Main News Page

‘ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ’ ਦਾ ਗੁਰਮਤਿ ਦ੍ਰਿਸ਼ਟੀਕੋਣ

‘ਗੁਰਸਿੱਖੀ‘ ਅਨ-ਮੱਤਾਂ ਦੀ ਤਰ੍ਹਾਂ ਕੋਈ ਕਰਮਕਾਂਡੀ ਤੇ ਸੰਪਰਦਾਇਕ ਕਟੜਤਾ ਭਰਪੂਰ ਮਜ਼੍ਹਬ ਨਹੀਂ ਹੈ । ਇਹ ਤਾਂ ਰੱਬੀ-ਰਜ਼ਾ ਵਿੱਚ ਰਾਜ਼ੀ ਰਹਿੰਦਿਆਂ ਸੱਚੇ-ਸੁੱਚੇ ਅਚਾਰ ਵਾਲਾ ਮਨੁੱਖ ਬਣਨ ਦੀ ਇੱਕ ਬਹੁਤ ਸਰਲ, ਸੁਚੱਜੀ ਤੇ ਸਹਜਮਈ ਜੀਵਨ-ਜੁਗਤਿ ਹੈ । ਇਹੀ ਕਾਰਨ ਹੈ ਕਿ ਗੁਰਸਿੱਖੀ ਦੇ ਅਧਾਰ ਅਤੇ ਰੌਸ਼ਨ-ਮੁਨਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਮਨੁਖ ਦੇ ਸਨਮੁਖ ਸਭ ਤੋਂ ਪਹਿਲਾਂ ਇਹੀ ਸੁਆਲ ਖੜ੍ਹਾ ਕੀਤਾ ਗਿਆ ਹੈ ਕਿ ‘ਸਚਿਆਰ‘ ਕਿਵੇਂ ਹੋਇਆ ਜਾਵੇ ? ਸੰਖੇਪ ਉੱਤਰ ਹੈ- ਰਜ਼ਾ ਦੇ ਮਾਲਕ ਦੀ ਰਜ਼ਾ ਵਿੱਚ ਤੁਰਿਆਂ । ਗੁਰੂ-ਨਾਨਕ ਵਾਕ ਹਨ:

ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ।। ਹੁਕਮਿ ਰਜਾਈ ਚਲਣਾ, ਨਾਨਕ, ਲਿਖਿਆ ਨਾਲਿ ।।

ਰੱਬੀ-ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ ਮਨੁੱਖ ਸੁਭਾਵਿਕ ਹੀ ਸਾਬਤ-ਸੂਰਤਿ ਰਹੇਗਾ । ਕਿਉਂਕਿ, ਉਹ ਸਿਰਜਨਹਾਰ ਦੀ ਸਿਰਜੀ ਸੂਰਤਿ ਨੂੰ ਰੱਬੀ ਅਮਾਨਤ (ਘੋਦ’ਸ ਦੲਪੋਸਟ) ਜਾਣਦਾ ਹੈ । ਇਸ ਲਈ ਉਹ ਕਿਸੇ ਤਰ੍ਹਾਂ ਦੀ ਛੇੜ-ਛਾੜ ਦੁਆਰਾ ਸਰੀਰਕ ਸੂਰਤਿ ਨੂੰ ਵਿਗਾੜਕੇ ਅਮਾਨਤ ਵਿਚ ਖ਼ਿਆਨਤ (Destroy) ਕਰਨ ਵਾਲਾ ਕੋਈ ਖੋਟਾ ਜਤਨ ਨਹੀ ਕਰਦਾ । ਉਸ ਦਾ ਨਿਸਚਾ ਹੈ ਕਿ ਮਾਲਕ-ਪ੍ਰਭੂ ਦੇ ਦਰ ਪ੍ਰਵਾਨ ਚੜ੍ਹਣ ਲਈ ਉਸ ਦੇ ਹੁਕਮ ਵਿੱਚ ਚਲਣਾ ਜ਼ਰੂਰੀ ਹੈ । ਰੱਬੀ ਹੁਕਮ ਦੀ ਉਲੰਘਣਾ ਕਰਨੀ ਖੋਟੇ ਹੋਣਾ ਹੈ ਅਤੇ ਅਜਿਹੇ ਖੋਟੇ ਮਨੁੱਖ ਰੱਬੀ ਖਜ਼ਾਨੇ ਵਿਚ ਨਹੀ ਪੈਂਦੇ :

ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ।। ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ।। ਪੰ.421

ਕੇਸਾਂ ਸਮੇਤ ਸਾਬਤ ਸੂਰਤਿ ਰਹਿਣਾ ‘ਹੁਕਮਿ ਰਜਾਈ‘ ਚਲਣਾ ਹੈ । ਇਹ ਕੋਈ ਮਜ਼ਹਬੀ ਭੇਖ ਨਹੀ, ਸਗੋਂ ਰੱਬੀ-ਹੁਕਮ ਵਿੱਚ ਕਾਇਮ ਹੋਏ ਕੁਦਰਤੀ ਸਰੂਪ ਨੂੰ ਪ੍ਰਵਾਨ ਕਰਕੇ ਜਿਊਣਾ ਹੈ । ਭੇਖ ਉਹ ਹੁੰਦਾ ਹੈ, ਜਿਹੜਾ ਵਿਸ਼ੇਸ਼ ਤੌਰ ’ਤੇ ਧਾਰਨ ਕੀਤਾ ਜਾਵੇ ਜਾਂ ਜੋ ਸਰੀਰ ਦੇ ਕੁਦਰਤੀ ਸਰੂਪ ਨੂੰ ਭੰਗ ਕਰਕੇ ਬਣਾਇਆ ਜਾਵੇ । ਜਿਵੇਂ, ਹਿੰਦੂਆਂ ਵਿੱਚ ਲੜਕਿਆਂ ਦਾ ਮੁੰਡਨ ਸੰਸਕਾਰ ਕਰਨਾ ਅਤੇ ਸੰਨਿਆਸੀਆਂ ਵਲੋਂ ਦਾੜੀ ਕੇਸ ਕਟਵਾ ਕੇ ਰੁੰਡ-ਮੁੰਡ ਹੋ ਜਾਣਾ । ਜੈਨੀਆਂ ਵਲੋਂ ਸਿਰ ਦੇ ਵਾਲ ਪਟਵਾਉਣੇ ਅਤੇ ਜੋਗੀਆਂ ਵਲੋਂ ਕੰਨ ਪੜਵਾ ਕੇ ਮੁੰਦਰਾਂ ਪਾਉਣਾ । ਮੁਸਲਮਾਨਾਂ ਵਲੋਂ ਸੁੰਨਤ ਕਰਵਾਉਣੀ ਅਤੇ ਲਬਾਂ ਆਦਿਕ ਦਾ ਕਟਵਾਉਣਾ । ਇਹੀ ਕਾਰਨ ਹੈ ਕਿ ਗੁਰੂ ਸਹਿਬਾਨ ਅਤੇ ਭਗਤ-ਜਨਾਂ ਵਲੋਂ ਉਪਰੋਕਤ ਕਿਸਮ ਦੇ ਰੱਬੀ-ਰਜ਼ਾ ਦੇ ਉੱਲਟ ਮਜ਼ਹਬੀ ਵਿਖਾਵੇ ਵਾਲੇ ਭੇਖਾਂ ਤੋਂ ਰੋਕਣ ਅਤੇ ਇਨ੍ਹਾਂ ਦਾ ਪਾਜ ਉਘੇੜਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਹੁਤ ਤਰਕਮਈ ਤੇ ਵਿਅੰਗਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਕਿੳਕਿ, ਇਸ ਪ੍ਰਕਾਰ ਦੀਆਂ ਅੰਗ ਛੇਦਕ ਕ੍ਰਿਆਵਾਂ ਤੇ ਮਜ਼ਹਬੀ ਭੇਖ, ਜਿਥੇ ਮਨੁੱਖ ਦੇ ਕੁਦਰਤੀ ਸਰੂਪ ਨੂੰ ਵਿਗਾੜਦੇ ਹਨ । ਉਥੇ, ਮਨੁਖੀ ਭਾਈਚਾਰੇ ਵਿੱਚ ਵਖਰੇਵੇਂ ਹੀ ਵਧਾਉਂਦੇ ਹਨ, ਜਿਨ੍ਹਾਂ ਕਰਕੇ ਮਜ਼ਹਬੀ ਝਗੜੇ ਖੜੇ ਹੁੰਦੇ ਹਨ । ਇਨ੍ਹਾਂ ਦੇ ਆਸਰੇ ਮਨੁਖਾ ਜਿੰਦਗੀ ਦੇ ਮਨੋਰਥ ਨੂੰ ਹਾਸਲ ਨਹੀ ਕੀਤਾ ਜਾ ਸਕਦਾ । ਇਸੇ ਲਈ ਸਤਿਗੁਰੂ ਜੀ ਕੂਕ ਕੂਕ ਹੋਕਾ ਦਿੰਦੇ ਰਹੇ :

ਛੋਡਹੁ ਵੇਸੁ ਭੇਖ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀ ਜੀਉ ॥ - (ਪੰਨਾ: 598)

ਜੈਨੀ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿੱਚ ਸਿਰ ਦੇ ਵਾਲ ਪੁਟਾ ਲੈਂਦੇ ਹਨ ਕਿ ਕਿਤੇ ਜੂੰਆਂ ਨਾ ਪੈ ਜਾਣ । ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ । ਆਪਣੇ ਪਖ਼ਾਨੇ ਨੂੰ ਫੋਲ ਕੇ ਗੰਦੀ ਹਵਾੜ ਲੈਂਦੇ ਹਨ । ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਾਣੀ ਵਿੱਚ ਇਨ੍ਹਾਂ ਦੀ ਜੀਵਨ ਸ਼ੈਲੀ ਤੇ ਸਿਰ ਦੇ ਵਾਲ ਪੁਟਾਵਣ ਦੀ ਕਿਰਿਆ ਨੂੰ ਧਿਆਨ ਵਿੱਚ ਰੱਖ ਕੇ ਭੇਡਾਂ ਨਾਲ ਤਸ਼ਬੀਹ ਦਿੰਦਿਆਂ, ਜਿਥੇ,‘ਭੇਡਾ ਵਾਗੀ ਸਿਰੁ ਖੋਹਾਇਨਿ‘ ਆਦਿਕ ਤਰਕਮਈ ਸ਼ਬਦਾਵਲੀ ਵਰਤੀ ਹੈ । ਉਥੇ, “ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ।। ਪੰ.149Ò” ਗੁਰਵਾਕ ਦੁਆਰਾ ‘ਸਿਰਖੁਥੇ‘ ਤੇ ‘ਸ਼ੈਤਾਨ‘ ਵੀ ਕਹਿ ਦਿੱਤਾ ਹੈ।

ਸਪਸ਼ਟ ਹੈ ਕਿ ਗੁਰਦੇਵ ਜੀ ਨੂੰ ਭਾਵੇਂ ਜੈਨੀਆਂ ਦੀ ਸਾਰੀ ਹੀ ਜੀਵਨ ਸ਼ੈਲੀ ਪ੍ਰਵਾਨ ਨਹੀ, ਪਰ ਸਿਰ ਦੇ ਵਾਲ ਪੁਟਾਵਣ ਵਾਲੀ ਕਿਰਿਆ ਉਨ੍ਹਾਂ ਨੂੰ ਵਧੇਰੇ ਚੁਭ ਰਹੀ ਹੈ । ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਕਹਿੰਦੇ ਹਨ ਕਿ ਜਿਹੜਾ ਮਨੁਖ ਸਿਰ ਮੁਨਾ ਕੇ ਆਪਣੇ ਆਪ ਨੂੰ ‘ਸਾਧ‘ ਸਮਝੀ ਫਿਰਦਾ ਹੈ, ਜੇ ਕਰ ਉਸ ਨੇ ਆਪਣਾ ਮਨ ਨਹੀਂ ਮੁੰਨਿਆ, ਭਾਵ, ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ ਤਾਂ ਕੇਵਲ ਸਿਰ ਦੇ ਕੇਸ ਮੁਨਾਇਆਂ ਉਹ ‘ਸਾਧੂ‘ ਨਹੀਂ ਬਣ ਸਕਦਾ । ਕਿਉਂਕਿ, ਜਿਸ ਵੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ :

ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ ।। ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ ।। ਪੰਨਾ 1369

ਇਸ ਲਈ ਜੇ ‘ਸਾਧੂ‘ ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ ਫਿਰ ਸਿਰ ਮੁਨਾਉਣਾ ਵਿਅਰਥ ਹੈ । ਸਿਰ ਮੰਨਾਉਣ ਨਾਲ ਕੋਈ ਵਿਕਾਰਾਂ ਤੋਂ ਮੁਕਤ ਨਹੀ ਹੋ ਸਕਦਾ । ਭਗਤ ਜੀ ਨੇ ਅਜਿਹੇ ਭੇਖੀਆਂ ਪ੍ਰਤੀ ਵਿਅੰਗ ਕਸਦਿਆਂ ਆਖਿਆ ਕਿ ਭੇਡਾਂ ਵੀ ਤਾਂ ਉੱਨ ਦੀ ਪ੍ਰਾਪਤੀ ਲਈ ਸਮੇਂ ਸਮੇਂ ਸਿਰ ਮੁੰਨੀਆਂ ਜਾਂਦੀਆਂ ਹਨ । ਪਰ, ਇਸ ਤਰੀਕੇ ਕੋਈ ਭੇਡ ਮੁਕਤ ਨਹੀ ਹੋ ਸਕੀ :

ਮੂਡ ਮੁੰਡਾਏ ਜੌ ਸਿਧਿ ਪਾਈ ।। ਮੁਕਤੀ ਭੇਡ ਨ ਗਈਆ ਕਾਈ ।। ਪੰ.324

ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਗਤ ਕਬੀਰ ਜੀ ਨੂੰ ਜਿਵੇਂ ਰੱਬੀ-ਰਜ਼ਾ ਦੇ ਵਿਪਰੀਤ ਵਾਲ ਮੁੰਨਣੇ ਤੇ ਵਾਲ ਪੁੱਟਣੇ ਪ੍ਰਵਾਨ ਨਹੀ ਹਨ । ਤਿਵੇਂ ਹੀ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਭਰਮ ਭੇਖ, ਵਿਖਾਵੇ ਤੇ ਪੂਜਾ ਦੀ ਲਾਲਸਾ ਅਧੀਨ ਸਿਰ ਦੇ ਵਾਲਾਂ ਨੂੰ ਉਲਝਾਅ ਕੇ ਰੱਸੀ ਦੀ ਸ਼ਕਲ ਵਿੱਚ ਜਟਾਂ ਬਣਾ ਕੇ ਵਿਸ਼ੇਸ਼ ਤੌਰ ਤੇ ਵਧੌਣਾ ਵੀ ਨਹੀ ਭਾਉਂਦਾ । ਗੁਰੂ ਸਾਹਿਬਾਨ ਤੇ ਭਗਤ-ਜਨਾਂ ਨੇ ਦੇਖਿਆ ਕਿ ਸਧਾਰਨ ਗ੍ਰਿਹਸਤੀ ਲੋਕ ਲੰਮੀਆਂ ਜਟਾਂ ਵਾਲੇ ਨਾਂਗੇ ਉਦਾਸੀਆਂ ਅਤੇ ਰੋਡ-ਮੋਡ ਸੰਨਿਆਸੀਆਂ ਦੇ ਭੇਖ ਤੋਂ ਗੁੰਮਰਾਹ ਹੋਏ ਉਨ੍ਹਾਂ ਨੂੰ ਪੂਜ ਰਹੇ ਹਨ । ਉਹ ਸਮਝ ਰਹੇ ਹਨ ਕਿ ਇਹ ਲੋਕ ਸਾਥੋਂ ਸ੍ਰੇਸ਼ਟ ਹਨ । ਕਿਉਂਕਿ, ਇਹ ‘ਦੁਨੀ‘ ਛੱਡ ਕੇ ‘ਦੀਨ‘ ਦੇ ਰਸਤੇ ਪਏ ਹੋਏ ਹਨ ਅਤੇ ਇਨ੍ਹਾਂ ਨੇ ਆਪਣੀ ਮਾਨਸਿਕ ਦੁਬਿਧਾ ਮਿਟਾ ਲਈ ਹੈ ਅਤੇ ਸ਼ਾਂਤ ਚਿੱਤ ਹਨ ।

ਇਸ ਲਈ ਸ਼੍ਰੀ ਗੁਰੂ ਨਾਨਕ ਜੀ ਮਹਾਰਾਜ ਨੇ ਅਜਿਹੇ ਸੁਆਰਥੀ ਤੇ ਭੇਖਧਾਰੀ ਲੋਕਾਂ ਪ੍ਰਤੀ ਮਾਨਵਤਾ ਨੂੰ ਜਾਗਰੂਕ ਕਰਦਿਆਂ ਬੜੀ ਨਿਰਭੈਤਾ ਸਹਿਤ ਆਖਿਆ ਕਿ ਮਤਾਂ ਸਮਝੋ ਕਿ ਜਿਹੜਾ ਮਨੁੱਖ ਸਿਰ ਤੇ ਜਟਾਂ ਦਾ ਜੂੜਾ ਰੂਪ ਮੁਕਟ ਬਣਾ ਲੈਂਦਾ ਹੈ । ਪਿੰਡੇ ਤੇ ਸੁਆਹ ਮਲ ਕੇ ਤੇ ਕੱਪੜੇ ਉਤਾਰ ਕੇ ਨੰਗਾ ਰਹਿਣ ਲੱਗ ਪੈਂਦਾ ਹੈ। ਉਹ ਮਾਨਸਿਕ ਤੌਰ ਤੇ ਤ੍ਰਿਪਤ ਹੋ ਗਿਆ ਹੈ। ਨਹੀਂ ! ਨਹੀਂ ! ਉਹ ਤਾਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਵਿੱਚ ਬੱਝਾ ਹੋਇਆ ਹੈ ਅਤੇ ਉਸ ਦਾ ਇਹ ਬਾਹਰਲਾ ਧਾਰਮਿਕ ਲਿਬਾਸ ਸਾਰੇ ਦਾ ਸਾਰਾ ਨਿਰਾ ਅਡੰਬਰ ਹੈ । ਭਾਈ ! ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਕਿਸੇ ਦਾ ਵੀ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਨਹੀਂ ਰਜ ਸਕਦਾ :

ਜਟਾ ਮੁਕਟੁ ਤਨਿ ਭਸਮ ਲਗਾਈ, ਬਸਤ੍ਰ ਛੋਡਿ ਤਨਿ ਨਗਨੁ ਭਇਆ ।। ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ, ਕਿਰਤ ਕੈ ਬਾਂਧੈ ਭੇਖੁ ਭਇਆ ।। ਪੰ:1127

ਇਸੇ ਤਰਜ਼ ’ਤੇ ਭਗਤ ਕਬੀਰ ਜੀ ਨੇ ਆਖਿਆ ਕਿ ਦੁਨੀਆਂ ਵਾਲਾ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ । (ਕਿਉਂਕਿ, ਜਦ ਤਕ ਪ੍ਰਭੂ ਨਾਲ ਪ੍ਰੀਤਿ ਨਹੀਂ ਜੋੜੀ ਜਾਂਦੀ, ‘ਦੁਨੀਆ‘ ਵਾਲੀ ‘ਦੁਬਿਧਾ‘ ਮਿਟ ਨਹੀਂ ਸਕਦੀ) ਚਾਹੇ ਕੋਈ ਸੁਆਹ ਮਲ ਕੇ ਲੰਮੀਆਂ ਜਟਾਂ ਰਖ ਲੈ ਅਤੇ ਚਾਹੇ ਕੋਈ ਉੱਕਾ ਹੀ ਸਿਰ ਰੋਡ-ਮੋਡ ਕਰਕੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ :

ਕਬੀਰ ਪ੍ਰੀਤਿ ਇਕ ਸਿਉ ਕੀਏ, ਆਨ ਦੁਬਿਧਾ ਜਾਇ ।। ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ।। ਪੰਨਾ:1365॥

ਸਪਸ਼ਟ ਹੈ ਕਿ ਇਹ ਸਲੋਕ ਉਚਾਰਨ ਪਿੱਛੇ ਭਗਤ ਜੀ ਦਾ ਮਨੋਰਥ ਕੇਸ ਕਟਾਉਣ ਦੀ ਇਜ਼ਾਜ਼ਤ ਦੇਣਾ ਜਾਂ ਜਟਾਵਾਂ ਦੇ ਰੂਪ ਵਿੱਚ ਲੰਮੇਂ ਕੇਸਾਂ ਦੀ ਵਕਾਲਤ ਕਰਨਾ ਨਹੀ। ਸਗੋਂ ਤਿਆਗੀ ਹੋਣ ਦਾ ਵਖਾਵਾ ਕਰਨ ਵਾਲੇ ਜਟਾਧਾਰੀ ਭੇਖੀਆਂ ਦੀ ਨੁਕਤਾਚੀਨੀ ਕਰਦਿਆਂ ਅਸਲੀਅਤ ਨੂੰ ਪ੍ਰਗਟਾਉਣਾ ਹੈ । ਕਿਉਂਕਿ, ਉਸ ਵੇਲੇ ਤੱਕ ਅਜੇ ਕੋਈ ਖ਼ਾਲਸੇ ਵਾਂਗ ਕੇਸਾਧਾਰੀ ਪੰਥ ਹੋਂਦ ਵਿੱਚ ਨਹੀ ਸੀ ਆਇਆ, ਜਿਸ ਉੱਤੇ ਭਗਤ ਜੀ ਕੋਈ ਵਿਸ਼ਸ਼ ਉਟੰਕਣ ਕਰਦੇ।

ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਘੜ ਸੰਪਾਦਕ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸੁਚੱਜੀ ਮਾਲਣ ਵਾਂਗ ਸਮੁੱਚੀ ਬਾਣੀ ਦੀ ਪ੍ਰਕਰਣ ਅਨੁਸਾਰ ਅਜਿਹੀ ਮਾਲਾ ਪਰੋਈ ਹੈ ਕਿ ਉਸ ਦੇ ਕਿਸੇ ਇੱਕ ਸੰਗ੍ਰਹਿ ਰੂਪ ਭਾਗ ਵਿਚੋਂ ਕੋਈ ਇੱਕ ਸ਼ਬਦ, ਕੋਈ ਇੱਕ ਸਲੋਕ ਜਾਂ ਕੋਈ ਇੱਕ ਪੰਕਤੀ ਲੈ ਕੇ ਅਤੇ ਉਸ ਦੇ ਅਗਲੇ ਪਿਛਲੇ ਕੁਝ ਸ਼ਬਦਾਂ ਜਾਂ ਸਲੋਕਾਂ ਦੇ ਅਰਥ ਭਾਵਾਂ ਨੂੰ ਵਿਚਾਰੇ ਬਗੈਰ ਕੋਈ ਨਤੀਜਾ ਕਢਣਾ ਅਥਵਾ ਸਿਧਾਂਤ ਕਾਇਮ ਕਰਨਾ, ਗੁਰਮਤਿ ਮਾਰਗ ਤੋਂ ਭਟਕਣ ਜਾਂ ਭਟਕਾਉਣ ਦਾ ਕਾਰਨ ਬਣ ਸਕਦਾ ਹੈ । ਕਿਉਂਕਿ, ਉਸ ਸੰਗ੍ਰਹਿ ਦੇ ਲਗਭਗ ਸਾਰੇ ਸ਼ਬਦ ਇੱਕ ਦੂਜੇ ਨਾਲ ਸਬੰਧਤ ਹੁੰਦੇ ਹਨ ।

ਜਿਵੇਂ, ਕੇਸ ਕਟਾਉਣ ਦੇ ਹਾਮੀ ਵੀਰ, ਜਿਨ੍ਹਾਂ ਵਿੱਚ ਕੁੱਝ ਭੁੱਲੜ ਹਨ ਅਤੇ ਕੁਝ ਸ਼ਰਾਰਤੀ, ਭਗਤ ਕਬੀਰ ਸਾਹਿਬ ਜੀ ਦੇ ਉਪਰੋਕਤ ਸਲੋਕ ਦੀ ਕੇਵਲ ਇੱਕ ਪੰਕਤੀ “ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ।।” ਹੀ ਚੁੱਕੀ ਫਿਰਦੇ ਹਨ । ਉਨ੍ਹਾਂ ਨੇ ਇਸ ਤੋਂ ਪਹਿਲਾ ਸਲੋਕ "ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥ ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥" ਤਾਂ ਕੀ ਵਿਚਾਰਨਾ, ਉਹ ਤਾਂ ਉਪਰੋਕਤ ਪੰਕਤੀ ਨਾਲ ਸਬੰਧਤ ਪੂਰਾ ਸਲੋਕ ਭੀ ਨਹੀ ਵਿਚਾਰਦੇ, ਜਿਸ ਕਾਰਨ ਉਹ ਭਟਕੇ ਹੋਏ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਕੋਈ ਕੇਸ ਰੱਖੇ ਜਾਂ ਕੋਈ ਕਟਾਏ, ਕੋਈ ਫਰਕ ਨਹੀ । ਇਹ ਬਕਵਾਸ ਵੀ ਕਰਦੇ ਹਨ ਕਿ ਗੁਰਬਾਣੀ ਵਿਖੇ ਕੇਸ ਕਟਾਉਣ ਤੋਂ ਕਿਤੇ ਵੀ ਵਰਜਿਆ ਨਹੀਂ ਗਿਆ । ਹਕੀਕਤ ਤਾਂ ਇਹ ਹੈ ਕਿ ਜੇ ਐਸੇ ਲੋਕ ਇਨ੍ਹਾਂ 24 ਤੇ 25 ਨੰਬਰ ਦੋਹਾਂ ਸਲੋਕਾਂ ਨੂੰ ਮਿਲਾ ਕੇ ਵਿਚਾਰਨ ਤਾਂ ਉਹ ਸਮਝ ਜਾਣਗੇ ਕਿ ਪਹਿਲਾ ਸਲੋਕ ਨਿਰੋਲ ਦੁਨੀਆਦਾਰਾਂ ਨੂੰ ਝੰਜੋੜਣ ਲਈ ਹੈ ਅਤੇ ਦੂਜਾ ਦੁਨੀਆਂ ਤੋਂ ਭਗੌੜੇ ਹੋ ਕੇ ਤਿਆਗੀ ਅਖਵਾਉਣ ਵਾਲੇ ਜਟਾਧਾਰੀਆਂ ਲਈ ਹੈ ।

ਦੂਜੀ ਵਿਚਾਰਨ ਯੋਗ ਹਕੀਕਤ ਹੈ ਕਿ ਜਿਹੜਾ ਭਗਤ ਰੱਬ ਨੂੰ ਕੇਸ਼ਾਧਾਰੀ ਮੰਨ ਕੇ ‘ਕਬੀਰ ਕੇਸ਼ੋ ਕੇਸ਼ੋ ਕੂਕੀਐ, ਨ ਸੋਈਐ ਆਸਾਰ’ ਦਾ ਹੋਕਾ ਦਿੰਦਾ ਹੈ । ਜਿਹੜਾ ਗੁਰੂ ਨਾਨਕ ਪਰਮਾਤਮਾ ਨੂੰ ਸਰਗੁਣ ਸਰੂਪ ਵਿੱਚ ‘ਸੋਹਣੇ ਨਕ ਜਿਨ ਲੰਮੜੇ ਵਾਲਾ’ ਵੇਖਦਾ ਹੈ ਅਤੇ ਇਸਲਾਮੀ ਸ਼ਰ੍ਹਾ ਨੂੰ ਮੰਨ ਕੇ ਲਬਾਂ ਕਟਾਣ ਵਾਲੇ ਇੱਕ ਦਸਤਾਰਧਾਰੀ ਫਕੀਰ ਨੂੰ ‘ਸਾਬਿਤ ਸੂਰਤਿ ਦਸਤਾਰ ਸਿਰਾ’ ਦਾ ਉਪਦੇਸ਼ ਦਿੰਦਾ ਹੈ । ਭਾਵ, ਇਹ ਆਖਦਾ ਹੈ ਕਿ ਤੇਰੇ ਸਿਰ ’ਤੇ ਸਜਾਈ ਦਸਤਾਰ ਤਾਂ ਹੀ ਸ਼ੋਭਨੀਕ ਹੈ, ਜੇਕਰ ਤੂੰ ਸਾਬਿਤ-ਸੂਰਤ ਹੋਵੇਂ । ਇਸ ਲਈ ਅਜਿਹੇ ਗੁਰੂ ਸਹਿਬਾਨ ਤੇ ਭਗਤ-ਜਨਾਂ ਬਾਰੇ ਕਿਵੇਂ ਮੰਨਿਆਂ ਜਾ ਸਕਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚਲੀ ਰੱਬੀ ਬਾਣੀ ਰਾਹੀਂ ਲੋਕਾਈ ਨੂੰ ਰੱਬੀ ਰਜ਼ਾ ਦੇ ਉੱਲਟ ਕੇਸ ਆਦਿਕ ਕਟਾ ਕੇ ਸਾਬਿਤ ਸੂਰਤ ਨੂੰ ਵਿਗਾੜਣ ਦੀ ਖੁੱਲ੍ਹ ਦੇ ਸਕਦੇ ਹਨ ? ਕਦਾਚਿੱਤ ਨਹੀ ।

ਗੁਰੂ ਪੰਥ ਦਾ ਦਾਸ :

ਜਗਤਾਰ ਸਿੰਘ ਜਾਚਕ
ਫੋਨ: 9855205089


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top