Share on Facebook

Main News Page

ਅਖੌਤੀ ਪੰਥਕ ਸਰਕਾਰ ਸੌਦਾ ਸਾਧ ਦੀ ਕੂੜ ਚਰਚਾ ਸਰਕਾਰੀ ਸੁਰੱਖਿਆ ਅਧੀਨ ਕਰਵਾ ਜਾ ਰਹੀ ਹੈ ਜਦੋਂ ਕਿ ਗੁਰਪੁਰਬ ਮਨਾਉਣ’ਤੇ ਪਾਬੰਦੀ ਲਗਾਈ ਜਾ ਰਹੀ ਹੈ: ਬਾਬਾ ਬਲਜੀਤ ਸਿੰਘ ਦਾਦੂਵਾਲ

* ਰਾਜ ਨਹੀਂ ਸੇਵਾ ਵਾਲਿਆਂ ਦੀ ਸੇਵਾ ਕਾਰਣ ਮੈਂ ਪਿਛਲੇ ਦਿਨ ਹਾਜ਼ਰੀ ਨਹੀਂ ਭਰ ਸਕਿਆ

* ਸੌਦਾ ਡੇਰਾ ਦੀ ਪੁਸਤਕ ਵਿੱਚ ਸਿਰਫ ਸਿੱਖ ਧਰਮ ਦਾ ਹੀ ਨਹੀਂ ਬਲਕਿ ਸਾਰੇ ਧਰਮਾਂ ਦਾ ਨਿਰਾਦਰ ਕੀਤਾ ਗਿਆ ਹੈ

* ਜੇ ਸੌਦਾ ਸਾਧ ਦੀ ਕੂੜ ਚਰਚਾ ਬੰਦ ਕਰਵਾਉਣ ਵਾਲਾ ਹਕਮਨਾਮਾ ਜਥੇਦਾਰ ਲਾਗੂ ਨਹੀਂ ਕਰਵਾ ਸਕਦਾ ਤਾਂ ਇਸ ਨੂੰ ਵਾਪਸ ਲੈ ਲਵੇ: ਬਾਬਾ ਦਾਦੂਵਾਲ

ਬਠਿੰਡਾ, 6 ਜਨਵਰੀ (ਕਿਰਪਾਲ ਸਿੰਘ): ਰਾਜ ਨਹੀਂ ਸੇਵਾ ਵਾਲਿਆਂ ਦੀ ਸੇਵਾ ਕਾਰਣ ਮੈਂ ਪਿਛਲੇ ਦਿਨੀ ਹਾਜ਼ਰੀ ਨਹੀਂ ਭਰ ਸਕਿਆ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਸੰਤ ਸਮਾਜ ਦੇ ਇੱਕ ਮੁੱਖ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲੇ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਵੇਰਵੇ ਸਹਿਤ ਦੱਸਿਆ ਕਿ ਮਾਨਸਾ ਜਿਲ੍ਹਾ ਦੇ ਕਸਬਾ ਭੀਖੀ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਬਣਿਆ ਹੈ ਜਿਸ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰਸੇਵਾ ਦਿੱਲੀ ਵਾਲਿਆਂ ਨੇ ਕਾਰਵਾਈ ਸੀ। ਇਸ ਸਮੇਂ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਪਰ ਬਾਬਾ ਹਰਬੰਸ ਸਿੰਘ ਦੀ ਪ੍ਰੇਰਣਾ ਸਦਕਾ ਇੱਥੇ ਹਰ ਸਾਲ 31 ਦਸੰਬਰ ਅਤੇ 1, 2 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਿਛਲੇ 26-27 ਸਾਲਾਂ ਤੋਂ ਮਨਾਇਆ ਜਾਂਦਾ ਹੈ ਜਿਸ ਦਾ ਪ੍ਰਬੰਧ ਲੋਕਲ ਕਮੇਟੀ ਵਲੋਂ ਕੀਤਾ ਜਾਂਦਾ ਹੈ। ਇਸ ਸਾਲ ਤਿੰਨਾਂ ਦਿਨਾਂ ਦੀ ਕੀਰਤਨ ਦੀ ਸੇਵਾ ਗੁਰਪੁਰਬ ਕਮੇਟੀ ਵਲੋਂ ਦਾਸ (ਬਾਬਾ ਦਾਦੂਵਾਲਾ) ਨੂੰ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਸੌਦਾ ਸਾਧ ਦੇ ਚੇਲਿਆਂ ਨੂੰ ਲੱਗਾ ਤਾਂ ਉਨ੍ਹਾਂ ਪ੍ਰਸ਼ਾਸ਼ਨ ਕੋਲ ਪਹੁੰਚ ਕਰਕੇ ਇਸ ਸਮਾਗਮ ਨੂੰ ਬੰਦ ਕਰਵਾਉਣ ਲਈ ਦਬਾਅ ਪਾਇਆ ਜਿਸ ਕਾਰਣ ਪ੍ਰਸ਼ਾਸ਼ਨ ਨੇ ਗੁਰਪੁਰਬ ਕਮੇਟੀ ’ਤੇ ਦਬਾਅ ਪਾਇਆ ਕਿ ਇਹ ਸਮਾਗਮ ਕੈਂਸਲ ਕੀਤਾ ਜਾਵੇ। ਗੁਰਪੁਰਬ ਕਮੇਟੀ ਮੈਂਬਰਾਂ ’ਤੇ ਤਸ਼ੱਦਦ ਕੀਤੇ ਜਾਣ ਦੇ ਬਾਵਯੂਦ ਜਦੋਂ ਇਹ ਸਮਾਗਮ ਸਹੀ ਪ੍ਰਗਰਾਮ ਅਨੁਸਾਰ ਸ਼ੁਰੂ ਹੋ ਗਿਆ ਤਾਂ ਦੂਸਰੇ ਦਿਨ ਸਮਾਗਮ ਦੀ ਸਮਾਪਤੀ ਤੋਂ 10 ਮਿੰਟ ਪਹਿਲਾਂ ਪੁਲਿਸ ਨੇ ਬਿਜਲੀ ਦੀਆਂ ਤਾਰਾਂ ਅਤੇ ਜਨਰੇਟਰ ਦੀਆਂ ਤਾਰਾਂ ਕੱਟ ਕੇ ਬਿਜਲੀ ਗੁੱਲ ਕਰ ਦਿੱਤੀ ਹਾਲਾਂ ਕਿ ਉਸ ਸਮੇਂ ਸੌਦਾ ਡੇਰਾ ਦਾ ਨਾਂ ਲੈ ਕੇ ਉਸ ਵਿਰੁੱਧ ਕੁਝ ਵੀ ਨਹੀਂ ਕਿਹਾ ਗਿਆ ਸੀ। ਉਸ ਸਮੇਂ ਭਾਈ ਜੈਤਾ ਜੀ ਦੀ ਸਾਖੀ ਸੁਣਾ ਕੇ ਸਿਰਫ ਇਹੀ ਕਿਹਾ ਜਾ ਰਿਹਾ ਸੀ ਕਿ ਦੱਬੇ ਕੁਚਲੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਨਾਲ ਲਾ ਕੇ ਕਿਹਾ ਸੀ ‘ਰੰਘਰੇਟਾ ਗੁਰੂ ਕਾ ਬੇਟਾ’ ਅਤੇ ‘ਇਨ ਹੀ ਕਉ ਸਰਦਾਰ ਬਣਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ’। ਇਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਸਰਦਾਰ ਬਣਾ ਕੇ ਕਿਹਾ ‘ਇਨ ਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ।ਨਹੀਂ ਮੋ ਸਿਉਂ ਗਰੀਬ ਕਰੋਰ ਪਰਹਿ॥’ ਇਹ ਉਨ੍ਹਾਂ ਦੇ ਉੱਚੇ ਗੁਣਾਂ ਅਤੇ ਨਿਮ੍ਰਤਾ ਦੀ ਸਿਖਰ ਹੈ ਤਾਂ ਫਿਰ ਕਿਉਂ ਅਸੀਂ, ਸਾਨੂੰ ਸਰਦਾਰ ਬਣਾਉਣ ਵਾਲੇ ਗੁਰੂ ਨੂੰ ਛੱਡ ਕੇ ਪਾਖੰਡੀ ਡੇਰੇਦਾਰਾਂ ਦੇ ਦਿਹਾੜੀਦਾਰ ਬਣਦੇ ਹਾਂ?

ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਜੇ ਸਾਨੂੰ ਪੰਜਾਬ ਵਿੱਚ ਹੀ ਇਤਨਾ ਕਹਿਣ ਦਾ ਵੀ ਹੱਕ ਨਹੀਂ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਅਖੌਤੀ ਬਾਦਲ ਸਰਕਾਰ ਦੇਹਧਾਰੀ ਗੁਰੂਡੰਮੀਆਂ ਨਾਲ ਮਿਲੀ ਹੋਈ ਹੈ ਬੇਸ਼ੱਕ ਉਹ ਸੌਦਾ ਸਾਧ ਹੋਵੇ ਜਾਂ ਕੋਈ ਹੋਰ। ਉਨ੍ਹਾਂ ਕਿਹਾ ਕਿ ਸੌਦਾ ਡੇਰਾ ਦੀ ਪੁਸਤਕ ‘ਪਾਰਸ ਦੀ ਬੱਟੀ’ ਵਿੱਚ ਸਿਰਫ ਸਿੱਖ ਧਰਮ ਦਾ ਹੀ ਨਹੀਂ ਬਲਕਿ ਸਾਰੇ ਧਰਮਾਂ ਦਾ ਨਿਰਾਦਰ ਕੀਤਾ ਗਿਆ ਹੈ। ਉਸ ਦੇ ਪੰਨਾ 109-10 ’ਤੇ ਲਿਖਿਆ ਹੈ ‘ਕੋਈ ਰੀਝੈ ਸੰਖ ਘੜਿਆਲਾਂ ’ਤੇ। ਕੋਈ ਰੀਝੈ ਕੱਛ ਕੜੇ ਕ੍ਰਿਪਾਨਾਂ ’ਤੇ। ਮੈਂ ਕਿਹੜੇ ਕਿਹੜੇ ਰੱਬ ਨੂੰ ਪੂਜਾਂ। ਕੋਈ ਵੱਡਾ ਰੱਬ ਕੋਈ ਛੋਟਾ ਰੱਬ।’ ਇੱਥੇ ਹਿੰਦੂ ਅਤੇ ਸਿੱਖ ਦੋਵੇਂ ਹੀ ਧਰਮਾਂ ਦਾ ਮਖੌਲ ਉਡਾਇਆ ਗਿਆ ਹੈ, ਕਿਉਂਕਿ ਹਿੰਦੂ ਵੱਡਾ ਧਰਮ ਹੈ ਜੋ ਮੰਦਰਾਂ ਵਿੱਚ ਸੰਖ ਤੇ ਘੜਿਆਲ ਵਜਾਉਂਦਾ ਹੈ ਅਤੇ ਸਿੱਖ ਛੋਟਾ ਧਰਮ ਹੈ ਜਿਸ ਦੇ ਸਿੱਖ ਰਹਿਤ ਮਰਿਆਦਾ ਅਨੁਸਾਰ ਕੱਛਹਿਰਾ, ਕੜਾ ਤੇ ਕ੍ਰਿਪਾਨ ਪੰਜ ਕਕਾਰਾਂ ਵਜੋ ਜਰੂਰੀ ਅੰਗ ਹਨ। ‘ਹਜ਼ਰਤ, ਜੀਸੂ, ਦਸ਼ਮੇਸ਼ ਪਿਤਾ ਤੇ ਨਾਨਕ ਨਿਰੰਕਾਰੀ ਕੋਈ। ਬ੍ਰਹਮਾ ਬਿਸ਼ਨੂ ਮਹੇਸ਼ ਕੋਈ, ਕਾਲੀ ਕਲਕੱਤੇ ਵਾਲੀ ਕੋਈ। ਮੈਂ ਕਿਹੜੇ ਕਿਹੜੇ ਰੱਬ ਨੂੰ ਪੂਜਾਂ।ਕੋਈ ਵੱਡਾ ਰੱਬ ਕੋਈ ਛੋਟਾ ਰੱਬ।’ ਇਨ੍ਹਾਂ ਤੁਕਾਂ ਵਿੱਚ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਮੁਸਲਿਮ, ਈਸਾਈ ਤੇ ਸਿਖਾਂ ਤਿੰਨਾਂ ਹੀ ਧਰਮਾਂ ਦੇ ਬਾਨੀ ਅਤੇ ਹਿੰਦੂ ਧਰਮ ਦੇ ਅਵਤਾਰਾਂ ਤੇ ਦੇਵੀ ਦੇਵਤੇ ਸਭ ਨਖਿੱਧ ਹਨ ਸਿਰਫ ਸੌਦਾ ਡੇਰਾ ਮੁਖੀ ਹੀ ਪੂਜਣ ਯੋਗ ਹੈ। ਬਾਬਾ ਬਲਜੀਤ ਸਿੰਘ ਨੇ ਕਿਹਾ ਜੇ ਸੌਦਾ ਸਾਧ ਦਾ ਇਨ੍ਹਾਂ ਧਰਮਾਂ ਵਿੱਚ ਯਕੀਨ ਹੀ ਨਹੀਂ ਤਾਂ ਆਪਣੇ ਡੇਰੇ ਵਿੱਚ ਇਨ੍ਹਾਂ ਧਰਮਾਂ ਦੇ ਧਾਰਮਿਕ ਲੋਗੋ ਕਿਉਂ ਲਾਏ ਹਨ? ਕੀ ਇਹ ਪਖੰਡ ਨਹੀਂ? ਉਨ੍ਹਾਂ ਕਿਹਾ ਜਿਹੜੀ ਸਰਕਾਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮਨਾਉਣ ’ਤੇ ਪਾਬੰਦੀ ਲਾਏ।

ਤੀਸਰੇ ਦਿਨ ਦੇ ਦੀਵਾਨ ਵਿੱਚ ਪਹੁੰਚਣ ਤੋਂ ਰੋਕਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਗੁਰੂ ਜੰਡਾਲੀ ਕੋਟਸ਼ਮੀਰ ਤੋਂ ਨਿਕਲਦੇ ਹੀ ਉਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਜੇਲ੍ਹ ’ਚ ਬੰਦ ਕਰ ਦੇਵੇ ਅਤੇ ਭੀਖੀ ਵਿਖੇ ਚੱਲ ਰਹੇ ਦੀਵਾਨ ’ਚ ਗ੍ਰਿਫ਼ਤਾਰੀ ਦਾ ਪਤਾ ਲੱਗਣ ’ਤੇ ਰੋਸ ਕਰ ਰਹੀਆਂ ਸੰਗਤਾਂ ਨੂੰ ਛੱਲੀਆਂ ਵਾਂਗ ਕੁੱਟ ਸੁੱਟੇ, ਉਨ੍ਹਾਂ ਨੂੰ ਖਦੇੜਨ ਲਈ ਪੋਹ ਦੀ ਕੜਕਦੀ ਠੰਡ ਵਿੱਚ ਪਾਣੀ ਦੀਆਂ ਬੁਛਾੜਾਂ ਮਾਰੇ, ਸਿੰਘਾਂ ਦੀਆਂ ਦਸਤਾਰਾਂ ਤੇ ਬੀਬੀਆਂ ਦੀਆਂ ਚੁਨੀਆਂ ਪੈਰਾਂ ਵਿੱਚ ਰੋਲੇ, ਉਥੇ ਹੋਣ ਵਾਲੇ ਅੰਮ੍ਰਿਤ ਸੰਚਾਰ ਲਈ ਪਹੁੰਚ ਰਹੇ ਪੰਜ ਪਿਆਰਿਆਂ ਦੀ ਬੇਅਦਬੀ ਕਰ ਕੇ ਰੋਕ ਕੇ ਅੰਮ੍ਰਿਤ ਸੰਚਾਰ ਹੀ ਨਾ ਹੋਣ ਦੇਵੇ, ਸਿੰਘਾਂ ’ਤੇ ਹੋਏ ਤਸ਼ੱਦਦ ਮਗਰੋਂ ਉਨ੍ਹਾਂ ਦੀ ਖ਼ਬਰਸਾਰ ਲੈਣ ਜਾ ਰਹੇ ਸ: ਸਿਮਰਨਜੀਤ ਸਿੰਘ ਮਾਨ, ਬਾਬਾ ਹਰੀ ਸਿੰਘ ਰੰਧਾਵਾ, ਬਾਬਾ ਸੁਖਚੈਨ ਸਿੰਘ ਅਤੇ ਪੰਥਕ ਦਰਦ ਰੱਖਣ ਵਾਲੇ ਹੋਰ ਸਿੰਘਾਂ ਨੂੰ ਰਸਤੇ ਵਿੱਚ ਹੀ ਰੋਕ ਦੇਵੇ ਪਰ ਉਸੇ ਦਿਨ ਸੌਦਾ ਸਾਧ ਦੀ ਕੂੜ ਚਰਚਾ ਸਰਕਾਰੀ ਸੁਰੱਖਿਆ ਅਧੀਨ ਕਰਵਾਏ, ਜਿਸ ਵਿੱਚ ਉਕਤ ਕਿਸਮ ਦੀਆਂ ਕਬਾਲੀਆਂ ਗਾ ਕੇ ਸਾਰੇ ਹੀ ਧਰਮਾਂ ਦਾ ਮਖੌਲ ਉਡਾਇਆ ਜਾਂਦਾ ਹੋਵੇ, ਤਾਂ ਕੀ ਉਹ ਸਰਕਾਰ ਪੰਥਕ ਕਹਾਉਣ ਦੀ ਹੱਕਦਾਰ ਹੈ? ਕੀ ਉਹ ‘ਰਾਜ ਨਹੀਂ ਸੇਵਾ’ ਇਸ ਢੰਗ ਨਾਲ ਹੀ ਕਰਦੀ ਹੈ ਕਿ ਉਸ ਨੇ ਗੁਰਪੁਰਬ ਨਹੀਂ ਮਨਾਉਣ ਦੇਣੇ, ਗੁਰਬਾਣੀ ਤੇ ਸਿੱਖ ਇਤਿਹਾਸ ਦੀ ਕਥਾ ਕੀਰਤਨ ਨਹੀਂ ਹੋਣ ਦੇਣਾ, ਅੰਮ੍ਰਿਤ ਸਮਾਗਮ ਨਹੀਂ ਹੋਣ ਦੇਣੇ, ਐਸੇ ਸਮਾਗਮਾਂ ਨੂੰ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਹੈ ਅਤੇ ਕੂੜ ਪ੍ਰਚਾਰ ਕਰਨ ਵਾਲੇ ਪਖੰਡੀਆਂ ਦੇ ਸਮਾਗਮ ਸਰਕਾਰੀ ਸੁਰੱਖਿਆ ਹੇਠ ਕਰਵਾਉਣੇ ਹਨ? ਉਨ੍ਹਾਂ ਕਿਹਾ ਕਿ ‘ਰਾਜ ਨਹੀਂ ਸੇਵਾ’ ਵਾਲੀ ਸਰਕਾਰ ਔਰੰਗਜ਼ੇਬ ਤੇ ਹਿਟਲਰ ਨਾਲੋਂ ਕਿਵੇਂ ਘੱਟ ਹੈ? ਉਨ੍ਹਾਂ ਕਿਹਾ ਸਿਰਫ ਭੀਖੀ ਹੀ ਨਹੀਂ ਇਸ ਤੋਂ ਪਹਿਲਾਂ ਬਾਜਾਖਾਨਾ ਵਿਖੇ ਵੀ ਇਹੀ ਕੁਝ ਕਰ ਚੁੱਕੀ ਹੈ। 7-8-9 ਜਨਵਰੀ ਨੂੰ ਮਾਨਸਾ ਜਿਲ੍ਹੇ ਦੇ ਹੀ ਪਿੰਡ ਨੰਗਲਾ ਵਿਖੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ’ਤੇ ਵੀ ਇਸ ਅਖੌਤੀ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ ਤੇ ਸਮਾਗਮ ਲਈ ਲਾਏ ਜਾ ਰਹੇ ਟੈਂਟ ਪੁਲਿਸ ਨੇ ਪੁੱਟ ਦਿੱਤੇ ਹਨ, ਪ੍ਰਬੰਧਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੰਗਲਾ ਸਾਹਿਬ ਵਿਖੇ ਹਾਲੀ ਦੋ ਦਿਨ ਹੋਰ ਹਾਜ਼ਰੀ ਭਰਨੀ ਸੀ ਪਰ ਅਖੌਤੀ ਸਰਕਾਰ ਵਲੋਂ ਪੰਥ ਦੀ ਕੀਤੀ ਜਾ ਰਹੀ ਸੇਵਾ ਕਾਰਣ ਉਨਾਂ ਨੂੰ ਕੱਲ ਸਵੇਰ ਦੀ ਇਥੇ ਹਾਜ਼ਰੀ ਭਰਨ ਉਪ੍ਰੰਤ ਸਿੱਧੇ ਹੀ ਪਿੰਡ ਨੰਗਲਾ ਵਿਖੇ ਜਾ ਕੇ ਮੋਰਚਾ ਸੰਭਾਲਣਾ ਪੈਣਾ ਹੈ। ਉਨ੍ਹਾਂ ਨੇ ਸਮੂਹ ਪੰਥਕ ਦਰਦੀ ਜਥੇਬੰਦੀਆਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ 7 ਜਨਵਰੀ ਨੂੰ ਪਿੰਡ ਨਗਲਾ ਵਿਖੇ ਪਹੁੰਚ ਕੇ ‘ਰਾਜ ਨਹੀਂ ਸੇਵਾ’ ਵਾਲਿਆਂ ਨੂੰ ਸੇਵਾ ਦਾ ਮੌਕਾ ਦੇਣ ਅਤੇ ਉਨ੍ਹਾਂ ਵਲੋਂ ਪੰਥ ਦੀ ਹੁੰਦੀ ਸੇਵਾ ਦਾ ਨਜ਼ਾਰਾ ਆਪਣੀ ਅੱਖੀਂ ਵੇਖਣ।ਕਿੳਂਕਿ ਬੇਸ਼ੱਕ ਮੀਡੀਆ ਬਹੁਤ ਚੰਗਾ ਰੋਲ ਨਿਭਾ ਰਿਹਾ ਹੈ ਪਰ ਫਿਰ ਵੀ ਡੰਡੇ ਦੇ ਜੋਰ ਨਾਲ ਸਰਕਾਰ ਬਹੁਤ ਕੁਝ ਦਬਾਅ ਜਾਂਦੀ ਹੈ ਅਤੇ ਬਾਹਰ ਨਹੀਂ ਆਉਣ ਦਿੰਦੀ। ‘ਰਾਜ ਨਹੀਂ ਸੇਵਾ’ ਕਰਨ ਵਾਲਿਆਂ ਨੂੰ ਸੱਚ ਸੁਣਨਾ ਵੀ ਪਸੰਦ ਨਹੀਂ ਇਸੇ ਕਾਰਣ ਪੰਜਾਬ ਦਾ ਪੂਰਾ ਮੀਡੀਆ ਇਨ੍ਹਾਂ ਨੇ ਆਪਣੇ ਕੰਟਰੋਲ ਹੇਠ ਕਰ ਲਿਆ ਹੈ, ਬੰਗਲਾ ਸਾਹਿਬ ਤੋਂ ਸੱਚ ਦੀ ਨਿਕਲ ਰਹੀ ਆਵਾਜ਼ ਨੂੰ ਸਿੱਖ ਸੰਗਤਾਂ ਤੱਕ ਪਹੁੰਚਣ ਤੋਂ ਰੋਕਣ ਲਈ ਚੜ੍ਹਦੀਕਲਾ ਟਾਈਮ ਟੀਵੀ ਪੰਜਾਬ ਦੇ ਕੇਬਲ ਨੈੱਟਵਰਕ ਤੋਂ ਕੱਟ ਦਿੱਤੀ ਗਈ ਹੈ।

ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਆਪਣੇ ਬਿਆਨ ’ਚ ਖ਼ੁਦ ਮੰਨ ਚੁੱਕੇ ਹਨ ਕਿ ਪੁਲਿਸ ਨੇ ਸਿੰਘਾਂ ’ਤੇ ਜਿਆਦਤੀ ਕੀਤੀ ਹੈ ਫਿਰ ਉਹ ਇਹ ਜਿਆਦਤੀਆਂ ਕਰਨਵਾਲਿਆਂ ਵਿਰੁੱਧ ਪੰਥਕ ਸਾਰਕਾਰ ਤੋਂ ਕੋਈ ਕਾਰਵਾਈ ਕਿਉਂ ਨਹੀਂ ਕਰਵਾਉਂਦੇ? ਉਨ੍ਹਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੁੰ ਅਪੀਲ ਕੀਤੀ ਕਿ ਜਾਂ ਤਾਂ ਉਹ ਸੌਦਾ ਸਾਧ ਦੀਆਂ ਪੰਜਾਬ ’ਚ ਕੂੜ ਚਰਚਾਵਾਂ ਬੰਦ ਕਰਵਾਉਣ ਲਈ 17 ਮਈ 2007 ਨੂੰ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਵਾਉਣ ਨਹੀਂ ਤਾਂ ਇਸ ਨੂੰ ਵਾਪਿਸ ਲੈ ਲੈਣ ਕਿਉਂਕਿ ਇਹ ਹੁਕਮਨਾਮਾ ਲਾਗੂ ਕਰਵਾਉਣ ਵਾਲੇ ਅਕਾਲ ਤਖ਼ਤ ਨੂੰ ਸਮਰਪਿਤ ਕੁਝ ਸਿੱਖ ਸ਼ਹੀਦ ਹੋ ਚੁੱਕੇ ਹਨ ਤੇ ਕੁਝ ਹਰ ਰੋਜ਼ ਹੀ ਸਰਕਾਰ ਦੀ ਕਰੋਪੀ ਦਾ ਸ਼ਿਕਾਰ ਹੋ ਕੇ ਪੁਲਿਸ ਦੀਆਂ ਲਾਠੀਆਂ ਖਾ ਰਹੇ ਹਨ ਤੇ ਜੇਲ੍ਹਾਂ ਵਿੱਚ ਖ਼ੁਆਰ ਹੋ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top