Share on Facebook

Main News Page

ਕੂਕਰ ਤੇ ਮਨੁੱਖ ’ਚੋਂ ਕਿਸ ਦਾ ਕਿਰਦਾਰ ਚੰਗਾ

ਆਪਣੇ ਮਾਲਕ ਦਾ ਵਫ਼ਾਦਾਰ ਹੋਣ ਦਾ ਕੁੱਤੇ ਵਿੱਚ ਸਭ ਤੋਂ ਵੱਡਾ ਗੁਣ ਹੈ। ਕੁਤੇ ਦੇ ਇਸ ਗੁਣ ਕਾਰਣ ਭਗਤ ਕਬੀਰ ਸਾਹਿਬ ਜੀ ਨੇ ਵੀ ਗੁਰਬਾਣੀ ਵਿੱਚ ਆਪਣੇ ਆਪ ਨੂੰ ਪ੍ਰਭੂ ਦੇ ਦਰਬਾਰ ਦਾ ਕੁੱਤਾ ਦਸਦਿਆਂ ਬਿਆਨ ਕੀਤਾ ਹੈ: “ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥1॥ ਰਹਾਉ ॥’’ (ਪੰਨਾ 969) ਆਪਣੀ ਨਿਮ੍ਰਤਾ ਅਤੇ ਵਫ਼ਾਦਾਰੀ ਵਿਖਾਉਣ ਲਈ ਗੁਰਬਾਣੀ ਦੀ ਇਸ ਤੁਕ ਦਾ ਹਵਾਲਾ ਦਿੰਦੇ ਹੋਏ ਬਹੁਤ ਸਾਰੇ ਸਿੱਖ ਪ੍ਰਚਾਰਕ ਅਤੇ ਆਗੂ ਵੀ ਕਈ ਵਾਰ ਆਪਣੇ ਆਪ ਨੂੰ ਗੁਰੂ ਘਰ ਦਾ ਕੂਕਰ ਦਸਦੇ ਹਨ। ਬੇਸ਼ੱਕ ਜਿਨ੍ਹਾਂ ਅਰਥਾਂ ਵਿੱਚ ਭਗਤ ਕਬੀਰ ਜੀ ਨੇ ਆਪਣੇ ਆਪ ਨੂੰ ਕੂਕਰ ਕਿਹਾ ਹੈ ਉਹ ਗੁਣ ਜਬਾਨੀ ਕਲਾਮੀ ਕਹਿਣ ਵਾਲਿਆਂ ਵਿੱਚ ਬਹਤ ਹੀ ਘੱਟ ਹੁੰਦੇ ਹਨ।

ਕੁੱਤੇ ਦਾ ਇੱਕ ਮਾੜਾ ਔਗੁਣ ਇਹ ਹੈ ਕਿ ਇਹ ਬੇਸ਼ੱਕ ਕਿਤਨਾ ਵੀ ਰੱਜਿਆ ਹੋਵੇ ਇਸ ਦਾ ਖਾਣ ਦਾ ਲਾਲਚ ਕਦੀ ਵੀ ਪੂਰਾ ਨਹੀਂ ਹੁੰਦਾ ਅਤੇ ਚੰਗੇ ਚੰਗੇ ਪਦਾਰਥ ਖਾ ਕੇ ਵੀ ਜੂਠੇ ਵਰਤਨਾਂ ਵਿੱਚ ਮੂੰਹ ਮਾਰਨ ਦੀ ਆਦਤ ਨਹੀਂ ਜਾਂਦੀ। ਇਸੇ ਔਗੁਣ ਕਰ ਕੇ ਗੁਰੂ ਸਾਹਿਬ ਨੇ ਮਨੁੱਖ ਦੇ ਲਾਲਚੀ ਸੁਭਾ ਨੂੰ ਕੁੱਤਾ ਕਿਹਾ ਹੈ:

ਲਬੁ ਕੁਤਾ, ਕੂੜੁ ਚੂਹੜਾ, ਠਗਿ ਖਾਧਾ ਮੁਰਦਾਰੁ ॥’’ (ਪੰਨਾ 15)
ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥ (ਪੰਨਾ 502)
ਨਾਮ ਬਿਨਾ ਜੋ ਪਹਿਰੈ ਖਾਇ ॥ ਜਿਉ ਕੂਕਰੁ ਜੂਠਨ ਮਹਿ ਪਾਇ ॥1॥ (ਪੰਨਾ 240)
ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ (ਪੰਨਾ 1045)

ਕੁੱਤੇ ਦਾ ਇੱਕ ਹੋਰ ਗੁਣ ਹੰਦਾ ਹੈ ਕਿ ਇਹ ਆਪਣੇ ਮਾਲਕ, ਉਸ ਦੇ ਪ੍ਰਵਾਰਿਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਦੀ ਬਹੁਤ ਛੇਤੀ ਪਛਾਣ ਕਰ ਲੈਂਦਾ ਹੈ। ਬੇਸ਼ੱਕ ਕਿਤਨਾ ਵੀ ਕੌੜ ਕੁੱਤਾ ਹੋਵੇ ਉਹ ਆਪਣੇ ਮਾਲਕ ਦੇ ਘਰ ਦੇ ਮੈਂਬਰਾਂ ਅਤੇ ਹਰ ਰੋਜ ਆਉਣ ਜਾਣ ਵਾਲਿਆਂ ਨੂੰ ਨਾਂਹ ਹੀ ਕਟਦਾ ਹੈ ਅਤੇ ਨਾ ਹੀ ਭੌਂਕਦਾ ਹੈ ਸਗੋਂ ਉਨ੍ਹਾਂ ਦੇ ਹੱਥ ਪੈਰ ਚਟਦਾ, ਪੈਰਾਂ ਵਿੱਚ ਲਿਟਦਾ ਅਤੇ ਪੂਛ ਹਿਲਾਉਂਦਾ ਹੋਇਆ ਉਨ੍ਹਾਂ ਨਾਲ ਪਿਆਰ ਦੀ ਸਾਂਝ ਪ੍ਰਗਟ ਕਰਦਾ ਹੈ। ਪਰ ਜਦੋਂ ਹੀ ਕਿਸੇ ਅਣਪਛਾਤੇ ਬੰਦੇ ਨੂੰ ਉਹ ਆਪਣੇ ਮਾਲਕ ਦੇ ਘਰ ਦੇ ਨੇੜੇ ਵੀ ਤਕਦਾ ਹੈ ਤਾਂ ਜਿਹੜੀ ਪੂਛ ਹਿਲਾ ਕੇ ਉਹ ਪਿਆਰ ਦਾ ਇਜ਼ਹਾਰ ਕਰਦਾ ਹੈ ਉਸ ਨੂੰ ਅਕੜਾ ਕੇ ਇੱਕਦਮ ਉਪਰ ਚੁੱਕ ਕੇ ਕੁੰਡਲਦਾਰ ਬਣਾ ਲੈਂਦਾ ਹੈ ਅਤੇ ਉਸ ਵਲ ਮੂੰਹ ਕਰ ਕੇ ਇਤਨਾ ਜ਼ਬਰਦਸਤ ਭੌਂਕਦਾ ਹੈ ਕਿ ਬੰਦਾ ਕੁੱਤੇ ਨੂੰ ਵੇਖ ਕੇ ਹੀ ਦਹਿਲ ਜਾਂਦਾ ਹੈ। ਕਈ ਵਾਰ ਉਸ ਨੂੰ ਕੱਟ ਕੇ ਸਖਤ ਜ਼ਖ਼ਮੀ ਵੀ ਕਰ ਦਿੰਦਾ ਹੈ। ਪਰ ਜੇ ਕਰ ਉਹ ਮਨੁੱਖ ਉਸ ਦੇ ਮਾਲਕ ਨੂੰ ਜਾਣਦਾ ਹੋਵੇ ਅਤੇ ਉਹ ਇੱਕ ਵਾਰ ਕੁੱਤੇ ਨੂੰ ਰੋਕ ਕੇ ਚੁੱਪ ਕਰਨ ਅਤੇ ਉਸ ਮਨੁੱਖ ਨੂੰ ਘਰ ਅੰਦਰ ਆਉਣ ਦਾ ਇਸ਼ਾਰਾ ਕਰ ਦੇਵੇ ਤਾਂ ਉਹੀ ਕੁੱਤਾ ਉਸ ਨਾਲ ਵਿਵਹਾਰ ਬਦਲ ਲੈਂਦਾ ਹੈ ਤੇ ਦੋਸਤਾਂ ਵਰਗਾ ਵਿਵਹਾਰ ਕਰਦਾ ਹੈ। ਦੂਸਰੇ ਲਫ਼ਜਾਂ ਵਿੱਚ ਕੁੱਤੇ ਦਾ ਕਿਸੇ ਨੂੰ ਡਰਾਉਣ ਲਈ ਭੌਂਕਣਾ ਜਾਂ ਪਿਆਰ ਵਿੱਚ ਚਊਂ ਚਊਂ ਕਰਨਾ ਉਸ ਦੀ ਆਪਣੀ ਆਵਾਜ਼ ਨਹੀਂ ਹੁੰਦੀ ਸਗੋਂ ਉਸ ਦੇ ਮਾਲਕ ਦੀ ਭਾਵਨਾ ਹੁੰਦੀ ਹੈ। ਚੋਰਾਂ ਅਤੇ ਦੁਸ਼ਮਣਾਂ ਜਿਨ੍ਹਾਂ ਨੂੰ ਮਾਲਕ ਦੀ ਘਰ ਵਿੱਚ ਆਉਣ ਤੋਂ ਰੋਕਣ ਦੀ ਭਾਵਨਾ ਹੁੰਦੀ ਹੈ ਉਨ੍ਹਾਂ ਨੂੰ ਕੁੱਤਾ ਭੌਂਕਦਾ ਅਤੇ ਕੱਟਦਾ ਹੈ ਪਰ ਜਿਨ੍ਹਾਂ ਦੋਸਤਾਂ ਮਿੱਤਰਾਂ ਅਤੇ ਘਰ ਦੇ ਮੈਂਬਰਾਂ ਨਾਲ ਮਾਲਕ ਦਾ ਪਿਆਰ ਹੁੰਦਾ ਹੈ ਉਨ੍ਹਾਂ ਦੇ ਪੈਰਾਂ ਵਿੱਚ ਲਿਟ ਕੇ ਆਪਣੀ ਪੂਰੀ ਵਫ਼ਾਦਾਰੀ ਵਿਖਾਉਂਦਾ ਹੈ।

ਸ਼ਾਇਦ ਕੁੱਤੇ ਦੇ ਇਸ ਗੁਣ ਕਰਕੇ ਹੀ ਪੱਥਰ ਦੇ ਪੁਰਾਣੇ ਗ੍ਰੋਮੋਫ਼ੋਨ ਰੀਕਾਰਡ ਬਣਾਉਣ ਵਾਲੀ ਐੱਚਐੱਮਵੀ {ਹਿਜ਼ ਮਾਸਟਰਜ਼ ਵੋਇਸ (His Masters Voice)} ਕੰਪਨੀ ਨੇ ਸਪੀਕਰ ਹੌਰਨ ਦੇ ਅੱਗੇ ਅੱਧ ਬੈਠੇ/ਖੜ੍ਹੇ ਹੋਏ ਕੁੱਤੇ ਨੂੰ ਆਪਣੀ ਕੰਪਨੀ ਦਾ ਲੋਗੋ ਬਣਾਇਆ ਹੈ। ਇਹ, ਇਹ ਵਿਖਾਉਣ ਲਈ ਹੈ ਕਿ ਇਸ ਸਪੀਕਰ ਹਾਰਨ ਵਿੱਚੋਂ ਜੋ ਆਵਾਜ਼ ਆ ਰਹੀ ਹੈ, ਇਹ ਇਸ ਦੀ ਆਪਣੀ ਨਹੀਂ, ਇਸ ਆਵਾਜ਼ ਦਾ ਮਾਲਕ ਭਾਵ ਬੋਲ ਕੇ ਰੀਕਾਰਡ ਕਰਨ ਵਾਲਾ ਕੋਈ ਹੋਰ ਹੈ। ਆਮ ਮਨੁੱਖਾਂ ਵਿੱਚੋਂ ਬਹੁਤੇ ਅਤੇ ਖ਼ਾਸ ਕਰਕੇ ਸਿਆਸੀ ਲੋਕਾਂ ਵਿੱਚੋਂ ਬੇਅੰਤ ਅਜੇਹੇ ਵਫ਼ਾਦਾਰ ਕੁੱਤੇ ਦਾ ਰੋਲ ਨਿਭਾਉਂਦੇ ਹਨ। ਉਹ ਆਪਣੇ ਆਗੂ ਅਤੇ ਉਸ ਦੇ ਚਹੇਤਿਆਂ ਦੀ ਖੁਸ਼ਾਮਦ ਅਤੇ ਉਸ ਦੇ ਵਿਰੋਧੀਆਂ ਦੀ ਨਿੰਦਾ ਦੇ ਰੂਪ ਵਿੱਚ ਹਮੇਸ਼ਾਂ ਭੌਂਕਦੇ ਰਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਕਈ ਵਾਰ ਕੁਝ ਨੇਤਾ ਦਲਬਦਲੀ ਕਰਕੇ ਆਪਣੇ ਆਗੂਆਂ ਪ੍ਰਤੀ ਵਫ਼ਦਾਰੀ ਬਦਲ ਲੈਂਦੇ ਹਨ ਤਾਂ His Masters Voice ਦਾ ਰੋਲ ਨਿਭਾਉਣ ਵਾਲੇ ਵੀ ਆਪਣੇ ਮਾਲਕ ਦੇ ਇਸ਼ਾਰੇ ਨੂੰ ਝੱਟ ਸਮਝ ਲੈਂਦੇ ਹਨ ਤੇ ਉਹ ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਨਿੰਦਾ ਕਰਦੇ ਨਹੀਂ ਸਨ ਥਕਦੇ ਉਨ੍ਹਾਂ ਦੀ ਝੱਟ ਖੁਸ਼ਾਮਦ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਜਿਨ੍ਹਾਂ ਦੀ ਪਹਿਲਾਂ ਖੁਸ਼ਾਮਦ ਕਰਦੇ ਹੁੰਦੇ ਸਨ ਉਨ੍ਹਾਂ ਦੀ ਨਿੰਦਾ ਕਰਨ ਲੱਗ ਪੈਂਦੇ ਹਨ। ਇਹ ਪ੍ਰੀਵਰਤਨ ਮਨੁੱਖ ਦੀ ਲੋਭ ਲਾਲਚ ਦੀ ਬ੍ਰਿਤੀ ਕਾਰਣ ਹੀ ਹੁੰਦਾ ਹੈ। ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦਾ ਲੋਭ ਲਾਲਚ ਮਾਲਕ ਦੇ ਇਸ਼ਾਰੇ ਨੂੰ ਸਮਝ ਕੇ ਹੀ, ਕਿਸੇ ਨੂੰ ਭੌਂਕਣ ਅਤੇ ਕਿਸੇ ਅੱਗੇ ਪੂਛ ਹਿਲਾਉਣ ਨਾਲ ਹੀ ਪੂਰਾ ਹੋਣਾ ਹੈ। ਸਾਡੇ ਸਮਾਜ ਵਿੱਚ ਬਹੁਤੇ ਲੋਕਾਂ ਦਾ ਕਿਰਦਾਰ ਹਿਜ਼ ਮਾਸਟਰਜ਼ ਵੋਇਸ ਵਾਲਾ ਹੁੰਦਾ ਹੈ ਪਰ ਫਿਰ ਵੀ ਉਹ ਆਪਣੇ ਆਪ ਨੂੰ ਕੁੱਤਾ ਕਹਾਉਣਾ ਪਸੰਦ ਨਹੀਂ ਕਰਦੇ।

ਵੈਸੇ ਤਾਂ ਇਸ ਦੁਨੀਆਂ ਵਿੱਚ ਹਿਜ਼ ਮਾਸਟਰਜ਼ ਵੋਇਸ ਦਾ ਕਿਰਦਾਰ ਨਿਭਾਉਣ ਵਾਲਿਆਂ ਦੀ ਗਿਣਤੀ ਬੇਅੰਤ ਹੈ ਪਰ ਗੱਲ ਸਮਝਣ ਲਈ ਇਕ ਉਦਾਹਰਣ ਲੈਂਦੇ ਹਾਂ। ਐਸਾ ਕਿਰਦਾਰ ਨਿਭਾਉਣ ਵਾਲਾ ਮਨੁੱਖ ਤਕਰੀਬਨ ਪਿਛਲੇ ਇੱਕ ਸਾਲ ਤੋਂ ਮੀਡੀਏ ਦੀਆਂ ਸੁਰਖੀਆਂ ਵਿੱਚ ਆਇਆ। ਸਭ ਤੋਂ ਪਹਿਲਾਂ ਉਸ ਨੇ ਦਸਮ ਗ੍ਰੰਥ ਦਾ ਵਿਰੋਧ ਕਰਨਵਾਲੀ ਇੱਕ ਧਾਰਮਿਕ ਹਸਤੀ ਦੇ ਹੱਕ ਵਿੱਚ ਅਤੇ ਪੁਜਾਰੀਆਂ ਅਤੇ ਇੱਕ ਉੱਚ ਧਾਰਮਿਕ ਸੰਸਥਾ ਤੇ ਪੰਜਾਬ ਦੀ ਸਿਆਸਤ ’ਤੇ ਕਾਬਜ਼ ਸਿਆਸੀ ਪਾਰਟੀ ਦੇ ਵਿਰੋਧ ਵਿੱਚ ਬਿਆਨ ਛਪਵਾਉਣ ਲਈ ਇੱਕ ਅਖ਼ਬਾਰ ਨੂੰ ਵੱਡੀ ਰਕਮ ਦੇ ਇਸ਼ਤਿਹਾਰ ਦਿੱਤੇ। ਉਨ੍ਹਾਂ ਇਸ਼ਤਿਹਾਰਾਂ ਕਾਰਣ ਉਸ ਦੀ ਫ਼ੋਟੋ ਸਹਿਤ ਉਸ ਅਖ਼ਬਾਰ ਨੇ ਮੋਟੀਆਂ ਸੁਰਖੀਆਂ ਨਾਲ ਧੂੰਆਂਧਾਰ ਬਿਆਨ ਛਾਪੇ। ਉਨ੍ਹਾਂ ਦਿਨਾਂ ਵਿੱਚ ਅਤੇ ਅੱਜ ਵੀ ਕੌਮ ਅੱਗੇ ਦੋ ਪ੍ਰਮੁੱਖ ਮਸਲੇ ਹਨ: 1. ਦਸਮ ਗ੍ਰੰਥ ਦਾ ਵਿਰੋਧ, 2. ਆਰ.ਐੱਸ.ਐੱਸ ਅਤੇ ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਇਸ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕਰਨਾ। ਸੋ ਇਸ ਵਿਅਕਤੀ ਦੇ ਨਾਮ ’ਤੇ ਇਨ੍ਹਾਂ ਦੋਵੇਂ ਮਸਲਿਆਂ ’ਤੇ ਇਨ੍ਹਾਂ ਦੇ ਬੜੇ ਧੜੱਲੇਦਾਰ ਬਿਆਨ ਛਪਦੇ ਰਹੇ।

ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਦਾ ਕਾਤਲ ਅਤੇ ਆਪਣੇ ਸਿਆਸੀ ਆਕਾ ਦੀ ਕਠਪੁਤਲੀ ਤੇ ਹੱਥ ਠੋਕਾ ਦਸਦਾ ਰਿਹਾ। ਅਕਾਲ ਤਖ਼ਤ ਦੇ ਇਸ ਕਠਪੁਤਲੀ ਜਥੇਦਾਰ ਅੱਗੇ ਕੌਮੀ ਮਸਲੇ ਲਿਜਾਣ ਵਾਲੇ ਸਿੱਖਾਂ ਨੂੰ ਉਹ ਮੂਰਖਾਂ ਦੀ ਦੁਨੀਆਂ ਵਿੱਚ ਰਹਿਣ ਵਾਲੇ ਦੱਸ ਕੇ ਉਨ੍ਹਾਂ ਦੀ ਖ਼ੂਬ ਨਿੰਦਾ ਕਰਦਾ ਰਿਹਾ। ਅਖ਼ਬਾਰ ’ਚ ਹਰ ਰੋਜ ਹੀ ਆਪਣਾ ਨਾਮ ਤੇ ਫ਼ੋਟੋ ਵੇਖ ਕੇ ਉਸ ਨੂੰ ਭੁਲੇਖਾ ਪੈ ਗਿਆ ਕਿ ਉਹ ਬਹੁਤ ਵੱਡਾ ਲੀਡਰ ਬਣ ਗਿਆ ਹੈ। ਤਾਂ ਉਸ ਦੇ ਮਨ ਵਿੱਚ ਸਿਆਸੀ ਪਿੜ ਵਿੱਚ ਕੁੱਦਣ ਦਾ ਚਾਓ ਪੈਦਾ ਹੋ ਗਿਆ।

ਉਨ੍ਹਾਂ ਉਸ ਧਾਰਮਿਕ ਹਸਤੀ (ਪ੍ਰੋ. ਦਰਸ਼ਨ ਸਿੰਘ) ਜਿਸ ਦੇ ਹੱਕ ਵਿੱਚ ਉਹ ਬਿਆਨ ਦਿੰਦਾ ਰਹਿੰਦਾ ਸੀ, ਨੂੰ ਇਸ ਕੰਮ ਲਈ ਮਨਾਉਣ ਦਾ ਯਤਨ ਕੀਤਾ ਕਿ ਉਹ ਇਨ੍ਹਾਂ ਦੀ ਸਿਆਸਤ ਵਿੱਚ ਮੱਦਦ ਕਰਨ। ਪਰ ਉਸ ਹਸਤੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇੱਕ ਧਾਰਮਿਕ ਵਿਅਕਤੀ ਹਨ ਸਿਆਸਤ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ। ਇਸੇ ਸਮੇਂ ਦੌਰਾਨ ਉਸ ਧਾਰਮਿਕ ਵਿਅਕਤੀ ਅਤੇ ਉਨ੍ਹਾਂ ਦੀਆਂ ਖ਼ਬਰਾਂ ਲਾਉਣ ਵਾਲੇ ਅਖ਼ਬਾਰ ਦੇ ਸੰਪਾਦਕ ਵਿਚਕਾਰ ਸਿਧਾਂਤਕ ਮਤਭੇਦ ਹੋਣ ਕਰਕੇ ਟਕਰਾ ਵਧ ਗਿਆ। ਉਸ ਵਿਅਕਤੀ ਨੇ ਸੋਚਿਆ ਕਿ ਇਹ ਧਾਰਮਿਕ ਹਸਤੀ ਤਾਂ ਉਨ੍ਹਾਂ ਦੀ ਮਨਸ਼ਾ ਪੂਰਨ ਤੋਂ ਨਾਂਹ ਕਰ ਹੀ ਚੁੱਕੀ ਹੈ ਇਸ ਲਈ ਸਿਆਸਤ ਚਮਕਾਉਣ ਲਈ ਮੀਡੀਏ ਦੀ ਲੋੜ ਮਹਿਸੂਸ ਕਰਦਿਆਂ ਉਸ ਨੇ ਸੰਪਾਦਕ ਦਾ ਸਾਥ ਦਿੱਤਾ।

ਉੱਧਰ ਉਸ ਧਾਰਮਿਕ ਵਿਅਕਤੀ ਨਾਲ ਸਿਧਾਂਤਕ ਤੇ ਵੀਚਾਰਧਾਰਕ ਮੇਲ ਖਾਣ ਵਾਲੀ ਇੱਕ ਹੋਰ ਹਸਤੀ (ਗਿਆਨੀ ਜਗਤਾਰ ਸਿੰਘ ਜਾਚਕ) ਜਿਹੜੀ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਸੀ ਨੂੰ ਕਿਸੇ ਤਰ੍ਹਾਂ ਸਿਆਸਤ ਵਿੱਚ ਕੁੱਦਣ ਲਈ ਤਿਆਰ ਕਰ ਲਿਆ ਤੇ ਇੱਕ ਨਵੀਂ ਪਾਰਟੀ ਬਣਾ ਕੇ ਪੰਜਾਬ ਵਿੱਚ ਇੱਕ ਭਲਵਾਨੀ ਗੇੜਾ ਮਾਰਦਿਆਂ ਬੜੇ ਬਿਆਨ ਦਾਗ਼ੇ ਕਿ ਉਹ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਕਾਬਜ਼ ਧੜੇ ਨੂੰ ਚਿੱਤ ਕਰ ਕੇ ਧਰਮ ਵਿਚੋਂ ਪੁਜਾਰੀਵਾਦ ਦਾ ਖ਼ਾਤਮਾ ਕਰ ਕੇ ਧਾਰਮਿਕ ਖੇਤਰ ਵਿੱਚ ਇਨਕਲਾਬ ਲੈ ਆਉਣਗੇ।

ਪਰ ਛੇਤੀ ਹੀ ਉਸ ਨੂੰ ਸਮਝ ਆ ਗਈ ਜਾਂ ਪਿਛੇ ਖੜ੍ਹੇ ਕਿਸੇ ਮਾਲਕ ਦਾ ਇਸ਼ਾਰਾ ਮਿਲਣ ’ਤੇ ਪੰਜਾਬ ’ਚੋਂ ਬੋਰੀਆ ਬਿਸਤਰਾ ਲਪੇਟ ਕੇ ਤੁਰ ਗਿਆ। ਤੇ ਆਪਣੀ ਸਿਆਸਤ ਦੀ ਕਰਮ ਭੂੰਮੀ ਦਿੱਲੀ ਬਣਾ ਲਈ। ਲੋਕਾਂ ਨੂੰ ਉਸ ਸਮੇਂ ਬੜੀ ਹੈਰਾਨੀ ਹੋਣ ਲੱਗੀ ਜਦੋਂ ਜਿਹੜੀ ਪਾਰਟੀ ਨੂੰ ਉਹ ਪੰਜਾਬ ’ਚ ਨਿੰਦਦਾ ਨਹੀਂ ਸੀ ਥਕਦਾ ਉਸ ਨੂੰ ਫਾਇਦਾ ਪਹੁੰਚਾਉਣ ਲਈ ਦਿੱਲੀ ਵਿੱਚ ਉਸ ਦੇ ਵਿਰੋਧੀਆਂ ਵਿਰੁਧ ਜਾ ਮੋਰਚਾ ਖੋਲ੍ਹਿਆ। ਜਿਹੜੇ ਜਥੇਦਾਰ ਨੂੰ ਉਹ ਕਠਪੁਤਲੀ ਅਤੇ ਪੁਜਾਰੀ ਦਸਦਾ ਰਿਹਾ ਸੀ ੳਸੇ ਜਥੇਦਾਰ ਕੋਲ ਆਪਣੇ ਪੁਰਾਣੇ ਦੁਸ਼ਮਨਾਂ ਦੇ ਦੁਸ਼ਮਨ ਦੀਆਂ ਸ਼ਿਕਾਇਤਾਂ ਲੈ ਕੇ ਜਾ ਹਾਜ਼ਰ ਹੋਇਆ।

ਜਿਹੜੇ ਡੇਰੇਦਾਰਾਂ ਵਿਰੁਧ ਸਖਤ ਸ਼ਬਦਾਵਲੀ ’ਚ ਬਿਆਨ ਦਿੰਦਾ ਰਹਿੰਦਾ ਸੀ ਉਨ੍ਹਾਂ ’ਚੋਂ ਹੀ ਇੱਕ ਵੱਡੇ ਡੇਰੇਦਾਰ ਦਾ ਦਿੱਲੀ ਵਿੱਚ ਇੱਕ ਵੱਡਾ ਸਮਾਗਮ ਕਰਵਾਇਆ ਤੇ ਉਸ ਦੌਰਾਨ ਉਸ ਤੋਂ ਸਨਮਾਨ ਹਾਸਲ ਕੀਤਾ।

ਹਾਲੀ ਲੋਕ ਉਸ ਵਿੱਚ ਆਈ ਇਸ ਤਬਦੀਲੀ ਦੇ ਕਾਰਣਾਂ ਦਾ ਅੰਦਾਜ਼ਾ ਹੀ ਲਾ ਰਹੇ ਸਨ ਕਿ ਉਨ੍ਹਾ ਸਭ ਨੂੰ ਹੈਰਾਨ ਕਰਨ ਵਾਲਾ ਇੱਕ ਧਮਾਕਾਖ਼ੇਜ਼ ਕਦਮ ਉਠਾਉਂਦਿਆਂ ਪੁਰਾਣੇ ਦੁਸ਼ਮਨਾਂ ਦੇ ਦੁਸ਼ਮਨ ’ਤੇ ਬੰਬਾਰੀ ਕਰਦੇ ਹੋਏ ਬਿਆਨ ਦਾਗ਼ ਦਿੱਤਾ ਕਿ ਉਸ ਦੁਸ਼ਮਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕੀਤੀ।

ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਮੰਦਭਾਗਾ ਦਸਦੇ ਹੋਏ ਉਨ੍ਹਾ ਕਿਹਾ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ ਉਤਸਵ ਮਨਾ ਕੇ ਉਸ ਦੁਸ਼ਮਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੱਤੀ ਹੈ। ਜਿਸ ਬੰਦੇ ਨੂੰ ਬਿਪਰਵਾਦ ਅਤੇ ਪੁਜਾਰੀਵਾਦ ਦਾ ਫੋਬੀਆ ਸੀ ਉਸ ਵਿੱਚ ਇਹ ਤਬਦੀਲੀ ਸਮਝ ਤੋਂ ਬਾਹਰ ਹੈ ਕਿ ਦਿੱਲੀ ਵਾਲੇ ਆਪਣੇ ਨਵੇਂ ਦੁਸ਼ਮਨ ’ਤੇ ਇਹ ਦੋਸ਼ ਲਾ ਰਿਹਾ ਹੈ ਕਿ ਉਸ ਨੇ ਇਸ਼ਤਿਹਾਰਾਂ ਵਿੱਚ ਬ੍ਰਾਹਮਣਵਾਦ ਦੀ ਗੱਲ ਕਰ ਕੇ ਦੇਸ਼ ’ਚ ਹਿੰਦੂ-ਸਿੱਖ ਭਾਈਚਾਰੇ ’ਚ ਦਰਾਰ ਪਾਉਣ ਦਾ ਕੰਮ ਕੀਤਾ ਹੈ।

ਇਹ ਵੀ ਦੱਸਣਯੋਗ ਹੈ ਕਿ ਜਿਸ ਪੁਰਾਣੇ ਦੁਸ਼ਮਨ ਕੋਲ ਨਵੇਂ ਦੁਸ਼ਮਨ ਦੀਆਂ ਸ਼ਿਕਾਇਤਾਂ ਕਰ ਰਿਹਾ ਹੈ ਉਸੇ ਧੜੇ ਦੇ ਕਮੇਟੀ ਪ੍ਰਧਾਨ, ਸਾਬਕਾ ਪ੍ਰਧਾਨ, ਕਮੇਟੀ ਮੈਂਬਰ ਅਤੇ ਕਈ ਪਾਰਟੀ ਅਹੁਦੇਦਾਰਾਂ ਨੇ ਰਾਏਕੋਟ ਵਿਖੇ 5 ਜਨਵਰੀ ਨੂੰ ਹੀ ਪ੍ਰਕਾਸ਼ ਗੁਰਪੁਰਬ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦੇ ਆਕਾ ਦੀ ਪਤਨੀ ਦੇ ਚਹੇਤੇ ਪ੍ਰਚਾਰਕ ਨੇ ਉਥੇ ਕਥਾ ਕੀਤੀ ਪਰ ਉਨ੍ਹਾਂ ਨੂੰ ਮਾਲਕ ਦੇ ਬੰਦੇ ਜਾਣ ਕੇ ਉਨ੍ਹਾਂ ਦਾ ਨਾਮ ਬਿਲਕੁਲ ਨਹੀਂ ਲਿਆ ਜਾ ਰਿਹਾ ਹਾਲਾਂ ਕਿ ਇਨ੍ਹਾਂ ਦਾ ਦੋਸ਼ ਵੀ ਜੇ ਹੈ ਤਾਂ ਬਿਲਕੁਲ ਦਿੱਲੀ ਕਮੇਟੀ ਵਾਲਾ ਹੀ ਹੈ।

ਇਹ ਗੱਲ ਵੀ ਸਮਝਣ ਵਾਲੀ ਹੈ ਕਿ ਜਿਸ ਧਾਰਮਿਕ ਵਿਅਕਤੀ ਨੂੰ ਸਬਜ਼ਬਾਗ ਵਿਖਾ ਕੇ ਇਸ ਨੇ ਆਪਣੇ ਨਾਲ ਤੋਰਿਆ ਸੀ ਉਹ ਵੀ ਇਸ ਵਲੋਂ ਅਪਨਾਏ ਜਾ ਰਹੇ ਇਨ੍ਹਾਂ ਗੈਰ ਸਿਧਾਂਤਕ ਪੈਂਤੜਿਆਂ ਕਾਰਣ ਕਾਫੀ ਲੰਬੇ ਸਮੇਂ ਤੋਂ ਇਸ ਨੂੰ ਛੱਡ ਚੁੱਕਾ ਹੈ।

ਕੁੱਤੇ ਦੇ ਮਾਲਕ ਉਸ ਦੇ ਆਪਣੇ ਅਤੇ ਗੈਰਾਂ ਦੀ ਪਹਿਚਾਣ ਤਾਂ ਹਰ ਕੋਈ ਕਰ ਸਕਦਾ ਹੈ। ਉਸ ਵਲੋਂ ਆਪਣੇ ਪਾਲਤੂ ਕੁੱਤੇ ਨੂੰ ਦਿੱਤੇ ਇਸ਼ਾਰੇ ਨੂੰ ਵੀ ਸਾਰੇ ਲੋਕ ਵੇਖ ਅਤੇ ਸਮਝ ਸਕਦੇ ਹਨ ਪਰ ਅਜਿਹੇ ਲੋਕ ਨਾਂ ਤਾਂ ਛੇਤੀ ਕੀਤਿਆਂ ਆਪਣੇ ਮਾਲਕ ਦੀ ਪਹਿਚਾਣ ਦਸਦੇ ਹਨ ਅਤੇ ਨਾ ਹੀ ਦੂਸਰਿਆਂ ਨੂੰ ਛੇਤੀ ਕੀਤਿਆਂ ਅੰਦਾਜ਼ਾ ਲੱਗ ਸਕਦਾ ਹੈ। ਲੋਕ ਇਹ ਕਿਆਸ ਅਰਾਂਈਆਂ ਹੀ ਲਾਉਂਦੇ ਰਹਿ ਜਾਂਦੇ ਹਨ ਕਿ ਇਸ ਦੀਆਂ ਤਾਰਾਂ ਕਿੱਥੋਂ ਹਲਦੀਆਂ ਹਨ। ਸ਼ਾਇਦ ਇਹ ਪਰਦਾ ਰੱਖਣ ਵਿੱਚ ਕਾਮਯਾਬ ਰਹਿਣ ਸਦਕਾ ਹੀ ਮਨੁੱਖ ਆਪਣੇ ਆਪ ਨੂੰ ਕੂਕਰ ਨਾਲੋਂ ਜਿਆਦਾ ਸਭਿਅਕ ਸਮਝੀ ਬੈਠੇ ਹਨ। ਇਹ ਗੱਲ ਵੀ ਸਮਝਣਯੋਗ ਹੈ ਕਿ ਇਹ ਵਿਅਕਤੀ ਚੰਗਾ ਰੱਜਿਆ ਪੁਜਿਆ ਹੈ ਇਸ ਲਈ ਕਿਸੇ ਛੋਟੀ ਬੁਰਕੀ ਦੀ ਨਹੀਂ ਵੱਡੀ ਬੁਰਕੀ ਦੀ ਝਾਕ ਹੀ ਹੋਵੇਗੀ।

ਕਿਰਪਾਲ ਸਿੰਘ ਬਠਿੰਡਾ
(ਮੋਬ:) 98554-80797

ਦੇਖੋ ਟੋਨੀ ਦਾ ਕਿਰਦਾਰ, ਇੱਕ ਸਾਲ ਪਹਿਲਾਂ

08 Jan 2010

10 Jan 2010

27 Jan 2010

30 Jan 2010

01 Feb 2010

02 Feb 2010

...ਤੇ ਹੁਣ ਦੇਖੋ ਟੋਨੀ ਦੀ ਪਲਟੀ,
ਜਿਹੜੇ ਜਥੇਦਾਰਾਂ ਨੂੰ ਲਾਹਨਤਾਂ ਪਾਉਂਦਾ ਸੀ, ਉਨ੍ਹਾਂ ਦੇ ਤਲਵੇ ਚੱਟਣ ਲੱਗ ਪਿਆ ਹੈ... ਸ਼ਾਬਾਸ਼ ਟੋਨੀ ਸ੍ਹਾਬ... ਬੜੀ ਛੇਤੀ ਅਸਲੀ ਰੰਗ ਵਿਖਾ ਦਿੱਤਾ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top