Share on Facebook

Main News Page

ਜੇ 99 ਕਮਲੇ ਬੰਦਿਆਂ ’ਚ ਇੱਕ ਸਿਆਣਾ ਬੰਦਾ ਕੋਈ ਸਿਆਣੀ ਗੱਲ ਕਰੇ ਤਾਂ 99 ਉਸ ਨੂੰ ਕਮਲਾ ਕਹਿਣਗੇ: ਪ੍ਰੋ. ਧੂੰਦਾ

ਬਠਿੰਡਾ, 1 ਜਨਵਰੀ (ਕਿਰਪਾਲ ਸਿੰਘ): ਜੇ 99 ਕਮਲੇ ਬੰਦਿਆਂ ’ਚ ਇੱਕ ਸਿਆਣਾ ਬੰਦਾ ਕੋਈ ਸਿਆਣੀ ਗੱਲ ਕਰੇ ਤਾਂ 99 ਉਸ ਨੂੰ ਕਮਲਾ ਕਹਿਣਗੇ, ਇਹੀ ਕੁਝ ਭਗਤ ਕਬੀਰ ਸਾਹਿਬ ਨਾਲ ਵਾਪਰਿਆ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾ ਦੱਸਿਆ ਕਿ ਭਗਤ ਕਬੀਰ ਕਬੀਰ ਸਾਹਿਬ ਨੂੰ ਸਮਝ ਆ ਗਈ ਸੀ ਕਿ ਅਸਲੀ ਭਗਤੀ ਕੀ ਹੈ ਅਤੇ ਲੋਕ ਵਿਖਾਵਾ ਕੀ ਹੈ। ਇਸ ਲਈ ਉਨ੍ਹਾਂ ਮੱਥੇ ’ਤੇ ਤਿਲਕ ਲਾਉਣ, ਹੱਥ ਵਿੱਚ ਮਾਲਾ ਫੜਨ, ਅਤੇ ਧਾਰਮਿਕ ਲਿਬਾਸ ਪਹਿਨਣ, ਫੁੱਲ ਪਤੀਆਂ ਤੋੜ ਕੇ ਬੁਤਾਂ ਅੱਗੇ ਰੱਖ ਕੇ ਪੂਜਾ ਆਦਿ ਨੂੰ ਫੋਕਟ ਕਰਮ ਅਤੇ ਲੋਕ ਵਿਖਾਵਾ ਸਮਝ ਕੇ ਤਿਆਗ ਦਿੱਤਾ। ਜਿਨ੍ਹਾਂ ਨੂੰ ਅਸਲ ਭਗਤੀ ਦੀ ਸਮਝ ਨਹੀਂ ਸੀ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਬੀਰ ਤਾਂ ਪਾਗਲ ਹੋ ਗਿਆ ਹੈ, ਇਸ ਨੇ ਭਗਤੀ ਕਰਨੀ ਹੀ ਛੱਡ ਦਿੱਤੀ ਹੈ। ਤਾਂ ਕਬੀਰ ਸਾਹਿਬ ਨੇ ਇਸ ਸ਼ਬਦ ਰਾਹੀਂ ਉਪਦੇਸ਼ ਦਿੰਦੇ ਹੋਏ ਕਿਹਾ:

ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥

ਲੋਕਾਂ ਨੇ ਤਾਂ ਰੱਬ ਨੂੰ ਖਿਲੌਣਾ ਸਮਝ ਲਿਆ ਹੈ ਕਿ ਜਿਸ ਤਰ੍ਹਾਂ ਬੱਚੇ ਨੂੰ ਖਿਲੌਣੇ ਦੇ ਕੇ ਬਿਰਾਇਆ ਜਾਂਦਾ ਹੈ ਉਸ ਤਰ੍ਹਾਂ ਮੱਥੇ ’ਤੇ ਤਿਲਕ ਲਾ ਕੇ, ਹੱਥ ’ਚ ਮਾਲਾ ਫੜ ਕੇ ਅਤੇ ਧਾਰਮਿਕ ਲਿਬਾਸ ਪਾ ਕੇ ਹੀ ਸਮਝਦੇ ਹਨ ਕਿ ਰੱਬ ਉਨ੍ਹਾਂ ’ਤੇ ਖੁਸ਼ ਹੋ ਜਾਵੇਗਾ।

ਜਉ ਹਉ ਬਉਰਾ ਤਉ ਰਾਮ ਤੋਰਾ॥ ਲੋਗੁ ਮਰਮੁ ਕਹ ਜਾਨੈ ਮੋਰਾ ॥1॥ ਰਹਾਉ ॥

ਪਰ ਕਬੀਰ ਨੂੰ ਸਮਝ ਆ ਚੁੱਕੀ ਸੀ ਕਿ ਰੱਬ ਏਨਾਂ ਭੋਲਾ ਨਹੀਂ ਕਿ ਖਿਡੌਣਿਆਂ ’ਤੇ ਹੀ ਖੁਸ਼ ਹੋ ਜਾਵੇਗਾ ਇਸ ਲਈ ਇਹ ਸਾਰੇ ਵਿਖਾਵੇ ਦੇ ਧਾਰਮਿਕ ਕੰਮ ਛੱਡ ਦਿੱਤੇ ਤਾਂ ਬੇਸਮਝ ਲੋਕਾਂ ਨੇ ਉਨ੍ਹਾਂ ਨੂੰ ਬਉਰਾ ਕਹਿਣਾ ਸ਼ੁਰੂ ਕਰ ਦਿੱਤਾ। ਕਬੀਰ ਸਾਹਿਬ ਕਹਿੰਦੇ ਹੇ ਭਗਵਾਨ ਜੇ ਮੈਂ ਇਹਨਾਂ ਦੇ ਭਾ ਦਾ ਬਉਰਾ ਹਾਂ ਤਾਂ ਫਿਰ ਵੀ ਹੈਂ ਤਾਂ ਮੈਂ ਤੇਰਾ ਹੀ, ਇਨ੍ਹਾਂ ਲੋਕਾਂ ਨੂੰ ਇਸ ਭੇਦ ਦੀ ਸਮਝ ਨਹੀਂ ਆ ਸਕਦੀ।
ਤੋਰਉ ਨ ਪਾਤੀ ਪੂਜਉ ਨ ਦੇਵਾ॥ ਰਾਮ ਭਗਤਿ ਬਿਨੁ ਨਿਹਫਲ ਸੇਵਾ ॥2॥

ਕਿਉਂਕਿ ਹੁਣ ਮੈਨੂੰ ਇਹ ਸਮਝ ਆ ਚੁੱਕੀ ਹੈ ਕਿ ਪ੍ਰਭੂ ਦੀ ਭਗਤੀ ਤੋਂ ਬਿਨਾਂ ਹੋਰ ਕਰਮ ਕਾਂਡ ਵਾਲੀ ਸੇਵਾ ਨਿਹਫਲ ਹੈ ਇਸ ਲਈ ਹੁਣ ਮੈਂ ਫੁੱਲ/ਪਤੀਆਂ ਤੋੜ ਕੇ ਬੁਤਾਂ/ ਦੇਵਤਿਆਂ ਦੀ ਪੂਜਾ ਨਹੀਂ ਕਰਦਾ।

ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਐਸੀ ਸੇਵ ਦਰਗਹ ਸੁਖੁ ਪਾਵਉ ॥3॥

ਹੁਣ ਤਾਂ ਮੈਂ ਗੁਰੂ ਦੀ ਪੂਜਾ ਕਰਦਾ ਹਾਂ ਤੇ ਉਸ ਦੀ ਦਿੱਤੀ ਸਿਖਿਆ ਹੀ ਮੰਨਦਾ ਹਾਂ, ਤੇ ਗੁਰੂ ਦੀ ਐਸੀ ਸੇਵਾ ਕਰਨ ਨਾਲ ਹੀ ਪ੍ਰਭੂ ਦੀ ਦਰਗਾਹ ਵਿੱਚ ਸੁਖ ਮਾਣਦਾ ਹਾਂ। ਪ੍ਰੋ: ਧੂੰਦਾ ਨੇ ਕਿਹਾ ਸਤਿਗੁਰੂ ਦੀ ਪੂਜਾ ਕੀ ਹੈ ਅਤੇ ਉਸ ਦੀ ਸਿਖਿਆ ਕੀ ਹੈ ਆਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁਛੀਏ:-

ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥

ਗੁਰੂ ਸਾਹਿਬ ਇਨ੍ਹਾਂ ਤੁਕਾਂ ਵਿੱਚ ਇਹ ਨਹੀਂ ਕਹਿ ਰਹੇ ਕਿ ਭਗਤ ਦੀ ਤੋਰ ਬਦਲ ਜਾਂਦੀ ਹੈ ਜਾਂ ਉਹ ਬੋਲਦੇ ਨਹੀਂ? ਨਾ ਤੋਰ ਬਦਲਦੀ ਹੈ ਅਤੇ ਨਾ ਹੀ ਉਹ ਮੌਨ ਧਾਰ ਕੇ ਬੈਠਦੇ ਹਨ। ਜੇ ਮੌਨ ਧਾਰ ਕੇ ਬੈਠਦੇ ਤਾਂ ਉਨ੍ਹਾਂ ਦੀ ਸਿਖਿਆ ਉਨ੍ਹਾਂ ਦੀ ਬਾਣੀ ਸਾਡੇ ਕੋਲ ਨਾ ਪਹੁੰਚਦੀ। ਇਸ ਲਈ ਜੋ ਅਸਲੀ ਭਗਤੀ ਹੈ ਉਹ ਇਹ ਹੈ ਕਿ ਲਬ, ਲੋਭ, ਹੰਕਾਰ, ਤ੍ਰਿਸ਼ਨਾ ਆਦਿ ਛਡਨੇ ਹਨ। ਪ੍ਰੋ: ਧੂੰਦਾ ਨੇ ਕਿਹਾ ਅੱਜ ਸਾਡੇ ਨਾਲ ਵੀ ਇਹੀ ਕੁਝ ਵਾਪਰ ਰਿਹਾ ਹੈ, ਕਈ ਡੇਰੇਦਾਰ ਪਰਚੇ ਵੰਡ ਰਹੇ ਹਨ ਕਿ ਇੰਨੇ ਪਾਠ ਕਰੇ ਕਿ ਸਾਡੇ ਕੋਲ ਲਿਖਾਓ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਪਤ ਕਰੋ। ਉਨ੍ਹਾਂ ਕਿਹਾ ਜੋ ਭਗਤੀ ਦੇ ਨਾਮ ’ਤੇ ਗਿਣਤੀ ਦੇ ਪਾਠ, ਨਾਮ ਸਿਮਰਨ ਅਭਿਆਸ ਆਦਿ ਹੋ ਰਹੇ ਹਨ ਇਹ ਗੁਰੂ ਦੀ ਭਗਤੀ ਨਹੀਂ ਹੈ। ਪਰ ਬੇਸਮਝ ਲੋਕਾਂ ਅਨੁਸਾਰ ਜੋ ਇਹ ਵਿਖਾਵੇ ਦੇ ਕੰਮ ਨਹੀਂ ਕਰਦਾ, ਉਸ ਨੂੰ ਕਹਿੰਦੇ ਹਨ ਇਹ ਕਾਮਰੇਡ ਬਣ ਗਿਆ ਹੈ, ਨਾਸਤਕ ਬਣ ਗਿਆ ਹੈ। ਉਨ੍ਹਾਂ ਕਿਹਾ ਜੇ ਪਾਠ ਕਰ ਕੇ ਜਾਂ ਸਿਮਰਨ ਕਰ ਕੇ ਵੀ ਤੇਰੇ ਵਿੱਚ ਲਬ, ਲੋਭ, ਹੰਕਾਰ, ਤ੍ਰਿਸ਼ਨਾ ਪਹਿਲਾਂ ਨਾਲੋਂ ਨਹੀਂ ਘਟੇ ਤਾਂ ਗੁਰੂ ਇਨ੍ਹਾਂ ਗਿਣਤੀਆਂ ਮਿਣਤੀਆਂ ਦੇ ਪਾਠ ਨਾਲ ਖੁਸ਼ ਨਹੀਂ ਹੋਵੇਗਾ।

ਲੋਗੁ ਕਹੈ ਕਬੀਰੁ ਬਉਰਾਨਾ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥4॥6॥

ਕਬੀਰ ਸਾਹਿਬ ਕਹਿੰਦੇ ਹਨ ਕਿ ਜੇ ਵਿਖਾਵੇ ਦੇ ਧਾਰਮਿਕ ਕਰਮ ਕਾਂਡ ਨਾ ਕਰਨ ਕਰਕੇ ਲੋਕ ਮੈਨੂੰ ਬਉਰਾ ਕਹਿੰਦੇ ਹਨ ਤਾਂ ਕਹੀ ਜਾਣ ਕਿਉਂਕਿ ਕਬੀਰ ਦੀ ਅਸਲ ਵਲੋਂ ਕੀਤੀ ਅਸਲ ਭਗਤੀ (ਲਬ, ਲੋਭ, ਹੰਕਾਰ, ਤ੍ਰਿਸ਼ਨਾ ਛੱਡਨੇ) ਦਾ ਭੇਦ ਪ੍ਰਭੂ ਨੇ ਪਹਿਚਾਣ ਲਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top