:

ਯਹੀ ਕਾਜ ਧਰਾ ਹਮ ਜਨਮੰ ॥ ਸਮਝ ਲੇਹੋ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨੰ॥

ਮੁਖਬੰਦ ਦੇ ਪੰਨਾ-25 ਦੇ ਅੰਤ ਚ ਤਾਰਾ ਚਿੰਨ੍ਹ ਲਗਾ ਕੇ ਇਹ ਅੰਕਿਤ ਕਰ ਦੇਣਾ ਕਿ ਇਹ ਲੇਖਕ ਦੇ ਨਿੱਜੀ ਵਿਚਾਰ ਹਨ, ਸ਼ਾਖਸ਼ਾਤ ਗਵਾਹੀ ਭਰਦਾ ਹੈ ਕਿ ਤੁਸੀਂ ਵੀ ਬਸ......? ਦਾਲ ਕਿੰਨੀ ਵੀ ਮਿਹਨਤ ਨਾਲ ਮਸਾਲੇਦਾਰ ਤੇ ਸੁਆਦੀ ਬਣਾਈ ਹੋਵੇ, ਇਕ ਕੋੜਕੂ ਜੇ ਪਹਿਲੀ ਬੁਰਕੀ ਵਿੱਚ ਹੀ ਆ ਜਾਵੇ ਤਾਂ ਖਾਣ ਵਾਲੇ ਦਾ ਸਾਰਾ ਮਜ਼ਾ ਕਿਰਕਿਰਾ ਕਰ ਦੇਂਦਾ ਹੈ। ਇੰਝ ਸਮੁੱਚੇ ਪੱਕਵਾਨ ਦਾ ਅਨੁਮਾਨ ਲਾ ਸਕਣਾ ਕੋਈ ਅਸੰਭਵ ਗੱਲ ਨਹੀਂ ਰਹਿੰਦੀ। ਇਸ ਦੇ ਨਾਲ ਹੀ ਪੰਨਾ 10 ਤੋਂ (ਦੂਸਰਾ ਪੈਰਾ) ਉਰਦੂ ਤੋਂ ਕੋਰੀ ਨਵੀਂ ਸਿੱਖ ਪਨੀਰੀ ਦੇ ਲਾਭ ਹਿਤ, ਲਾਲਾ ਦੌਲਤ ਰਾਏ ਦੀ ਪੁਸਤਕ ਨੂੰ ਕੁਝ ਗੈਰ-ਜਰੂਰੀ ਹਿੱਸੇ ਕੱਢ ਕੇ ਪੰਜਾਬੀ ਰੂਪ ਦਿੱਤਾ ਜਾ ਰਿਹਾ ਹੈ?

ਇਸ ਸੰਦਰਭਚ ਪੁੱਛਿਆ ਜਾ ਸਕਦੈ, ਕਿ ਉਹ ਗੈਰ-ਜਰੂਰੀ ਹਿੱਸੇ ਕਿਹੜੇ ਹਨ ਜੋ ਕੱਢ ਦਿੱਤੇ ਗਏ? ਕੀ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਲਈ ਉਹ ਲਾਲਾ ਜੀ ਦੇ ਨਿਸ਼ਿੱਧ ਖ਼ਿਆਲਾਂ ਦੀ ਵਧੇਰੇ ਤਰਜ਼ਮਾਨੀ ਕਰਦੇ ਤਾਂ ਨਹੀਂ ਸਨ ਜਾਂ ਕਹੀਏ ਕਿ ਉਸ ਤੋਂ ਵੀ ਘਟੀਆ ਸੋਚ ਦੇ-ਜੋ ਮਨਫ਼ੀ ਕਰ ਦਿੱਤੇ ਗਏ। ਜਾਪਦਾ ਹੈ ਕਿ ਸਿੱਖ ਜਗਤ ਤੋਂ ਕੁੱਝ ਨਹੀਂ, ਸਗੋਂ ਬਹੁਤ ਕੁਝ ਛੁਪਾਇਆ ਜਾ ਰਿਹੈ। ਆਖਿਰ ਕਿਸ ਮਨਸ਼ਾ ਨਾਲ? ਇਸ ਲਈ ਤਾਂ ਨਹੀਂ ਕਿ ਲੇਖਕ ਇੱਕ ਸ਼ਰਧਾਵਾਨ ਹਿੰਦੂ, ਕੱਟੜ ਆਰੀਆ ਸਮਾਜੀ ਹਨ। ਜੇ ਇਤਨਾਂ ਵੀ ਹੇਜ ਜਾਗਿਆ ਹੋਵੇ ਤਾਂ ਜਿਥੇ ਕੁਝ ਗੈਰ-ਜ਼ਰੂਰੀ ਹਿੱਸੇ ਛੁਪਾਏ ਗਏ, ਉਥੇ ਉਕਤ ਪੰਨਾ# 25 ਤੇ ਉਲੇਖ ਕੀਤੀਆਂ ਹੋਈਆਂ ਬਿਪਰਵਾਦੀ ਭਾਵਨਾਵਾਂ ਵੀ ਲਕੋਈਆਂ ਜਾ ਸਕਦੀਆ ਸਨ।

ਇਸ ਸਮੁੱਚੇ ਮੁੱਖਬੰਦ ਵਿੱਚ ਦਰਜ ਵਰਨਣ ਸਿਧ-ਸਾਧਿਕ ਹੈ ਕਿ ਉਨ੍ਹਾਂ ਸਮਿਆਂ ਵਿੱਚ ਜ਼ੁਲਮ ਕੇਵਲ ਹਿੰਦੂਆਂ ਤੇ ਹੀ ਹੋਏ ਜੋ ਕਿ ਮੂਲੋਂ ਹੀ ਇਕ ਗਲਤ ਬਿਆਨੀ ਹੈ। ਉਸ ਦੌਰਚ ਜੁਲਮ, ਜਬਰ ਅਤੇ ਤਸ਼ਦੱਦ ਹਰ ਵਰਗ, ਹਰ ਫਿਰਕੇ ਅਤੇ ਹਰ ਧਰਮ ਦੇ ਅਨੁਆਈਆਂ ਉਤੇ ਹੋਇਆ-ਇਹ ਇਕ ਵੱਖਰੀ ਗੱਲ ਹੈ ਕਿ ਕਿਸੇ ਉਤੇ ਬਹੁਤਾ ਅਤੇ ਕਿਤੇ ਥੋੜਾ। ਟੂਕ ਮਾਤਰ ਕਿ ਇਸਲਾਮ ਧਰਮ ਦੇ ਉਚ-ਕੋਟੀ ਦੇ ਪੀਰ ਸਰਮਦ ਦਾ ਕਤਲ ਵੀ ਉਨਾਂ ਸਮਿਆਂਚ ਹੀ ਹੋਇਆ। ਖੈਰ! ਲਿਖਦਾ ਜਾਵਾਂ ਤਾਂ ਵਡ-ਆਕਾਰੀ ਕਿਤਾਬ ਬਣ ਸਕਦੀ ਹੈ ਕਿ ਸਾਹਿਬੇ-ਕਮਾਲ ਪੁਸਤਕ ਨੂੰ ਲਿਖਣ ਦੇ ਕੀ ਭੇਦ ਸਨ? ਲਾਲਾ ਭਾਈ ਦਾ ਅਸਲ ਉਦੇਸ਼ ਕੀ ਸੀ ? ਉਂਝ ਡਾ: ਸੁਖਪ੍ਰੀਤ ਸਿੰਘ ਉਦੋਕੇ ਆਪਣੀ ਕਿਤਾਬ ਤਬੈ ਰੋਸ ਜਾਗਿਉ ਵਿੱਚ ਬਹੁਤ ਕੁਝ ਦਸ ਵੀ ਗਏ ਹਨ। ਫਿਰ ਵੀ ਬਾਕੀ ਹੋਣੀ ਦਾ ਅਨੁਮਾਨ ਸਾਨੁੰ ਬੁੱਧ ਧਰਮ ਅਤੇ ਜੈਨ ਧਰਮ ਨਾਲ ਹੋਈ-ਬੀਤੀ ਤੋਂ ਲਾ ਲੈਣਚ ਕੋਈ ਔਖ ਨਹੀਂ ਮਹਿਸੂਸ ਕਰਨੀ ਚਾਹੀਦੀ।

ਆਰੀਆ ਸਮਾਜੀ ਲਾਲਾ ਜੀ ਨੇ ਆਪਣੀ ਇਸ ਕਿਤਾਬ ਵਿੱਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਅਤੇ ਖਾਲਸੇ ਨੂੰ ਹਿੰਦੂਆਂ ਲਈ ਤੇ ਹਿੰਦੂਤਵ ਦੇ ਰੱਖਿਅਕ ਵਜੋਂ ਪੇਸ਼ ਕੀਤਾ ਹੈ। ਬੜੇ ਗੌਹ ਨਾਲ ਪੜ੍ਹੀਏ ਤਾਂ ਸਾਫ਼ ਦਿਸ ਪੈਂਦਾ ਹੈ ਕਿ ਇਸ ਕਿਤਾਬ ਵਿੱਚ ਸਿੱਖ ਯਾਂ ਖਾਲਸਾ ਵਰਗੇ ਸ਼ਬਦ ਦਾ ਇਸਤੇਮਾਲ ਕੇਵਲ ਅਨਸਰਦੇ ਨੂੰ ਜਾਂ ਸਿਰਫ਼ ਉਲਾਂਭਾ ਲਾਹੁਣ ਹਿਤ ਜਾਂ ਕਹੋ ਕਿ ਸਿੱਖ ਜਗਤ ਨੂੰ ਭਰਮਾਉਣ ਲਈ ਹੀ ਕੀਤਾ ਗਿਆ ਜਾਪਦਾ ਹੈ ਤਾਂ ਜੁ ਆਪਣੇ ਕੂੜ-ਭਰੇ ਉਦੇਸ਼ ਦੀ ਪੂਰਤੀ ਲਈ ਲਾਲਾ ਜੀ ਇਹੋ ਜਹੀਆਂ ਸਿੱਖ ਸਭਾਵਾਂ ਨੂੰ ਬਿਪਰਵਾਦੀ ਨੀਤੀਆਂ ਦੇ ਪ੍ਰਚਾਰਨ ਅਤੇ ਪ੍ਰਸਾਰਨ ਲਈ ਅਸਾਨੀ ਨਾਲ ਵਰਤ ਸਕਣ। ਲਾਲਾ ਜੀ ਦੀ ਸਮੁੱਚੀ ਲਿਖਤ ਉਤੇ ਸਰਸਰੀ ਨਜ਼ਰ ਵੀ ਮਾਰੀਏ ਤਾਂ ਸਿੱਖ ਧਰਮ ਲਈ ਬਹੁ-ਚਿੰਤੁਤ ਹੇਠ ਦਿਤੇ ਪ੍ਰਮੁੱਖ ਪ੍ਰਸ਼ਨ ਉੱਭਰ ਕੇ ਸਾਹਮਣੇ ਡੱਟ ਖਲੋਂਦੇ ਹਨ:-

  • 1. ਪੰਨਾ#87 ਸਭ ਤੋਂ ਪਹਿਲਾਂ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਨੇ ਹਿੰਦੂਆਂ ਦੇ ਧਾਰਮਿਕ ਸੁਧਾਰ ਵੱਲ ਧਿਆਨ ਦਿੱਤਾ।

ਖਾਲਸੇ ਲਈ ਪ੍ਰਸ਼ਨ ਹੈ - ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿਰਫ਼ ਹਿੰਦੂ ਧਰਮ ਸੁਧਾਰਕ ਹੀ ਹੋਏ?

  • 2. ਪੰਨਾ#108-ਗੁਰੂ ਗੋਬਿੰਦ ਸਿੰਘ ਜੀ ਨੇ ਨੇਕੀ ਤੇ ਪਵਿੱਤ੍ਰਤਾ ਦਾ ਸਬਕ ਸਾਰੇ ਸੰਸਾਰ ਨੂੰ ਆਮ ਕਰਕੇ ਅਤੇ ਹਿੰਦੂਆਂ ਨੂੰ ਵਿਸ਼ੇਸ਼ ਕਰਕੇ ਸਿਖਾਇਆ।
  • 3.1 ਪੰਨਾ# 110- ਜਿਥੇ ਉਨ੍ਹਾਂ (ਗੁਰੂ ਗੋਬਿੰਦ ਸਿੰਘ ਜੀ) ਨੇ ਹਿੰਦੂਆਂ ਦੀ ਇਸ ਮਰਜ਼ ਦੀ ਤਸ਼ਖ਼ੀਸ਼ (ਪਛਾਣ) ਕੀਤੀ ,ਉਥੇ ਉਸ ਦਾ ਕਾਫੀ ਹਦ ਤਕ ਇਲਾਜ਼ ਕਰਕੇ ਅਰੋਗ ਕਰ ਵਿਖਾਇਆ।
  • 3.2 ਗੁਰੂ ਗੋਬਿੰਦ ਸਿੰਘ ਜੀ ਐਸੇ ਵੈਦ ਨਹੀਂ ਸਨ ਕਿ ਉਹ ਹਿੰਦੂਆਂ ਦੇ ਰੋਗ ਦੀਆਂ ਸਲਾਮਤਾਂ ਨਾ ਪਛਾਣ ਸਕਦੇ?

ਖਾਲਸਾ ਜੀ! ਕੀ ਲਾਲਾ ਜੀ ਦੀ ਲਿਖਤ ਦਾ ਕੇਂਦਰ-ਬਿੰਦੂ ਕੇਵਲ ਹਿੰਦੂ ਹੀ ਨਹੀਂ ਜ਼ਾਹਿਰ ਹੁੰਦਾ?

  • 4.1 ਪੰਨਾ#122 ......ਤੇ ਈਸ਼ਵਰ ਵਲੋਂ ਹੀ ਗੁਰੂ ਗੋਬਿੰਦ ਸਿੰਘ ਜੀ ਹਿੰਦੂਆਂ ਵਰਗੀ ਅਜਾਜ਼, ਨਿਰਬਲ, ਬਿੱਖਰੀ ਹੋਈ ਤੇ . ਡਿਗੀ ਹੋਈ ਕੌਮ ਲਈ, ਉਹਨਾਂ ਵਿੱਚ ਕੌਮੀ ਸਾਹਸ, ਬਲ, ਦੇਸ਼-ਪਿਆਰ ਦਾ ਸੰਦੇਸ਼ ਲੈ ਕੇ ਆਏ।
  • 4.2 ਪੰਨਾ # 132 ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਜਾਤੀ ਵਿੱਚ ਅਜੇਹੀ ਭਾਵਨਾ ਜਗਾਈ ਤੇ ਰੂਹ ਫੂਕ ਦਿੱਤੀ..।
  • 4.3 ਪੰਨਾ#138 ਜਦ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੀਆਂ ਹੀ ਅੱਖਾਂ ਸਾਹਮਣੇ ਹਿੰਦੂ ਜ਼ਲੀਲ ਤੇ ਬਰਬਾਦ ਹੁੰਦੇ ਤਾਂ ਉਹ ਚੁੱਪ ਕਿਵੇਂ ਰਹਿ ਸਕਦੇ ਸਨ। ਉਹ ਲਤਾੜੀ ਜਾ ਰਹੀ ਹਿੰਦੂ ਜਾਤੀ ਦਾ ਅਪਮਾਨ ਸਹਾਰ ਨਾ ਸਕਿਆ ਇਸ ਤੋਂ ਅਗੇ ਪੰਨਾ#144 ਉਤੇ ਲਿਖਿਆ ਹੈ ਕਿ ਉਨ੍ਹਾਂ ਸੋਚ-ਵਿਚਾਰ ਕੇ ਫੈਸਲਾ ਲਿਆ ਕਿ ਇੱਕ ਅਜੇਹੀ ਜਮਾਤ ਪੈਦਾ ਕੀਤੀ ਜਾਵੇ, ਜਿਸ ਦਾ ਕਰਤੱਵ ਭਾਰਤ ਵਰਸ਼ ਦੀ ਰੱਖਿਆ ਤੇ ਮਜ਼ਲੂਮ ਹਿੰਦੂ ਧਰਮ ਦੀ ਰੱਖਿਆ ਹੋਵੇ।

ਦੌਲਤ ਰਾਏ ਦੀ ਇਸ ਪੁਸਤਕ ਦੀਆਂ ਸਭ ਆਸ਼ਕ ਸਿੱਖ ਸੰਸਥਾਵਾਂ ਨੂੰ ਨਿਮਰ ਪੁੱਛਿਆ ਜਾਏ ਕਿ ਕੀ ਵਿਲੱਖਣ ਸਿੱਖ ਧਰਮ ਦਾ ਇਹੋ ਹੀ ਆਦਿ ਤੇ ਅੰਤ ਹੈ?

ੲ) ਸਿਰਲੇਖ - ਖਾਲਸਾ ਧਰਮ ਦੇ ਬੁਨਿਆਦੀ ਅਸੂਲ ਅਧੀਨ ਪੰਨਾ # 147 ਉਤੇ ਲਿਖਿਆ ਹੈ ਕਿ (ਖਾਲਸਾ) ਇੱਕ ਪ੍ਰਕਾਰ ਦਾ ਲੋਹੇ ਦਾ ਹਥਿਆਰ - ਕਿਰਪਾਨ ਆਪਣੇ ਪਾਸ ਜਰੂਰ ਰੱਖੇਗਾ ?

ਲਾਲਾ ਜੀ ਤੋਂ ਪੁੱਛੀਏ ਕਿ ਕ੍ਰਿਪਾਨ-ਕਿਰਪਾ ਨਿਧਾਨ, ਸਿੱਖ ਦਾ ਧਾਰਮਿਕ ਚਿੰਨ੍ਹ ਹੈ। ਸਿੱਖ, ਇਸ ਗੁਰੁ-ਬਖ਼ਸ਼ਿਸ਼ ਨੂੰ ਸਤਿਕਾਰ ਵਜੋਂ ਸ੍ਰੀ ਸਾਹਿਬ ਸੰਬੋਧਨ ਕਰਦਾ ਅਤੇ ਬੜੀ ਭਾਵ-ਪੂਰਵਕ ਸ਼ਰਧਾ ਨਾਲ ਵੇਖਦਾ ਹੋਇਆ ਸਦਾ ਅੰਗੀਕਾਰ ਕਰਕੇ ਰੱਖਦਾ ਹੈ। ਇਹ ਲੋਹੇ ਦਾ ਹਥਿਆਰ ਕਦਾਚਿਤ ਨਹੀਂ ਹੈ। ਬਾਬੂ ਭਈਏ ਦੀ ਇਹ ਘਟੀਆ ਸੋਚ ਕਾਰਨ, ਸਿੱਖ ਦੇ ਕਕਾਰ ਦੀ ਬੇਇਜ਼ਤੀ ਹੋਈ / ਕੀਤੀ ਗਈ ਪ੍ਰਤੱਖ ਜਾਪਦੀ ਹੈ।

ਅਗੇ ਵੇਖੋ! ਕੀ ਲਿਖਦੇ ਹਨ ਕਿ ਸਿੱਖ, ਆਪਣੀ ਭਾਵਨਾ ਲੋਹੇ ਨਾਲ ਜੋੜਨਗੇ ਤੇ ਉਸ ਨੂੰ ਹੀ ਸਾਰੀਆਂ ਰਿਧੀਆਂ-ਸਿਧੀਆਂ ਦਾ ਦਾਤਾ ਸਵੀਕਾਰ ਕਰਨਗੇ? ਸ਼ਸ਼ਤਰ ਧਾਰਨ ਕਰਨਾ, ਸ਼ਸ਼ਤਰ ਚਲਾਣਾ ਤੇ ਯੁੱਧ ਕਰਨਾ, ਸਿੰਘਾਂ ਦਾ ਪਰਮ-ਧਰਮ ਹੋਏਗਾ। ਵਾਹ ਦੌਲਤ ਰਾਏ ਜੀ! ਕੀ ਸਿੱਖ ਆਪਣੀਆਂ ਭਾਵਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀਂ ਜੋੜਨਗੇ ਅਤੇ ਇੱਕ ਅਕਾਲ ਪੁਰਖ ਦੀ ਅਰਾਧਨਾ ਨਹੀਂ ਕਰਨਗੇ? ਅੰਧ-ਵਿਸ਼ਵਾਸ਼ੀ ਹਿੰਦੂਆਂ ਵਾਗੂੰ, ਗੁਰਮਤਿ ਤਾਂ ਰਿਧੀ-ਸਿਧੀ ਵਿੱਚ ਯਕੀਨ ਹੀ ਨਹੀਂ ਰੱਖਦੀ। ਬਾਕੀ ਕੀ ਸਿੰਘਾਂ ਦਾ ਪਰਮ-ਧਰਮ ਕੇਵਲ ਲੜਨਾ-ਭਿੜਨਾ ਯਾਨੀਂ ਯੁੱਧ ਕਰਨਾ ਹੀ ਬਚਿਆ ਹੈ। ਇਹ ਪੜ੍ਹਾਈ, ਲਿਖਾਈ, ਨਿਸ਼ਕਾਮ ਸੇਵਾ ਜਾਂ ਹੋਰ ਧਾਰਮਿਕ ਕਰਮ ਨਹੀਂ ਕਰ ਸਕਣਗੇ? ਸ਼ਾਬਾਸ਼ ਬਾਮਣੋ!

ਪੰਨਾ #148 ਉਤੇ ਲਿਖਿਆ ਹੋਇਆ ਪੜ੍ਹੋਗੇ ਕਿ ਸਿੱਖ, ਹਿੰਦੂ ਜਾਤੀ....ਉਨ੍ਹਾਂ ਦੇ ਤੀਰਥਾਂ ਤੇ ਪਵਿੱਤਰ ਭਾਵਨਾਂ ਤੇ ਵਿਚਾਰਧਾਰਾ ਦੇ ਸਤਿਕਾਰ ਦਾ ਖਿਆਲ ਰੱਖਣਗੇ। ਉਨ੍ਹਾਂ ਦੇ ਲਿਤਾੜੇ ਜਾ ਰਹੇ ਧਰਮ ਤੇ ਦੇਸ਼ ਦੀ ਰੱਖਿਆ ਸਿੰਘਾਂ ਦਾ ਫ਼ਰਜ਼ ਹੋਵੇਗਾ...ਤੁਰਕਾਂ (ਦੁਸ਼ਟਾਂ) ਦਾ ਨਾਸ਼ ਕਰਨਾ ਸਿੰਘਾਂ ਦਾ ਕਰਤੱਵ ਹੋਵੇਗਾ। ਲਾਲਾ ਦੌਲਤ ਰਾਏ ਨੂੰ ਕੌਣ ਸਮਝਾਏ ਕਿ ਸਿੱਖ ਜਬਰ ਅਤੇ ਜ਼ੁਲਮ ਦਾ ਵਿਰੋਧੀ ਹੈ ਤੁਰਕਾਂ ਦਾ ਨਹੀਂ। ਇਹ ਕਿਸੇ ਵਿਸ਼ੇਸ਼ ਧਰਮ ਯਾਂ ਜਾਤੀ ਦੀ ਮੁਖਾਲਫ਼ਤ ਨਹੀਂ ਕਰਦਾ। ਇਸੇ ਪੰਨੇ ਤੇ ਹੀ ਖਾਲਸਾ ਧਰਮ ਵਿੱਚ ਸ਼ਾਮਲ ਹੋਣ ਤੋਂ ਕਿਹਨਾਂ ਨੂੰ ਵਰਜਿਆ? ਬਾਰੇ ਲਾਲਾ ਜੀ ਦੇ ਬਦੂ-ਵਿਚਾਰਾਂ ਨੂੰ ਸਿੱਖ ਰਹਿਤ ਮਰਯਾਦਾ ਨਾਲ ਤੋਲਿਆ ਜਾਏ ਤਾਂ ਗੁਰੂ-ਆਸ਼ੇ ਤਹਿਤ ਇਨ੍ਹਾਂ ਨਾਲ ਸਿੱਖ ਲਈ ਪੱਕਾ ਵਰਤਾਰਾ ਬੰਦ ਰੱਖਣ ਦਾ ਹੁਕਮ ਹੈ।

ਉਕਤ ਕਿਤਾਬ ਦੇ ਪੰਨਾ-170 ਉਤੇ ਲਾਲਾ ਜੀ ਲਿਖਦੇ ਹਨ ਕਿ ਜੋ ਫਖ਼ਰ ਹਿੰਦੂ ਜਾਤੀ ਨੂੰ ਗੁਰੂ ਹੋਬਿੰਦ ਸਿੰਘ ਜੀ ਦਾ ਹੈ, ਉਸ ਦਾ ਮੁਕਾਬਲਾ ਸਾਰੇ ਸੰਸਾਰ ਵਿੱਚ ਤੇ ਵਿਸ਼ਾਲ ਜਹਾਨ ਵਿੱਚ ਕੋਈ ਕੌਮ ਨਹੀਂ ਕਰ ਸਕਦੀ। ਇਹ ਅੰਦਰਾਜ਼ ਕਰਦੇ ਸਮੇਂ ਕੀ ਲਾਲ ਜੀ ਨੂੰ ਸਿੱਖ ਜਗਤ, ਸਿੱਖ ਕੌਮ ਦੇ ਮਰਜੀਵੜੇ ਅਤੇ ਹੋਰ ਬ੍ਰਾਹਮਣਵਾਦੀ ਮਾਰੂ-ਨੀਤੀ ਦੇ ਭਾਰ ਹੇਠ ਦੱਬੀ-ਕੁਚਲੀ, ਨਿਮਾਣੀ ਅਤੇ ਨਿਤਾਣੀ ਖਲਕਤ ਯਾਦ ਹੀ ਨਹੀਂ ਰਹੀ ਯਾਂ ਇਸ ਕਿਤਾਬ ਰਾਹੀਂ ਸਿੱਖ ਨੂੰ ਹਿੰਦੂਤਵ ਦੇ ਪ੍ਰਚਾਰ ਲਈ ਮੁੰਦਿਆ ਗਿਆ ਹੈ।

ਬੰਦੇ (ਬੰਦਾ ਬਹਾਦਰ) ਨੂੰ ਬਦਲੇ ਲਈ ਤਿਆਰ ਕਰਨਾ ਸਿਰਲੇਖ ਬਾਰੇ ਇਤਨਾ ਹੀ ਕਾਫੀ ਹੈ ਕਿ ਸਿੱਖ ਬਦਲਾ-ਨੀਤੀ ਦਾ ਧਰਨੀ ਨਹੀਂ ਹੈ। ਫਿਰ ਅੱਗੇ ਪੰਨਾ-194 ਉੱਪਰਲੇ ਵਿਚਾਰ ਕਿ ...ਅਬਚਲ ਨਗਰ ਇਸ ਦਾ ਨਾਂ ਰੱਖਿਆ, ਜਿਥੇ ਅੱਜ ਕੱਲ ਇਸੇ ਨਾਂ ਦਾ ਇਕ ਮੰਦਰ ਮੌਜੂਦ ਅਤੇ ਪ੍ਰਸਿੱਧ ਹੈ। ਵੇਖੋ ਲਾਲ ਜੀ ਇਥੇ ਇਸ਼ਾਰਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੱਲ ਕਰਦੇ ਹਨ। ਸੋ ਅਬਚਲ ਨਗਰ ਗੋਬਿੰਦ ਗੁਰੂ ਕਾ ਬਾਰੇ ਇਹ ਦਸਣਾ ਬਣਦਾ ਹੈ ਕਿ ਗੁਰੂ-ਛੋਹ ਪ੍ਰਾਪਤ ਅਸਥਾਨ ਸਿੱਖਾਂ ਦੇ ਤਖਤ ਸਾਹਿਬਾਨ ਤੇ ਗੁਰਦੁਆਰੇ ਜਦੋਂ ਕਿ ਹਿੰਦੂਆਂ ਦੇ ਤੀਰਥ ਸਥਾਨਾਂ ਨੂੰ ਮੰਦਰ ਦੀ ਸੰਗਿਆ ਦਿਤੀ ਜਾਂਦੀ ਹੈ। ਇਸ ਦਰਬਾਰ ਵਿੱਚ ਤਾਂ ਇੱਕ ਅਕਾਲ ਪੁਰਖ ਪਾਸੋਂ ਸਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ ਹੀ ਮੰਗਿਆ ਜਾਂਦਾ ਹੈ ਜਦੋਂ ਕਿ ਲਾਲਾ ਜੀ ਇਸ ਨੂੰ ਮੰਦਰ ਦਸਦੇ ਹਨ।

ਇੰਝ ਹੀ ਪੰਨਾ # 199 ਉਤੇ ਗੁਰੂ ਜੀ ਦਾ ਆਖਰੀ ਸਮਾਂ ਦੇ ਸਿਰਲੇਖ ਹੇਠ ਲਾਲਾ ਜੀ ਲਿਖਦੇ ਹਨ ਕਿ ਮੁਸੀਬਤ ਵਿੱਚ ਫਸੀ ਹਿੰਦੂ ਜਾਤੀ ਲਈ ਸਾਜਿਆ ਤੇ ਭੇਜਿਆ ਹੋਇਆ ਵਿਅਕਤੀ..... ਬੁੱਝੋ ਭਲਾ ਕੌਣ? ਲਾਲਾ ਜੀ ਦੀਆਂ ਨਜ਼ਰਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ-ਕੀ ਸਿੱਖ ਵਰਗ ਇਸ ਨੂੰ ਪ੍ਰਵਾਨ ਕਰਦਾ ਹੈ? ਖਾਲਸਾ ਪੰਥ ਨੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਰਮ-ਪੁਰਖ ਸਿਰਲੇਖ ਹੇਠ ਲਿਖੇ ਕਿਤਾਬਚੇ ਕਾਰਨ ਸ੍ਰ: ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਦੋਸ਼ੀ ਗਰਦਾਨ ਸੁੱਟਿਆ ਸੀ ।
ਲਾਲਾ ਜੀ ਸਫਾ-204 ਉਪਰ ਲਿਖਦੇ ਹਨ ਕਿ (ਗੁਰੂ ਗੋਬਿੰਦ ਸਿੰਘ ਜੀ ਦੀਆਂ) ਸਾਰੀਆਂ ਕੁਰਬਾਨੀਆਂ ਕੇਵਲ ਲਿਤਾੜੀ ਤੇ ਕੁਚਲੀ ਜਾ ਰਹੀ ਹਿੰਦੂ ਜਾਤੀ ਦੇ ਉਧਾਰ ਤੇ ਸੁਧਾਰ ਅਤੇ ਪ੍ਰਫੁੱਲਤਾ ਲਈ ਹੀ ਹਨ

ਸਿੱਖਾ! ਕੀ ਲਾਲਾ ਜੀ ਇਹ ਠੀਕ ਫੁਰਮਾਉਂਦੇ ਹਨ?

ਵੇਖੋ! ਪੰਨਾ # 207 ਉਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਿਬਜਾਂਦਿਆਂ ਦੀ ਲਾਸਾਨੀ ਸ਼ਹਾਦਤ ਦਾ ਮੁਲ-ਅੰਕਣ ਕਰਦੇ ਹੋਏ ਲਾਲਾ ਜੀ ਲਿਖਦੇ ਹਨ ਕਿ ਆਪਣੀਆਂ ਅੱਖਾਂ ਸਾਹਮਣੇ (ਗੁਰੂ ਜੀ ਨੇ) ਚਾਰੇ ਪੁੱਤਰਾਂ ਦੀ ਭਾਰਤ-ਮਾਤਾ ਲਈ ਕੁਰਬਾਨੀ ਦੇ ਅਗਨ ਕੁੰਡਚ ਆਹੂਤੀ ਦਿਤੀ।

ਤੀਰਥ ਅਸਥਾਨ ਦਾ ਵਰਨਣ ਕਰਦੇ ਹੋਏ ਪੰਨਾਂ# 224 ਉਤੇ ਲਾਲਾ ਜੀ ਦਸਦੇ ਹਨ ਕਿ ਗੁਰੂ ਜੀ ਅੰਮ੍ਰਿਤਸਰ ਨੂੰ ਤੀਰਥ ਕਾਇਮ ਕਰਨ ਵਿੱਚ ਖਾਲਸੇ ਦਾ ਉਹ ਕੇਂਦਰ ਮੁਕੱਰਰ ਕਰਨਾ ...ਲੋੜਦੇ ਸੀ, ਜੇ ਹਿੰਦੂ ਜਾਤੀ ਵੀ ਆਪਣੇ ਤੀਰਥਾਂ ਨੂੰ ਉਸ ਪ੍ਰਕਾਰ ਦਾ ਕੇਂਦਰ ਬਨਾਉਣ ਤਾਂ ਉਨ੍ਹਾਂ ਨੂੰ ਵੀ ਕਾਫੀ ਲਾਭ ਪ੍ਰਾਪਤ ਹੋ ਸਕਦਾ ਹੈ। ਕੀ ਇਹ ਦੌਲਤ ਰਾਏ ਦੀ ਕਲਮ ਤੋਂ ਹਰਿਮੰਦਰ ਸਾਹਿਬ ਲਈ ਪ੍ਰਤੱਖ ਝੱਲਕਦੀ ਈਰਖਾ ਨਹੀਂ ਅਤੇ ਹਰਿਮੰਦਰ ਸਾਹਿਬ ਦੀ ਤਰਜ਼ ਤੇ ਦੁਰਗਿਆਨਾ ਮੰਦਰ ਦੀ ਉਸਾਰੀ ਇਸੇ ਦੀ ਉਪਜ ਨਹੀਂ ਤਾਂ ਹੋਰ ਕੀ ਹੈ?

ਹੈਰਾਨ ਹੋ ਜਾਂਦੇ ਹਾਂ ਜਦੋਂ ਲਾਲੇ ਦੇ ਪੰਨਾ # 225 ਉਤੇ ਲਿਖੇ ਇਹ ਅਸ਼ੁਭ ਵਿਚਾਰ ਪੜ੍ਹਦੇ ਹਾਂ ਕਿ ਗੁਰੂ ਜੀ ਉਸੇ ਈਸ਼ਵਰ ਨੂੰ ਮੰਨਦੇ ਸਨ, ਜਿਸ ਦਾ ਵਰਨਣ ਵੇਦਾਂ ਵਿੱਚ ਹੈ। ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਾ ਰਾਗ ਅੰਕ-397 ਅੰਦਰ ਪੰਚਮ ਪਿਤਾ ਜੀ ਦਾ ਤਾਂ ਇਲਾਹੀ ਫ਼ੁਰਮਾਨ ਹੈ:

ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥

ਜੋ ਸਿੱਖ ਲੋਹਾ ਪਾਸ ਨਹੀਂ ਰੱਖਦਾ ਤੇ ਤੁਰਕ ਨੂੰ ਪ੍ਰਣਾਮ ਕਰਦਾ ਹੈ, ਉਹ ਨਿੰਦਣਯੋਗ ਹੈ ਤੇ ਸਜ਼ਾ ਦਾ ਭਾਗੀ ਹੈ। ਉਪਰੋਤਕ ਕਿਤਾਬ ਦੇ ਪੰਨਾ # 228 ਉਤੇ ਇਹ ਫੈਸਲਾ ਲਾਲਾ ਜੀ ਸੁਣਾਉਂਦੇ ਹਨ। ਹੇ ਲਾਲਾ ਜੀਓ! ਸਿੱਖ, ਧਾਰਮਿਕ ਚਿੰਨ੍ਹ ਵਜੋਂ ਹਮੇਸ਼ਾਂ ਕ੍ਰਿਪਾ-ਨਿਧਾਨ (ਕਿਰਪਾਨ) ਸਦਾ ਆਪਣੇ ਪਾਸ ਰੱਖਦੇ ਹਨ ਅਤੇ ਸਭ ਲੋਕਾਈ ਨੂੰ ਬਰਾਬਰ ਸਮਝਦੇ ਹੋਏ ਇੱਕ ਅਕਾਲ ਪੁਰਖ ਤੋਂ ਸਰਬੱਤ ਦਾ ਭਲਾ ਮੰਗਦੇ ਹਨ।ਤੁਰਕ ਤੋਂ ਤੁਹਾਡਾ ਕੀ ਭਾਵ ਹੈ? ਸੁਣੋ! ਕੀ ਗਨੀ ਖਾਂ, ਨਬੀ ਖਾਂ ਅਤੇ ਕੀ ਰਾਏ ਕੱਲਾ - ਖਾਲਸਾ ਪੰਥ ਇਨ੍ਹਾਂ ਦਾ ਕਰਜ ਨਹੀਂ ਉਤਾਰ ਸਕਦਾ। ਸਿੱਖ ਜਗਤ ਲਈ ਇਹ ਅਤੀ ਸਨਮਾਨਯੋਗ ਹਸਤੀਆਂ ਹਨ। ਮਾਨੋ! ਸਿੱਖਾਂ ਲਈ ਇਹ ਪਾਵਨ ਰੂਹਾਂ, ਜੋ ਕਰ ਗਈਆਂ, ਸੋ ਕਰ ਗਈਆਂ ।

ਇਥਾਈਂ ਪੰਨਾ #232 ਨੂੰ ਪੜ੍ਹੀਏ, ਕਿ ...ਕ੍ਰਿਸ਼ਨ ਜੀ ਨੇ ਜੋ ਉਪਦੇਸ਼ ਅਰਜਨ ਨੂੰ ਮਹਾਂ-ਭਾਰਤ ਦੀ ਰਣ ਭੂਮੀ ਚ ਦਿਤਾ, ਭੀਸ਼ਮ ਨੇ ਜੋ ਉਪਦੇਸ਼ ਯੁਧਿਸ਼ਟਰ ਨੂੰ ਜਿੱਤ ਪਿੱਛੋਂ ਗੱਦੀ ਦੇ ਤਿਆਗ ਸਮੇਂ ਦਿਤਾ-ਗੁਰੂ ਗੋਬਿੰਦ ਸਿੰਘ ਜੀ ਨੇ ਉਹ ਅੱਖਰ-ਅੱਖਰ ਆਪਣੇ ਸਾਹਮਣੇ ਪੂਰਾ ਕੀਤਾ। ਜਾਪਦਾ ਹੈ ਕਿ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਤਾਂ ਗੁਰੂ ਗੋੰਿਬੰਦ ਸਿੰਘ ਜੀ ਕ੍ਰਿਸ਼ਨ ਅਤੇ ਭੀਸ਼ਮ ਦੇ ਉਪਦੇਸ਼ ਪੂਰੇ ਕਰਨ ਹਿਤ ਹੀ ਆਏ। ਵਾਹ ਲਾਲਾ ਜੀ ਵਾਹ।

ਸਿੱਖੋ ! ਜ਼ਰਾ ਧਿਆਨ ਨਾਲ ਵਿਚਾਰਿਉ ਲਾਲਾ ਦੌਲਤ ਰਾਏ ਦੀ ਕਿਤਾਬ ਦੇ ਪੰਨਾ #234 ਉਪਰ ਇਹ ਸ਼ਬਦ ਕਿ ...ਤਾਂ ਅਸੀਂ ਨਿਡਰ ਹੋ ਕੇ ਆਖ ਸਕਦੇ ਹਾਂ ਕਿ ਉਸ ਸਮੇਂ ਕੋਈ ਅਣਖ ਤੇ ਗੈਰਤ ਵਾਲਾ ਹਿੰਦੂ, ਪੈਦਾ ਹੋਇਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਸਨ

ਇਹ ਅਤ-ਕਥਨੀ ਨਹੀਂ ਕਿ ਜਦੋਂ ਦੀਆਂ ਲਾਲਾ ਦੌਲਤ ਰਾਏ ਦੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨਾਮੀ ਪੁਸਤਕ ਨੂੰ ਪੜ੍ਹਿਆ ਹੈ, ਜੀ ਕਰਦੈ ਕਿ ਸੰਤ-ਸਿਪਾਹੀ ਦੇ ਵਿਲੱਖਣ ਸੰਕਲਪ ਦੇ ਮੁੱਦਈ ਗੁਰੂ ਜੀ ਦੇ ਖਾਲਸਾ ਪੰਥ ਨੂੰ, ਬਿਪਰਵਾਦੀ ਹਿੰਦੂਤਵ ਦੇ ਡੂੰਘੇ ਸਮੁੰਦਰ ਵਿੱਚ ਜਜ਼ਬ ਕਰਨ ਦੇ ਇਕ ਸੋਚੇ-ਸਮਝੇ ਉਪਰਾਲੇ ਵਜੋਂ ਲਾਲਾ ਜੀ ਦੀਆਂ ਕੋਝੀਆਂ ਚਾਲਾਂ ਤੋਂ ਸਮੁੱਚੀ ਸਿੱਖ ਕੌੰਮ ਨੂੰ ਜਾਗ੍ਰਿਤ ਤੇ ਸੁਚੇਤ ਕਰਨ ਹਿੱਤ, ਪਰਤ-ਦਰ-ਪਰਤ ਬਖੀਏ ਉਧੇੜਦਾ ਜਾਵਾਂ ਪਰ ਲੇਖ ਦੇ ਲੰਮੇਰਾਪਨ ਦੇ ਡਰੋਂ, ਆਪਣੇ ਵਿਚਾਰਾਂ ਦੀ ਲੜੀ ਨੂੰ ਸੰਕੋਚਦਿਆਂ ਹੋਇਆਂ ਇਤਨਾਂ ਹੀ ਕਹਿਣਾ ਚਾਹਾਂਗਾ ਕਿ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ ਨੂੰ ਜ਼ਿਹਨ ਵਿੱਚ ਕਾਇਮ-ਦਾਇਮ ਰੱਖਣ ਉਪਰੰਤ, ਉਕਤ ਕਿਤਾਬ ਨੂੰ ਪੜ੍ਹੋ ਤਾਂ ਪਾਵੋਗੇ ਕਿ ਗੁਪਤ ਤੌਰ ਤੇ ਸਿੱਖ ਭਾਈਚਾਰੇ ਵਿੱਚ, ਇਹ ਹਿੰਦੂਤਵ ਦੇ ਮਹਿਜ਼ ਪ੍ਰਚਾਰ ਸਾਧਨ ਤੋਂ ਵੱਧ ਕੁਝ ਵੀ ਨਹੀਂ ਹੈ। ਸਮਝ ਨਹੀਂ ਪੈ ਰਹੀ ਕਿ ਸਿੱਖ ਬੁੱਧੀਜੀਵੀ ਤੇ ਵਿਦਵਾਨ ਲੋਕ ਲਾਲੇ ਦੀ ਕ੍ਰਿਸ਼ਮਈ ਅੱਖਰਾਂ ਦੀ ਘਾੜਤ ਉਤੇ ਇਤਨੇ ਮੋਹਿਤ ਕਿਉਂ ਹੋਏ ਹੋਏ ਹਨ?

ਇਹ ਪੁਸਤਕ ਗੁਰਮਤਿ ਵਿਚਾਰਧਾਰਾ ਦੇ ਪ੍ਰਤੀਕੂਲ, ਹਿੰਦੂਤਵ ਦਾ ਪ੍ਰਚਾਰ ਕਰਦੀ ਅਤੇ ਖਾਲਸੇ ਨੂੰ ਕੇਵਲ ਹਿੰਦੂ ਲਈ ਸਾਬਤ ਕਰਦੀ ਹੈ। ਇਹ ਸਿੱਖ ਧਰਮ ਉਤੇ ਇਕ ਸੋਚਿਆ ਸਮਝਿਆ ਬੋਧਿਕ ਹਮਲਾ ਹੈ। ਸੰਖੇਪ ਵਿੱਚ ਲਈਏ ਤਾਂ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਿੰਦੂਸਨ? ਕੀ ਉਨ੍ਹਾਂ ਦਾ ਪੈਰੋਕਾਰ ਖਾਲਸਾ ਪੰਥ ਹਿੰਦੂ ਹੈ? ਕੀ ਸਿੰਘਾਂ ਦਾ ਪਰਮ-ਧਰਮ ਯੁੱਧ ਕਰਨਾ ਹੀ ਹੈ? ਕੀ ਸਿੱਖ, ਉਨ੍ਹਾਂ (ਹਿੰਦੂਆਂ) ਦੇ ਲਿਤਾੜੇ ਜਾ ਰਹੇ ਹਿੰਦੂ ਧਰਮ ਤੇ ਦੇਸ਼ ਦੀ ਰੱਖਿਆ ਲਈ ਹਨ ਅਤੇ ਇਨ੍ਹਾਂ ਨੂੰ ਬਚਾਈ ਰੱਖਣਾ ਸਿੱੰਘਾਂ ਦਾ ਮੁੱਢਲਾ ਫ਼ਰਜ਼ ਹੈ? ਮੁੱਕਦੀ ਗੱਲ ਕਿ ਦੌਲਤ ਰਾਏ ਦਾ ਹੈਰਾਨੀਜਨਕ ਦੋ-ਟੁੱਕ ਫੈਸਲਾ ਹੈ ਕਿ ਸਿੱਖ ਕੇਵਲ ਤੇ ਕੇਵਲ ਹਿੰਦੂ ਲਈ ਹੈ ਅਤੇ ਹੋਰ ਕੁਝ ਵੀ ਨਹੀਂ।

ਅੰਤ ਵਿੱਚ ਇਸ ਪੁਸਤਕ ਵਿੱਚ ਲੇਖ ਮੁੱਢਲੇ ਸ਼ਬਦ ਅਧੀਨ ਕੋਈ ਦਾਸਰਾ ਬਾਉਰਾ ਜੀ ਪੰਨਾ 10 ਤੇ ਲਿਖਦੇ ਹਨ ਕਿ ਲਾਲਾ ਦੌਲਤ ਰਾਏ ਜੀ (ਇਸ ਪੁਸਤਕ ਵਿੱਚ) ਰੋਣਾ ਇਸ ਗੱਲ ਦਾ ਰੋਂਦੇ ਹਨ ਕਿ ਸਿੱਖ ਕੌਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਛਾਣਿਆ ਨਹੀਂ । ਅਫਸੋਸ! ਅਤੀ ਅਫਸੋਸ ਕਿ ਤੁਹਾਡੀਆਂ ਨਜ਼ਰਾਂ ਵਿੱਚ ਕੇਵਲ ਤੇ ਕੇਵਲ ਲਾਲਾ ਦੌਲਤ ਰਾਏ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਛਾਣ ਸਕੇ ਹਨ ਜਿਨ੍ਹਾਂ ਨੇ ਚਰਚਾ-ਅਧੀਨ ਕਿਤਾਬ ਦੇ ਸਫਾਂ-238 ਉਪਰ ਸਿੱਖ ਸੰਸਾਰ ਨੂੰ ਆਪਣਾ ਏਜੰਡਾ ਦਸਿਆ ਹੈ ਕਿ ਅਸੀਂ ਨਿਡਰ ਹੋ ਕੇ ਆਖ ਸਕਦੇ ਹਾਂ ਕਿ ਉਸ ਸਮੇਂ ਜੇ ਕੋਈ ਅਣਖ ਅਤੇ ਗੈਰਤ ਵਾਲਾ ਹਿੰਦੂ ਪੈਦਾ ਹੋਇਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਸਨ

ਤੁਸੀਂ ਤਾਂ ਸੁਵਾਮੀ ਦਯਾਨੰਦ ਸਰਸਵਤੀ ਦੀ ਪੋਥੀ ਸਤਿਆਰਥ ਪ੍ਰਕਾਸ਼ ਵਿੱਚ ਸਿੱਖ ਗੁਰੂ ਸਾਹਿਬਾਨ ਪ੍ਰਤੀ ਲਿਖੇ ਈਰਖਾਲੂ, ਬੇਹੂਦਾ ਤੇ ਅਤੀ-ਅਪਮਾਨਜਨਕ ਸ਼ਬਦਾਂ ਨੂੰ ਵੀ ਭੁਲੇਖੇ ਨਾਲ ਲਿਖੇ ਜਾਣ ਦੀ ਸੁਰਖਿਅਤ ਪੌੜੀ ਚਾੜ੍ਹ ਛੱਡਿਐ। ਇਥੇ ਇਹ ਦਸਣਾ ਕੁਥਾਵੇਂ ਨਹੀਂ ਹੋਵੇਗਾ ਕਿ ਹਿੰਦੂ ਧਰਮ ਦੇ ਮਹਾਨ ਵਿਦਵਾਨ ਸੁਵਾਮੀ ਰਾਮ ਤੀਰਥ ਜੀ ਨੇ ਸਿੱਖ ਗੁਰੂ ਸਾਹਿਬਾਨ ਬਾਰੇ ਸੱਚੇ ਤੇ ਸ਼ੁੱਧ ਵਿਚਾਰ ਆਪਣੇ ਸਰਵੋਤਮ ਧਰਮ-ਪੰਨਾ 84 ਉਤੇ ਇੰਝ ਪ੍ਰਗਟ ਕੀਤੇ ਹਨ ਕਿ ਜੇਕਰ ਹਿੰਦੂ ਹੋਏ ਭੀ ਅਸਲੀ ਧਰਮ ਦੀ ਰੱਖਿਆ ਹੋ ਸਕਦੀ ਤਾਂ ਗੁਰੂ ਜੀ (ਗੁਰੂ ਨਾਨਕ-ਗੋਬਿੰਦ ਰੂਪ) ਹਿੰਦੂ ਤੇ ਮੁਸਲਮਾਨ ਤੋਂ ਵੱਖਰੇ ਤੀਸਰੇ ਸਿੱਖ ਪੰਥ ਦਾ ਨਿਰਮਾਣ ਨਾ ਕਰਦੇ। ਇਸ ਲਈ ਹਿੰਦੂ ਧਰਮ ਤੋਂ ਵੱਖਰੇ ਧਰਮ ਵਾਲੇ ਸਿੱਖਾਂ ਨੂੰ ਹਿੰਦੂ ਮੰਨਣਾ ਮਹਾਂ ਮੂਰਖਤਾ ਹੈ

ਸੋ, ਗੁਰਮਤਿ ਫਿਲਾਸਫੇ ਤੋਂ ਕੋਰੇ ਲਾਲਾ ਦੌਲਤ ਰਾਏ ਸਭ ਮਹਿ ਜੋਤਿ ਜੋਤਿ ਹੈ ਸੋਇ ਦੇ ਧਾਰਨੀ ਖਾਲਸਾ ਪੰਥ-ਇੱਕ ਵੱਖਰੀ ਕੌਮ ਦੇ ਸੰਕਲਪ ਅਤੇ ਇਸ ਦੇ ਬੁਨਿਆਦੀ ਸਿਧਾਂਤਾਂ ਨੂੰ ਘੱਟੇ ਵਿੱਚ ਰੋਲਣ ਦੇ ਯਤਨਾਂਚ ਪੂਰਨ ਕਾਮਯਾਬ ਹੋਇਆ, ਕਿਹਾ ਜਾ ਸਕਦਾ ਹੈ। ਇਸ (ਕੂੜ) ਕਾਰਜ-ਵਿੱਧੀ ਨੂੰ ਚਾਰ ਚੰਨ ਲਾਉਣ ਵਿੱਚ ਤੁਹਾਡੇ ਟ੍ਰਸਟ ਅਤੇ ਬਾਉਰੇ ਵਰਗੇ ਦਾਸਰਿਆਂ ਤੋਂ ਮਿਲੇ ਅਥਾਹ ਸਹਿਯੋਗ ਨੂੰ ਅਕਿਰਤਘਣ ਦੇ ਦ੍ਰਿਸ਼ਟੀਕੋਨ ਤੋਂ ਵੇਖਣਾ ਸਹੀ ਅਥਵਾ ਦਰੁਸਤ ਰਹੇਗਾ ਜਿਸ ਦੀ ਵਿਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰ 35 ਦੀ ਪੌੜੀ 8 ਵਿੱਚ ਇੰਝ ਕਰਦੇ ਹਨ:-

ਨਾ ਤਿਸੁ ਭਾਰੇ ਪਰਬਤਾਂ, ਅਸਮਾਨ ਖਹੰਦੇ। ਨਾ ਤਿਸੁ ਭਾਰੇ ਕੋਟ ਗੜ੍ਹ, ਘਰ ਬਾਰ ਦਿਸੰਦੇ।
ਨਾ ਤਿਸੁ ਭਾਰੇ ਸਾਇਰਾ, ਨਦ ਵਾਹ ਵਹੁੰਦੇ। ਨਾ ਤਿਸੁ ਭਾਰੇ ਤਰੁਵਰਾ, ਫਲ ਸੁਫਲ ਫਲੰਦੇ।
ਨਾ ਤਿਸੁ ਭਾਰੇ ਜੀਅ ਜੰਤ, ਅਣਗਣਤ ਫਿਰੰਦੇ। ਭਾਰੇ ਭੁਈਂ ਅਕਿਰਤਘਣ ਮੰਦੀ ਹੂੰ ਮੰਦੇ।8।

ਤਰਲੋਕ ਸਿੰਘ ਹੁੰਦਲ
ਟੋਰਾਂਟੋ - ਕੈਨੇਡਾ
ਫੁਨ: (905) 794 - 2887


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top