Main News Page

ਪੰਜਾਬ ਬੰਦ ਅਤੇ 1984 ਵਿਚਲੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਸਬੰਧ!

ਅੱਜ ਸਾਡੇ ਪੱਲੇ ਇੱਕੋ ਗੱਲ ਹੈ “ਪਿਦਰਮ ਸੁਲਤਾਨ ਬੂਦ” (ਮੇਰਾ ਪਿਤਾ ਬਾਦਸ਼ਾਹ ਸੀ) ਅਸੀਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ, ਅਖਬਾਰਾਂ ਰਾਹੀਂ, ਰਸਾਲਿਆਂ ਰਾਹੀਂ, ਕਿਤਾਬਾਂ ਰਾਹੀਂ ਅਤੇ ਹੁਣ ਵੈਬਸਾਈਟਾਂ ਰਾਹੀਂ, ਇਕੋ ਗੱਲ ਕਹਿੰਦੇ ਨਜ਼ਰ ਆਉਂਦੇ ਹਾਂ, ਕਿ ਸਿੱਖ ਬੜੇ ਬਹਾਦਰ ਸਨ, ਬਹੁਤ ਚਰਿਤ੍ਰਵਾਨ ਸਨ, ਏਥੋਂ ਤਕ ਕਿ ਦੂਸਰਿਆਂ ਦੀਆਂ ਧੀਆਂ ਨੂੰ ਵੀ ਜਰਵਾਣੇ ਹਾਕਮਾ ਹੱਥੋਂ ਬਚਾ ਕੇ, ਘਰੋ-ਘਰ ਪਹੁੰਚਾਉਂਦੇ ਸਨ। ਜਿਸ ਦੀ ਪ੍ਰੋੜ੍ਹਤਾ, ਕਾਜ਼ੀ ਨੂਰ ਮੁਹੱਮਦ ਵਰਗੇ ਸਿੱਖ ਦੁਸ਼ਮਣ, ਸਿੱਖਾਂ ਨੂੰ ਸੱਗ ਕਹਿਣ ਵਾਲੇ ਵੀ ਕਰਦੇ ਹਨ।

ਅਸੀਂ ਕਦੀ ਵੀ ਇਸ ਗੱਲ ਦਾ ਪੜਚੋਲ ਕਰਨ ਦੀ ਲੋੜ ਨਹੀਂ ਮਹਿਸੂਸ ਕੀਤੀ ਕਿ, ਅੱਜ ਦੇ ਸਿੱਖਾਂ ਨੂੰ ਕਿਸ ਖਾਤੇ ਵਿਚ ਰੱਖਿਆ ਜਾ ਸਕਦਾ ਹੈ? ਪੁਰਾਣੇ ਸਿੱਖਾਂ ਵਿਚਲੇ ਗੁਣ, ਅੱਜ ਦੇ ਸਿੱਖਾਂ ਵਿੱਚ ਕਿਉਂ ਨਹੀਂ ਹਨ? (ਅੱਜ ਦੇ ਸਿੱਖ ਆਪਣੀਆਂ ਹੀ ਧੀਆਂ ਭੈਣਾਂ ਨਾਲ, ਦਰਬਾਰ ਸਾਹਿਬ ਜਿਹੀ ਪਵਿਤਰ ਥਾਂ ਦੀਆਂ ਸਰਾਵਾਂ ਵਿਚ ਹੀ, ਖੇਹ ਖਾਂਦਿਆਂ, ਕਿਉਂ ਸ਼ਰਮ ਨਹੀਂ ਕਰਦੇ? ਜਾਂ ਅਸੀਂ 1984 ਵੇਲੇ ਆਪਣੀਆਂ ਹੀ ਧੀਆਂ-ਭੈਣਾਂ ਦੀ ਇਜ਼ਤ ਕਿਉਂ ਨਹੀਂ ਬਚਾ ਸਕੇ? 26 ਸਾਲ ਬੀਤ ਜਾਣ ਮਗਰੋਂ ਵੀ ਅਸੀਂ ਇਸ ਬਾਰੇ, ਪੂਰੀ ਇਮਾਨਦਾਰੀ ਨਾਲ ਘੋਖ ਕਰਨ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂ?) ਇਨ੍ਹਾਂ ਦੋਵਾਂ ਵਿਚ ਏਨਾਂ ਪਾੜਾ ਕਿਉਂ ਪੈ ਗਿਆ? ਲਗਾਤਾਰ ਤਿੰਨ ਸੌ ਸਾਲ ਤੋਂ, ਸਿੱਖ ਨਿਘਾਰ ਵਲ ਕਿਉਂ ਜਾ ਰਹੇ ਹਨ? ਇਹ ਸਾਰੇ ਇੱਕੋ ਤਸਵੀਰ ਦੇ ਅਲੱਗ-ਅਲੱਗ ਪਹਿਲੂ ਹਨ, ਜਿਨ੍ਹਾਂ ਦਾ ਪੜਚੋਲ ਕੀਤੇ ਬਗੈਰ, ਨਿਘਾਰ ਵਲ ਵੱਧ ਰਹੀ ਸਿੱਖੀ ਤੇ ਰੋਕ ਨਹੀਂ ਲਗ ਸਕਦੀ, ਚੜ੍ਹਦੀ ਕਲਾ ਤਾਂ ਬਹੁਤ ਦੂਰ ਦੀ ਗੱਲ ਹੈ। ਉਮੀਦ ਹੈ ਸੂਝਵਾਨ ਸਿੱਖ ਇਸ ਦੀ ਪੜਚੋਲ ਕਰ ਕੇ, ਇਸ ਵਿਚੋਂ ਨਿਕਲੇ ਤੱਥਾਂ ਦੀ ਨਿਰਪੱਖ ਘੋਖ ਕਰ ਕੇ, ਉਸ ਦੀਆਂ ਲੋੜਾਂ ਅਨੁਸਾਰ ਵਿਉਂਤ ਬਨਾਉਣ ਦਾ ਉਪਰਾਲਾ ਕਰਨਗੇ। ਪਰ ਇਹ ਤਦ ਹੀ ਸੰਭਵ ਹੈ, ਜੇ ਅਸੀਂ ਦੂਸਰੇ ਦੀ ਗੱਲ ਸੁਣਨ ਦੀ ਆਦਤ ਪਾਵਾਂਗੇ। (ਜੋ ਅੱਜ ਸਾਡੇ ਵਿਚੋਂ ਬਿਲਕੁਲ ਹੀ ਗਾਇਬ ਹੈ)

ਅੱਜ ਤਾਂ ਮੌਜੂਦਾ ਹਾਲਤ ਬਾਰੇ ਹੀ ਗੱਲ ਕਰਦੇ ਹਾਂ।

1984 ਦੇ ਸਿੱਖ ਕਤਲੇਆਮ ਦਿਆਂ ਪੀੜਤਾਂ ਦੀ ਹਮਦਰਦੀ ਵਜੋਂ ਕੱਲ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਬਾਦਲ ਧੜੇ, ਬੀ.ਜੇ.ਪੀ. ਨੂੰ ਛੱਡ ਕੇ, ਇਹ ਸੱਦਾ ਸਾਰੀਆਂ ਧਿਰਾਂ ਨੇ ਦਿੱਤਾ ਸੀ। ਬਾਦਲ ਧੜੇ ਦੀ ਪੰਜਾਬ ਇਕਾਈ ਨੇ, ਪਾਰਟੀ ਪ੍ਰਧਾਨ, ਉਪ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ, ਮੁਹਾਲੀ ਦੇ ਅੰਬ ਸਾਹਿਬ ਗੁਰਦਵਾਰੇ ਵਿੱਚ, ਅਰਦਾਸ ਕਰ ਕੇ ਪ੍ਰੱਣ ਕੀਤਾ ਕਿ ਅਸੀਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਜੇਲ੍ਹ ਭਿਜਵਾ ਕੇ ਹੀ ਸਾਹ ਲਵਾਂਗੇ।

ਬਾਦਲ ਧੜੇ ਦੀ ਦਿੱਲੀ ਇਕਾਈ ਵਲੋਂ, ਮਨਜੀਤ ਸਿੰਘ ਜੀ.ਕੇ., ਉਂਕਾਰ ਸਿੰਘ ਥਾਪਰ ਅਤੇ ਅਵਤਾਰ ਸਿੰਘ ਹਿੱਤ ਦੀ ਅਗਵਾਈ ਵਿਚ, ਗੁਰਦਵਾਰਾ ਬੰਗਲਾ ਸਾਹਿਬ ਵਿਖੇ, 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਰਦਾਸ ਕੀਤੀ ਗਈ।

ਸਾਫ ਜ਼ਾਹਰ ਹੈ ਕਿ ਅੱਜ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਕਿਤਾਬ ਤੋਂ ਵੱਧ ਕੁਝ ਮਾਨਤਾ ਨਾ ਦਿੰਦੇ ਹੋਏ, ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ, ਅਜਿਹਾ ਵਰਤਾਰਾ ਕਰ ਰਹੇ ਹਾਂ, ਕਿ ਗੁਰੂ ਨੂੰ ਕੀ ਪਤਾ, ਸਾਡੇ ਮਨ ਵਿਚ ਕੀ ਹੈ? (ਜੇ ਪਤਾ ਵੀ ਹੋਵੇ ਤਾਂ ਉਸ ਨੇ ਕਿਹੜੀ ਸਾਡੀ ਲੱਤ ਤੋੜ ਲੈਣੀ ਹੈ?) ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੇਧ ਦਿੱਤੀ ਹੈ ਕਿ ਜੋ ਮੂਰਤੀ ਪੱਥਰ ਵਿੱਚੋਂ ਘੜ ਕੇ ਬਣਾਈ ਗਈ ਹੈ, ਜੇ ਉਹ ਸੱਚੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੀ ਖਾ ਜਾਂਦੀ, ਜਿਸ ਨੇ ਉਸ ਦੀ ਛਾਤੀ ਤੇ ਪੈਰ ਰੱਖ ਕੇ, ਉਸ ਨੂੰ ਹਥੌੜੇ-ਛੈਣੀ ਨਾਲ ਘੜਿਆ ਸੀ।

ਏਸੇ ਤਰਜ਼ ਤੇ ਹੀ ਇਹ ਸਮਝਿਆ ਜਾ ਰਿਹਾ ਹੈ ਕਿ ਜੇ, ਗੁਰੂ ਗ੍ਰੰਥ ਸਾਹਿਬ ਵਿਚ ਸ਼ਕਤੀ ਹੁੰਦੀ, ਤਾਂ ਉਹ ਆਪਣੇ ਬਰਾਬਰ ਤੇ, ਗੰਦ ਦੇ ਪੋਥੇ ਦਾ ਪ੍ਰਕਾਸ਼ ਕਰਨ ਵਾਲੇ ਨੂੰ ਹੀ ਪਹਿਲਾਂ ਸੋਧ ਦਿੰਦੇ। ਆਪਣੀ ਹਜ਼ੂਰੀ ਵਿੱਚ, ਸਰਾ-ਸਰ ਝੂਠ ਬੋਲਣ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ, ਹਿੰਦੂਵਾਦੀ ਕਰਮ-ਕਾਂਡ ਕਰਨ ਵਾਲਿਆਂ ਨੂੰ ਫਿਟਕਾਰ ਦਿੰਦੇ। ਪਰ ਉਹ ਤਾਂ ਸੰਤ ਸਮਾਜ ਦੇ ਅਸਲ ਗੁਰੂ, ਨੰਦ ਸਿੰਘ ਜੀ ਵਲੋਂ ਦਿੱਤੀ ਸੇਧ ਅਨੁਸਾਰ, ਕਿ ਗੁਰੂ ਗ੍ਰੰਥ ਸਾਹਿਬ ਤਾਂ, ਬਿੱਲੀ ਬਣੇ ਕਲਜੁਗ ਕੋਲੋਂ ਆਪਣਾ ਸਰੀਰ ਬਚਾਉਣ ਦੇ ਵੀ ਸਮਰੱਥ ਨਹੀਂ ਸਨ। ਬਿੱਲੀ ਨੇ ਉਨ੍ਹਾਂ ਦੇ ਕਈ ਅੰਗ, ਭੰਗ ਕਰ ਦਿੱਤੇ ਸਨ। ਗੁਰਦੁਵਾਰਿਆਂ ਵਿੱਚ, ਸਾਰੇ ਕੰਮ ਏਸੇ ਸੋਚ ਅਧੀਨ ਹੀ ਕੀਤੇ ਜਾ ਰਹੇ ਹਨ, ਅਤੇ ਕਰਨ ਵਾਲੇ ਆਪਣੇ ਆਪ ਨੂੰ ਓਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਂਦੇ ਹਨ।

ਇਵੇਂ ਹੀ ਗੁਰਦਵਾਰਾ ਅੰਬ ਸਾਹਿਬ ਅਤੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਕੀਤਾ ਗਿਆ। ਕਿਸੇ ਸਿੱਖ ਨੇ ਨਹੀਂ ਟੋਕਿਆ, ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਜਿਵੇਂ ਜਾਂ ਤਾਂ ਉਹ ਸਿੱਖ ਹੀ ਨਾ ਹੋਣ ਜਾਂ ਉਨ੍ਹਾਂ ਸਿੱਖਾਂ ਨੂੰ ਅਰਦਾਸ ਕਰਨ ਵਾਲੇ ਲੋਕਾਂ ਤੇ, ਕੋਈ ਗਿਲ੍ਹਾ ਹੀ ਨਾ ਹੋਵੇ। ਵੈਸੇ ਗੱਲ ਠੀਕ ਵੀ ਹੈ, ਗੁੱਸਾ-ਗਿਲ੍ਹਾ ਓਸੇ ਨੂੰ ਹੀ ਹੋ ਸਕਦਾ ਹੈ, ਜਿਸ ਨੂੰ 1984 ਦੇ ਸਿੱਖ ਕਤਲੇਆਮ ਦਾ ਕੁੱਝ ਸੇਕ ਲੱਗਾ ਹੋਵੇ। ਜੋ 1984 ਵਿਚਲੇ ਸਿੱਖ ਕਤਲੇਆਮ ਨੂੰ ਆਪਣੀਆਂ ਸਿਆਸੀ ਅਤੇ ਆਰਥਿਕ ਰੋਟੀਆਂ ਸੇਕਣ ਦਾ ਸਾਧਨ ਬਣਾਈ ਬੈਠੇ ਹੋਣ, ਉਨ੍ਹਾਂ ਦੇ ਸੰਗੀ-ਸਾਥੀਆਂ ਨੂੰ ਉਨ੍ਹਾਂ ਤੇ ਕੀ ਸ਼ਿਕਵਾ ਹੋ ਸਕਦਾ ਹੈ?

ਮੈਨੂੰ ਕੁੱਝ ਗੱਲਾਂ ਦੀ ਸਮਝ ਨਹੀਂ ਆ ਰਹੀ, ਇਨ੍ਹਾਂ ਗੱਲਾਂ ਨੂੰ ਸਮਝਣ ਲਈ ਜੇ ਕੋਈ ਮੇਰੀ ਮਦਦ ਕਰੇ ਤਾਂ ਮੈਂ ਉਸ ਦਾ ਬੜਾ ਧੰਨਵਾਦੀ ਹੋਵਾਂਗਾਂ।

1. 1984 ਦੇ ਸਿੱਖ ਕਤਲੇਆਮ ਅਤੇ ਉਸ ਦੇ ਪੀੜਤਾਂ ਸੀ ਯਾਦ, ਇਨ੍ਹਾਂ ਨਾਟਕ ਬਾਜ ਲੋਕਾਂ ਨੂੰ, ਚੋਣਾਂ ਦੇ ਨੇੜੇ ਆਉਣ ਤੇ ਹੀ ਕਿਉਂ ਆਉਂਦੀ ਹੈ? ਇਹ ਲੋਕ, ਇਸ ਮੁੱਦੇ ਨੂੰ, ਚੋਣਾਂ ਮਗਰੋਂ ਆਪਣੀ ਕੋਠੀ ਦੇ ਕਬਾੜ ਖਾਨੇ ਦਾ ਸ਼ਿੰਗਾਰ ਕਿਉਂ ਬਣਾ ਦਿੰਦੇ ਹਨ? ਅਤੇ ਚੋਣਾਂ ਨੇੜੇ ਆਉਂਦੀਆਂ ਵੇਖ ਕੇ, ਉਸ ਨੂੰ ਕਬਾੜ-ਖਾਨੇ ਵਿਚੋਂ ਕੱਢ ਕੇ, ਝਾੜ-ਪੂੰਝ ਕੇ, ਨਵੀਂ ਦਿੱਖ ਦੇ ਕੇ ਆਪਣੀ ਬੈਠਕ ਦਾ ਸ਼ਿੰਗਾਰ ਕਿਉਂ ਬਣਾ ਲੈਂਦੇ ਹਨ?

2. ਬਾਦਲ ਜੁੰਡਲੀ ਨੇ ਪਿਛਲੇ 26 ਸਾਲਾਂ ਵਿਚ (11 ਸਾਲ ਕਰੀਬ, ਪੰਜਾਬ ਦੀ ਸੱਤਾ ਤੇ ਕਾਬਜ਼ ਅਤੇ ਕੇਂਦਰ ਦੀ ਸੱਤਾ ਵਿਚ ਭਾਈ ਵਾਲੀ ਦਾ ਆਨੰਦ ਮਾਣਦਿਆਂ) ਇਨ੍ਹਾਂ ਸਿੱਖ ਕਤਲੇਆਮ ਦੇ ਪੀੜਤਾਂ ਦੀ ਰਾਹਤ ਲਈ ਕੀ ਕੀਤਾ ਹੈ? ਜੇ ਕੁਝ ਨਹੀਂ ਕੀਤਾ, ਤਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਾਟਕ ਕਰ ਕੇ, ਸਿੱਖਾਂ ਨੂੰ ਵਿਖਾਵਾ ਕਰਨ ਵਿਚ, ਉਨ੍ਹਾਂ ਦਾ ਵੋਟਾਂ ਲੈਣ ਤੋਂ ਇਲਾਵਾ, ਹੋਰ ਕੀ ਮਕਸਦ ਹੋ ਸਕਦਾ ਹੈ? ਜੋ ਬੰਦਾ ਆਪਣੇ ਗੁਰੂ ਨੂੰ ਹੀ ਕੁੱਝ ਨਹੀਂ ਸਮਝਦਾ, ਉਸ ਨੂੰ ਸਿੱਖੀ ਨਾਲ ਵੋਟਾਂ ਲੈਣ ਤੋਂ ਵੱਧ, ਹੋਰ ਕੀ ਹੇਜ ਹੋ ਸਕਦਾ ਹੈ?

3. ਦਿੱਲੀ ਵਾਲੇ ਇਨ੍ਹਾਂ ਭੱਦਰ ਪੁਰਸ਼ਾਂ ਵਿਚੋਂ ਕਿਹੜਾ ਅਜਿਹਾ ਹੈ, ਜਿਸ ਨੇ ਸਿੱਖ ਕਤਲੇਆਮ ਦੇ ਪੀੜਤਾਂ ਵਲੋਂ ਇਨਸਾਫ ਲੈਣ ਦੇ ਕੀਤੇ ਜਤਨਾਂ ਵਿਚ ਰੋੜੇ ਅਟਕਾ ਕੇ, ਮੁਲਜ਼ਿਮਾਂ ਕੋਲੋਂ ਦਲਾਲੀ ਨਾ ਖਾਧੀ ਹੋਵੇ? ਹੁਣ ਇਹ ਗੁਰੂ ਅੱਗੇ ਅਰਦਾਸ ਕਰ ਕੇ (ਗੁਰੂ ਬਾਰੇ ਜੋ ਇਨ੍ਹਾਂ ਦੇ ਵਿਚਾਰ ਹਨ? ਉਹ ਆਪਾਂ ਉਪਰ ਵੇਖ ਲਿਆ ਹੈ) ਗੁਰੂ ਨੂੰ ਤਾਂ ਇਨ੍ਹਾਂ ਨੇ ਕੀ ਕਹਿਣਾ ਹੈ? ਸਿੱਖਾਂ ਨੂੰ ਇਹ ਕੀ ਕਹਿਣਾ ਚਾਹੁੰਦੇ ਹਨ? ਕੀ ਇਹੀ ਕਿ ਅਸੀਂ ਤਾਂ, ਤੁਹਾਡੇ ਲਈ ਗੁਰੂ ਅੱਗੇ ਬਹੁਤ ਅਰਦਾਸਾਂ ਕੀਤੀਆਂ ਸਨ, ਹੁਣ ਉਸ ਨੇ ਹੀ ਤੁਹਾਡੀ ਸੁਣਵਾਈ ਨਹੀਂ ਕੀਤੀ ਤਾਂ ਅਸੀਂ ਕੀ ਕਰ ਸਕਦੇ ਹਾਂ? ਹੁਣ ਤਾਂ ਇਹੀ ਹੋ ਸਕਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਤੁਸੀਂ ਸਾਨੂੰ ਰਾਜ-ਗੱਦੀ ਤੇ ਬਿਠਾਉ, ਫਿਰ ਵੇਖਿਉ, ਅਸੀਂ ਤੁਹਾਡੀਆਂ ਸਾਰੀਆਂ ਮੁਸੀਬਤਾਂ ਹੱਲ ਕਰ ਦੇਵਾਂਗੇ।

ਹੁਣ ਮੁੜਦੇ ਹਾਂ ਉਨ੍ਹਾਂ ਮਹਾਨ ਹਸਤੀਆਂ ਵਲ, ਜਿਨ੍ਹਾਂ ਨੇ ਬੰਦ ਦਾ ਸੱਦਾ ਦਿੱਤਾ ਸੀ। ਉਨ੍ਹਾਂ ਲਈ ਵੀ ਕੁੱਝ ਸਵਾਲ ਹਨ। ਜਿਵੇਂ,

1. ਕੀ ਤੁਸੀਂ ਸਮਝਦੇ ਹੋ ਕਿ, ਇਸ ਬੰਦ ਨਾਲ, 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਕੁਝ ਰਾਹਤ ਮਿਲੇਗੀ? ਉਨ੍ਹਾਂ ਦੀ ਰੋਜ਼ੀ-ਰੋਟੀ ਦਾ, ਉਨ੍ਹਾਂ ਦੇ ਸਿਰ-ਢਕਾਵੇ ਦਾ, ਪ੍ਰਬੰਧ ਹੋ ਜਾਵੇਗਾ? ਜੇ ਨਹੀਂ ਤਾਂ ਇਸ ਡਰਾਮੇਬਾਜ਼ੀ ਦਾ ਕੀ ਅਰਥ ਹੈ?

2. ਕੀ ਤੁਸੀਂ ਦੱਸ ਸਕਦੇ ਹੋ ਕਿ, ਸ਼੍ਰੋਮਣੀ ਅਕਾਲੀ ਦਲ, ਕਿੰਨੇ ਹਨ? ਅਕਾਲੀ ਦਲ ਤੋਂ ਇਲਾਵਾ ਤੁਹਾਨੂੰ ਕੋਈ ਨਾਮ, ਕਿਉਂ ਪਸੰਦ ਨਹੀਂ ਆਉਂਦਾ? ਕੀ ਤੁਹਾਡੀ ਰਾਸ਼ੀ ਦੇ ਨਾਲ, ਅਕਾਲੀ ਦਲ, ਨਾਮ ਹੀ ਮੁਆਫਿਕ ਬੈਠਦਾ ਹੈ? ਤੁਸੀਂ ਇਸ ਅਕਾਲੀ ਦਲ ਦੇ ਨਾਮ ਥੱਲੇ ਕੀ ਲੁਕੋਣਾ ਚਾਹੁੰਦੇ ਹੋ, ਜਾਂ ਕੀ ਲੁਕੋ ਰਹੇ ਹੋ? ਤੁਸੀਂ ਅੱਜ ਤਕ ਸਿੱਖੀ ਦੀ ਭਲਾਈ ਲਈ ਕੀ ਕੀਤਾ ਹੈ?

3. ਤੁਹਾਡਾ ਵੇਹਲਿਆਂ ਦਾ, ਬਿਨਾ ਕਿਸੇ ਕੰਮ ਕਾਰ ਦੇ, ਸ਼ਾਹੀ ਖਰਚਾ ਪੂਰਾ ਕਰਨ ਵਾਲੀਆਂ ਕਿਹੜੀਆਂ ਏਜੈਂਸੀਆਂ ਹਨ? ਉਨ੍ਹਾਂ ਵਲੋਂ, ਤੁਹਾਡੇ ਖਰਚੇ ਬਦਲੇ, ਤੁਹਾਡੇ ਤੋਂ ਕੀ ਆਸਾਂ ਹਨ? ਤੁਸੀਂ ਪੰਥ ਦਾ ਖਹਿੜਾ ਛੱਡਣ ਬਦਲੇ ਕੀ ਚਾਹੁੰਦੇ ਹੋ?

4. ਤੁਹਾਡੇ ਇਸ ਬੰਦ ਕਾਰਨ, ਪੰਜਾਬ ਵਿਚਲੇ ਸਿੱਖਾਂ ਦਾ ਕਿੰਨਾ ਨੁਕਸਾਨ ਹੋਇਆ ਹੈ? ਕੀ ਉਸ ਪੈਸੇ ਨਾਲ ਸਿੱਖ ਕਤਲੇਆਮ ਪੀੜਤਾਂ ਦੇ ਦੋ-ਚਾਰ ਪਰਵਾਰ ਸਿਰ-ਬ-ਸਿਰ ਨਹੀਂ ਹੋ ਸਕਦੇ ਸਨ?

ਇੱਕ ਸਵਾਲ ਦਿੱਲੀ ਅਤੇ ਪੰਜਾਬ ਦੇ ਸਿੱਖਾਂ ਨੂੰ,

ਤੁਸੀਂ ਗੁਰੂ ਨੂੰ ਮਜ਼ਾਕ ਬਨਾਉਣ ਵਾਲੇ, ਇਨ੍ਹਾਂ ਵੇਲ੍ਹੜਾਂ ਨੂੰ ਕਿਉਂ ਪਾਲ ਰਹੇ ਹੋ? ਅਤੇ ਕਦੋਂ ਤੱਕ ਪਾਲਦੇ ਰਹੋਗੇ?

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਿਸ ਦਿਨ ਪੰਥ ਦੀ ਕਚਹਿਰੀ ਵਿਚ ਪੇਸ਼ ਹੋ ਗਏ, ਉਸ ਦਿਨ 1984 ਦੇ ਸਿੱਖ ਕਲੇਆਮ ਦੇ ਪੀੜਤਾਂ ਨੂੰ ਇੰਸਾਫ ਮਿਲ ਜਾਵੇਗਾ, ਉਨ੍ਹਾਂ ਦਾ ਮਸਲ੍ਹਾ ਹੱਲ ਹੋ ਜਾਵੇਗਾ।

- ਅਮਰਜੀਤ ਸਿੰਘ ਚੰਦੀ
ਫੋਨ:- 91 97562 64621


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top