Share on Facebook

Main News Page

ਟੋਨੀ ਜੀ! ਜਿਹੜੇ ਜਥੇਦਾਰਾਂ ਨੂੰ ਬਾਦਲ ਦੇ ਹੱਥਠੋਕੇ ਦਸਦੇ ਸੀ, ਅਚਾਨਕ ਤੁਹਾਡੇ ਲਈ ਉਹ ਸਨਮਾਨਯੋਗ ਕਿਵੇਂ ਬਣ ਗਏ?: ਗੁਰਦੀਪ ਸਿੰਘ ਪੱਟੀ

* ਜਿਸ ਬ੍ਰਾਹਮਣਵਾਦ ਦੀ ਅਮਰਵੇਲ ਲਾਹੁਣ ਦੀ ਤੁਸੀਂ ਗੱਲ ਕਰਦੇ ਸੀ ਅੱਜ ਬ੍ਰਾਹਮਣਵਾਦ ਦਾ ਸ਼ਬਦ ਹੀ ਤੁਹਾਡੇ ਲਈ ਭਾਈਚਾਰਕ ਸਾਂਝ ਦਾ ਦੁਸ਼ਮਨ ਦਿੱਸ ਰਿਹਾ ਹੈ
* ਕਿਸੇ ਸਮੇਂ ਸਿੱਖ ਦਾ ਕਿਰਦਾਰ ਸੀ ਕਿ ਮੁਗਲਾਂ ਦੇ ਰਾਜ ਵਿੱਚ ਵੀ ਇੱਕ ਸਿੱਖ ਵਲੋਂ ਅਦਾਲਤ ਵਿੱਚ ਦਿੱਤੀ ਗਵਾਹੀ ਨੂੰ ਪੂਰਨ ਤੌਰ ’ਤੇ ਸੱਚ ਮੰਨਿਆ ਜਾਂਦਾ ਸੀ ਪਰ ਤੁਹਾਡੇ ਵਰਗੇ ਆਗੂਆਂ ਦੇ ਬਿਆਨਾਂ ’ਤੇ ਆਪਣੇ ਪਾਰਟੀ ਵਰਕਰਾਂ ਨੂੰ ਹੀ ਯਕੀਨ ਕਰਨਾ ਔਖਾ ਹੋ ਗਿਆ ਹੈ
* ਜਿਸ ਬ੍ਰਾਹਮਣਵਾਦ ਦੀ ਅਮਰਵੇਲ ਲਾਹੁਣ ਦੀ ਤੁਸੀਂ ਗੱਲ ਕਰਦੇ ਸੀ ਅੱਜ ਬ੍ਰਾਹਮਣਵਾਦ ਦਾ ਸ਼ਬਦ ਹੀ ਤੁਹਾਡੇ ਲਈ ਭਾਈਚਾਰਕ ਸਾਂਝ ਦਾ ਦੁਸ਼ਮਨ ਦਿੱਸ ਰਿਹਾ ਹੈ

ਬਠਿੰਡਾ, 12 ਜਨਵਰੀ (ਕਿਰਪਾਲ ਸਿੰਘ): ਟੋਨੀ ਜੀ! ਜਿਹੜੇ ਜਥੇਦਾਰਾਂ ਨੂੰ ਤੁਸੀਂ ਬਾਦਲ ਦੇ ਹੱਥਠੋਕੇ ਦਸਦੇ ਸੀ, ਅਚਾਨਕ ਤੁਹਾਡੇ ਲਈ ਉਹ ਸਨਮਾਨਯੋਗ ਕਿਵੇਂ ਬਣ ਗਏ? ਇਹ ਸ਼ਬਦ ਸ਼ਰੋਮਣੀ ਅਕਾਲੀ ਦਲ (ਯੂ.ਕੇ.) ਦੇ ਧਾਰਮਿਕ ਵਿੰਗ ਦੇ ਪੱਟੀ ਹਲਕਾ ਇੰਚਾਰਜ ਗੁਰਦੀਪ ਸਿੰਘ ਨੇ ਆਪਣੀ ਹੀ ਪਾਰਟੀ ਦੇ ਕੌਮੀ ਪ੍ਰਧਾਨ ਜਸਜੀਤ ਸਿੰਘ ਟੋਨੀ ਨੂੰ, ਉਨ੍ਹਾਂ ਦੇ ਦਿੱਲੀ ਵਿਖੇ ਪਿਛਲੇ ਦਿਨੀਂ ਪ੍ਰੈੱਸ ਨੂੰ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਜਿਸ ਪ੍ਰਧਾਨ (ਟੋਨੀ) ਦੀ ਅਗਵਾਈ ਹੇਠ ਮੈਂ ਪੱਟੀ ਹਲਕੇ ਦੀ ਪਾਰਟੀ ਦੇ ਧਾਰਮਿਕ ਵਿੰਗ ਦਾ ਅਹੁਦਾ ਕਬੂਲ ਕੇ ਪੰਥਕ ਸੇਵਾ ਦੇ ਚਾਅ ਨਾਲ ਹਲਕੇ ਦੇ ਲੋਕਾਂ ਨੂੰ ਤੁਹਾਡੀ ਅਗਵਾਈ ਕਬੂਲਣ ਲਈ ਲਾਮਬੰਦ ਕਰ ਰਿਹਾ ਸੀ, ਉਹ ਇਤਨੀ ਪੁੱਠੀ ਛਾਲ ਵੀ ਮਾਰ ਸਕਦਾ ਹੈ ਕਿ ਮੈਨੁੰ ਤੁਹਾਡੀ ਇਸ ਕਲਾਬਾਜ਼ੀ ਲਈ ਲੋਕਾਂ ਨੂੰ ਜਵਾਬ ਦੇਣੇ ਔਖੇ ਹੋ ਜਾਣਗੇ।

ਸ: ਪੱਟੀ ਨੇ ਕਿਹਾ ਬੰਦਾ ਇੱਕ ਗੱਲ ਕਰ ਕੇ ਮੁੱਕਰ ਜਾਵੇ ਤਾਂ ਉਸ ਨੂੰ ਲੋਕਾਂ ਨੂੰ ਮੂੰਹ ਵਿਖਾਉਣਾ ਔਖਾ ਹੋ ਜਾਂਦਾ ਹੈ ਪਰ ਤੁਸੀਂ ਤਾਂ ਪੰਜਾਬ ਵਿੱਚ ਦਿਤੇ ਆਪਣੇ ਬਿਆਨਾਂ ਵਿੱਚੋਂ ਕੋਈ ਐਸਾ ਛੱਡਿਆ ਹੀ ਨਹੀਂ ਜਿਸ ਤੋਂ ਤੁਸੀਂ ਮੂੰਹ ਨਾ ਫੇਰਿਆ ਹੋਵੇ ਤੇ ਤਹਾਡੇ ’ਤੇ ਗੁਰਬਾਣੀ ਦਾ ਫ਼ੁਰਮਾਨ:- ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ॥ ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ॥’ ਪੂਰੀ ਤਰ੍ਹਾਂ ਢੁਕ ਰਿਹਾ ਹੈ।

ਉਨ੍ਹਾਂ ਕਿਹਾ ਹੈਰਾਨੀ ਹੈ ਕਿ ਤੁਸੀਂ ਨਾਨਕਸ਼ਾਹੀ ਕਲੈਂਡਰ ’ਚ ਸੋਧਾਂ ਦਾ ਵਿਰੋਧ ਕਰਦੇ ਹੋਏ ਆਪਣੀ ਪਾਰਟੀ ਵਲੋਂ ਅਸਲੀ ਨਾਨਕਸ਼ਾਹੀ ਕਲੈਂਡਰ ਛਪਵਾ ਕਿ ਲੁਧਿਆਣਾ ਵਿਖੇ ਰਲੀਜ਼ ਕੀਤਾ ਸੀ ਪਰ ਹੁਣ ਤੁਹਾਡੇ ਵਾਲੇ ਕਲੈਂਡਰ ਮੁਤਾਬਿਕ ਹੀ ਦਿੱਲੀ ਕਮੇਟੀ ਵਲੋਂ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਏ ਜਾਣ ਨੂੰ ਤੁਸੀਂ ਸੰਗਤਾਂ ਦੀਆਂ ਭਾਵਨਾਵਾਂ ਅਤੇ ਅਕਾਲ ਤਖ਼ਤ ਦਾ ਨਿਰਾਦਰ ਕਰਨਾ ਦੱਸ ਰਹੇ ਹੋ।

ਪੰਜਾਬ ਦੇ ਦੌਰਿਆਂ ਸਮੇਂ ਤੁਸੀਂ ਜਥੇਦਾਰਾਂ ਨੂੰ ਬਾਦਲ ਦੇ ਹੱਥਠੋਕੇ, ਅਤੇ ਬਾਦਲ ਨੂੰ ਆਰਐੱਸਐੱਸ ਦੇ ਥੱਲੇ ਲੱਗ ਕੇ ਨਿਰਮਲ ਖ਼ਾਲਸਾ ਪੰਥ ’ਤੇ ਬ੍ਰਹਮਣਵਾਦ ਤੇ ਪੁਜਾਰੀਵਾਦ ਦੀ ਅਮਰਵੇਲ ਚੜ੍ਹਾਉਣ ਦਾ ਦੋਸ਼ੀ ਦੱਸ ਕੇ ਉਸ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਦੀ ਗੱਲ ਆਖਦੇ ਰਹੇ ਹੋ ਪਰ ਦਿੱਲੀ ਜਾ ਕੇ ਉਸੇ ਬਾਦਲ ਨੂੰ ਲਾਭ ਪਹੁੰਚਾਉਣ ਲਈ ਉਸ ਦੇ ਰਾਜਨੀਤਕ ਵਿਰੋਧੀ ਸਰਨਾ ਭਰਾਵਾਂ ਵਿਰੁਧ ਬਿਆਨਬਾਜ਼ੀ ਦੀ ਗੋਲਾਬਾਰੀ ਕਰ ਰਹੇ ਹੋ ਅਤੇ ਜਥੇਦਾਰਾਂ ਨੂੰ ਸਨਾਮਨਯੋਗ ਦੱਸਕੇ ਸਰਨਾ ਭਰਾਵਾਂ ਨੂੰ ਉਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ੀ ਰਹੇ ਹੋ। ਖ਼ਾਲਸਾ ਪੰਥ ਤੋਂ ਜਿਸ ਬ੍ਰਾਹਮਣਵਾਦ ਦੀ ਅਮਰਵੇਲ ਲਾਹੁਣ ਦੀ ਤੁਸੀਂ ਗੱਲ ਕਰਦੇ ਸੀ ਅੱਜ ਬ੍ਰਹਮਣਵਾਦ ਦਾ ਸ਼ਬਦ ਹੀ ਤੁਹਾਡੇ ਲਈ ਭਾਈਚਾਰਕ ਸਾਂਝ ਦਾ ਦੁਸ਼ਮਨ ਦਿੱਸ ਰਿਹਾ ਹੈ।

ਸ: ਪੱਟੀ ਨੇ ਕਿਹਾ ਕਿ ਕਿਸੇ ਸਮੇਂ ਸਿੱਖ ਦਾ ਕਿਰਦਾਰ ਸੀ ਕਿ ਮੁਗਲਾਂ ਦੇ ਰਾਜ ਵਿੱਚ ਵੀ ਇੱਕ ਸਿੱਖ ਵਲੋਂ ਅਦਾਲਤ ਵਿੱਚ ਦਿੱਤੀ ਗਵਾਹੀ ਨੂੰ ਪੂਰਨ ਤੌਰ ’ਤੇ ਸੱਚ ਮੰਨਿਆ ਜਾਂਦਾ ਸੀ ਪਰ ਤੁਹਾਡੇ ਵਰਗੇ ਆਗੂਆਂ ਦੇ ਬਿਆਨਾਂ ’ਤੇ ਆਪਣੇ ਪਾਰਟੀ ਵਰਕਰਾਂ ਨੂੰ ਹੀ ਯਕੀਨ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਸ: ਟੋਨੀ ਨੂੰ ਅਪੀਲ ਕੀਤੀ ਕਿ ਇੱਕ ਸਾਲ ਵਿੱਚ ਹੀ ਤਹਾਡੇ ਵਲੋਂ ਮਾਰੀਆਂ ਗਈਆਂ ਪਲਟਬਾਜ਼ੀਆਂ ਦੇ ਕਾਰਣ ਅਤੇ ਤਹਾਡੀ ਮਜ਼ਬੂਰੀ ਦੱਸੀ ਜਾਵੇ ਤਾਂ ਕਿ ਲੋਕਾਂ ਦੀ ਤਸੱਲੀ ਕਰਵਾਈ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top