Share on Facebook

Main News Page

ਜਥੇਦਾਰਾਂ ਦੀ ਧੌਂਸ ਦੇ ਦਿਨ ਪੁੱਗੇ

ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਵੱਡੀ ਵਸੋਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਸ਼ੁੱਧ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜਥੇਦਾਰਾਂ ਦੀ ਹੈਂਕੜਬਾਜ਼ੀ ਵਾਲੀ ਧੌਂਸ ਤੋਂ ਮੁਕਤ ਹਨ। ਇਸ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਸਿੱਖ ਜਾਂ ਗੈਰ-ਸਿੱਖ ਰਾਜਨੀਤਕ ਪਾਰਟੀਆਂ ਨੇ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਦੇ ਉਸ ਆਦੇਸ਼ ਨੂੰ ਅਣਡਿੱਠ ਕੀਤਾ ਸੀ ਜਿਸ ਵਿਚ ਉਹਨਾਂ ਨੇ ਰਾਜਨੀਤਕ ਪਾਰਟੀਆਂ ਵਾਲਿਆਂ ਨੂੰ ਕਿਹਾ ਸੀ ਕਿ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲਿਆਂ ’ਤੇ ਸਿਰਫ਼ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਨੂੰ ਹੀ ਸ਼ਰਧਾਂਜਲੀ ਭੇਂਟ ਕੀਤੀ ਜਾਵੇ ਅਤੇ ਇਹਨਾਂ ਸਮਾਗਮਾਂ ਸਮੇਂ ਆਪਣੀਆਂ ਸਿਆਸੀ ਵਿਰੋਧੀ ਪਾਰਟੀਆਂ ’ਤੇ ਚਿੱਕੜ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਸਮੇਤ ਕਿਸੇ ਵੀ ਰਾਜਨੀਤਕ ਪਾਰਟੀ ਨੇ ਇਹਨਾਂ ਆਦੇਸ਼ਾਂ ਨੂੰ ਨਹੀਂ ਮੰਨਿਆ, ਸਗੋਂ ਬਿਨਾਂ ਕਿਸੇ ਭੈਅ ਦੇ ਆਪਣੇ ਪ੍ਰੰਪਰਾਗਤ ਢੰਗਾਂ ਨਾਲ ਧਰਮ ਦੀ ਗੱਲ ਕਰਨ ਦੀ ਥਾਂ ਆਉਂਦੀਆਂ ਸ਼੍ਰੋਮਣੀ ਕਮੇਟੀ ਅਤੇ ਵਿਧਾਨ ਸਭਾ ਚੋਣਾਂ ਨੂੰ ਮੁੱਦਾ ਬਣਾ ਕੇ ਇਕ-ਦੂਜੀ ਪਾਰਟੀ ਦੇ ਆਗੂਆਂ ਵਿਰੁੱਧ ਨਿੱਜੀ ਬਿਆਨਬਾਜ਼ੀ ਵੀ ਕੀਤੀ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤਦੇ ਸੇਵਾਦਾਰਾਂ ਵੱਲੋਂ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਸੀ ਪਰ ਜਦੋਂ ਆਪਣੇ ਹਿੱਤਾਂ ਲਈ ਹਮੇਸ਼ਾ ਅਕਾਲ ਤਖ਼ਤ ਦੇ ਹੁਕਮਾਂ ਨੂੰ ਰੱਬੀ-ਫੁਰਮਾਨ ਦੱਸਣ ਵਾਲੇ ਅਕਾਲੀ ਦਲ ਨੇ ਵੀ ਇਹਨਾਂ ਆਦੇਸ਼ਾਂ ਨੂੰ ਮੰਨਣ ਤੋਂ ਮੂੰਹ ਮੋੜ ਲਿਆ ਤਾਂ ਜਥੇਦਾਰਾਂ ਨੂੰ ਸਾਰੇ ਹੀ ਰਾਜਨੀਤਕ ਦਲਾਂ ’ਤੇ ਕਾਰਵਾਈ ਕਰਨਾ ਮੁਸ਼ਕਲ ਹੋ ਗਿਆ। ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ਼ਰੇਆਮ ਝੂਠ ਬੋਲ ਕੇ ਇਹ ਕਹਿਣਾ ਪਿਆ ਕਿ ਸ਼ਹੀਦੀ ਜੋੜ ਮੇਲਿਆਂ ’ਤੇ ਰਾਜਨੀਤਕ ਦਲਾਂ ਨੇ ਕੋਈ ਹੁਕਮ-ਅਦੂਲੀ ਨਹੀਂ ਕੀਤੀ।

ਅਕਾਲ ਤਖ਼ਤ ਦੇ ਮੁੱਖ ਸੇਵਾਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਕੁਝ ਹੀ ਦਿਨਾਂ ਬਾਅਦ ਹੁਣ ਫਿਰ ਸਿੱਖ ਸੰਗਤ ਨੇ ਅਣਦੇਖੀ ਕੀਤੀ ਹੈ ਜਦੋਂ ਇਹਨਾਂ ਦੁਆਰਾ ਧੂੰਆਂਧਾਰ ਪ੍ਰਚਾਰ ਅਤੇ ਡਰਾਵਿਆ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਸ ਸੋਧੇ ਗਏ ਧੁਮੱਕੜਸ਼ਾਹੀ ਕੈਲੰਡਰ ਦੀ ਥਾਂ ਸ਼ੁੱਧ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾ ਕੇ ਧੱਕੇਸ਼ਾਹੀ ਵਾਲੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਆਪਣੀ ਹੀ ਕੋਮ ਦੇ ਧਾਰਮਿਕ ਆਗੂਆਂ ਦੇ ਆਦੇਸ਼ਾਂ ਨੂੰ ਨਾ ਮੰਨ ਕੇ ਸਿੱਖਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਇਸ ਸੁਆਲ ਦਾ ਉਤਰ ਇਹ ਹੈ ਕਿ ਸਮੇਂ ਦੇ ਹਿਸਾਬ ਨਾਲ ਜਿਉਂ-ਜਿਉਂ ਗਿਆਨ ਦਾ ਪਸਾਰ ਵਧ ਰਿਹਾ ਹੈ ਆਮ ਲੋਕਾਂ ਦੀ ਬੁੱਧੀ ਵਿਚ ਵਿਵੇਕਸ਼ੀਲਤਾ ਦਾ ਵੀ ਵਾਧਾ ਹੋ ਰਿਹਾ ਹੈ। ਹਰ ਵਿਅਕਤੀ ਆਪਣੀ ਵਿਕਸਤ ਬੁੱਧੀ ਅਤੇ ਪ੍ਰਸਾਰ ਸਾਧਨਾਂ ਨਾਲ ਸੱਚ-ਝੂਠ ਨੂੰ ਪਰਖਣ ਦੇ ਕਾਬਲ ਹੋ ਗਿਆ ਹੈ।

ਨਾਨਕਸ਼ਾਹੀ ਕੈਲੰਡਰ ਮਾਮਲੇ ਵਿਚ ਅਨੇਕਾਂ ਸੰਚਾਰ ਸਾਧਨਾਂ ਅਤੇ ਮੀਡੀਆ ਰਾਹੀਂ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਉਸ ਵਿਚ ਬ੍ਰਾਹਮਣਵਾਦੀ ਰੀਤਾਂ ਨੂੰ ਸ਼ਾਮਲ ਕਰਨ ਦੇ ਉਦੇਸ਼ਾਂ ’ਤੇ ਹੋਈ ਵਿਚਾਰ ਚਰਚਾ ਨੇ ਖੋਟ ਪਾਉਣ ਦੇ ਉਦੇਸ਼ਾਂ ਨੂੰ ਸਭ ਸਾਹਮਦੇ ਨਿਖਾਰ ਕੇ ਰੱਖ ਦਿੱਤਾ ਹੈ। ਇੰਟਰਨੈਟ ਅਤੇ ਹੋਰ ਪ੍ਰਸਾਰ ਸਾਧਨਾਂ ਨਾਲ ਸਿੱਖਾਂ ਦਾ ਉਹ ਹਿੱਸਾ ਹੀ ਜੁੜਿਆ ਹੋਇਆ ਹੈ ਜੋ ਗਿਆਨ ਦੇ ਵੱਡੇ ਭੰਡਾਰਾਂ ਨੂੰ ਵਰਤਨ ਦੇ ਸਮਰੱਥ ਹੈ। ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਵਿਚ ਇਸ ਵਰਗ ਨੇ ਆਉਣ ਵਾਲੀਆਂ ਅਨੇਕਾਂ ਸਦੀਆਂ ਦਾ ਪਹਿਲਾਂ ਹੀ ਹਿਸਾਬ ਕਿਤਾਬ ਲਾ ਕੇ ਸਿੱਧ ਕਰ ਦਿੱਤਾ ਹੈ ਕਿ ਆਧੁਨਿਕ ਵਿਚਾਰਧਾਰਾ ਵਾਲੀ ਸਿੱਖ ਕੌਮ ਦਾ ਆਪਣੇ ਕੈਲੰਡਰ ਬਿਨਾਂ ਗੁਜ਼ਾਰਾ ਹੋ ਹੀ ਨਹੀਂ ਸਕਦਾ।

ਹੁਣ ਜਦੋਂ ਇਕ ਸਕਿੰਟ ਦੇ ਲੱਖਵੇਂ ਹਿੱਸੇ ਨੂੰ ਵੰਡਿਆ ਜਾ ਸਕਦਾ ਹੈ ਤਾਂ ਪੁਰਾਣੇ ਢੰਗ ਤਰੀਕਿਆਂ ਨੂੰ ਤਿਆਗ ਦੇਣ ਵਿਚ ਕੌਮ ਦੀ ਭਲਾਈ ਤਾਂ ਹੈ ਹੀ ਸਗੋਂ ਕੌਮ ਨੂੰ ਭਵਿੱਖੀ ਮੁਸ਼ਕਲਾਂ ਤੋਂ ਨਿਜ਼ਾਤ ਦਿਵਾਉਣ ਵਿਚ ਵੀ ਸਹਾਈ ਸਿੱਧ ਹੋ ਸਕਦਾ ਹੈ। ਹੁਣ ਜਦੋਂ ਆਧੁਨਿਕ ਤਕਨੀਕ ਨਾਲ ਪੁਰਾਣੇ ਸਾਰੇ ਕੈ¦ਡਰਾਂ ਦੀਆਂ ਸੈਂਕੜੇ ਗਲਤੀਆਂ ਚੁਣੌਤੀਆਂ ਦੇ ਰੂਪ ਵਿਚ ਹੋਰਾਂ ਕੌਮਾਂ ਦੇ ਸਾਹਮਣੇ ਆ ਰਹੀਆਂ ਹਨ ਤਾਂ ਸ਼ੁੱਧ ਨਾਨਕਸ਼ਾਹੀ ਕੈਲੰਡਰ ਨਵੀਂ ਤਕਨੀਕ ਦੇ ਸਭ ਤੋਂ ਵੱਧ ਨੇੜੇ ਅਤੇ ਖਰਾ ਉ¤ਤਰ ਰਿਹਾ ਸੀ ਪਰ ਇਸ ਸਮੇਂ ਹੀ ਕੌਮ ਦੇ ਕੁਝ ਗੈਰ ਸਮਝ ਅਤੇ ਕੁਝ ਚਲਾਕ ਕਿਸਮ ਦੇ ਲੋਕਾਂ ਨੇ ਇਸ ਕੈਲੰਡਰ ਨੂੰ ਵਿਗਾੜ ਕੇ ਮਿਲਗੋਭਾ ਕੈਲੰਡਰ ਬਣਾ ਦਿੱਤਾ। ਕੌਮ ਦੇ ਗਿਆਨਵਾਨ ਵਿਦਵਾਨਾਂ ਨੇ ਇਸ ਮਿਲਗੋਭੇ ਕੈਲੰਡਰ ਵਿਚ ਬਹੁਤ ਸਾਰੀਆਂ ਗਲਤੀਆਂ ਸਿੱਧ ਕਰ ਦਿੱਤੀਆਂ। ਇਥੋਂ ਤੱਕ ਕਿ ਹੁਣੇ ਹੁਣੇ ਨਵੀਂ ਸਾਹਮਣੇ ਆਈ ਸਮੱਸਿਆ ਅਨੁਸਾਰ ਜੇਕਰ ਸਿੱਖ ਕੌਮ ਸੋਧਾਂ ਵਾਲੇ ਕੈਲੰਡਰ ਨੂੰ ਅਪਣਾਉਂਦੀ ਹੈ ਤਾਂ ਭਵਿੱਖ ਦੇ ਇਕ ਸੌ ਸਾਲਾਂ ਵਿਚ 27 ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆਵੇਗਾ ਹੀ ਨਹੀਂ ਅਤੇ 27 ਵਾਰ ਇਹ ਦਿਨ ਸਾਲ ਵਿਚ ਦੋ ਵਾਰ ਆਵੇਗਾ। ਇਥੇ ਹੀ ਬੱਸ ਨਹੀਂ ਸਗੋਂ ਇਹਨਾਂ ਸਾਲਾਂ ਵਿਚ 3 ਵਾਰ ਪੋਹ ਦਾ ਮਹੀਨਾ ਹੀ ਨਹੀਂ ਆਵੇਗਾ। ਅਜਿਹੀਆਂ ਹੀ ਹੋਰ ਸਮੱਸਿਆਵਾਂ ਨੂੰ ਸਮਝਣ ਦੀ ਥਾਂ ਜਦੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਧੱਕੇ ਨਾਲ ਕੌਮ ’ਤੇ ਹੁਕਮ ਮੰਨਣ ਲਈ ਗਲਤ ਦਬਾਅ ਪਾਇਆ ਤਾਂ ਕੌਮ ਦੇ ਬਹੁਤੇ ਹਿੱਸੇ ਨੇ ਇਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਗੂਆਂ ਦੇ ਡਰਾਵੇ ਦੇ ਬਾਵਜੂਦ ਉਹਨਾਂ ਦੇ ਆਦੇਸ਼ਾਂ ਨੂੰ ਅੱਖੋਂ ਉਹਲੇ ਕਰ ਦਿੱਤਾ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀਆਂ ਨੇ ਫਤਹਿਗੜ੍ਹ ਦੇ ਸ਼ਹੀਦੀ ਸਮਾਗਮਾਂ ਸਮੇਂ ਜਥੇਦਾਰਾਂ ਨੂੰ ਮੋਹਰ ਬਣਾ ਕੇ ਵਰਤਨ ਲਈ ਸਿਆਸੀ ਚਿੱਕੜ ਨਾ ਉਛਾਲਣ ਬਾਰੇ ਆਦੇਸ਼ ਜਾਰੀ ਕਰਵਾ ਲਏ ਤਾਂ ਇਹਨਾਂ ਆਦੇਸ਼ਾਂ ਦੇ ਮਨੋਰਥ ਵਿਚਲਾ ਸੱਚ ਵੀ ਸਭ ਨੂੰ ਤੁਰੰਤ ਪਤਾ ਲੱਗ ਗਿਆ। ਪੰਜਾਬ ਦੀਆਂ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਇਹਨਾਂ ਹੁਕਮਾਂ ਨੂੰ ਮੰਨਣ ਤੋਂ ਪਾਸਾ ਵੱਟ ਲਿਆ। ਹੁਣੇ-ਹੁਣੇ ਵਾਪਰੀਆਂ ਇਹਨਾਂ ਦੋਨਾਂ ਘਟਨਾਵਾਂ ਵਿਚ ਅਕਾਲ ਤਖ਼ਤ ਦੇ ਮੁੱਖ ਸੇਵਾਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤਰਰਾਸ਼ਟਰੀ ਪੱਧਰ ’ਤੇ ਹੇਠੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰਾਂ ਨੂੰ ਇਹਨਾਂ ਦੋਨਾਂ ਵਾਕਿਆਤਾਂ ਤੋਂ ਸਿੱਖਿਆ ਲੈ ਕੇ ਆਪਣੇ ਭਵਿੱਖੀ ਫੈਸਲੇ ਕਰਨੇ ਚਾਹੀਦੇ ਹਨ। ਇਹ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੂਰੀ ਸਿੱਖ ਕੌਮ ਉਹਨਾਂ ਆਦੇਸ਼ਾਂ ਦੀ ਹੀ ਪਾਲਣਾ ਕਰੇਗੀ ਜਿਸ ਵਿਚ ਸਾਰੀ ਕੌਮ ਦਾ ਲਾਭ ਪ੍ਰਤੱਖ ਰੂਪ ਵਿਚ ਨਜ਼ਰ ਆਵੇਗਾ ਜਾਂ ਫਿਰ ਉਹ ਹੁਕਮ ਵੀ ਕੌਮ ਜ਼ਰੂਰ ਮੰਨ ਲਏਗੀ ਜਿਸ ਵਿਚ ਕੌਮ ਸਮਝੇਗੀ ਕਿ ਇਹਨਾਂ ਆਦੇਸ਼ਾਂ ਵਿਚ ਆਗੂਆਂ ਦੇ ਕੋਈ ਨਿੱਜੀ ਹਿੱਤ ਨਹੀਂ ਹਨ। ਨਹੀਂ ਤਾਂ ਫਿਰ ਉਹ ਪੰਥ ਵਿਚੋਂ ਛੇਕਣ ਦੇ ਲੱਖ ਡਰਾਵੇ ਦੇ ਲੈਣ ਇਹਨਾਂ ਆਦੇਸ਼ਾਂ ਸੰਦੇਸ਼ਾਂ ਦਾ ਹਾਲ, ਸ਼ਹੀਦੀ ਸਮਾਗਮਾਂ ਅਤੇ ਨਾਨਕਸ਼ਾਹੀ ਕੈਲੰਡਰ ਵਾਲੇ ਹੁਕਮਾਂ ਵਰਗਾ ਹੀ ਹੋਵੇਗਾ।

ਗੁਰਸੇਵਕ ਸਿੰਘ ਧੌਲਾ
ਮੋ. 94632-16267


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top