Main News Page

ਗੋਬਲਜ਼ ਦੇ ਵਾਰਸਾਂ ਦਾ ਸੱਚੋ ਸੱਚ - “ਭਗਵਾਂ ਆਤੰਕਵਾਦ” ਦਾ ਵਿਸ਼ਲੇਸ਼ਣ

ਨਾਗਪੁਰ ਰਿਸ਼ਮ ਬਾਗ ਮੈਦਾਨ ਵਿੱਚ, ਦੁਸ਼ਹਿਰੇ ਦੀ ਸਾਲਾਨਾ ਰੈਲੀ ਨੂੰ ਸੰਬੋਧਨ ਕਰਦਿਆਂ, ਅਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕੇਂਦਰ ਸਰਕਾਰ ਵਲੋਂ ਵਰਤੇ ਗਏ, “ਭਗਵਾਂ ਆਤੰਕਵਾਦ” ਦੇ ਲਫਜ਼ਾਂ ਤੇ ਸਖਤ ਇਤਰਾਜ਼ ਕਰਦਿਆਂ ਕਿਹਾ ਕਿ “ਹਿੰਦੂਆਂ ਅਤੇ ਆਤੰਕਵਾਦ ਵਿੱਚ ਕੋਈ ਰਿਸ਼ਤਾ ਨਹੀਂ ਹੈ। “ਹਿੰਦੂ ਆਤੰਕਵਾਦ” ਸ਼ਬਦ ਦੀ ਵਰਤੋਂ ਕਿਸੇ ਹਾਲਤ ਵਿਚ ਵੀ ਨਹੀਂ ਹੋਣੀ ਚਾਹੀਦੀ। ਆਤੰਕਵਾਦ ਅਤੇ ਹਿੰਦੂ, ਦੋਵੇਂ ਪਰਸਪਰ ਵਿਰੋਧੀ ਲਫਜ਼ ਹਨ, ਇਨ੍ਹਾਂ ਦਾ ਇੱਕ ਦੂਸਰੇ ਨਾਲ ਕੋਈ ਸਬੰਧ ਨਹੀਂ ਹੋ ਸਕਦਾ।

ਉਨ੍ਹਾਂ ਕਾਂਚੀ ਦੇ ਸ਼ੰਕਰਾਚਾਰੀਆ ਨੂੰ ਕਤਲ ਕੇਸ ਵਿਚ ਫਸਾਉਣ ਬਾਰੇ ਇਸ਼ਾਰਾ ਕਰਦਿਆਂ ਕਿਹਾ “ਦੇਸ਼ ਵਿਚ ਹਿੰਦੂ ਸੰਤਾਂ ਅਤੇ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਹਿੰਦੂਆਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ।

ਬਾਬਰੀ ਮਸਜਿਦ ਦੇ ਫੈਸਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ, ਖਾਸ ਕਰ ਮੁਸਲਮਾਨਾਂ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਅਦਾਲਤ ਦੇ ਫੈਸਲੇ ਨੂੰ ਮੰਨ ਕੇ, ਦੇਸ਼ ਵਿਚ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਇਹ ਉਨ੍ਹਾਂ ਲਈ ਨਵੀਂ ਸ਼ੁਰੂਆਤ ਕਰਨ ਦਾ ਸੁਨਹਰੀ ਮੌਕਾ ਹੈ।

ਸੋਚਦਾ ਹਾਂ, ਭਾਗਵਤ ਜੀ ਬਿਲਕੁਲ ਸੱਚ ਕਹਿ ਰਹੇ ਹਨ, ਜਿਸ ਦੀ ਗਵਾਹੀ ਪਿਛਲੇ 1200 ਸਾਲ ਦਾ ਇਤਿਹਾਸ, ਭਰਦਾ ਹੈ। ਜ਼ਾਲਮ ਮੁਸਲਮਾਨ ਹਾਕਮਾਂ ਨੇ ਉਨ੍ਹਾਂ ਦੇ ਮੰਦਰਾਂ ਵਿਚੋਂ ਹਜ਼ਾਰਾਂ ਟਨ ਸੋਨਾ ਲੁਟਿਆ, ਉਨ੍ਹਾਂ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਕੈਦੀ ਬਣਾ ਕੇ, ਗਜ਼ਨੀ ਦੇ ਬਜ਼ਾਰਾਂ ਵਿਚ ਵੇਚਿਆ, ਲੱਖਾਂ ਦੀ ਗਿਣਤੀ ਵਿਚ ਹਿੰਦੂਆਂ ਦਾ ਕਤਲ ਕੀਤਾ, ਪਰ ਹਿੰਦੂਆਂ ਨੇ ਕਦੇ ਵੀ ਕਿਸੇ ਜ਼ਾਲਮ ਨਾਲ ਝਗੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੁਗਲਾਂ ਨਾਲ ਉਨ੍ਹਾਂ ਨੇ ਆਪਸੀ ਰਿਸ਼ਤੇਦਾਰੀਆਂ ਕਾਇਮ ਕਰ ਕੇ, ਆਪਸੀ ਸੁਹਾਰਦ ਦਾ ਪੂਰਾ ਸਬੂਤ ਦਿੱਤਾ। ਏਥੋਂ ਤਕ ਕਿ ਬੀਰਬਲ (ਮਹੇਸ਼ ਦਾਸ) ਵਰਗੇ ਦੁਰਲੱਭ ਹੀਰੇ ਨੂੰ ਵੀ, ਅਕਬਰ ਦੇ ਦਰਬਾਰ ਵਿੱਚ, ਦਹੇਜ ਦੀਆਂ ਵਸਤਾਂ ਦੇ ਨਾਲ ਭੇਂਟ ਕਰਨ ਵਿਚ ਵੀ ਕੋਈ ਹਿਚਕ ਨਹੀਂ ਵਿਖਾਈ।

1857 ਵਿੱਚ ਅੰਗਰੇਜ਼ਾਂ ਵਿਰੁੱਧ ਵੀ ਮੁਸਲਮਾਨਾਂ ਦਾ ਪੂਰਾ ਸਾਥ ਦਿੱਤਾ। ਇਹ ਗੱਲ ਵੱਖਰੀ ਹੈ ਕਿ ਮੁਸਲਮਾਨਾਂ ਦੇ ਹਾਰ ਜਾਣ ਕਾਰਨ, ਮਜਬੂਰੀ ਵੱਸ ਉਨ੍ਹਾਂ ਨੇ ਆਪਣੀ ਵਫਾਦਾਰੀ ਬਦਲ ਕੇ ਅੰਗਰੇਜ਼ਾਂ ਨਾਲ ਜੋੜ ਲਈ। (ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਵਫਾਦਾਰੀ ਸਿੱਖਾਂ ਨਾਲ ਸੀ) ਲੱਗੇ ਹੱਥ ਮਜਬੂਰੀ ਦਾ ਵੀ ਵਿਸਲੇਸ਼ਨ ਕਰ ਹੀ ਦਿਆਂ।

ਦੋ ਦੋਸਤ ਆਪਸ ਵਿਚ ਗੱਲਾਂ ਕਰ ਰਹੇ ਸਨ, ਇੱਕ ਨੇ ਦੂਸਰੇ ਨੂੰ ਕਿਹਾ ਕਿ ਯਾਰ ਰਾਜਪੂਤ ਤਾਂ ਆਪਣੇ ਸਿਧਾਂਤ ਦੇ ਬੜੇ ਪੱਕੇ ਹੁੰਦੇ ਹਨ, ਪਰ ਤੂੰ ਰਾਜਪੂਤ ਹੁੰਦਿਆਂ ਵੀ ਪਿਛਲੇ ਦੋ ਸਾਲਾਂ ਵਿੱਚ ਤਿੰਨ ਪਾਰਟੀਆਂ ਬਦਲ ਚੁੱਕਾ ਹੈਂ, ਇਹ ਕਿਹੜਾ ਸਿਧਾਂਤ ਹੈ ? ਦੂਸਰੇ ਦੋਸਤ ਨੇ ਤਪਾਕ ਨਾਲ ਕਿਹਾ ਕਿ ਯਾਰ, ਜੇ ਸਿਧਾਂਤ ਹੀ ਤੇਰੇ ਪੱਲੇ ਨਾ ਪਵੇ ਤਾਂ ਮੈਂ ਕੀ ਕਰਾਂ? ਅਸੀਂ ਰਾਜਪੂਤ ਹਾਂ, ਸਾਡਾ ਸਿਧਾਂਤ ਹੈ, ਜਿਸ ਕਾ ਰਾਜ, ਉਸੀ ਕੇ ਪੂਤ। ਇਵੇਂ ਹੀ ਹਿੰਦੂਆਂ ਦਾ ਸਿਧਾਂਤ ਹੈ “ਅਹਿੰਸਾ ਪਰਮੋ ਧਰਮਾ” ਉਹ ਵਿਚਾਰੇ ਆਤੰਕਵਾਦੀ ਕਿਵੇਂ ਹੋ ਸਕਦੇ ਹਨ?

ਮੈਨੂੰ ਬਘਿਆੜ ਅਤੇ ਘੁੱਗੀ ਵਿਚਲਾ ਫਰਕ ਯਾਦ ਆ ਗਿਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂ। ਬਘਿਆੜ ਬੜਾ ਹਿੰਸਕ ਜਾਨਵਰ ਹੁੰਦਾ ਹੈ, ਦੂਸਰਿਆਂ ਨੂੰ ਪਾੜ ਖਾਂਦਾ ਹੈ। ਪਰ ਤੁਸੀਂ ਵੀ ਇਕ ਕਹਾਣੀ ਸੁਣੀ ਹੋਵੇਗੀ ਕਿ ਇਕ ਬੱਚਾ ਬਘਿਆੜ ਨੂੰ ਨੇੜੇ ਵੇਖ ਕੇ, ਸਾਹ ਘੁੱਟ ਕੇ ਲੰਮਾ ਪੈ ਗਿਆ, ਜਦ ਬੀਘਆੜ ਉਸ ਦੇ ਕੋਲ ਆਇਆ ਤਾਂ ਉਸ ਵੇਖਿਆ ਕਿ ਇਹ ਤਾਂ ਮੁਰਦਾ ਹੈ, ਉਹ ਉਸ ਬੱਚੇ ਨੂੰ ਛੱਡ ਕੇ ਚਲਾ ਗਿਆ।

ਦੂਸਰੇ ਪਾਸੇ ਘੁੱਗੀ ਬੜੀ ਸਾਊ, ਸ਼ਾਂਤ ਪੰਛੀ ਹੈ, ਜਿਸ ਬਾਰੇ ਅਖਾਣ ਮਸ਼ਹੂਰ ਹੈ ਕਿ ਘੁੱਗੀ ਭਾਵੇਂ ਸਾਰਾ ਖੇਤ ਖਾ ਜਾਵੇ, ਕੋਈ ਕੁਸਕਦਾ ਨਹੀਂ, ਪਰ ਜੇ ਕਾਂ ਫਸਲ ਦੇ ਉਤੋਂ, ਲੰਘ ਹੀ ਜਾਵੇ ਤਾਂ ਹੋਏ-ਹੋਏ ਹੋ ਜਾਂਦੀ ਹੈ। ਘੁੱਗੀ ਦਾ ਇਕ ਗੁਣ ਹੋਰ ਵੀ ਹੁੰਦਾ ਹੈ, ਉਹ ਆਤੰਕ ਨਹੀਂ ਫੈਲਾਉਂਦੀ, ਜੇ ਲੜਾਈ ਦੌਰਾਨ ਕੋਈ ਘੁੱਗੀ ਉਸ ਤੋਂ ਮਾੜੀ ਹੋਵੇ ਤਾਂ ਭਾਵੇਂ ਉਹ ਘੁੱਗੀ ਸਾਹ ਘੁੱਟ ਕੇ ਹੀ ਪੈ ਜਾਵੇ, ਪਰ ਉਹ ਉਸ ਨੂੰ ਮਾਰੇ ਬਗੈਰ ਨਹੀਂ ਛੱਡਦੀ।

ਕੁੱਝ ਇਵੇਂ ਦਾ ਹੀ ਸੁਭਾਉ ਹਿੰਦੂਆਂ ਦਾ ਵੀ ਹੁੰਦਾ ਹੈ, ਉਹ ਆਤੰਕਵਾਦੀ ਨਹੀਂ ਹੁੰਦੇ ਪਰ ਜੇ ਕੋਈ ਮਾੜਾ ਉਨ੍ਹਾਂ ਦੇ ਹੱਥ ਆ ਜਾਵੇ ਤਾਂ ਉਹ, ਉਸ ਨੂੰ ਮਾਰੇ ਬਗੈਰ ਨਹੀਂ ਛੱਡਦੇ। ਉਹ ਦੋ-ਚਾਰ ਜਿਣੇ, ਕੱਲੇ-ਦੁਕੱਲੇ ਦੇ ਗੱਲ ਨਹੀਂ ਪੈਂਦੇ, ਪਰ ਜੇ ਗਿਣਤੀ ਸੈਂਕੜਿਆ ਤੱਕ ਹੋ ਜਾਵੇ, ਪੁਲਸ ਹਥਿਆਰ ਲੈ ਕੇ ਨਾਲ ਹੋਵੇ, ਵੇਲੇ ਦੀ ਸਰਕਾਰ ਪਿੱਠ ਤੇ ਹੋਵੇ, ਫਿਰ ਜੋ ਆਤੰਕ ਫੈਲਾਇਆ ਜਾਵੇਗਾ, ਉਸ ਵਿੱਚ ਹਿੰਦੂਆਂ ਦਾ ਦੋਸ਼ ਕਿਵੇਂ ਹੋ ਸਕਦਾ ਹੈ? ਉਸ ਵਿਚ ਤਾਂ, ਦੋਸ਼ ਪੁਲਿਸ ਅਤੇ ਉਸ ਦੇ ਹਥਿਆਰਾਂ ਦਾ ਹੋਇਆ। ਜਾਂ ਦੋਸ਼ ਉਸ ਸਰਕਾਰ ਦਾ ਹੋਵੇਗਾ, ਜਿਸ ਬਾਰੇ ਉਨ੍ਹਾਂ ਨੂੰ ਪੂਰਾ ਭਰੋਸਾ ਹੋਵੇ ਕਿ, ਇਸ ਸਰਕਾਰ ਦੇ ਹੁੰਦਿਆਂ, ਉਸ ਦੀਆਂ ਅਦਾਲਤਾਂ ਨੇ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਾ।

ਅਜਿਹੀ ਹਾਲਤ ਵਿਚ ਇਸ ਅਤੰਕਵਾਦ ਨੂੰ, ਹਿੰਦੂ ਆਤੰਕਵਾਦ ਤਾਂ ਨਹੀਂ ਕਿਹਾ ਜਾ ਸਕਦਾ, ਇਹ ਤਾਂ ਸਰਕਾਰੀ ਆਤੰਕਵਾਦ ਹੀ ਕਿਹਾ ਜਾ ਸਕਦਾ ਹੈ। ਇਸ ਦੀਆਂ ਹੀ ਮਿਸਾਲਾਂ ਹਨ, 1984 ਵਿਚਲਾ ਸਿੱਖ ਕਤਲੇਆਮ, ਛੱਤੀਸਿੰਘ ਪੁਰੇ ਵਿੱਚਲਾ ਸਿੱਖਾਂ ਦਾ ਨਰਸੰਹਾਰ। ਇਸ ਦਾ ਹੀ ਇਕ ਰੂਪ ਹੈ ਗੁਜਰਾਤ ਵਿੱਚਲਾ ਮੁਸਲਮਾਨਾਂ ਦਾ ਕਤਲੇਆਮ ਅਤੇ ਉੜੀਸਾ ਵਿਚ ਈਸਾਈ ਪਿਉ ਪੁਤ੍ਰਾਂ ਨੂੰ ਜੀਪ ਵਿਚ ਹੀ ਬੰਦ ਕਰ ਕੇ ਸਾੜ ਦੇਣਾ। ਇਹ ਸਾਰਾ ਕੁਝ ਹਿੰਦੂਆਂ ਨੇ ਕੀਤਾ, ਪਰ ਇਸ ਵਿੱਚ ਉਨ੍ਹਾਂ ਦਾ ਤਾਂ ਕੋਈ ਕਸੂਰ ਨਹੀਂ, ਉਨ੍ਹਾਂ ਵਿਚਾਰਿਆਂ ਨੂੰ ਤਾਂ ਸਰਕਾਰ ਵਿਚ ਬੈਠੇ ਹਿੰਦੂ ਵਜ਼ੀਰਾਂ ਨੇ ਭੜਕਾਇਆ ਸੀ, ਪੁਲਿਸ ਨੇ ਹਥਿਆਰ ਲੈ ਕੇ ਉਨ੍ਹਾਂ ਦਾ ਸਾਥ ਦਿੱਤਾ ਸੀ। ਸਰਕਾਰ ਨੇ ਉਨ੍ਹਾਂ ਦੀ ਅੱਜ ਤੱਕ ਪਿੱਠ ਪੂਰੀ ਹੈ, ਅਦਾਲਤਾਂ ਵਿੱਚ ਉਨ੍ਹਾਂ ਨੂੰ ਪੂਰਾ ਸੰਰਕਸ਼ਣ ਦਿੱਤਾ ਹੈ। (ਸਰਕਾਰ ਭਾਵੇਂ ਕਾਂਗਰਸ ਦੀ ਹੋਵੇ, ਭਾਵੇਂ ਬੀ.ਜੇ ਪੀ. ਦੀ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ)।

ਇਸ ਮਾਮਲੇ ਵਿਚ ਗੋਬਲਜ਼ ਦੇ ਵਾਰਸ, ਗੋਬਲਜ਼ ਦੀ ਨੀਤੀ ਅਨੁਸਾਰ, ਪੂਰਨ ਸੱਚ ਬੋਲ ਰਹੇ ਹਨ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਕਸੂਰ ਤਾਂ ਸਾਰਾ ਸਿੱਖਾਂ ਦਾ ਹੈ, ਜਿਨ੍ਹਾਂ ਨੇ ਪਿੱਛਲੇ ਪੰਜ ਸੌ ਸਾਲ ਦੇ ਇਤਿਹਾਸ ਨੂੰ ਵੇਖ ਕੇ ਅਣਡਿੱਠ ਕਰਦਿਆਂ, ਹਿੰਦੂਆਂ ਦੇ ਸਾਰੇ ਕਾਰੇ ਵਿਸਾਰ ਕੇ, ਹਿੰਸਕ ਅੰਗਰੇਜ਼ਾਂ ਕੋਲੋਂ ਰਾਜ ਖੋਹ ਕੇ, ਅਹਿੰਸਕ ਹਿੰਦੂਆਂ ਨੂੰ ਦੇ ਦਿੱਤਾ।

(ਵੈਸੇ ਮੈਨੂੰ ਅੱਜ ਤਕ, ਇਹੀ ਸਮਝ ਨਹੀਂ ਆਇਆ ਕਿ ਸਿੱਖ, ਅਰਦਾਸ ਵਿਚ ਕੀ ਵੇਖ ਕੇ ਅਣਡਿੱਠ ਕਰਨ ਵਾਲਿਆਂ ਦੇ ਸੋਹਲੇ ਗਾਉਂਦੇ ਹਨ? ਸ਼ਾਇਦ ਹਿੰਦੂਆਂ ਦੇ ਕਾਰਨਾਮੇ ਵੇਖ ਕੇ ਹੀ ਅਣਡਿੱਠ ਰਨ ਵਾਲਿਆਂ ਦੀ ਗੱਲ ਕਰਦੇ ਹੋਣ? ਪਰ ਮੈਂ ਇਸ ਤੇ ਕੋਈ ਇਤਰਾਜ਼ ਨਹੀਂ ਕਰ ਰਿਹਾ, ਕਿਉਂਕਿ ਜੇ ਕੋਈ ਇਤਰਾਜ਼ ਕਰਨ ਦੀ ਗੱਲ ਕਰਾਂਗਾ ਤਾਂ ਕਈ ਵੀਰ ਇਹ ਇਤਰਾਜ਼ ਕਰ ਦੇਣਗੇ ਕਿ “ਦੇਖੋ ਜੀ ਇਹ ਹੁਣ ਸਾਰੇ ਪੰਥ ਵਲੋਂ ਪਰਵਾਣਿਤ ਰਹਿਤ ਮਰਯਾਦਾ ਤੇ ਕਿੰਤੂ ਕਰ ਰਿਹਾ ਹੈ। ਹਾਲਾਂਕਿ ਇਹ ਸਾਰੇ ਹੀ ਜਾਣਦੇ ਹਨ ਕਿ ਅੱਜ ਇਹ ਰਹਿਤ ਮਰਯਾਦਾ ਸਿੱਖਾਂ ਦੇ .1% ਗੁਰਦਵਾਰਿਆਂ ੱਿਵਚ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੈ । ਇਹ ਕਿਹੜੇ ਹਾਲਾਤ ਵਿਚ ਸਰਵ ਪਰਵਾਣਿਤ ਹੋਈ ? ਇਸ ਵਿਚ ਮਗਰੋਂ ਅਣਅਧਿਕਾਰਿਤ ਤੌਰ ਤੇ, ਚੋਰੀ-ਚੋਰੀ ਕਿੰਨਾਂ ਕੁੱਝ ਬਦਲਿਆ ਗਿਆ? ਇਹ ਸਿੱਖੀ ਸਿਧਾਂਤ ਤੇ ਕਿੰਨੀ ਕੁ ਖਰੀ ਉਤਰਦੀ ਹੈ?)

ਅਮਰਜੀਤ ਸਿੰਘ ਚੰਦੀ
ਫੋਨ:- 91 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top