Main News Page

ਹੇਮਕੁੰਟ ਪਰਬਤ ਹੈ ਕਹਾਂ?

ਪਾਰਕ ਵਿਚ ਬੈਠਿਆਂ ਇਕ ਸੱਜਣ ਨੇ, ਇਸੇ ਸਾਲ ਜੁਲਾਈ ਦੇ ਮਹੀਨੇ ਵਿਚ ਕੀਤੀ ਆਪਣੀ ਹੇਮਕੁੰਟ ਦੀ ਯਾਤਰਾ ਦਾ ਵਿਖਿਆਨ ਅਜੇਹੇ ਤਰੀਕੇ ਨਾਲ ਕੀਤਾ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਖੁਦ ਹੀ ਯਾਤਰਾ ਕਰ ਰਿਹਾ ਹੋਵਾਂ। ਜਿਥੇ ਉਸ ਨੇ ਰਸਤੇ ‘ਚ ਉਪਲਭਦ ਸਹੂਲਤਾਂ ਅਤੇ ਸ਼ਰਧਾਲੂਆਂ ਵਲੋਂ ਯਾਤਰੀਆਂ ਦੀ ਕੀਤੀ ਜਾਂਦੀ ਸੇਵਾ ਦਾ ਜਿਕਰ ਕੀਤਾ ਉੱਥੇ ਹੀ ਉਸ ਨੇ ਦੁਕਾਨਦਾਰਾਂ ਵਲੋ ਕੀਤੀ ਜਾਂਦੀ ਲੁਟ ਬਾਰੇ ਜਾਣਕਾਰੀ ਵੀ ਦਿੱਤੀ। ਪਾਠਕਾਂ ਦੀ ਦਿਲਚਸਪੀ ਲਈ ਮੈਂ ਇਥੇ ਇਕ ਘਟਨਾ ਸਾਂਝੀ ਕਰ ਰਿਹਾ ਹਾਂ। ਉਸ ਸੱਜਣ ਨੇ ਦੱਸਿਆ ਕੇ ਗੋਬਿੰਦਘਾਟ (6000 ਫੁਟ) ਤੋਂ ਮੈਂ ਪੈਦਲ ਹੀ ਸਫਰ ਅਰੰਭ ਕੀਤਾ ਪਰ ਅੱਧ ‘ਚ ਹੀ ਮੇਰਾ ਸਰੀਰ ਜੁਵਾਬ ਦੇ ਗਿਆ। ਮੈ ਖੱਚਰ ਵਾਲੇ ਨੂੰ ਪੁਛਿਆ ਤਾਂ ਉਸ ਨੇ 300 ਰੁਪਈਆਂ ਮੰਗਿਆ। ਮੈ ਉਸ ਨੂੰ ਕਿਹਾ ਕੇ 300 ਤਾਂ ਧੁਰੋਂ ਲੈਂਦੇ ਹਨ ਹੁਣ ਤਾਂ ਮੈ ਅੱਧ ਵਿਚ ਪੁਜ ਚੁੱਕਾ ਤਾਂ ਖੱਚਰ ਵਾਲੇਂ ਨੇ ਕਿਹਾਂ ਉੱਥੋ ਹੀ ਲੈ ਆਉਦਾਂ। ਇਕ ਹੋਰ ਸੱਜਣ, ਜੋ 4-5 ਸਾਲ ਪਹਿਲਾਂ ਆਪਣਾ ਜੀਵਨ ਸਫਲ ਕਰਕੇ ਆਇਆ ਸੀ ਉਸ ਨੇ ਵੀ ਉਸ ਦੀ ਹਾਂ ‘ਚ ਹਾਂ ਮਿਲਾਈ। ਮੈਂ ਉਨ੍ਹ੍ਹਾਂ ਨੂੰ ‘ਹੇਮਕੁੰਟ’ ਦੇ ਇਤਿਹਾਸ ਬਾਰੇ ਪੁਛਿਆ ਤਾਂ ਇਕ ਸੱਜਣ ਨੇ ਤਾਂ ਕਿਹਾ ਮੈਨੂੰ ਨਹੀ ਪਤਾਂ ਉਥੇ ਲਿਖਿਆ ਹੋਇਆ ਹੈ ਮੈ ਪੜ੍ਹ ਨਹੀਂ ਸਕਿਆ। ਦੂਜੇ ਸੱਜਣ ਨੇ ਮੇਰੇ ਸਵਾਲ ਦੇ ਜੁਵਾਬ ‘ਚ ਕਿਹਾ ਕੇ ਮੇਰੀ ਪਤਨੀ ਨੇ ਦੱਸਿਆ ਸੀ ਕੇ ਜਦਂੋ ਉਹ ਵਾਪਸ ਆ ਰਹੀ ਸੀ ਤਾਂ ਗੁਰੂੁ ਜੀ ਉਸ ਦੇ ਨਾਲ-ਨਾਲ ਚਲ ਰਹੇ ਸਨ। ‘ਸਵਾਲ ਚਨਾ ਜਵਾਬ ਗੰਦਮ’ ਦੀ ਕਹਾਵਤ ਤੇ ਅਮਲ ਕਰਦਿਆਂ ਉਸ ਨੇ ਹੋਰ ਦੱਸਿਆ ਕੇ ਜੇਹੜ੍ਹੀ ਕੜ੍ਹੀ-ਚੌਲ ਉਥੇ ਮਿਲਦੇ ਹਨ ਅਜੇਹੇ ਮਂੈ ਕਦੇ ਵੀ ਨਹੀ ਖਾਂਧੇ। ਇਹ ਹੈ ਜੀਵਨ ਸਫਲ ਕਰ ਚੁੱਕੇ ਸੱਜਣਾ ਦੀ ਹੇਮਕੁੰਟ ਬਾਰੇ ਇਤਿਹਾਸਕ ਜਾਣਕਾਰੀ।

“ਅਬ ਮੈਂ ਆਪਨੀ ਕਥਾ ਬਖਾਨੋ” ਆਖੇ ਜਾਂਦੇ ਦਸਮ ਗ੍ਰੰਥ ‘ਚ ਦਰਜ ਇਸ ਪੰਗਤੀ ਸਬੰਧੀ, ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦੇ ਕਾਰਨ ਬੁਹਗਿਣਤੀ ਸਿੱਖਾਂ ਦੀ ਮਾਨਸਿਕਤਾਂ ‘ਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਲਿਖ ਰਹੇ ਹਨ। ਅੱਜ ਤੋਂ 100 ਸਾਲ ਪਹਿਲਾ ਤਾਂ ਕੀ ਦਸਮ ਗ੍ਰੰਥ ਤਾਂ ਅੱਜ ਵੀ 95% ਸਿੱਖਾਂ ਨੇ ਨਹੀ ਪੜ੍ਹਿਆ ਤਾਂ ਹੇਮਕੁੰਟ ਦੇ ਏਨਾ ਮਸ਼ਹੂਰ ਹੋਣ ਦਾ ਕੀ ਕਾਰਨ ਹੋਇਆ? ਇਸਦਾ ਕਾਰਨ ਸੀ, ਗੁਰਦਵਾਰਿਆਂ ਵਿਚ ਸੂਰਜ ਪ੍ਰਕਾਸ਼ ਦੀ ਕਥਾ।

ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹਿ ਬਿਧਿ ਮੁਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤਸ੍ਰਿੰਗ ਸੋਭਿਤ ਹੈ ਤਹਾਂ ॥1॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡਰਾਜ ਜਗ ਜੋਗੁ ਕਮਾਵਾ॥
ਤਹ ਹਮ ਅਧਿਕ ਤਪੱਸਿਆ ਸਾਧੀ। ਮਹਾ ਕਾਲ ਕਾਲਕਾ ਅਰਾਧੀ ॥2॥
(ਪੰਨਾ54)

ਆਖੇ ਜਾਂਦੇ ਦਸਮ ਗ੍ਰੰਥ ਵਿੱਚ ਦਰਜ ‘ਬਿਚਤ੍ਰ ਨਾਟਕ’(ਪੰਨਾ 39-73) ਜਿਸ ਦੇ ਕੁਲ 14 ਅਧਿਆਏ ਅਤੇ 471 ਛੰਦ ਹਨ ਦੇ ਛੇਵੇਂ ਅਧਿਆਇ ‘ਚ ਦਰਜ ਉਪਰੋਕਤ ਪੰਗਤੀਆਂ ਤੋਂ ਪ੍ਰਭਾਵਿਤ ਹੋ ਕੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿਚ ਬੁਹਤ ਹੀ ਵਿਸਥਾਰ ਨਾਲ (ਰਾਸਿ 11, ਅੱਸੂ 49-52) ਹੇਮਕੁੰਟ ਅਤੇ ਉਥੇ ਤਪੱਸਿਆ ਕਰਨ ਵਾਲੇ ਦੁਸ਼ਟ ਦਮਨ ਬਾਰੇ ਜੋ ਜਾਣਕਾਰੀ ਦਿੱਤੀ ਹੈ। ਜਿਸ ਦਾ ਸੰਖੇਪ ਇਉਂ ਹੈ-
‘ਸਤਿਜੁਗ ਵਿੱਚ ਦੇਵਤਿਆਂ ਅਤੈ ਦੈਂਤਾ ਦਾ ਬੁਹਤ ਹੀ ਭਿਆਕਨ ਯੁਧ ਹੋਇਆ ਸੀ। ਯੁਧ ਦੇ ਮੈਦਾਨ ‘ਚ ਦੇਵਤਿਆਂ ਨੇ ਆਪਣੀ ਕੋਈ ਪੇਸ਼ ਨਾ ਜਾਂਦੀ ਦੇਖ ਕੇ ਸਹਾਇਤਾ ਲਈ ਦੇਵੀ ਅੱਗੇ ਬੇਨਤੀ ਕੀਤੀ। ਦੇਵਤਿਆਂ ਦੀ ਸਹਾਇਤਾਂ ਲਈ ਆਈ ਦੇਵੀ (ਦੁਰਗਾ, ਭਵਾਨੀ) ਨੇ 90 ਪਦਮ ਦੈਂਤ ਸੈਨਾਂ (90,000,000,000,000,000) ਦਾ ਖਾਤਮਾ ਕਰ ਦਿੱਤਾ। ਦੈਤ ਸੈਨਾਂ ਦਾ ਅੰਤ ਕਰਨ ਉਪ੍ਰੰਤ ਥੱਕੀ-ਟੁਟੀ ਉਹ ਦੇਵੀ ਅਰਾਮ ਕਰਨ ਲਈ ਪਹਾੜਾਂ ਵਿੱਚ ਜਾ ਲੁਕੀ। ਬੇਲ ਅਤੇ ਸੁਬੇਲ ਨਾਮ ਦੇ ਦੋ ਦੈਂਤ ਆਪਣੀ ਸੈਨਾ ਸਮੇਤ ਦੁਰਗਾ ਨੂੰ ਲੱਭਣ ਵਾਸਤੇ ਨਿਕਲੇ। ਉਨ੍ਹਾਂ ਨੇ ਇਕ ਬ੍ਰਾਹਮਣ ਜੋ ਪਹਾੜਾਂ ‘ਚ ਤੱਪ ਕਰ ਰਿਹਾ ਸੀ, ਤੋਂ ਦੇਵੀ ਬਾਰੇ ਪੁਛਿਆ। ਤੱਪਸਵੀ ਨੇ ਦੇਵੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿਚ ਆਏ ਦੈਂਤ ਨੇ ਬ੍ਰਾਹਮਣ ਤੇ ਹਮਲਾ ਕਰ ਦਿੱਤਾ। ਤੱਪਸਵੀ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਆਸਨ ਤੇ ਵਿਛਾਈ ਹੋਈ ਸ਼ੇਰ ਦੀ ਖੱਲ ਨੂੰ ਝਾੜਿਆ। ਖੱਲ ਦੀ ਧੂੜ ਵਿਚੋਂ ਇਕ ਵੱਡੇ ਤੇਜ ਵਾਲਾ ਮਨੁੱਖ ਪੈਦਾ ਹੋਇਆ ਜਿਸ ਨੇ ਹਜ਼ਾਰਾਂ ਸਾਲ ਦੈਂਤ ਸੈਨਾਂ ਨਾਲ ਜੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।

ਜਦੋਂ ਲੜਾਈ ਖਤਮ ਹੋ ਗਈ ਤਾਂ ਮੈਦਾਨ ਖਾਲੀ ਦੇਖ ਕੇ ਲੁਕੀ ਹੋਈ ਦੇਵੀ ਦੁਰਗਾ ਵੀ ਆ ਪ੍ਰਗਟ ਹੋਈ। ਉਹ ਆਪਣੇ ਦੁਸ਼ਮਣਾਂ ਨੂੰ ਖਤਮ ਹੋਇਆ ਦੇਖ ਕੇ ਬੁਹਤ ਹੀ ਪ੍ਰਸੰਨ ਹੋਈ। ਇਸ ਖੁਸ਼ੀ ਦੇ ਮੌਕੇ ਦੇਵੀ ਨੇ ਸ਼ੇਰ ਦੀ ਖੱਲ ‘ਚ ਪੈਦਾ ਹੋਏ ਮਹਾਬਲੀ ਨੂੰ ਵਰ ਦਿਤਾ, ਤੁੂੰ ਮੇਰੀ ਮਦਦ ਕੀਤੀ ਹੈ ਮਾਤ ਲੋਕ ਵਿੱਚ ਮੈਂ ਤੇਰੀ ਮਦਦ ਕਰਾਂਗੀ। ਦੇਵੀ ਨੇ ਉਸ ਨੂੰ ਦੁਸ਼ਟਾਂ ਦਾ ਖਾਤਮਾਂ ਕਰਨ ਕਰਕੇ ਦੁਸ਼ਟਦਮਨ ਦਾ ਨਾਮ ਦਿਤਾ (ਦੁਸ਼ਟਦਮਨ ਨਿਜ ਨਾਮ ਧਰਾਇ) ਅਤੇ ਆਖਿਆ ਕਿ ਤੂੰ ਸ਼ੇਰ ਦੀ ਖੱਲ ਵਿਚੋਂ ਜਨਮਿਆਂ ਹੈ, ਇਸ ਲਈ ਤੇਰੇ ਪੰਥ ਦਾ ਨਾਮ ਵੀ ਖਾਲਸਾ ਹੋਵੇਗਾ। (ਸਿੰਘ ਖਾਲ ਸੇ ਹੋਹਿ ਖਾਲਸਾ)। ਦੇਵੀ, ਦੁਸ਼ਟਦਮਨ ਨੂੰ ਤਪੱਸਿਆ ਕਰਨ ਅਤੇ ਚਿਰੰਜੀਵੀ ਹੋਣ ਦਾ ਵਰ ਦੇਣ ਉਪ੍ਰੰਤ ਅਲੋਪ ਹੋ ਗਈ। ਦੁਸ਼ਟਦਮਨ ਨੇ ਦੇਵੀ ਦੀ ਆਗਿਆ ਪਾਲਨ ਹਿਤ ਅਸੰਖਾਂ ਵਰ੍ਹੇ ਦੀ ਕਠਨ ਤਪਸਿਆ ਦਾ ਕੀਤੀ। (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਤੱਪ ਕਰਨ ਸਮੇਂ ਦੁਸ਼ਟਦਮਨ ਦੇ ਸਿਰ ਤੇ ਲੰਮੀਆਂ ਲੰਮੀਆ ਜਟਾਂਵਾਂ, ਸਰੀਰੋਂ ਨਗਨ, ਅੱਖਾਂ ਬੰਦ ਸਨ। ਉਸ ਨੇ ਬਿਨਾ ਅੰਨ-ਪਾਣੀ ਤੋਂ ਇਕ ਪੈਰ ਤੇ ਖਲੋਕੇ, ਮੌਨ ਧਾਰ ਕੇ ਇਕਾਂਤ ਵਿੱਚ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000 ਸਾਲ) ਅਜਿਹੀ ਕਠਨ ਤਪਸਿਆ ਕੀਤੀ ਕਿ ਸ਼ਰੀਰ ਸੁਕ ਗਿਆ ਤੇ ਕੇਵਲ ਹੱਡੀਆਂ ਹੀ ਬਚੀਆਂ। ਅੰਤ ਮਹਾਕਾਲ ਨੇ ਆਪਣੇ ਸੇਵਕਾਂ ਰਾਹੀਂ ਵਿਮਾਨ ਭੇਜ ਕੇ ਦੁਸ਼ਟਦਮਨ ਨੂੰ ਆਪਣੇ ਕੋਲ ਬੁਲਾਇਆ ਅਤੇ ਗੋਦੀ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ ਅਤੇ ਮਾਤ ਲੋਕ ਵਿੱਚ ਜਾਣ ਲਈ ਕਿਹਾ।

ਬਚਿਤ੍ਰ ਨਾਟਕ ਦੀਆਂ ਉਪ੍ਰੋਕਤ ਪੰਗਤੀਆਂ (ਅਬ ਮੈ ਅਪਨੀ ਕਥਾ ਬਖਾਨੋ) ਦੇ ਅਧਾਰ ਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਸੰਤੋਖ ਸਿੰਘ ਜੀ ਜਾਂ ਉਨ੍ਹਾ ਦੇ ਸਹਿਯੋਗੀ ਬ੍ਰਾਹਮਣਾਂ ਵਲੋਂ ਲਿਖੀ, ਕਥਿਤ ਦੁਸ਼ਟ ਦਮਨ ਦੀ ਕਥਿਤ ਤਪੱਸਿਆ ਬਾਰੇ ਬੜੀ ਲੱਮੀਂ ਚੌੜੀ ਵਾਰਤਾ ਨੂੰ ਆਧਾਰ ਮੰਨ ਕੇ ਪੰਡਤ ਤਾਰਾ ਸਿੰਘ ਨਰੋਤਮ ਨੇ 1932 ਵਿਚ ਵਰਤਮਾਨ ‘ਹੇਮਕੁੰਟ’ ਨੂੰ ਦੁਸ਼ਟ ਦਸਨ ਦੀ ਤਪਸਿਆ ਵਾਲੀ ਥਾਂ ਦਸਿਆ, ਉਥੇ ਫੌਜ ਦੇ ਸਾਬਕਾ ਗ੍ਰੰਥੀ ਸੰਤ ਸੋਹਣ ਸਿੰਘ ਟੀਹਰੀ-ਗੜਵਾਲ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ 224 ਵਰ੍ਹੇ ਪਿਛੋਂ, ਸੰਨ 1936 ਵਿੱਚ ਗੁਰਦੁਆਰਾ ਸਥਾਪਿਤ ਕੀਤਾ।
ਗੁਰਦੁਆਰੇ ਦੀ ਸਥਾਪਨਾ ਹੋਣ ਅਤੇ ਉਸ ਦਾ ਸਬੰਧ ਦਸਮ ਪਾਤਸ਼ਾਹ ਨਾਲ ਪ੍ਰਚਾਰਿਆ ਜਾਣ ਕਰਕੇ ਸਿਖ ਸੰਗਤਾਂ ਬੜੇ ਉਤਸ਼ਾਹ ਨਾਲ ਰਸਤੇ ਦੀਆਂ ਮੁਸ਼ਕਲਾਂ ਦੀ ਪ੍ਰਵਾਹ ਕੀਤੇ ਵਗੈਰ ਉਥੇ ਦਰਸ਼ਨ ਕਰਨ ਲਈ ਜਾਣ ਲਗ ਪਈਆਂ। ਅਜਿਹਾ ਹੋਣਾ ਕੁਦਰਤੀ ਹੀ ਹੈ, ਕਿਉਂਕਿ ਸਿਖ ਸੰਗਤਾਂ ਗੁਰੂ ਅਸਥਾਨਾਂ ਪ੍ਰਤੀ ਅਥਾਹ ਸ਼ਰਧਾ ਰਖਦੀਆਂ ਹਨ। ਪਰ ਗਿਆਨ ਵਿਹੁਣੀ ਸ਼ਰਧਾ, ਅੰਨੀ ਸ਼ਰਧਾ ਹੁੰਦੀ ਹੈ ਜੋ ਕਦੇਂ ਵੀ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਸਾਨੂੰ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਦੀ ਅਸਲੀਅਤ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ। ਸਿੱਖ ਵਾਸਤੇ ਪਰਖ ਦੀ ਕਸਵਟੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਕੋਈ ਵੀ ਰਚਨਾ ਜੋ ਇਸ ਕਸਵਟੀ ਤੇ ਪੂਰੀ ਨ ਉਤਰੇ, ਉਸ ਨੂੰ ਰੱਦ ਕਰਨ ਵਿਚ ਹੀ ਸਾਡਾ ਭਲਾ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍‍ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ (ਪੰਨਾ 1245)

‘ਸੂਰਜ ਪ੍ਰਕਾਸ਼’ ਵਿਚ ਦਰਜ ਸਾਖੀ ਮੁਤਾਬਕ ਦੇਵੀ ਅਤੇ ਦੈਤਾਂ ਦਾ ਲੜਾਈ ਸਤਿਯੁਗ ਵਿਚ ਹੋਈ ਸੀ ਹੋਈ। ਜੇ ਇਸ ਨੂੰ ਸਤਿਯੁਗ ਦੇ ਅਰੰਭ ਵਿਚ ਵੀ ਮੰਨੀਏ ਤਾਂ ਵੀ ਇਸ ਦੇ ਅਰੰਭ ਨੂੰ ਲੱਗ-ਭੱਗ (1728000+1296000+864000+5111) 3893111 ਸਾਲ ਬਣਦੇ ਹਨ। ਦੇਵਤਿਆਂ ਅਤੇ ਦੇਤਾਂ ਦਾ ਯੁਧ ਅਤੇ ਦੁਸ਼ਟ ਦਮਨ ਵਲੋਂ ਹਜਾਰਾਂ ਸਾਲ ਦੈਤਾਂ ਨਾਲ ਕੀਤੀ ਗਈ ਲੜਾਈ ਨੂੰ ਜੇ ਛੱਡ ਵੀ ਦਈਏ ਤਾਂ ਵੀ ਲੜਾਈ ਖਤਮ ਹੋਣ ਤੋਂ ਪਿਛੋਂ ਦੁਸ਼ਟਦਮਨ ਵਲੋ ਕੀਤੀ ਗਈ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000) ਦੀ ਕਠਨ ਤਪਸਿਆ ਦਾ ਕੀ ਕੀਤਾ ਜਾਂਵੇ? (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਜਦੋਂ ਕਿ ਗੁਰਬਾਣੀ ਅਜੇਹੇ ਸਰੀਰਕ ਕਸ਼ਟ ਦੇਣ ਵਾਲੇ ਤੱਪਾਂ ਦੀ ਹੀ ਨਿਖੇਦੀ ਕਰਦੀ ਹੈ। "ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ"(ਪੰਨਾ 593)। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਦੁਸਟਦਮਨ ਨੇ ਹੇਮਕੁੰਟ ਵਿਚ ਕਠਨ ਤਪੱਸਿਆ ਕੀਤੀ ਵੀ ਸੀ ਤਾਂ ਵੀ ਸਾਡਾ ਉਸ ਨਾਲ ਕੀ ਸਬੰਧ? ਸਾਡਾ ਇਤਿਹਾਸ ਤਾਂ ਇਹ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 1666 ਵਿਚ ਹੋਇਆ ਸੀ, 1675 ਵਿਚ ਗੁਰੁ ਤੇਬ ਬਹਾਦਰ ਜੀ ਦੀ ਸ਼ਹੀਦੀ ਤੋਂ ਪਿਛੋਂ ਉਹ ਗੁਰਗੱਦੀ ਤੇ ਵਿਰਾਜ ਮਾਨ ਹੋਏ ਸਨ 1708 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਸਨ। ਇਸ ਜਨਮ ਵਿਚ ਵੀ ਪਹਿਲੇ 9 ਸਾਲ ਗੋਬਿੰਦ ਰਾਏ ਜੀ ਸਾਡੇ ਗੁਰੂ ਨਹੀ ਸਨ।

ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਜੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂਦੇ ਸਨ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿਚ ਆਉਣ ਤੋਂ ਪਹਿਲਾ ਹਰ ਸਾਲ ਗੰਗਾ ‘ਚੇ ਇਸ਼ਨਾਨ ਕਰਨ ਜਾਂਦੇ ਸਨ। ਕੀ ਹੁਣ ਸਾਨੂੰ ਵੀ ਹਰ ਸਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂ ਗੰਗਾ ਦਾ ਇਸ਼ਨਾਨ ਕਰਨ ਨਹੀ ਜਾਣਾ ਚਾਹੀਦਾ? ਨਹੀ ! ਕੋਈ ਵੀ ਸਿੱਖ ਇਸ ਨਾਲ ਸਹਿਮੱਤ ਨਹੀ ਹੋਵੇਗਾ। ਜੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਗੁਰੂ ਬਨਣ ਤੋ ਪਹਿਲਾ, ਇਸੇ ਜਨਮ ਦੇ ਇਤਿਹਾਸ ਨਾਲ ਸਾਡਾ ਕੋਈ ਸਬੰਧ ਨਹੀ ਤਾਂ ਗੁਰੁ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਮਿਥਿਹਾਸ ਨਾਲ ਸਾਡਾ ਕੀ ਸਬੰਧ?

ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹਿ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ। ਇਮ ਕਹਿ ਕੈ ਇਹ ਲੋਕਿ ਪਠਾਯੋ।॥5॥
(ਪੰਨਾ55)

ਉਪ੍ਰੋਕਤ ਪੰਗਤੀਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਗੁਰੂ ਜੀ (?) ਕਹਿੰਦੇ ਹਨ ਕਿ ਸਾਡਾ ਆਉਣ ਨੂੰ ਚਿੱਤ ਨਹੀ ਸੀ ਕਰਦਾ ਕਿਉਂਕਿ ਮੇਰੀ ਸੁਰਤ ਤਾਂ ਪ੍ਰਭੂ ਦੇ ਚਰਨਾ ‘ਚ ਖੁਭੀ ਹੋਈ ਸੀ। ਜਿਵਂੇ-ਕਿਵੇਂ ਪ੍ਰਭ ਨੇ ਸਾਨੂੰ ਸਮਝਾਇਆ ਅਤੇ ਇਸ ਲੋਕ ਵਿਚ ਭੇਜਿਆ। ਸੋ ਸਪੱਸ਼ਟ ਹੈ ਕਿ ਭਗਤੀ ਕਰਨ ਵਾਲਾ ਇਸ ਦੁਨੀਆਂ ‘ਚ ਨਹੀ ਸਗੋਂ ਕਿਸੇ ਹੋਰ ਦੁਨੀਆਂ ਵਿਚ ਭਗਤੀ ਕਰ ਰਿਹਾ ਸੀ। ਪਰ ਮੌਜੂਦਾ ਹੇਮਕੁੰਟ ਤਾਂ ਉਤਰੀ ਭਾਰਤ ਵਿਚ ਹੀ ਬਣਾ ਲਿਆ ਗਿਆ ਹੈ। ਕੀ ਇਹ ਤੱਥ ਹੀ ਇਸ ਅਖੌਤੀ ਤਪ ਅਸਥਾਨ ਦੀ ਅਸਲੀਅਤ ਨੂੰ ਪ੍ਰਗਟ ਕਰਨ ਲਈ ਕਾਫੀ ਨਹੀ ਹੈ?

ਗਿਆਨੀ ਠਾਕਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਕਵੀ ਸੰਤੋਖ ਸਿੰਘ ਵਲੋਂ ਕੀਤੀ ਕਲਪਣਾ ਨੂੰ ਸੱਚ ਮੰਨ ਕੇ ਰਿਵਾਲਸਰ ਦੀਆਂ ਪਹਾੜੀਆਂ (ਮੰਡੀ ਸੁਕੇਤ ਦੇ ਨੇੜੇ) ਉਤੇ ਸੱਤ ਟੀਸੀਆਂ ਨੂੰ ‘ਸਪਤ ਸਿੰ੍ਰਗ’ ਵਜੋਂ ਐਲਾਨਿਆ ਸੀ। ਸਨਾਤਨੀ ਮੱਤ ਦੇ ਧਾਰਨੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਜੋ ਖੁਦ ਹਰ ਸਾਲ ਬੱਦਰੀਨਾਥ ਦੀ ਯਾਤਰਾ ਨੂੰ ਜਾਂਦਾ ਹੁੰਦਾ ਸੀ, ਨੇ ਪਹਿਲੇ ਹੇਮਕੁੰਟ ਨੂੰ ਰੱਦ ਕਰਕੇ ਇਕ ਹੋਰ ਪਹਾੜ ਦੀ ਟੀਸੀ ਤੇ ਖੜ੍ਹਕੇ ਆਲੇ-ਦੁਆਲੇ 7 ਟੀਸੀਆਂ ਗਿਣ ਕੇ ਉਸ ਟੀਸੀ ਨੂੰ ‘ਸਪਤ ਸ੍ਰਿੰਗ’ ਐਲਾਨ ਕਰ ਦਿੱਤਾ ਗਿਆ। (ਕੀ ਕਿਸੇ ਹੋਰ ਪਹਾੜ ਟੀਸੀ ਤੇ ਖੜ੍ਹ ਕੇ 7 ਟੀਸੀਆਂ ਨਹੀ ਗਿਣਈਆਂ ਜਾ ਸਕਦੀਆਂ?) ਸੰਤ ਸੋਹਣ ਸਿੰਘ ਟੀਹਰੀਵਾਲੇ ਦਾ ਮੇਲ ਸੰਨ 1935 ਵਿਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪ ਨੇ ਉਥੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ। ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ। ਇਸ ਤਰ੍ਹਾਂ ਇਸ ਅਸਥਾਨ ਦਾ ਮੁੱਢ ਬੱਝ ਗਿਆ ਅਤੇ ਪਹਿਲੇ ਹੇਮਕੁੰਟ ਨੂੰ ਲੋਕੀ ਭੁਲ਼ ਹੀ ਗਏ। ਮਈ ਮਹੀਨੇ ਖਬਰ ਆਈ ਸੀ ਕੇ ਇਕ ਹੋਰ ਹੇਮਕੁੰਟ ਵੀ ਬਣ ਗਿਆ ਹੈ।

ਇਹ ਹੈ, ਪੁਣੇ ਦੇ ਨਜ਼ਦੀਕ ‘ਕਮਸ਼ੇਟ’ ਦੀਆਂ ਪਹਾੜੀਆਂ ‘ਤੇ ਪਵਨਾ ਡੈਮ ਨੇੜੇ ‘ਛੋਟਾ ਹੇਮਕੁੰਟ’। ਸ਼ਾਇਦ ਇਹ ਉਨ੍ਹਾਂ ਸਿੱਖਾਂ ਦੀ ਸਹੂਲਤ ਲਈ ਬਣਾਇਆ ਗਿਆ ਹੋਵੇ ਜੋ ਉਤਰਾਚਲ ਵਿਚ ਸਮੁੰਦਰੀ ਤਲ ਤੋਂ ਲੱਗ-ਭੱਗ 15200 ਫੁਟ ਦੀ ਉਚਾਈ ਬਣੇ ਹੇਮਕੁੰਟ ਤੇ ਜਾਣ ਦਾ ਹੌਸਲਾ ਨਾ ਕਰਦੇ ਹੋਣ। ਮੈਨੂੰ ਇਓਂ ਮਹਿਸੂਸ ਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋ ਵਪਾਰੀ ਬਾਬਿਆਂ ਦੀ ਕ੍ਰਿਪਾ ਸਦਕਾ, ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਬਣੇ ਪੰਜ ਤਖਤਾਂ ਦੀ ਤਰ੍ਹਾਂ ਹੇਮਕੁੰਟ ਵੀ ਪੰਜ ਹੀ ਹੋਣਗੇ।

- ਸਰਵਜੀਤ ਸਿੰਘ ਸੈਕਰਾਮੈਂਟੋ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top