Share on Facebook

Main News Page

ਨਾਨਕਸ਼ਾਹੀ ਕੈਲੰਡਰ ਦੀ ਰੂਹ ਕਤਲ ਕਰਨ ਵਾਲਾ ਮੌਜੂਦਾ ਅਕਾਲ ਤਖਤ ਦਾ ਜਥੇਦਾਰ ਗੁਰਬਚਨ ਸਿੰਘ, 2003 ਵਿਚ ਕੈਲੰਡਰ ਰਲੀਜ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਾਗੂ ਕਰਨ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਨ: ਸਰਨਾ, ਕਲਕੱਤਾ

ਅੰਮ੍ਰਿਤਸਰ, 18 ਜਨਵਰੀ (ਪੀ.ਟੀ.ਐਨ.) : ਸਿੱਖ ਕੌਮ ਦੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਦੇ ਪ੍ਰਤੀਕ ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਦੀ ਮੁਢਲੀ ਤਿਆਰੀ ਤੋਂ ਲੈਕੇ ਇਸਦੀ ਰੂਹ ਕਤਲ ਕੀਤੇ ਜਾਣ ਤੀਕ ਦਾ ਸਾਰਾ ਰਿਕਾਰਡ ਸ੍ਰੀ ਅਕਾਲ ਤਖਤ ਪਾਸ ਹੈ ਤੇ ਇਹ ਰਿਕਾਰਡ ਵੇਖ ਕੇ ਪਤਾ ਲਗਾ ਲਿਆ ਜਾਵੇ ਕਿ ਮੌਜੂਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਝੁਠ ਬੋਲ ਰਹੇ ਹਨ ਜਾਂ ਸਾਬਕਾ ਜਾਂ ਕਿਸੇ ਹੋਰ ਤਖਤ ਸਾਹਿਬ ਦੇ ਜਥੇਦਾਰ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸ਼੍ਰੌਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਇਹ ਕਾਰਜ ਅਤਿ ਸ਼ੀਘਰ ਹੀ ਕਰ ਲਿਆ ਜਾਵੇ।

ਸ੍ਰ. ਸਰਨਾ ਤੇ ਸ੍ਰ. ਕਲਕੱਤਾ ਨੇ ਦੱਸਿਆ ਕਿ ਨਾਨਕਸਾਹੀ ਕੈਲੰਡਰ ਦੀ ਤਿਆਰੀ ਤੋਂ ਲੈਕੇ ਸਾਲ 2003 ਵਿਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਕੌਮ ਨੂੰ ਅਰਪਣ ਕੀਤੇ ਜਾਣ ਤੀਕ ਸ਼੍ਰੋਮਣੀ ਕਮੇਟੀ ਦੇ ਤਿੰਨ ਜਨਰਲ ਇਜਲਾਸ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾਵਾਂ ਕੀਤੇ ਜਾਣ ਤੋਂ ਇਲਾਵਾ ਵੱਖ ਵੱਖ ਵੱਖ ਸਿਖ ਸੰਸਥਾਵਾਂ, ਕੈਲੰਡਰ ਮਾਹਿਰਾਂ, ਇਤਿਹਾਸਕਾਰਾਂ ਦੀ ਰਾਏ ਲਈ ਗਈ। ਦੋਹਾਂ ਨੇਤਾਵਾਂ ਨੇ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕੈਲੰਡਰ ਰੀਲੀਜ਼ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਾਗੂ ਕਰਨ ਸਮੇਂ ਗਿਆਨੀ ਗੁਰਬਚਨ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਨ।

ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਪਾਸ ਇਹ ਵੀ ਰਿਕਾਰਡ ਮੌਜੂਦ ਹੈ ਕਿ 4 ਅਗਸਤ 2008 ਤੀਕ ਕੈਲੰਡਰ ਬਾਰੇ ਕੋਈ ਸੁਝਾਅ ਨਹੀ ਸੀ ਪੁਜਾ ਅਤੇ 17 ਅਕਤੂਬਰ 2009 ਨੂੰ ਅਚਨਚੇਤ ਹੀ ਕੈਲੰਡਰ ਰੱਦ ਕੀਤੇ ਜਾਣ ਦੀਆਂ ਖਬਰਾਂ ਛੱਪੀਆਂ। ਉਨ੍ਹਾਂ ਦੱਸਿਆ ਕਿ 17 ਅਕਤੂਬਰ ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪੇਸ਼ ਕੀਤਾ ਗਿਆ ਇਕ ਗਿਆਰਾਂ ਪੰਨਿਆਂ ਦਾ ਹੱਥ ਲਿਖਤ ਖਰੜਾ ਵੀ ਬਾਅਦ ਵਿਚ ਜਨਤਕ ਹੋ ਗਿਆ ਸੀ, ਜਿਸ ਵਿਚ ਨਾਨਕਸ਼ਾਹੀ ਕੈਲੰਡਰ ਦੀਆਂ ਸੰਭਾਵਿਤ ਸੋਧ ਦੇ ਜਿਕਰ ਤੋਂ ਇਲਾਵਾ ਜਥੇਦਾਰਾਂ ਦੇ ਦਸਤਖਤ ਅਤੇ ਤਾਰੀਖ ਦਰਜ ਕਰਨ ਲਈ ਖਾਲੀ ਜਗ੍ਹਾ ਛੱਡੀ ਹੋਈ ਸੀ ਅਤੇ ਬਾਅਦ ਵਿਚ ਇਸੇ ਮਸੌਦੇ ਅਨੁਸਾਰ ਹੀ ਸੋਧਾਂ ਹੋਈਆਂ। ਸ੍ਰ. ਸਰਨਾ ਨੇ ਕਿਹਾ ਕਿ ਅਕਾਲ ਤਖਤ ਪਾਸ ਤਾਂ ਇਹ ਵੀ ਸਬੂਤ ਹਨ ਕਿ ਕਿਹੜੀਆਂ ਸੰਸਥਾਵਾਂ ਨੇ ਸਾਲ 2003 ਤੋਂ ਸਾਲ 2010 ਤੀਕ ਨਾਨਕਸਾਹੀ ਕੈਲੰਡਰ ਨੂੰ ਮੰਨਿਆਂ ਹੀ ਨਹੀਂ।
ਸ੍ਰ. ਸਰਨਾ ਤੇ ਸ੍ਰ. ਕਲਕੱਤਾ ਨੇ ਕਿਹਾ ਕਿ ਉਹ ਅੱਜ ਵੀ ਇਹ ਰਾਏ ਰੱਖਦੇ ਹਨ ਕਿ ਕੈਲੰਡਰ ਮਾਮਲੇ ਤੇ ਹਰੇਕ ਦੇ ਮਾਣ ਸਤਿਕਾਰ ਦਾ ਖਿਆਲ ਰੱਖਿਆ ਜਾਵੇ ਅਤੇ ਇਕ ਦੂਜੇ ਖਿਲਾਫ ਚਿੱਕੜ ਸੁਟਣ ਦੀ ਬਜਾਏ ਕੇਵਲ ਤੇ ਕੇਵਲ ਨਾਨਕਸ਼ਾਹੀ ਕੈਲੰਡਰ ਦੇ ਅਸਲ ਸਰੂਪ ਨੂੰ ਬਹਾਲ ਕਰ ਸਮੁਚੀ ਕੌਮ ਦੀ ਸਹਿਮਤੀ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾਣ, ਲੇਕਿਨ ਇਹ ਜਰੂਰ ਖਿਆਲ ਰੱਖਿਆ ਜਾਵੇ ਕਿ ਕੌਮ ਵਿਚ ਪਈ ਕਿਸੇ ਦੁਬਿਧਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ ਤੇ ਮਾਣ ਮਰਿਆਦਾ ਨੂੰ ਲੱਗੀ ਢਾਹ ਲਈ, ਇਤਿਹਾਸ ਨੇ ਕਿਸੇ ਨੂੰ ਵੀ ਮੁਆਫ ਨਹੀਂ ਕਰਨਾ। ਉਨ੍ਹਾਂ ਕਿਹਾ ਜੇਕਰ ਅਸੀਂ ਅਜਿਹਾ ਨਾ ਕਰ ਸਕੇ, ਤਾਂ ਅਸੀਂ ਉਨ੍ਹਾਂ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿਚ ਖੇਡ ਰਹੇ ਹੋਵਾਂਗੇ, ਜੋ ਕਿ ਪਹਿਲਾਂ ਹੀ ਪੰਥ ਦੀ ਨਿਆਰੀ ਹਸਤੀ ਨੂੰ ਰਲਗੱਡ ਕਰਨ ਲਈ ਪੱਬਾਂ ਭਾਰ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top