Main News Page

ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਾਰਨ ਅੰਮ੍ਰਿਤ ਸਰੋਵਰ ਹੋਇਆ ਪ੍ਰਦੂਸ਼ਿਤ
  • ਇੱਕ ਬੀਬੀ ਨੇ ਕਿਹਾ ਕਿ ਜੇ ਮੋਟੇ ਢਿੱਡਾਂ ਵਾਲੇ ਜੱਥੇਦਾਰ ਕੜਾਹ ਖਾ ਕੇ ਮਰਦੇ ਨਹੀਂ, ਤਾਂ ਮੱਛੀਆਂ ਕੜਾਹ ਖਾ ਕੇ ਕਿਵੇਂ ਮਰ ਜਾਣਗੀਆਂ

ਅੰਮ੍ਰਿਤਸਰ - ਸੱਚਖੰਡ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਜਲ ਨੂੰ ਸਾਫ ਸੁਥਰਾ ਰੱਖਣ ਲਈ ਛੱਡੀਆਂ ਗਈਆਂ ਵਿਦੇਸ਼ੀ ਕਿਸਮ ਦੀਆਂ ਮੱਛੀਆਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮਰ ਰਹੀਆਂ ਸਨ, ਜਿਸ ਕਾਰਨ ਪਵਿੱਤਰ ਜਲ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਮੱਛੀਆਂ ਨੂੰ ਬਚਾਉਣ ਦੇ ਕੀਤੇ ਜਾ ਰਹੇ ਯਤਨ ਅਸਫਲ ਰਹੇ ਹਨ, ਜਦ ਕਿ ਮੱਛੀਆਂ ਦਾ ਮਰਨਾ ਬਾਦਸਤੂਰ ਜਾਰੀ ਹੈ। ਇਹ ਗੱਲ ਸਾਫ ਹੋ ਗਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟ ਪ੍ਰਬੰਧਾਂ ਕਾਰਨ ਹਰਿਮੰਦਰ ਸਾਹਿਬ ਦਾ ਪਾਵਨ ਸਰੋਵਰ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਦੇ ਯੋਗ ਨਹੀਂ ਰਿਹਾ। ਮੱਛੀਆਂ ਮਰਨ ਦੀ ਇਹ ਪਹਿਲੀ ਘਟਨਾ ਨਹੀਂ, ਇਹ ਕਈ ਵਾਰ ਵਾਪਰ ਚੁੱਕੀ ਹੈ। ਸੰਗਤ ਵੱਲੋਂ ਤਿੱਖੀ ਪ੍ਰਤੀਕਿਰਿਆ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਇਸ ਮੁੱਦੇ 'ਤੇ ਅਣਗਹਿਲੀ ਵਰਤ ਰਹੀ ਹੈ।

ਸੱਚਖੰਡ ਹਰਿਮੰਦਰ ਸਾਹਿਬ ਦੇ ਮੈਨੇਜਰ ਹਰਬੰਸ ਸਿੰਘ ਮੱਲ੍ਹੀ ਦਾ ਕਹਿਣਾ ਹੈ ਕਿ ਫਿਸ਼ਰੀ ਵਿਭਾਗ ਦੇ ਮਾਹਿਰਾਂ ਮੁਤਾਬਕ ਮੱਛੀਆਂ ਜਲ ਵਿੱਚ ਆਕਸੀਜਨ ਦੀ ਘਾਟ ਕਾਰਨ ਮਰ ਰਹੀਆਂ ਹਨ ਤੇ ਮਾਹਿਰਾਂ ਵੱਲੋਂ ਇੱਕ ਵਿਸ਼ੇਸ਼ ਕਿਸਮ ਦਾ ਸੰਦ ਲਗਾ ਕੇ ਜਲ ਵਿੱਚ ਆਕਸੀਜਨ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਫਾਰਮੂਲਾ ਕਾਮਯਾਬ ਰਿਹਾ, ਤਾਂ ਸ਼੍ਰੋਮਣੀ ਕਮੇਟੀ ਆਪਣੇ ਤੌਰ 'ਤੇ ਅਜਿਹੇ ਸੰਦ ਖਰੀਦ ਕੇ ਲਗਾ ਦੇਵੇਗੀ। ਉਹਨਾਂ ਕਿਹਾ ਕਿ ਕੁਝ ਮੌਸਮ ਦੀ ਤਬਦੀਲੀ ਦਾ ਵੀ ਅਸਰ ਪੈ ਰਿਹਾ ਹੈ ਅਤੇ ਮੱਛੀਆਂ ਨੂੰ ਬਚਾਉਣ ਲਈ ਯਤਨ ਜਾਰੀ ਹਨ। ਉਹਨਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਦੇ ਮਾਹਿਰਾਂ ਦੀ ਰਾਇ ਅਨੁਸਾਰ ਜਲ ਵੀ ਬਦਲਿਆ ਜਾ ਰਿਹਾ ਹੈ ਤਾਂ ਕਿ ਜਲ ਦਾ ਕੋਈ ਨੁਕਸ ਹੋਵੇ ਤਾਂ ਦੂਰ ਕੀਤਾ ਜਾ ਸਕੇ।

ਸਰੋਵਰ ਵਿੱਚ ਮੱਛੀਆਂ ਪਿਛਲੇ ਕਰੀਬ ਦਸ ਦਿਨਾਂ ਤੋਂ ਲਗਾਤਾਰ ਮਰ ਰਹੀਆਂ ਹਨ ਤੇ ਪਰਕਰਮਾ ਦੀ ਧੁਲਾਈ ਦੀ ਸੇਵਾ ਕਰਨ ਵਾਲੇ ਪ੍ਰੇਮੀਆਂ ਦਾ ਕਹਿਣਾ ਹੈ ਕਿ ਮੱਛੀਆਂ ਦਾ ਮਰਨਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਚਾਰ ਕੁਵਿੰਟਲ ਦੇ ਕਰੀਬ ਮੱਛੀਆਂ ਮਰ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਮਰਨ ਵਾਲੀਆਂ ਮੱਛੀਆਂ ਵਿੱਚ ਵਧੇਰੇ ਕਰਕੇ ਪੁੰਗ ਸ਼ਾਮਲ ਹਨ ਤੇ ਵੱਡੀਆਂ ਮੱਛੀਆਂ ਦੀ ਗਿਣਤੀ ਘੱਟ ਹੈ। ਉਹਨਾਂ ਦੱਸਿਆ ਕਿ ਮਰਨ ਵਾਲੀਆਂ ਮੱਛੀਆਂ ਦੇ ਸਰੀਰ 'ਤੇ ਚੀਰੇ ਲੱਗੇ ਨਜ਼ਰ ਆਉਂਦੇ ਹਨ। ਉਹਨਾਂ ਦੱਸਿਆ ਕਿ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਕਈ ਵਾਰੀ ਸੂਚਿਤ ਕੀਤਾ ਗਿਆ ਹੈ, ਪਰ ਕੋਈ ਵੀ ਲੋੜੀਂਦੀ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਮੱਛੀਆਂ ਮਰਨ ਦਾ ਸਿਲਸਿਲਾ ਜਾਰੀ ਰਿਹਾ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਰੋਵਰ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਮਰੀਕਾ ਦੇ ਟੁੱਟ ਭਰਾਵਾਂ ਦੇ ਸਹਿਯੋਗ ਨਾਲ ਸੰਨ 2004 ਵਿੱਚ ਵਾਟਰ ਟਰੀਟਮੈਂਟ ਪਲਾਂਟ ਛੇ ਕਰੋੜ ਰੁਪਏ ਖ਼ਰਚ ਕੇ ਲਗਾਇਆ ਸੀ, ਪਰ ਪਲਾਂਟ ਹੀ ਸਰੋਵਰ ਨੂੰ ਸਾਫ ਕਰਨ ਨਹੀਂ, ਸਗੋਂ ਖਰਾਬ ਕਰਨ ਵਿੱਚ ਸਹਾਈ ਹੋਇਆ ਹੈ।

ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਗੱਲ ਕਰਦਿਆਂ ਦੱਸਿਆ ਕਿ ਟਰੀਟਮੈਂਟ ਪਲਾਂਟ ਨੂੰ ਚਲਾਉਣ ਵਾਲੇ ਕੋਈ ਮਾਹਿਰ ਇੰਜੀਨੀਅਰ ਨਹੀਂ ਹਨ, ਸਗੋਂ ਕਰੜ ਬਰੜ ਇੰਜੀਨੀਅਰ ਕਾਰ ਸੇਵਾ ਵਾਲੇ ਅਨਪੜ੍ਹ ਸਾਧ ਹੀ ਹਨ, ਜਿਹਨਾਂ ਨੂੰ ਇਸ ਪਲਾਂਟ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ ਤਾਂ ਸਿਰਫ ਮੋਟਰ ਦਾ ਬਟਨ ਦਬਾ ਕੇ ਚਲਾ ਸਕਦੇ ਹਨ ਜਾਂ ਫਿਰ ਬੰਦ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਿਸ ਵਸਤੂ ਦੀ ਸਹੀ ਵਰਤੋਂ ਕਰਨ ਦਾ ਹੀ ਨਹੀਂ ਪਤਾ, ਤਾਂ ਉਹ ਸਹੀ ਨਤੀਜੇ ਕਿਵੇਂ ਦੇ ਸਕਦੀ ਹੈ। ਉਹਨਾਂ ਕਿਹਾ ਕਿ ਕਈ ਵਾਰੀ ਫਿਲਟਰ ਖਰਾਬ ਵੀ ਹੋ ਜਾਂਦੇ ਹਨ, ਪਰ ਪਲਾਂਟ ਚੱਲੀ ਜਾਂਦਾ ਹੈ, ਜਿਸ ਕਾਰਨ ਜਲ ਨੂੰ ਸਾਫ ਕਰਨ ਵਾਲੇ ਤੱਤ ਸਰੋਵਰ ਵਿੱਚ ਚਲੇ ਜਾਂਦੇ ਹਨ ਜਿਹੜੇ ਬਾਅਦ ਵਿੱਚ ਹਾਨੀਕਾਰਕ ਸਾਬਤ ਹੁੰਦੇ ਹਨ। ਉਹਨਾਂ ਕਿਹਾ ਕਿ ਕੁਝ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਾਬੇ ਬਿਜਲੀ ਦੀ ਬੱਚਤ ਕਰਨ ਲਈ ਕਈ-ਕਈ ਦਿਨ ਪਲਾਂਟ ਚਲਾਉਂਦੇ ਹੀ ਨਹੀਂ ਹਨ, ਜਿਸ ਕਾਰਨ ਮੱਛੀਆਂ ਮਰ ਰਹੀਆਂ ਹਨ।

ਮੱਛੀ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਮੱਛੀਆਂ ਨੂੰ ਪ੍ਰਸ਼ਾਦ ਪਾਉਣ ਕਾਰਨ ਜਲ ਵਿੱਚ ਆਕਸੀਜਨ ਦੀ ਕਮੀ ਹੋ ਗਈ ਸੀ, ਕਿਉਂਕਿ ਮੱਛੀ ਦੀ ਪ੍ਰਸ਼ਾਦ ਕੋਈ ਖੁਰਾਕ ਨਹੀਂ ਹੈ। ਉਹਨਾਂ ਕਿਹਾ ਕਿ ਜਲ ਵਿੱਚ ਆਕਸੀਜਨ ਪੂਰੀ ਕਰਨ ਲਈ ਉਹਨਾਂ ਨੇ ਇੱਕ ਏਵੀਏਟਰ ਮਸ਼ੀਨ ਸਰੋਵਰ ਵਿੱਚ ਲਗਾ ਦਿੱਤੀ ਹੈ, ਜਿਸ ਨਾਲ ਪਹਿਲਾਂ ਨਾਲੋਂ ਸਥਿਤੀ ਬੇਹਤਰ ਹੈ ਤੇ ਅਗਲੇ ਇੱਕ ਦੋ ਦਿਨਾਂ ਤੱਕ ਬਿਲਕੁਲ ਠੀਕ ਹੋ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਇੱਕ ਪੂਰੀ ਟੀਮ ਨਿਗਰਾਨੀ ਕਰ ਰਹੀ ਹੈ ਤੇ ਮੱਛੀਆਂ ਨੂੰ ਬਚਾਉਣ ਦੇ ਹਰ ਪ੍ਰਕਾਰ ਦੇ ਯਤਨ ਕੀਤੇ ਜਾਣਗੇ।

ਇਸੇ ਤਰ੍ਹਾਂ ਜਦੋਂ ਇੱਕ ਬੀਬੀ ਨੂੰ ਸੇਵਾਦਾਰ ਨੇ ਮੱਛੀਆਂ ਨੂੰ ਪ੍ਰਸ਼ਾਦ ਪਾਉਣ ਤੋਂ ਰੋਕਦਿਆਂ ਕਿਹਾ ਕਿ ਮੱਛੀਆਂ ਨੂੰ ਪ੍ਰਸ਼ਾਦ ਪਾਉਣ ਨਾਲ ਮੱਛੀਆਂ ਮਰ ਜਾਂਦੀਆਂ ਹਨ, ਤਾਂ ਅੱਗੋਂ ਅਕਾਲੀਆਂ ਤੋਂ ਦੁੱਖੀ ਇਸ ਬੀਬੀ ਨੇ ਕਿਹਾ ਕਿ ਵੇ ਵੀਰਾ ਇਹ ਮੋਟੇ ਮੋਟੇ ਢਿੱਡਾਂ ਵਾਲੇ ਜੱਥੇਦਾਰ ਕੜਾਹ ਖਾ ਕੇ ਤਾਂ ਮਰਦੇ ਨਹੀਂ। ਹੋਰ ਮੋਟੇ ਤਾਜ਼ੇ ਹੋਈ ਜਾਂਦੇ ਨੇ, ਫਿਰ ਮੱਛੀਆਂ ਕੜਾਹ ਖਾ ਕੇ ਕਿਵੇਂ ਮਰ ਜਾਣਗੀਆਂ।'' ਇੰਨਾ ਕੁਝ ਕਹਿੰਦੀ ਹੋਈ ਬੁੜਬੜਾਉਂਦੀ ਹੋਈ ਅੱਗੇ ਚਲੀ ਗਈ। ਅਸਲ ਵਿੱਚ ਬੀਬੀ ਦੇ ਇਸ ਸਾਫ ਸੁਥਰੇ ਬੋਲਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੇ ਭ੍ਰਿਸ਼ਟਾਚਾਰ ਉੱਪਰ ਵਿਅੰਗ ਹੈ। ਸ਼੍ਰੋਮਣੀ ਕਮੇਟੀ ਜੋ ਕਿ ਗੁਰਦੁਆਰਾ ਪ੍ਰਬੰਧਾਂ ਨੂੰ ਪ੍ਰਦੂਸ਼ਿਤ ਕਰਨ 'ਤੇ ਤੁਲੀ ਹੋਈ ਹੈ। ਜਦੋਂ ਮਨ ਪ੍ਰਦੂਸ਼ਿਤ ਹੋ ਜਾਵੇ, ਤਾਂ ਇਹੋ ਜਿਹੇ ਸਿੱਟੇ ਨਿਕਲਣੇ ਸੁਭਾਵਿਕ ਹੀ ਹਨ।

ਇਸ ਤੋਂ ਜ਼ਾਹਿਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਹਨ। ਅਸਲ ਵਿੱਚ ਉਹ ਧਾਰਮਿਕ ਨਹੀਂ, ਪਖੰਡੀ ਤੇ ਭ੍ਰਿਸ਼ਟਾਚਾਰੀ ਹਨ। ਜੇਕਰ ਉਹ ਧਰਮੀ ਹੁੰਦੇ, ਤਾਂ ਅੱਜ ਦਰਬਾਰ ਸਾਹਿਬ ਦੀ ਹਾਲਤ ਇਹ ਨਹੀਂ ਸੀ ਹੋਣੀ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਉੱਪਰ ਅਕਾਲੀ ਸਿਆਸਤ ਹਾਵੀ ਹੈ, ਜਿਸ ਦਾ ਸੰਬੰਧ ਧਰਮ ਨਾਲ ਨਹੀਂ, ਨਿੱਜਤਾ ਤੇ ਆਪਣੇ ਪਰਿਵਾਰ ਦੀਆਂ ਗੋਲਕਾਂ ਭਰਨ ਨਾਲ ਹੈ। ਗੁਰੂ ਦੀ ਸੰਗਤ ਦੀ ਮਾਇਆ ਜੱਥੇਦਾਰਾਂ ਦੇ ਢਿੱਡਾਂ 'ਚ ਪੈ ਰਹੀ ਹੈ, ਗੁਰੂ ਦਾ ਭਉ ਗਾਇਬ ਹੈ, ਇਸੇ ਲਈ ਦਰਬਾਰ ਸਾਹਿਬ ਦੀ ਪਾਵਨਤਾ ਖਤਰੇ 'ਚ ਪੈ ਗਈ ਹੈ। ਅਸਲ ਵਿੱਚ ਬਹੁਤਾ ਡਰ ਮੱਛੀਆਂ ਮਰਨ ਦਾ ਨਹੀਂ, ਸਿੱਖ ਪੰਥ ਦੀ ਹੋਂਦ ਖ਼ਤਰੇ 'ਚ ਪੈਣ ਦਾ ਹੈ।

ਸਿੱਖਾਂ ਦੀ ਹੋਂਦ ਗੁਰੂ ਦੀ ਪਹਿਲ ਤਾਜ਼ਗੀ ਨਾਲ ਟੁੱਟਦੀ ਜਾ ਰਹੀ ਹੈ। ਸਿੱਖ ਚੁੱਪ ਹਨ, ਮਾਨਸਿਕਤਾ 'ਚ ਕਬਰਾਂ ਵਰਗੀ ਸ਼ਾਂਤੀ ਹੈ, ਇਸੇ ਲਈ ਦਰਬਾਰ ਸਾਹਿਬ ਵਿੱਚ ਗੁਨਾਹਗਾਰ ਪ੍ਰਬੰਧਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮੱਛੀਆਂ ਮਰਨਾ ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟ ਪ੍ਰਬੰਧਾਂ ਦੀ ਅਸਲ ਤਸਵੀਰ ਹੈ। ਹਰ ਕੋਈ ਆਪਣੇ ਅੰਦਾਜ਼ੇ ਲਗਾ ਰਿਹਾ ਹੈ, ਜੇ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਮੱਛੀਆਂ ਦੇ ਮਰਨ ਦਾ ਕਾਰਨ ਹੈ ਤਾਂ ਮੌਸਮ ਵਿੱਚ ਤਬਦੀਲੀ ਤਾਂ ਸਾਰੇ ਪੰਜਾਬ ਵਿੱਚ ਹੀ ਨਹੀਂ, ਸਾਰੀ ਦੁਨੀਆਂ ਵਿੱਚ ਹੋਈ ਹੈ। ਹੋਰ ਥਾਂਵਾਂ ਨੂੰ ਛੱਡੋ ਪੰਜਾਬ ਵਿਚਲੇ ਕਿਸੇ ਹੋਰ ਸਰੋਵਰ, ਕਿਸੇ ਡੈਮ, ਕਿਸੇ ਮੱਛੀ ਪਾਲਣ ਕੇਂਦਰ ਤੋਂ ਅਜਿਹੀ ਕੋਈ ਸੂਚਨਾ ਪ੍ਰਾਪਤ ਨਹੀਂ। ਇਹ ਘਟਨਾ ਸਿਰਫ਼ ਦਰਬਾਰ ਸਾਹਿਬ ਹੀ ਕਿਉਂ ਵਾਪਰੀ ਹੈ? ਕੀ ਇਸ ਸੁਆਲ ਦਾ ਜੁਆਬ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇਣਗੇ? ਕੀ ਖਾਲਸਾ ਪੰਥ ਕਬਰਾਂ ਦੀ ਸ਼ਾਂਤੀ 'ਚੋਂ ਜਾਗ ਕੇ ਇਨ੍ਹਾਂ ਤੋਂ ਇਹ ਸੁਆਲ ਪੁੱਛੇਗਾ?

ਗੁਰਬਾਣੀ ਇਸ ਗੱਲ ਦਾ ਜੁਆਬ ਦੇਂਦੀ ਹੈ, ਜਿਸ ਨੂੰ ਸਮਝਣ ਦੀ ਜ਼ਰੂਰਤ ਹੈ-

ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ। ਅੰਤਰਿ ਕ੍ਰੋਧੁ ਜੂਐ ਮਤਿ ਹਾਰੀ॥
ਕੂੜ ਕੁਸਤੁ ਓਹੁ ਪਾਪ ਕਮਾਵੈ। ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ॥
ਅੰਨਾ ਬੋਲਾ ਖੁਇ ਉਝੜਿ ਪਾਇ। ਮਨਮੁਖੁ ਅੰਧਾ ਆਵੈ ਜਾਇ॥
(ਗੁਰੂ ਗੰਥ ਸਾਹਿਬ ਪੰਨਾ 314)

ਇਹ ਸ਼ਲੋਕ ਅਜੋਕੀ ਸਿੱਖ ਲੀਡਰਸ਼ਿਪ ਪੂਰੀ ਤਰ੍ਹਾਂ ਢੁੱਕਦਾ ਹੈ, ਜਿਨ੍ਹਾਂ ਦਾ ਕਬਜ਼ਾ ਅਕਾਲ ਤਖ਼ਤ, ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸਿੱਖ ਸਮਾਜ ਉੱਪਰ ਹੈ। ਇਹਨਾਂ ਦਾ ਵਰਤਾਰਾ ਗੁਰਮਤਿ ਵਿਧਾਨ ਦੇ ਉਲਟ ਹੈ। ਗੁਰਮਤਿ ਵਿੱਚ ਇਸੇ ਕਰਕੇ ਅਜਿਹੇ ਲੋਕਾਂ ਨੂੰ ਮਨਮੁੱਖ ਕਿਹਾ ਹੈ, ਜਿਨ੍ਹਾਂ ਦੀ ਮੱਤ ਚੰਗੀ ਨਹੀਂ ਤੇ ਹੰਕਾਰ ਤੇ ਕ੍ਰੋਧ ਨਾਲ ਭਰੇ ਹੋਏ ਹਨ। ਉਹ ਕੂੜ, ਝੂਠ ਤੇ ਪਾਪ ਕਮਾਉਂਦੇ ਹਨ। ਉਨ੍ਹਾਂ ਨੂੰ ਸੁਣਨ ਜਾਂ ਸੁਣਾਉਣ ਦਾ ਕੋਈ ਅਰਥ ਨਹੀਂ, ਕਿਉਂਕਿ ਇਹ ਲੋਕ ਆਪ ਹੀ ਓਝੜੇ ਪਏ ਹੋਏ ਹਨ। ਇਹ ਕਿਸੇ ਨੂੰ ਵੀ ਚਾਨਣ ਨਹੀਂ ਦੇ ਸਕਦੇ। ਇਸੇ ਕਰਕੇ ਦਰਬਾਰ ਸਾਹਿਬ ਦੇ ਪ੍ਰਬੰਧਾਂ ਵਿੱਚ ਘਾਟਾਂ ਦੇਖਣ ਨੂੰ ਮਿਲ ਰਹੀਆਂ ਹਨ। ਜਦ ਮੱਤ ਹੀ ਪਲੀਤ ਹੋ ਜਾਵੇ, ਤਾਂ ਇਹੋ ਜਿਹੀਆਂ ਖਾਮੀਆਂ ਦੇਖਣ ਨੂੰ ਮਿਲਣਗੀਆਂ ਹੀ। ਸੋ ਭ੍ਰਿਸ਼ਟ ਪ੍ਰਬੰਧਕਾਂ ਤੋਂ ਗੁਰਧਾਮਾਂ ਦੇ ਸੁਧਾਰ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਕਾਂਡ ਹੋਰ ਵੀ ਵਾਪਰਨਗੇ, ਕਿਉਂਕਿ ਇਹ ਸਭ ਕੁਝ ਪ੍ਰਬੰਧਕਾਂ ਦੇ ਗਰਕਨ ਦੀ ਨਿਸ਼ਾਨੀ ਹੈ।

- ਪ੍ਰੋ. ਬਲਵਿੰਦਰਪਾਲ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top