Share on Facebook

Main News Page

11 ਜਨਵਰੀ ਨੂੰ ਤਿਲ ਤੇ ਬੁਆੜ ਦੇ ਬੂਟਿਆਂ ਦੀ ਪਛਾਣ ਕੀਤੀ ਜਾਵੇਗੀ

ਖਾਲਸਾ ਜੀ! ਆਸਾ ਕੀ ਵਾਰ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਪਵਿਤੱਰ ਬਚਨ ਹਨ।

ਮਃ 1 ॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥  ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥3॥ {ਪੰਨਾ 463}

ਪ੍ਰੋ. ਸਾਹਿਬ ਸਿੰਘ ਅਨੁਸਾਰ ਅਰਥ :

ਹੇ ਨਾਨਕ ! (ਜੋ ਮਨੁੱਖ) ਆਪਣੇ ਆਪ ਵਿੱਚ ਚਤਰ (ਬਣੇ ਹੋਏ) ਹਨ, ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿੱਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ। ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿੱਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ, ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਨ੍ਹਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਨ੍ਹਾਂ ਦੇ ਤਨ ਵਿੱਚ (ਭਾਵ, ਉਨ੍ਹਾਂ ਦੀ ਫਲੀ ਵਿੱਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ।

ਖਾਲਸਾ ਜੀ! ਪੈਲੀਆਂ ਵਿਚ ਤਿਲ ਦੀ ਫਸਲ ਨਾਲ ਉਸ ਦੇ ਹਮਸ਼ਕਲ ਬੁਆੜ ਦੇ ਬੂਟੇ ਵੀ ਉਗਦੇ ਹਨ ਲੇਕਿਨ ਸਿਆਣੇਂ ਅਤੇ ਸੂਝਵਾਨ ਕਿਸਾਨ ਦੋਨਾਂ ਬੂਟਿਆਂ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ ਤੇ ਉਹ ਕਿਸਾਨ ਤਿਲ ਦੇ ਉਪਜਾਊ ਬੂਟਿਆਂ ਨੂੰ ਤੇ ਵਾਡੀ ਕਰਕੇ, ਸੰਭਾਲ ਕੇ ਘਰ ਲੈ ਜਾਂਦਾ ਹੈ ਤੇ ਬੁਆੜ ਦੇ ਜਹਰੀਲੇ ਤੇ ਮਹੱਤਵ ਹੀਣ ਬੂਟਿਆਂ ਨੂੰ ਖੇਤ ਵਿੱਚ ਹੀ ਛਡ ਦੇਂਦਾ ਹੈ। ਤਿਲ ਦੇ ਉਹ ਬੂਟੇ ਬੀਜ ਦੇ ਰੂਪ ਵਿੱਚ ਫੇਰ ਫਲਦੇ ਫੁਲਦੇ ਹਨ ਤੇ ਬੁਆੜ ਦੇ ਬੂਟਿਆਂ ਦੇ ਹਿੱਸੇ ਸਿਰਫ ਤੇ ਸਿਰਫ ਸੁਆਹ ਹੀ ਆਂਉਦੀ ਹੈ।

ਠੀਕ ਇਸੇ ਤਰ੍ਹਾਂ ਕੌਮ ਦੇ ਬਹੁਤ ਸਾਰੇ ਆਗੂ, ਪ੍ਰਬੰਧਕ, ਇਤਿਹਾਸਕਾਰ, ਲਿਖਾਰੀ,ਪ੍ਰਚਾਰਕ ਅਤੇ ਰਾਗੀ ਵੀ ਹਨ। ਇਨਾਂ ਵਿਚ ਕੁੱਝ ਕੁ ਤੇ ਤਿਲ ਦੇ ਬੂਟੇ ਹਨ ਤੇ ਬਹੁਤੇ ਬੁਆੜ ਹਨ। ਬਹੁਤੇ ਬੁਆੜ ਰੂਪੀ ਪ੍ਰਬੰਧਕ 11 ਜਨਵਰੀ ਨੂੰ ਬਿਕ੍ਰਮੀ ਜੰਤਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ, ਅਤੇ ਮੋਟੀ ਮੋਟੀ ਰਕਮ ਦੇ ਕੇ ਪੰਥ ਦੇ ਪ੍ਰਚਾਰਕਾਂ, ਕਥਾਕਾਰਾਂ ਤੇ ਰਾਗੀਆਂ ਨੂੰ ਪ੍ਰਚਾਰ ਕਰਨ ਲਈ ਬੁਲਾ ਰਹੇ ਹਨ। ਆਪਣੇ ਆਪਣੇ ਸ਼ਹਿਰ ਵਿੱਚ ਪੋਸਟਰਾਂ ਰਾਹੀਂ ਵੱਡੇ ਪੱਧਰ ਤੇ ਇਨਾਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

ਇਹ ਗਲ ਜੇ ਮੰਨ ਵੀ ਲਈ ਜਾਵੇ ਕਿ ਬਹੁਤੇ ਪ੍ਰਚਾਰਕਾਂ ਦੀ ਰੋਟੀ ਤੇ ਰੋਜੀ ਦਾ ਆਧਾਰ ਕੀਰਤਨ ਅਤੇ ਕਥਾ ਕਰਨਾ ਹੀ ਹੈ, ਲੇਕਿਨ ਜੇ ਉਹ ਕੇਵਲ ਰੋਟੀਆਂ ਕਾਰਨ ਹੀ ਤਾਲ ਪੂਰਦੇ ਰਹੇ ਤੇ ਪ੍ਰਬੰਧਕਾਂ ਦੀ ਬਣਾਈ ਹਦਬੰਦੀ ਅੰਦਰ ਕੀਰਤਨ ਤੇ ਕਥਾ ਕਰਦੇ ਰਹੇ ਤੇ ਨਾ ਤੇ ਉਹ ਕੌਮ ਦਾ ਹੀ ਕੋਈ ਭਲਾ ਕਰ ਸਕਣਗੇ ਤੇ ਨਾਂ ਹੀ ਉਨ੍ਹਾਂ ਦਾ ਕੋਈ ਭਲਾ ਹੋਣ ਵਾਲਾ ਹੈ।

ਵੈਸੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤੇ ਰਾਗੀ ਜੱਥੇ ਕੱਚੀ ਬਾਣੀ (ਬਚਿਤਰ ਨਾਟਕ, ਸ਼ਿਵਾ ਦੀ ਉਸਤਤਿ, ਸਰਬੰਸ ਦਾਨੀ ਗੁਰੂ ਨੂੰ ਸੂਲ ਸੁਰਾਹੀ ਖੰਜਰ ਪਿਆਲਾ ਜਹੀ ਕੱਚੀ ਬਾਣੀ ਗਾ ਕੇ ਹਾਲਾਤ ਨਾਲੋਂ ਹਾਰੇ ਤੇ ਡਰੇ ਹੋਏ, ਇੱਕ ਸਾਧਾਰਣ ਤੇ ਕਮਜੋਰ ਗੁਰੂ ਦਰਸਾਉਣ ਵਾਲੀ ਰਚਨਾ, ਚੰਡੀ, ਕਾਲ, ਤੇ ਕਾਲਕਾ ਦੀ ਉਸਤਤਿ, ਸ਼ਸ਼ਤਰਾਂ ਨੂੰ ਸਾਡੇ ਗੁਰੂ ਦਾ ਪੀਰ ਦਰਸਾਉਣ ਵਾਲੀਆਂ ਸਾਕਤ ਮਤਿ ਵਾਲੀਆਂ ਕੱਚੀਆਂ ਬਾਣੀਆਂ, ਬ੍ਰਾਹਮਣ ਦੇ ਆਸਨ ਵਿਚੋਂ ਨਿਕਲੇ ਗੁਰੂ ਵਾਲੀ ਆਤਮ ਕਥਾ ਵਾਲੇ ਬਚਿੱਤਰ ਨਾਟਕ, ਆਦਿਕ) ਤੇ ਸਿੱਖ ਸਿਧਾਂਤਾਂ ਦੇ ਉਲਟ ਪ੍ਰਚਾਰ ਕਰਕੇ ਅਪਣੇ ਬੁਆੜ ਹੋਣ ਦੀ ਪਛਾਣ ਦਸ ਦੇਂਦੇ ਹਨ। ਲੇਕਿਨ ਇਸ ਵਰ੍ਹੇ ਇਨ੍ਹਾਂ ਤਿਲ ਤੇ ਬੁਆੜ ਦੇ ਬੂਟਿਆਂ ਦੀ ਖਾਸ ਤੌਰ ਤੇ ਪਛਾਣ ਕੀਤੀ ਜਾਵੇਗੀ ।

ਅਵੱਲ ਤੇ 11 ਜਨਵਰੀ ਨੂੰ ਬਿਕ੍ਰਮੀ ਜੰਤਰੀ ਅਨੁਸਾਰ ਮਨਾਏ ਜਾ ਰਹੇ ਗੁਰੂ ਪੁਰਬ ਤੇ ਇੱਕਜੁਟ ਹੋ ਕੇ ਸਾਰੇ ਰਾਗੀਆਂ ਤੇ ਪ੍ਰਚਾਰਕਾਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਸੀ, ਕਿ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਉਲਟ ਜਾਕੇ ਬ੍ਰਾਹਮਣੀ ਜੰਤਰੀ ਅਨੁਸਾਰ ਮਨਾਏ ਜਾ ਰਹੇ ਗੁਰੂ ਪੁਰਬ ਤੇ ਕੀਰਤਨ, ਕਥਾ ਨਹੀਂ ਕਰਾਂਗੇ। ਲੇਕਿਨ ਅਸੀਂ ਸਾਰੇ ਹੀ ਜਾਣਦੇ ਹਾਂ ਕੇ ਜੇ ਇਨੀ ਇੱਛਾ ਸ਼ਕਤੀ (Will Power) ਇਨ੍ਹਾਂ ਰਾਗੀ ਤੇ ਪ੍ਰਚਾਰਕਾਂ ਵਿੱਚ ਹੁੰਦੀ ਤੇ ਕੌਮ ਦੀ ਦਿਸ਼ਾ ਤੇ ਦਸ਼ਾ ਹੀ ਕੁਝ ਹੋਰ ਹੋਣੀ ਸੀ। ਖੈਰ, ਹੁਣ ਵੇਖਨ ਵਾਲੀ ਗਲ ਤੇ ਇਹ ਹੈ ਕੇ ਉਹ ਪ੍ਰਚਾਰਕ ਤੇ ਰਾਗੀ 11 ਤਾਰੀਖ ਨੂੰ ਕੀ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇਣ ਲਈ ਕੋਈ ਗਲ ਕਰਦੇ ਹਨ ਕੇ ਆਪਣੇ ਆਪਣੇ ਲਿਫਾਫੇ ਲੈ ਕੇ ਵਾਪਸੀ ਗੱਡੀ ਤੇ ਬਹਿ ਜਾਂਦੇ ਨੇ। ਕਿਹੜੇ ਰਾਗੀ ਤੇ ਪ੍ਰਚਾਰਕ ਸਚ ਦੇ ਧਾਰਣੀ ਹਨ ਤੇ ਕਿਹੜ੍ਹੇ ਖੁਸ਼ਾਮਦ ਤੇ ਨਿਰੇ ਲਿਫਾਫੇ ਦੇ ਹੀ ਲਾਲਚੀ ਹਨ, ਇਹ ਆਉਣ ਵਾਲੇ ਸਮੇਂ ਅੰਦਰ ਸਪਸ਼ਟ ਹੋ ਜਾਵੇਗਾ।

ਦਾਸ ਨੂੰ ਇਹ ਲੇਖ ਲਿਖਣ ਦੀ ਗਲ ਇਸ ਲਈ ਸੁੱਝੀ ਕੇ ਦਾਸ ਦੇ ਸ਼ਹਿਰ ਵਿਚ ਵੀ ਬਿਕ੍ਰਮੀ ਜੰਤਰੀ ਅਨੁਸਾਰ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਤੇ ਉਸ ਦੇ ਪੋਸਟਰ ਵਿੱਚ ਇਹ ਪੜ੍ਹ ਕੇ ਬਹੁਤ ਹੈਰਾਨਗੀ ਹੋਈ ਕਿ ਗੁਰਦਵਾਰਾ ਬੰਗਲਾ ਸਾਹਿਬ, ਨਵੀਂ ਦਿੱਲੀ ਦੇ ਹੈਡ ਗ੍ਰੰਥੀ ਸਾਹਿਬ ਵੀ ਕਥਾ ਕਰਨ ਆ ਰਹੇ ਹਨ। ਸਵਾਲ ਮਨ ਵਿੱਚ ਇਹ ਆਇਆ ਕਿ ਇੱਕ ਪਾਸੇ ਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇ ਰਹੀ ਹੈ, ਤੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਰੋਜ਼ ਸਵੇਰੇ ਤੱਤ ਗੁਰਮਤਿ ਦੇ ਸਿਧਾਂਤਾਂ ਤੇ ਕਥਾ ਕੀਤੀ ਜਾਂਦੀ ਹੈ, ਜੋ ਪੰਥ ਤੇ ਤੱਤ ਗੁਰਮਤਿ ਦੇ ਧਾਰਣੀਆਂ ਲਈ ਇੱਕ ਫਖਰ ਦੀ ਗਲ ਹੈ। ਦੂਜੇ ਪਾਸੇ ਉਸ ਕਮੇਟੀ ਦਾ ਪ੍ਰਚਾਰਕ ਨਾਨਕਸ਼ਾਹੀ ਕੈਲੰਡਰ ਦੇ ਉਲਟ ਮਨਾਏ ਜਾ ਰਹੇ ਸਮਾਗਮਾਂ ਵਿੱਚ ਹਾਜਰੀ ਭਰ ਰਹੇ ਹਨ। ਹੁਣ ਵੇਖਣਾ ਇਹ ਹੈ ਕਿ ਇਹ ਕਥਾਵਾਚਕ ਇਥੇ ਆਕੇ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਲਈ ਸੰਗਤਾਂ ਨੂੰ ਕੀ ਸੰਦੇਸ਼ ਦੇ ਕੇ ਜਾਂਦੇ ਨੇ। ਇਹ ਤੇ ਵਕਤ ਹੀ ਦਸੇਗਾ।

ਖਾਲਸਾ ਜੀ! ਸਮਾਂ ਹੈ ਹੁਣ, ਐਸੇ ਤਿਲ ਤੇ ਬੁਆੜ ਦੇ ਬੂਟਿਆਂ ਨੂੰ ਪਛਾਨਣ ਕਰਨ ਦਾ। ਬੁਆੜ ਦੇ ਬੂਟੇ ਕੌਮ ਦੇ ਕਿਸੇ ਕੰਮ ਨਹੀਂ ਜੇ ਆਉਣੇ।ਤਿਲਾਂ ਨੂ ਸੰਭਾਲੋ ਤੇ ਬੁਆੜ ਨੂੰ ਤਿਆਗੋ, ਤਾਂ ਹੀ ਕੌਮ ਦਾ ਕੁੱਝ ਭਲਾ ਹੋਣਾ ਹੈ, ਵਰਨਾ ਇਹ ਜਹਿਰੀਲੇ ਬੂਟੇ ਕੌਮ ਨੂੰ ਹੌਲੀ ਹੌਲੀ ਅਪਣੇ ਸਲੋ ਪੋਆਈਜਨ Slow Poison ਰਾਹੀਂ ਕਮਜ਼ੋਰ ਕਰ ਦੇਣਗੇ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top