Share on Facebook

Main News Page

ਦਲਜੀਤ ਸਿੰਘ ਨਿਉਡਾ ਦੇ ਛਪੇ ਖੱਤ ਬਾਰੇ

* ਗਿਆਨੀ ਜਗਤਾਰ ਸਿੰਘ ਜਾਚਕ ਦੀ ਚੋਣ ਵੀ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੇ ਹੀ ਕੀਤੀ ਸੀ, ਤੇ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਥਾਪਿਆ ਸੀ। ਕੀ ਹੁਣ ਅਸੀਂ ਇਹ ਕਹੀਏ ਕਿ ਗਿਆਨੀ ਜਗਤਾਰ ਸਿੰਘ ਹੋਰਾਂ ਦੀ ਚੋਣ ਵੀ ਗਲਤ ਸੀ।

* ਜੇ ਗਿਆਨੀ ਜਗਤਾਰ ਸਿੰਘ ਹੋਰਾਂ ਨੇ ਟੋਨੀ ਨੂੰ ਸਮਝਣ ਵਿੱਚ ਗਲਤੀ ਕੀਤੀ ਤੇ ਉਸ ਨੂੰ ਪ੍ਰੋ. ਦਰਸ਼ਨ ਸਿੰਘ ਹੋਰਾਂ ਦੇ ਸਿਰ ਮੱੜ੍ਹ ਕੇ ਵਖਰੇਵਾਂ ਪੈਦਾ ਕਰਨਾ ਕੋਈ ਚੰਗੀ ਗਲ ਨਹੀਂ ਹੈ

ਵੀਰ ਦਲਜੀਤ ਸਿੰਘ ਨਿਉਡਾ ਦਾ ਖੱਤ ਖਾਲਸਾ ਨਿਊਜ਼ ‘ਤੇ ਪੜ੍ਹਿਆ। ਦਾਸ ਜਸਜੀਤ ਟੋਨੀ ਬਾਰੇ ਪਹਿਲਾਂ ਵੀ ਬਹੁਤ ਕੁੱਝ ਲਿੱਖ ਚੁੱਕਾ ਹੈ, ‘ਤੇ ਦਾਸ ਨੇ ਇਸ ਬੰਦੇ ਨੂੰ ਬਹੁਤ ਪਹਿਲਾਂ ਹੀ ਪਛਾਣ ਲਿਆ ਸੀ, ਕਿ ਇਹ ਕਿਸੇ ਘੜੇ ਦਾ ਢਕੱਣ ਸਾਬਿਤ ਨਹੀਂ ਹੋ ਸਕੇਗਾ। ਵੀਰ ਦਲਜੀਤ ਸਿੰਘ ਜੀ ਦੇ ਖੱਤ ਵਿੱਚ ਟੋਨੀ ਬਾਰੇ ਲਿਖੀਆਂ ਬਹੁਤ ਸਾਰੀਆਂ ਗੱਲਾਂ ਤੋਂ ਦਾਸ ਅਖਰ ਬਾ-ਅਖਰ ਸਹਿਮਤ ਹੈ, ਕਿ ਟੋਨੀ ਨਾਮ ਦੇ ਇਸ ਬੰਦੇ ਦੀ ਪਛਾਣ ਬਹੁਤ ਜਲਦੀ ਹੀ ਕਰ ਲਈ ਗਈ। ਹੋ ਸਕਦਾ ਹੈ ਕਿ ਇਸ ਬੰਦੇ ਨਾਲ ਜੇ ਹੋਰ ਕੁੱਝ ਸਮਾਂ ਅਸੀਂ ਜੁੜੇ ਰਹਿੰਦੇ ਤੇ ਉਸਨੇ ਕਿਸੇ ਨੂੰ ਕਿਸੇ ਕਾਬਿਲ ਨਹੀਂ ਸੀ ਛਡਣਾਂ।

ਲੇਕਿਨ ਵੀਰ ਦਲਜੀਤ ਸਿੰਘ ਜੀ ਦੇ ਇਨਾਂ ਸ਼ਬਦਾਂ ਨਾਲ ਦਾਸ ਉਕਾ ਹੀ ਸਹਿਮਤ ਨਹੀਂ ਹੈ, ਕਿ ਉਹ (ਸ. ਦਲਜੀਤ ਸਿੰਘ ਜੀ ਤੇ ਗਿਆਨੀ ਜਗਤਾਰ ਸਿੰਘ ਜਾਚਕ) ਟੋਨੀ ਨਾਲ ਇਸ ਕਰਕੇ ਜੁੜੇ, ਕਿਉਂਕਿ ਇਸ ਬੰਦੇ ਦੀ ਚੋਣ ਪ੍ਰੋਫੇਸਰ ਦਰਸ਼ਨ ਸਿੰਘ ਵਰਗੀ ਪਾਰਖ ਸ਼ਖਸ਼ੀਅਤ ਨੇ ਕੀਤੀ ਸੀ, ਤੇ ਉਹ ਚੋਣ ਗਲਤ ਨਹੀਂ ਹੋ ਸਕਦੀ ਸੀ।

ਵੀਰ ਦਲਜੀਤ ਸਿੰਘ ਜੀ, ਸ਼ਾਇਦ ਤੁਸੀਂ ਪੂਰਵਾਭਾਸ ਦੀ ਭਾਵਨਾਂ ਵੱਸ ਪੈ ਕੇ ਇਹ ਸਿੱਧ ਕਰਨ ਦਾ ਯਤਨ ਕਰ ਰਹੇ ਹੋ, ਕਿ ਗਿਆਨੀ ਜਗਤਾਰ ਸਿੰਘ ਜਾਚਕ ਭੋਲੇ ਭਾਅ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਆਖੇ ਲਗਕੇ ਹੀ ਟੋਨੀ ਦੇ ਗੜ੍ਹ ਵਿਚ ਜਾ ਫਸੇ। ਗਿਆਨੀ ਜਗਤਾਰ ਸਿੰਘ ਜੀ ਨੂੰ ਤੁਸੀਂ ਕਲੀਨ ਚਿੱਟ ਦੇਕੇ ਸਾਰਾ ਦੋਸ਼ ਪ੍ਰੋਫੇਸਰ ਸਾਹਿਬ ਦੇ ਮੱਥੇ ਮੜ੍ਹਨਾਂ ਚਾਹੁੰਦੇ ਹੋ। ਦਾਸ ਨੇ ਗਿਆਨੀ ਜਗਤਾਰ ਸਿੰਘ ਜਾਚਕ ਤੇ ਆਪ ਜੀ ਬਾਰੇ ਟੋਨੀ ਦਾ ਜਿਕਰ ਕਰਦਿਆਂ ਇਕ ਲੇਖ ਲਿਖਿਆ ਸੀ ਤੇ ਦਾਸ ਨੂੰ ਤੁਸੀਂ ਮਾਨਸਿਕ ਰੋਗੀ ਤੇ ਹੋਰ ਕਈ ਕੁੱਝ ਅਪ ਸ਼ਬਦਾਂ ਨਾਲ ਸੰਨਮਾਨਿਆ ਸੀ। ਲੇਕਿਨ ਦਾਸ ਨੇ ਰਤੀ ਕੁ ਵੀ ਬੁਰਾ ਨਾ ਮੰਨਦੇ ਹੋਏ, ਆਪਜੀ ਨਾਲ ਫੋਨ ਤੇ ਗਲਬਾਤ ਕਰਕੇ ਬਹੁਤ ਸਾਰੀਆਂ ਗਲਤ ਫਹਮਿਆਂ ਨੂੰ ਦੂਰ ਵੀ ਕਰ ਲਿਆ ਸੀ। ਲੇਕਿਨ ਦਾਸ ਆਪਣੇ ਜੀਵਨ ਵਿੱਚ ਕਦੀ ਵੀ ਝੂਠ ਨੂੰ ਬਰਦਾਸ਼ਤ ਨਹੀਂ ਕਰ ਸਕਿਆ, ਭਾਵੇਂ ਉਸ ਲਈ ਮੈਨੂੰ ਕਿਨੀ ਹੀ ਵੱਡੀ ਕੀਮਤ ਕਿਓਂ ਨਾ ਚੁਕਾਣੀ ਪਈ ਹੋਵੇ।

ਦਾਸ ਟੋਨੀ ਮਸਲੇ ਨੂੰ ਹੱਡ ਹੰਡਾਇਆ ਹੈ, ਤੇ ਉਸ ਸਾਰੇ ਪ੍ਰਕਰਣ ਦਾ ਗਵਾਹ ਵੀ ਹੈ। ਆਉ ਉਸ ਬਾਰੇ ਵੀ ਕੁਝ ਵਿਚਾਰ ਸਾਂਝੇ ਕਰ ਲਈਏ-

ਤੁਸੀਂ ਲਿਖਿਆ ਹੈ, ਕਿ ਪ੍ਰੋਫੇਸਰ ਦਰਸ਼ਨ ਸਿੰਘ ਨੇ ਟੋਨੀ ਦੀ ਚੋਣ ਕੀਤੀ ਇਸ ਕਰਕੇ ਹੀ ਗਿਆਨੀ ਜਗਤਾਰ ਸਿੰਘ ਜਾਚਕ ਤੇ ਤੁਸੀਂ ਟੋਨੀ ਦੇ ਗੜ੍ਹ ਵਿੱਚ ਜਾ ਫਸੇ।

ਸ਼ਾਇਦ ਆਪ ਜੀ ਨੂੰ ਯਾਦ ਨਾ ਹੋਵੇ, ਕਿਓਂਕਿ ਉਸ ਵੇਲੇ ਆਪ ਜੀ ਦੀ ਉਮਰ ਬਹੁਤ ਛੋਟੀ ਹੋਣੀ ਹੈ (ਕਿਓਂਕਿ ਇਹ ਗਲ ਸਨ 1987 ਦੇ ਲਗਭਗ ਦੀ ਹੈ)। ਗਿਆਨੀ ਜਗਤਾਰ ਸਿੰਘ ਜਾਚਕ ਦੀ ਚੋਣ ਵੀ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੇ ਹੀ ਕੀਤੀ ਸੀ, ਤੇ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਥਾਪਿਆ ਸੀ। ਕੀ ਹੁਣ ਅਸੀਂ ਇਹ ਕਹੀਏ ਕਿ ਗਿਆਨੀ ਜਗਤਾਰ ਸਿੰਘ ਹੋਰਾਂ ਦੀ ਚੋਣ ਵੀ ਗਲਤ ਸੀ। ਦਾਸ ਨੂੰ ਉਸ ਵੇਲੇ ਦੀਆਂ ਬਹੁਤ ਸਾਰੀਆਂ ਗਲਾਂ ਹੋਰ ਵੀ ਯਾਦ ਹਨ, ਲੇਕਿਨ ਉਨਾਂ ਨੂੰ ਦੋਹਰਾ ਕੇ ਦਾਸ ਇਨਾਂ ਦੋਹਾਂ ਵਿਦਵਾਨਾਂ ਵਿਚ ਵਖਰੇਵੇਂ ਦੀ ਜੜ੍ਹ ਨਹੀ ਬਣਨਾ ਚਾਹੁੰਦਾ। ਆਪ ਜੀ ਦਾ ਖਤ ਪੜ੍ਹ ਕੇ, ਰਹਿ ਨਹੀਂ ਸਕਿਆ, ਇਸ ਲਈ ਲਿੱਖ ਕੇ ਪਾਠਕਾਂ ਨੂੰ ਸਚੱਾਈ ਨਾਲ ਅਵਗਤ ਕਰਵਾਉਣਾ ਚਾਹੁੰਦਾ ਹਾਂ।

ਟੋਨੀ ਦੇ ਘਰ 'ਗੁਰੂ ਗ੍ਰੰਥ ਦਾ ਖਾਲਸਾ ਪੰਥ' ਦੀਆਂ ਜੋ ਮੀਟੀਂਗਾਂ ਹੋਈਆਂ, ਜਿਸ ਵਿੱਚ ਆਪ ਜੀ ਤੇ ਜਗਤਾਰ ਸਿੰਘ ਜਾਚਕ ਵੀ ਮੌਜੂਦ ਸੀ। ਇਸ ਮੂਵਮੇਂਟ ਵਿਚ 20 ਮੈਂਬਰੀ ਕਮੇਟੀ ਦੀ ਚੋਣ ਵੀ ਕੀਤੀ ਗਈ ਸੀ, ਜਿਸ ਵਿੱਚ ਦਾਸ ਵੀ ਮੌਜੂਦ ਸੀ। ਦੂਜੀ ਮੀਟਿੰਗ ਤੋਂ ਬਾਅਦ ਅਚਾਨਕ ਗਿਆਨੀ ਜਗਤਾਰ ਸਿੰਘ ਜਾਚਕ ਤੇ ਤੁਸੀਂ ਟੋਨੀ ਦੇ ਖੇਮੇ ਵਿੱਚ ਚਲੇ ਗਏ, ਤੇ ਉਸ 20 ਮੈਂਬਰੀ ਕਮੇਟੀ ਦਾ ਨਾਲ ਹੀ ਭੋਗ ਪੈ ਗਇਆ। ਆਏ ਦਿਨ ਸਪੋਕਸਮੈਨ ਵਿੱਚ ਤੁਹਾਡੀਆਂ ਪੰਜਾਬ ਫੇਰੀ ਦੀਆਂ ਖਬਰਾਂ ਪੜ੍ਹ ਕੇ ਲਗਦਾ ਸੀ, ਕਿ ਤੁਸਾਂ ਟੋਨੀ ਨਾਲ ਕੋਈ ਨਵੀਂ ਦੁਨੀਆਂ ਹੀ ਵਸਾ ਲਈ ਹੈ। ਟੋਨੀ ਦੀ ਦਿਤੀ ਨਵੀਂ 'ਜਾਈਲੋ' ਗਡੀ ਵਿੱਚ ਤੁਹਾਡੀ ਸਪੀਡ ਇੰਨੀ ਵਧ ਗਈ ਸੀ, ਕਿ ਪ੍ਰੋਫੇਸਰ ਦਰਸ਼ਨ ਸਿੰਘ ਤੇ “ਗੁਰੂ ਗ੍ਰੰਥ ਦਾ ਖਾਲਸਾ” ਪੰਥ ਦੀ ਉਸ ਨਿਮਾਣੀ 20 ਮੈਂਬਰੀ ਕਮੇਟੀ ਦਾ ਗਿਆਨੀ ਜਗਤਾਰ ਸਿੰਘ ਤੇ ਆਪ ਜੀ ਤਕ ਪਹੁੰਚਣਾਂ ਹੀ ਮੁਮਕਿਨ ਨਹੀਂ ਸੀ ਰਹਿ ਗਇਆ, ਤੇ ਗਿਆਨੀ ਜੀ ਵੀ ਉਸ 20 ਮੈਂਬਰੀ ਕਮੇਟੀ ਨੂੰ ਪੂਰੀ ਤਰ੍ਹਾਂ ਸ਼ਾਇਦ ਭੁਲ ਚੁਕੇ ਸਨ।

ਜਦੋਂ ਟੋਨੀ ਕਾਮਨਵੇਲਥ ਖੇਡਾਂ ਲਈ ਦਿੱਲੀ ਵਿੱਚ ਝਾੜੂ ਫੜਕੇ ਸੜਕਾਂ ‘ਤੇ ਸਫਾਈ ਕਰਦਾ ਨਜਰ ਆਇਆ, ਤਾਂ ਸਾਨੂੰ ਪਤਾ ਲੱਗਾ ਕੇ ਇਸਨੇ ਗਿਆਨੀ ਜੀ ਨੂੰ ਲਗਦਾ ਹੈ 'ਜਾਈਲੋ' ਗਡੀ ਤੋ ਹੇਠਾਂ ਲਾ ਦਿੱਤਾ ਹੈ। ਉਸ ਤੋਂ ਬਾਅਦ ਤੇ ਉਸ ਦੀਆਂ ਹਰਕਤਾਂ ਸਾਰੀ ਕੌਮ ਨੇ ਵੇਖੀਆਂ ਹਨ (ਅਕਾਲ ਤਖਤ ਤੇ ਕਾਬਿਜ ਲੋਕਾਂ ਦੀ ਖੁਸ਼ਾਮਦ, ਢੱਡਰੀਏ ਵਾਲੇ ਬਾਬੇ ਨਾਲ ਗਲਵਕੜੀਆਂ ਤੇ ਨਕਲੀ ਸਾਧਾਂ ਦੇ ਡੇਰਿਆਂ ਤੇ ਨੱਕ ਰਗੜਨਾਂ ਆਦਿ)। ਵੀਰ ਜੀ, ਦਾਸ ਸੱਚ ਦੀ ਗਲ ਕਰਦਾ ਹੈ, ਕਿਸੇ ਦੀ ਖੁਸ਼ਾਮਦ ਨਹੀਂ। ਗਿਆਨੀ ਜਗਤਾਰ ਸਿੰਘ ਜਾਚਕ ਇਕ ਪੰਥ ਦਰਦੀ ਤੇ ਗੁਰਮਤਿ ਵਿਚਾਰਧਾਰਾ ਵਾਲੇ ਮਹਾਨ ਪ੍ਰਚਾਰਕ ਹਨ, ਅਸੀਂ ਸਾਰੇ ਹੀ ਉਨਾਂ ਦੀ ਬਹੁਤ ਇੱਜਤ ਅਤੇ ਸਤਕਾਰ ਵੀ ਕਰਦੇ ਹਾਂ। ਲੇਕਿਨ ਟੋਨੀ ਨਾਲ ਉਚੀ ਉੜਾਨ ਭਰਨ ਦੀ ਇੱਛਾ ਵਿੱਚ 'ਗੁਰੂ ਗ੍ਰੰਥ ਦੇ ਖਾਲਸਾ ਪੰਥ' ਨੂੰ ਉਕਾ ਹੀ ਨਜਰ ਅੰਦਾਜ ਕਰ ਦੇਣਾ ਹੀ, ਉਨਾਂ ਦੀ ਨਮੋਸ਼ੀ ਦਾ ਕਾਰਣ ਬਣਿਆ। ਇਹ ਦਲੀਲ ਦੇਣਾ, ਕਿ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੀ ਚੋਣ ਤੇ ਭਰੋਸਾ ਕਰਕੇ, ਤੁਸੀਂ ਤੇ ਗਿਆਨੀ ਜੀ, ਟੋਨੀ ਨਾਲ ਜੁੜੇ, ਇਹ ਉੱਕਾ ਹੀ ਸੱਚ ਨਹੀਂ ਹੈ। ਪ੍ਰੋਫੇਸਰ ਸਾਹਿਬ ਨੂੰ ਤੇ ਤੁਸੀਂ ਮਝਧਾਰ ਵਿੱਚ ਛੱਡ ਕੇ, ਟੋਨੀ ਦੀ 'ਜਾਇਲੋ' ਗੱਡੀ ਵਿੱਚ ਕਈ ਮਹੀਨੇ ਘੁੰਮਦੇ ਰਹੇ। ਉਸ ਵੇਲੇ ਆਪ ਜੀ ਨੂੰ ਪ੍ਰੋਫੇਸਰ ਦਰਸ਼ਨ ਸਿੰਘ ਦੀ ਯਾਦ ਕਿਓਂ ਨਹੀਂ ਸੀ ਆਈ। ਦਾਸ, ਫੇਰ ਆਪ ਜੀ ਨੂੰ ਯਾਦ ਦਿਵਾਉਣਾ ਚਾਹੁੰਦਾ ਹੈ, ਕਿ ਆਪ ਜੀ ਨੂੰ ਦਾਸ ਨੇ ਇਹ ਕਿਹਾ ਸੀ, ਕਿ ਸਾਨੂੰ ਸਾਡੇ ਗੁਰੂ ਨੇ ਜੋੜਨਾ ਸਿਖਾਇਆ ਹੈ, ਤੇ ਇਹ ਤੁਹਾਡੀ ਜਿੰਮੇਦਾਰੀ ਹੈ, ਕਿ ਤੁਸੀ ਹੁਣ ਪ੍ਰੋ.ਦਰਸ਼ਨ ਸਿੰਘ ਅਤੇ ਗਿਆਨੀ ਜਾਚਕ ਜੀ ਨੂੰ ਇੱਕ ਵਾਰ ਫੇਰ ਇਕਠੇ ਕਰਨ ਦਾ ਕੰਮ ਕਰਨਾਂ ਹੈ।

ਵੀਰ ਦਲਜੀਤ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜਾਚਕ ਤੇ ਪ੍ਰੋਫੇਸਰ ਦਰਸ਼ਨ ਸਿੰਘ ਦੋਨੋਂ ਹੀ ਗੁਰਮਤਿ ਦੇ ਧਾਰਣੀ ਤੇ ਵਿਦਵਾਨ ਹਨ। ਜੇ ਗਿਆਨੀ ਜਗਤਾਰ ਸਿੰਘ ਹੋਰਾਂ ਨੇ ਟੋਨੀ ਨੂੰ ਸਮਝਣ ਵਿੱਚ ਗਲਤੀ ਕੀਤੀ ਤੇ ਉਸ ਨੂੰ ਪ੍ਰੋ. ਦਰਸ਼ਨ ਸਿੰਘ ਹੋਰਾਂ ਦੇ ਸਿਰ ਮੱੜ੍ਹ ਕੇ ਵਖਰੇਵਾਂ ਪੈਦਾ ਕਰਨਾ ਕੋਈ ਚੰਗੀ ਗਲ ਨਹੀਂ ਹੈ। 'ਸ਼ਾਤਿਰ' ਲੋਕਾਂ ਦੀ ਪਛਾਣ ਕਰਨ ਵੇਲੇ ਕਿਸੇ ਵੀ ਧਿਰ ਕੋਲੋਂ ਗਲਤੀ ਹੋ ਸਕਦੀ ਹੈ। ਹੁਣ ਵੀ ਕੁੱਝ ਨਹੀਂ ਵਿਗੜਿਆ। ਆਪ ਜੀ ਨੂੰ ਚਾਹੀਦਾ ਹੈ, ਕਿ ਪ੍ਰੋਫੈਸਰ ਸਾਹਿਬ ਉਤੇ ਦੋਸ਼ ਲਾਉਣ ਤੋਂ ਚੰਗਾ ਹੈ, ਆਪ ਦੋਹਾਂ ਵਿਦਵਾਨਾਂ ਨੂੰ ਇੱਕ ਥਾਂ ਤੇ ਮੁੱੜ ਇੱਕਠਾ ਕਰਨ ਦਾ ਉਪਰਾਲਾ ਕਰੋ। ਕੌਮ ਨੂੰ ‘ਇੱਕ’ ਤੇ ‘ਏਕੇ’ ਵੱਲ ਤੋਰੋ ‘ਦਵੈਸ਼’ ਤੇ ‘ਦੋਫਾੜ’ ਵੱਲ ਨਹੀਂ।

ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top