Main News Page

ਧਾਰਾ 153 ਏ ਅਤੇ ਧਾਰਾ 295 ਏ: ਡੰਡੇ ਨਾਲ ਪੰਜਾਬ ਵਿਚੋਂ ਸਿੱਖੀ ਦਾ ਪ੍ਰਚਾਰ ਬਿਲਕੁਲ ਬੰਦ ਕੀਤਾ ਜਾਵੇਗਾ

ਬਾਦਲ ਸਰਕਾਰ ਨੂੰ ਧਾਰਾ 153 ਏ ਅਤੇ ਧਾਰਾ 295 ਏ ਵਿਚ ਸੋਧ ਕਰਨ ਦੀ ਲੋੜ ਕਿਉਂ ਪਈ? ਜ਼ਾਹਰਾ ਤੌਰ ਤੇ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਆਉ ਇਸ ਨੂੰ ਵਿਚਾਰਨ ਤੋਂ ਪਹਿਲਾਂ, ਇਨ੍ਹਾਂ ਧਾਰਾਵਾਂ ਦੀ ਮੂਲ਼ ਭਾਸ਼ਾ ਵੇਖ ਲਈਏ, ਇਹ ਇਵੇਂ ਹੈ,

153 A: Promoting enmity between classes, Promoting enimity between classes in places of Worship, etc.
293 A: Maliciously insulting the religion or the religious beliefs of any class


ਧਾਰਾ 153 ਏ ਦੀ ਦੂਸਰੀ ਮੱਦ ਵਿਚ ਪੰਜ ਸਾਲ ਕੈਦ, ਜਾਂ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ। ਧਾਰਾ 153 ਏ ਦੀ ਪਹਿਲੀ ਮੱਦ ਅਤੇ ਧਾਰਾ 295 ਏ ਵਿਚ ਤਿੰਨ ਸਾਲ ਕੈਦ, ਜਾਂ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।  ਇਨ੍ਹਾਂ ਵਿਚ ਸੋਧ ਕਰ ਕੇ ਬਾਦਲ ਜੀ ਨੇ ਦਸ ਸਾਲ ਕੈਦ, ਜਾਂ ਜੁਰਮਾਨਾ, ਜਾਂ ਦੋਵੇਂ ਕੀਤੇ ਹਨ।

ਜਦ ਦੀ ਹੋਸ਼ ਸੰਭਾਲੀ ਹੈ ਤਦ ਤੋਂ, ਇਨ੍ਹਾਂ ਦੋਵਾਂ ਧਾਰਾਵਾਂ ਦੀ ਉਲੰਘਣਾਂ ਸਰਕਾਰੀ ਕਾਰਿੰਦਿਆਂ ਅਤੇ ਬਹੁਗਿਣਤੀ ਵਲੋਂ ਸ਼ਰੇਆਮ ਹੁੰਦੀ ਵੇਖਦਾ ਆ ਰਿਹਾ ਹਾਂ, ਪਰ ਅੱਜ-ਤੱਕ ਉਨ੍ਹਾਂ ਵਿਰੁੱਧ, ਇਨ੍ਹਾਂ ਧਾਰਾਵਾਂ ਅਧੀਨ ਕਦੇ ਕੇਸ ਨਹੀਂ ਬਣਿਆ। ਹੁਣ ਬਾਦਲ ਸਾਹਿਬ ਦੇ ਰਾਜ ਵਿਚ ਅਜਿਹੀ ਕੀ ਘਟਨਾ ਵਾਪਰ ਗਈ? ਜਿਸ ਕਾਰਨ ਇਨ੍ਹਾਂ ਵਿਚ ਸੋਧ ਕਰ ਕੇ ਇਨ੍ਹਾਂ ਨੂੰ ਹੋਰ ਸਖਤ ਕਰਨਾ ਪਿਆ? ਮੇਰਾ ਖਿਆਲ ਹੈ ਕਿ ਪੰਜਾਬ ਤੋਂ ਇਲਾਵਾ ਅਜਿਹੀ ਸੋਧ ਭਾਰਤ ਦੇ ਹੋਰ ਕਿਸੇ ਸੂਬੇ ਵਿਚ ਨਹੀਂ ਹੋਈ।

ਯਕੀਨਨ ਇਸ ਪਿੱਛੇ ਇੱਕ ਤੋਂ ਵੱਧ ਕਾਰਨ ਹਨ। ਜਿਵੇਂ ਬਹੁ ਗਿਣਤੀ (ਜਿਨ੍ਹਾਂ ਦੀ ਬਾਦਲ ਸਰਕਾਰ ਨਾਲ ਭਾਈਵਾਲੀ ਹੈ) ਦਾ ਬਾਦਲ ਤੇ ਦਬਾਅ ਅਤੇ ਡੇਰੇਦਾਰਾਂ ਦਾ (ਜੋ ਬਾਦਲ ਦਾ ਵੋਟਬੈਂਕ ਹਨ) ਬਾਦਲ ਤੇ ਦਬਾਅ। ਇਸ ਦੀ ਵਰਤੋਂ ਯਕੀਨਨ ਉਨ੍ਹਾਂ ਪ੍ਰਚਾਰਕਾਂ ਵਿਰੁੱਧ ਹੋਣ ਵਾਲੀ ਹੈ, ਜੋ ਸਿੱਖਾਂ ਨੂੰ ਜਾਗਰੂਕ ਕਰਨ ਦੇ ਰਾਹ ਤੇ ਚਲ ਰਹੇ ਹਨ। ਭਾਵੇਂ ਉਹ ਇਹ ਕੰਮ ਮੌਖਿਕ ਰੂਪ ਵਿਚ ਕਰ ਰਹੇ ਹਨ ਜਾਂ ਲਿਖਤੀ ਰੂਪ ਵਿੱਚ।

ਬਹੁਗਿਣਤੀ ਮਾਨਤਾਵਾਂ ਨੂੰ ਗੁਰਮਤਿ ਰੱਦ ਕਰਦੀ ਹੈ, ਇਸ ਤਰ੍ਹਾਂ ਗੁਰਮਤਿ ਦੇ ਸਿਧਾਂਤਾਂ ਦਾ ਪ੍ਰਚਾਰ, ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ, ਨਾ ਚਾਹੁੰਦੇ ਹੋਏ ਵੀ ਠੇਸ ਪਹੁੰਚਾਏਗਾ। ਜਦ ਸਿੱਖ ਪ੍ਰਚਾਰਕ ਆਮ ਜਨਤਾ ਦੀ ਲੁੱਟ ਦੀ ਗੱਲ ਕਰਨਗੇ ਤਾਂ ਲੁੱਟ ਦੇ ਕਾਰਨਾਂ ਦਾ ਵੀ ਖੁਲਾਸਾ ਕੀਤਾ ਹੀ ਜਾਵੇਗਾ, ਜਿਸ ਨਾਲ ਹਿੰਦੂ ਪੁਜਾਰੀਆਂ ਅਤੇ ਡੇਰੇਦਾਰਾਂ ਦੀਆਂ ਭਾਵਨਾਵਾਂ ਦੇ ਨਾਲ-ਨਾਲ ਸਿੱਖ ਪੁਜਾਰੀਆਂ (ਜਿਨ੍ਹਾਂ ਦਾ ਸੰਨਰਕਸ਼ਕ ਬਾਦਲ ਹੈ) ਦੀਆਂ ਭਾਵਨਾਵਾਂ ਨੂੰ ਵੀ ਠੇਸ ਲੱਗੇਗੀ ਹੀ। ਧਾਰਾ 295 ਏ ਲੱਗੇਗੀ ਹੀ।

ਜੇ ਸਿੱਖ ਪ੍ਰਚਾਰਕ, ਖਾਲੀ ਗੱਲਾਂ ਨਾਲ ਖਾਨਾਪੂਰਤੀ ਕਰਨਗੇ, ਫਿਰ ਤਾਂ ਹੋਰ ਗੱਲ ਹੈ, ਜੇ ਬਾਬੇ ਨਾਨਕ ਦੇ ਸਿਧਾਂਤਾਂ ਨੂੰ ਲਾਗੂ ਕਰਵਾਉਣ ਦੀ ਗੱਲ ਕਰਨਗੇ, ਜਿਵੇਂ ਗੁਰੂ ਨਾਨਕ ਜੀ ਨੇ ਹਰਦੁਆਰ ਵਿਚ, ਜਾਂ ਮੱਕੇ ਆਦਿ ਵਿਚ ਕੀਤਾ ਸੀ ਤਾਂ ਧਾਰਾ 153 ਏ ਲੱਗੇਗੀ ਹੀ ਲੱਗੇਗੀ। ਜੇ ਡੇਰੇਦਾਰ ਪਿੰਡਾਂ ਵਿਚ ਆਪਣੇ ਅੱਡਿਆਂ ਵਿਚ ਨਾਮ ਚਰਚਾ ਲਾਊਡ ਸਪੀਕਰ ਲਗਾ ਕੇ ਕਰਨਗੇ ਅਤੇ ਪਿੰਡ ਦੇ ਲੋਕ ਟੋਕਣਗੇ, ਤਾਂ ਧਾਰਾ 153 ਏ ਲੱਗੇਗੀ ਹੀ ਲੱਗੇਗੀ।

ਮੁਕਦੀ ਗੱਲ ਤਾਂ ਇਹ ਹੈ ਕਿ ਕਾਨੂਨ ਲਾਗੂ ਕਰਨ ਦੀ ਜ਼ਿਮੇਵਾਰੀ ਜਿਨ੍ਹਾਂ ਏਜੈਂਸੀਆਂ ਦੀ ਹੁੰਦੀ ਹੈ, ਉਨ੍ਹਾਂ ਵਿਚ ਸਿੱਖਾਂ ਦੀ ਸੁਣਵਾਈ ਬਿਲਕੁਲ ਨਹੀਂ ਹੋਵੇਗੀ, ਜਿਸ ਦੇ ਪਰਤੱਖ ਸਬੂਤ, ਨਿਰੰਕਾਰੀ ਕਾਂਡ, ਉਸ ਤੋਂ ਉਪਜਿਆ 1975 ਤੋਂ 1992 ਤੱਕ ਦਾ ਸਿੱਖਾਂ ਦਾ ਕਤਲੇਆਮ। ਸੌਦਾ ਸਾਧ ਅਤੇ ਰਾਧਾਸੁਆਮੀਆਂ ਦੀਆਂ ਵਧੀਕੀਆਂ ਜਿਨ੍ਹਾਂ ਦੀ ਸੁਣਵਾਈ ਅੱਜ ਤਕ ਨਹੀਂ ਹੋਈ।

ਕਾਨੂਨ ਲਾਗੂ ਕਰਨ ਵਾਲੀ ਪੁਲਿਸ ਹੀ ਹੁੰਦੀ ਹੈ, ਜਿਸ ਨੂੰ ਪਹਿਲਾਂ ਕੇਂਦਰ ਸਰਕਾਰ ਨੇ ਤੇ ਫਿਰ ਬਾਦਲ ਸਰਕਾਰ ਨੇ ਪੂਰੀਆਂ ਛੋਟਾਂ ਦੇ ਕੇ, ਇਨਾਮ ਦੇ ਕੇ, ਸੁਰੱਕਸ਼ਾ ਦੀ ਗਾਰੰਟੀ ਦੇ ਕੇ, ਸਿੱਖਾਂ ਵਿਰੁੱਧ ਕੀਤਾ ਹੋਇਆ ਹੈ। ਅਤੇ ਸੋਨੇ ਤੇ ਸੁਹਾਗੇ ਦਾ ਕੰਮ, ਸਿੱਖਾਂ ਕੋਲੋਂ ਥੋੜੇ ਜਿਹੇ ਦਬਕੇ ਨਾਲ ਲੱਖਾਂ ਰੁਪਏ ਦੀ ਵਸੂਲੀ ਨੇ ਕੀਤਾ ਹੈ। ਜਿਸ ਕਾਰਨ ਦੋ ਨੰਬਰ ਦੀ ਕਮਾਈ ਕਰਨ ਵਾਲੇ ਤਾਂ ਬਚ ਜਾਂਦੇ ਹਨ, ਪਰ ਕਿਰਤੀ ਬੰਦਾ ਪੈਸੇ ਨਾ ਦੇ ਸਕਣ ਕਾਰਨ ਰਗੜਿਆ ਜਾਂਦਾ ਹੈ। ਜਿਸ ਦੀ ਮਿਸਾਲ ਪੰਜਾਬ ਵਿੱਚ ਲੱਖਾਂ ਸਿੱਖ ਨੌਜਵਾਨਾਂ ਦਾ ਪੁਲਿਸ ਹੱਥੋਂ ਮਾਰਿਆ ਜਾਣਾ ਹੈ।

ਪੰਜਾਬੀ ਦੀ ਇਕ ਕਹਾਵਤ ਹੈ, ਖਰਬੂਜਾ ਛੁਰੀ ਤੇ ਡਿਗੇ ਜਾਂ ਛੁਰੀ ਖਰਬੂਜੇ ਤੇ, ਕੱਟਿਆ ਖਰਬੂਜੇ ਨੇ ਹੀ ਜਾਣਾ ਹੈ। ਸ਼ਰਾਰਤ ਭਾਵੇਂ ਬਹੁਗਿਣਤੀ ਕਰੇ, ਜਾਂ ਪੁਲਿਸਵਾਲਾ, ਸੰਤ ਯੂਨੀਅਨ ਕਰੇ ਜਾਂ ਸਿੱਖ ਪੁਜਾਰੀ, ਕੇਸ ਸਿੱਖਾਂ ਵਿਰੁੱਧ ਹੀ ਬਣਨੇ ਹਨ, ਦੋਵੇਂ ਧਾਰਾਵਾਂ ਸਿੱਖਾਂ ਤੇ ਹੀ ਲੱਗਣੀਆਂ ਹਨ, ਉਹ ਭਾਵੇਂ ਸਿੱਖ ਪ੍ਰਚਾਰਕ ਹੋਣ ਜਾਂ ਆਮ ਸਿੱਖ। ਰਗੜਿਆ ਸਿੱਖਾਂ ਨੇ ਹੀ ਜਾਣਾ ਹੈ। ਜਜ਼ਬੇ ਵਾਲੇ ਸਿੱਖ ਮਾਰੇ ਜਾ ਚੁੱਕੇ ਹਨ। ਹੁਣ ਤਾਂ ਕਿਸੇ ਨਾਲ ਕੁੱਝ ਵੀ ਵਾਪਰ ਜਾਵੇ, ਕੋਈ ਕੁਸਕਦਾ ਵੀ ਨਹੀਂ। ਸਿੱਖ ਕਤਲੇਆਮ ਦਾ, ਜਸਵੰਤ ਸਿੰਘ ਖਾਲੜਾ ਦਾ ਕੇਸ ਸਾਮ੍ਹਣੇ ਹੈ।

ਪ੍ਰਤੱਖ ਹੈ ਕਿ ਇਹ ਧਾਰਾਵਾਂ ਉਹ ਕੰਮ ਕਰਨਗੀਆਂ ਜੋ ਕੰਮ ਟਾਡਾ ਵਗੈਰਾ ਵੀ ਨਹੀਂ ਕਰ ਸਕੀਆਂ। ਇਨ੍ਹਾਂ ਦੇ ਡੰਡੇ ਨਾਲ ਪੰਜਾਬ ਵਿਚੋਂ ਸਿੱਖੀ ਦਾ ਪ੍ਰਚਾਰ ਬਿਲਕੁਲ ਬੰਦ ਕੀਤਾ ਜਾਵੇਗਾ। ਏਨੀ ਸਾਫ ਜਿਹੀ ਗੱਲ ਵੀ ਸਿੱਖਾਂ ਤੱਕ ਨਹੀਂ ਪਹੁੰਚਾਈ ਜਾ ਰਹੀ। ਇੱਕ ਅਖਬਾਰ ਜਿਸ ਨੂੰ ਅਸੀਂ ਆਪਣੀ ਕਹਿੰਦੇ ਹਾਂ, ਜੋ ਸਿੱਖੀ ਨੂੰ ਜਾਗਰੂਕ ਕਰਨ ਦਾ ਦਮ ਵੀ ਭਰ ਰਹੀ ਹੈ। ਉਹ ਵੀ ਇਸ ਵੱਲੋਂ ਪਾਸਾ ਵੱਟ ਕੇ (ਆਪਣੀ ਹੀ ਮਾਨਤਾ ਵਧਾਉਣ ਲਈ) ਸਿਰਫ ਇਹੀ ਪ੍ਰਚਾਰ ਕਰ ਰਹੀ ਹੈ ਕਿ ਇਹ ਸਭ ਕੁੱਝ ਸਿਰਫ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਜਿਸ ਦੇ ਪ੍ਰਭਾਵ ਹੇਠ ਹਰ ਬੰਦਾ, ਸਪੋਕਸਮੈਨ ਵਿੱਚ ਇਹੀ ਬਿਆਨ ਦਿੰਦਾ ਵੇਖਿਆ ਜਾ ਸਕਦਾ ਹੈ ਕਿ ਅਸੀਂ ਚੱਟਾਨ ਵਾਂਙ ਸਪੋਕਸਮੈਨ ਦੇ ਨਾਲ ਖੜੇ ਹਾਂ।

ਯਾਨੀ ਏਥੇ ਵੀ ਗੱਲ, ਵਿਅਕਤੀਵਾਦ ਦੀ ਹੋ ਰਹੀ ਹੈ, ਗੁਰਮਤਿ ਜਾਂ ਪੰਥ, ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਖੜੇ ਹੋਣ ਦੀ ਨਹੀਂ ਹੋ ਰਹੀ। (ਕੀ ਸੰਤ ਸਮਾਜ ਦੇ ਡੇਰਿਆਂ ਵਿੱਚ, ਬ੍ਰਾਹਮਣੀ ਪ੍ਰਭਾਵ ਹੇਠ ਐਸ.ਜੀ.ਪੀ.ਸੀ. ਵਿੱਚ, ਜਾਂ ਸਿੰਘ ਸਭਾਵਾਂ ਵਿਚ ਇਸ ਤੋਂ ਕੁੱਝ ਵੱਖਰਾ ਹੋ ਰਿਹਾ ਹੈ?)

ਅਸੀਂ ਸਪੋਕਸਮੈਨ ਦੇ ਮਾਲਕ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜੇ ਉਹ ਸੱਚ-ਮੁੱਚ, ਅਖਬਾਰ ਨੂੰ ਸਿੱਖੀ ਲਈ ਸਮਰਪਿਤ ਸਮਝਦੇ ਹਨ (ਜਿਹਾ ਕਿ ਉਹ ਪ੍ਰਚਾਰ ਕਰ ਰਹੇ ਹਨ) ਤਾਂ ਉਨ੍ਹਾਂ ਨੂੰ ਆਪਣੀ ਪਾਲਿਸੀ ਵਿੱਚ ਕੁੱਝ ਤਬਦੀਲੀ ਕਰ ਕੇ ਵਿਅਕਤੀਵਾਦ ਨਾਲੋਂ ਜ਼ਿਆਦਾ ਗੁਰਮਤਿ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨਤਾ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਵਿਚ ਉਹੀ ਬੰਦੇ ਰਗੜੇ ਜਾਣੇ ਹਨ, ਜੋ 2003 ਵਿਚ ਤੁਹਾਡੇ ਨਾਲ ਚੱਟਾਨ ਵਾਂਙ ਖੜੇ ਹੋਏ ਸਨ। ਜੇ ਉਹ ਅਜਿਹਾ ਨਾ ਕਰਦੇ ਤਾਂ ਤੁਹਾਡਾ ਸੰਮੇਲਨ ਕਿਸੇ ਹਾਲਤ ਵਿੱਚ ਵੀ ਨਹੀਂ ਹੋ ਸਕਦਾ ਸੀ। ਅੱਜ ਉਨ੍ਹਾਂ ਤੇ ਵੀ ਮੁਸੀਬਤ ਹੈ, ਤੁਹਾਨੂੰ ਵੀ ਉਨ੍ਹਾਂ ਨਾਲ ਡੱਟ ਕੇ ਖੜਾ ਹੋਣਾ ਚਾਹੀਦਾ ਹੈ।

ਜੇ ਸਪੋਕਸਮੈਨ ਦੇ ਮਾਲਿਕ ਅਜਿਹਾ ਨਹੀਂ ਕਰਦੇ ਤਾਂ, ਸਿੱਖਾਂ ਦੇ ਸੁਹਿਰਦ ਲੀਡਰਾਂ ਨੂੰ ਛੇਤੀ ਤੋਂ ਛੇਤੀ ਮਿਲ ਬੈਠ ਕੇ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਸਿਖਿਆ ਨੂੰ ਨਿਗਲਣ ਦੀ ਇਸ ਪਾਲਿਸੀ ਤੋਂ ਬਚਾਅ ਦਾ ਕੋਈ ਢੰਗ ਲੱਭਣਾ ਚਾਹੀਦਾ ਹੈ। ਨਹੀਂ ਤਾਂ ਯਕੀਨਨ ਦੁਨੀਆਂ ਦੇ ਚਿੰਤਕਾਂ ਦੀ ਭਵਿੱਖ ਬਾਣੀ ਨੂੰ ਸੱਚ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿ 25 ਸਾਲ ਵਿੱਚ ਪੰਜਾਬ ਅਤੇ ਭਾਰਤ ਵਿਚ, ਬੋਧੀ ਧਰਮ ਵਾਂਙ ਸਿੱਖੀ ਸਿਧਾਂਤਾਂ ਦਾ ਵੀ ਭੋਗ ਪੈ ਜਾਵੇਗਾ। ਅਤੇ ਪੰਜਾਹ ਸਾਲ ਵਿਚ ਹਿੰਦੂਵਾਦ, ਸਿੱਖ ਸਰੂਪ ਨੂੰ ਵੀ ਨਿਗਲ ਜਾਵੇਗਾ।

(ਅੱਜ ਦੇ ਇਹ ਸੰਤ ਬ੍ਰਹਮਗਿਆਨੀ, ਸਿੰਘ ਸਾਹਿਬ ਅਤੇ ਵੱਡੇ-ਵੱਡੇ ਸਰਦਾਰ ਸਾਹਿਬ, ਬ੍ਰਾਹਮਣਾਂ ਦੀ ਸ਼ੂਦਰ ਜਾਤੀ ਵਿਚ ਸ਼ਾਮਿਲ ਹੋ ਜਾਣਗੇ, ਕਿਉਂਕਿ ਇਹ ਓਸੇ ਵਿਚੋਂ ਹੀ ਨਿਕਲੇ ਹੋਏ ਹਨ। ਨਾ ਇਹ ਬ੍ਰਾਹਮਣ ਹਨ, ਨਾ ਕਸ਼ੱਤਰੀ ਅਤੇ ਨਾ ਹੀ ਵੈਸ਼)

ਲੱਗੇ ਹੱਥ ਹੀ ਇੱਕ ਬੇਨਤੀ, ਕੁੱਝ ਸਿੱਖ ਲੀਡਰਾਂ ਨੂੰ ਵੀ ਕਰਨੀ ਚਾਹਾਂਗਾ, ਪ੍ਰੋ. ਦਰਸ਼ਨ ਸਿੰਘ ਜੀ, ਸ੍ਰ. ਗੁਰਤੇਜ ਸਿੰਘ ਜੀ, ਜਸਟਿਸ ਅਜੀਤ ਸਿੰਘ ਬੈਂਸ ਜੀ, ਸ੍ਰ. ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਆਦਿ ਹੋਰ ਬਹੁਤ ਸਾਰੇ ਸਨਮਾਨਤ ਵੀਰੋ, ਤੁਸੀਂ ਪੰਥ ਦੇ ਹੀਰੇ ਹੋ, ਅਸੀਂ ਤੁਹਾਡੀ ਬੜੀ ਇੱਜ਼ਤ ਕਰਦੇ ਹਾਂ ਅਤੇ ਕਰਦੇ ਰਹਾਂਗੇ। ਤੁਸੀਂ ਵੀ ਇੱਕ ਚੀਜ਼, ਚੰਗੀ ਤਰ੍ਹਾਂ ਸਮਝਣ ਦੀ ਖੇਚਲ ਜ਼ਰੂਰ ਕਰੋ ਕਿ ਮੌਜੂਦਾ ਹਾਲਾਤ ਵਿੱਚ ਸਿੱਖਾਂ ਨੂੰ ਬਹੁਪੱਖੀ ਅਗਵਾਈ ਦੀ ਲੋੜ ਹੈ, ਜਿਵੇਂ ਧਾਰਮਿਕ ਅਗਵਾਈ ਦੀ ਲੋੜ, ਪ੍ਰਸ਼ਾਸਨਿਕ ਅਗਵਾਈ ਦੀ ਲੋੜ, ਜਥੇਬੰਦਕ ਅਗਵਾਈ ਦੀ ਲੋੜ, ਪੜ੍ਹਾਈ ਦੇ ਖੇਤਰ ਵਿੱਚ ਅਗਵਾਈ ਦੀ ਲੋੜ, ਵਿੱਤ ਮਾਮਲਿਆਂ ਵਿੱਚ ਅਗਵਾਈ ਦੀ ਲੋੜ, ਮੀਡੀਆ ਸਥਾਪਤ ਕਰਨ ਲਈ ਅਗਵਾਈ ਦੀ ਲੋੜ, ਪ੍ਰਚਾਰ ਖੇਤਰ ਵਿਚ ਅਗਵਾਈ ਦੀ ਲੋੜ, ਸਵੈ ਸੁਰਕਸ਼ਾ ਖੇਤਰ ਵਿੱਚ ਅਗਵਾਈ ਦੀ ਲੋੜ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਵਿੱਚ ਸਿੱਖਾਂ ਨੂੰ ਤੁਹਾਡੇ ਵਰਗੇ ਸੂਝਵਾਨ ਵੀਰਾਂ ਦੀ ਅਗਵਾਈ ਦੀ ਬਹੁਤ ਸਖਤ ਲੋੜ ਹੈ।

ਇਨ੍ਹਾਂ ਸਾਰੇ ਕੰਮਾਂ ਬਾਰੇ, ਇਕ ਹੀ ਬੰਦਾ ਅਗਵਾਈ ਦੇਣ ਦੇ ਸਮਰੱਥ, ਕਿਸੇ ਹਾਲਤ ਵਿੱਚ ਵੀ ਨਹੀਂ ਹੋ ਸਕਦਾ। ਹਰ ਖੇਤਰ ਨੂੰ, ਉਸ ਖੇਤਰ ਦੇ ਮਾਹਿਰਾਂ ਦੀ ਲੋੜ ਹੋਵੇਗੀ, ਜਿਸ ਨੂੰ ਉਸ ਖੇਤਰ ਦੇ ਮਹਿਰਾਂ ਦੀ ਕਮੇਟੀ ਬਣਾ ਕੇ ਪੂਰਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦਰਜਨਾਂ ਕਮੇਟੀਆਂ ਅਤੇ ਉਨ੍ਹਾਂ ਵਿਚ ਸੈਂਕੜੇ ਸੂਝਵਾਨ ਵੀਰਾਂ ਦੀ ਲੋੜ ਹੋਵੇਗੀ। ਤੁਸੀਂ ਆਪਸੀ ਮਤ-ਭੇਦ ਭੁਲਾ ਕੇ, ਜੁੜ ਬੈਠ ਕੇ ਆਪਣੀ ਜ਼ਿਮੇਵਾਰੀ ਨੂੰ ਸਮਝਦਿਆਂ, ਤਨ, ਮਨ, ਧਨ ਨਾਲ ਇਨ੍ਹਾਂ ਕਮੇਟੀਆਂ ਨੂੰ ਗਠਤ ਕਰਨ ਦੀ ਆਪਣੀ ਜ਼ਿਮੇਵਾਰੀ ਸੰਭਾਲੋ। ਇਹੀ ਸਮੇਂ ਦੀ ਆਵਾਜ਼ ਹੈ।

ਇਸ ਢੰਗ ਨਾਲ ਹੀ ਤੁਸੀਂ ਆਉਣ ਵਾਲੀ ਸਿੱਖੀ ਦੀ ਪਨੀਰੀ ਨੂੰ, ਚਿੰਤਾ ਮੁਕਤ ਕਰ ਕੇ, ਉਨ੍ਹਾਂ ਲਈ ਤਰੱਕੀ ਕਰਨ, ਮੱਲਾਂ ਮਾਰਨ ਦਾ ਮਾਹੌਲ ਸਿਰਜ ਜਾਵੋਗੇ। ਨਹੀਂ ਤਾਂ ਜਿਨ੍ਹਾਂ ਚਿੰਤਾਵਾਂ ਨਾਲ ਅਸੀਂ ਜੂਝ ਰਹੇ ਹਾਂ, ਉਨ੍ਹਾਂ ਨਾਲ ਜੂਝਦਿਆਂ, ਕਈ ਪੀੜ੍ਹੀਆਂ, ਅਤੇ ਫਿਰ ਸਿੱਖੀ ਵੀ ਖੱਪ ਜਾਵੇਗੀ। ਤੁਹਾਡਾ ਨਾਮ ਵੀ ਚੰਗੇ ਅੱਖਰਾਂ ਵਿੱਚ ਨਹੀਂ ਲਿਖੇ ਜਾਣਗੇ।

ਸਿਆਣਪ ਤੋਂ ਕੰਮ ਲਵੋ, ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ, ਆਪਸੀ ਮਤ-ਭੇਦ ਤਿਆਗਦੇ ਹੋਏ, ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣ ਕੇ, ਸਿੱਖੀ ਨੂੰ ਬਚਾ ਲਵੋ। ਬਹੁਤ ਧੰਨਵਾਦੀ ਹੋਵਾਂਗੇ।

ਬੇਨਤੀ ਕਰਤਾ

- ਅਮਰਜੀਤ ਸਿੰਘ ਚੰਦੀ

ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top