Share on Facebook

Main News Page

ਸਿੱਖ ਸਮਾਜ ਨੂੰ ਢਾਹ ਲਾਉਣ ਲਈ ਸੰਤ ਸਮਾਜ, ਸਰਕਾਰੀ ਏਜੰਸੀਆਂ ਦਾ ਵਿੰਗ: ਏ. ਐਸ. ਓ.

ਗੁਰੂ ਨਾਨਕ ਸਾਹਿਬ ਵਲੋਂ ਸਿਰਜੇ ਸਿੱਖ ਸਮਾਜ ਅੰਦਰ ਕਿਹੜੀ ਕਮੀ ਰਹਿ ਗਈ ਸੀ ਜਿਸ ਕਰਕੇ ਕਿਰਤ ਛੱਡ ਚੁੱਕੇ ਅੱਜ ਦੇ ਵਿਹਲੜ ਬਾਬਿਆਂ ਨੂੰ ਸੰਤ ਸਮਾਜ ਬਣਾਉਣਾ ਪਿਆ। ਕੀ ਇਹ ਗੁਰੂ ਸਾਹਿਬਾਨਾਂ ਵਲੋਂ ਸਿਰਜੇ ਸਿੱਖ ਸਮਾਜ ਨਾਲੋਂ ਆਪਣੇ ਆਪ ਨੂੰ ਉੱਤਮ ਸਮਝਦੇ ਹਨ ਜਾਂ ਕੀ ਇਨ੍ਹਾਂ ਦੀ ਕੁਰਬਾਨੀ ਬੰਦ ਬੰਦ ਕਟਾਉਣ ਅਤੇ ਖੋਪਰ ਲੁਹਾਉਣ ਵਾਲਿਆਂ ਤੋਂ ਜਿਆਦਾ ਹੈ, ਜਿਨ੍ਹਾਂ ਨੇ ਕਦੀ ਅਜਿਹਾ ਕੋਈ ਸਮਾਜ ਨਹੀਂ ਬਣਾਇਆ। ਜਾਂ ਕੀ ਇਹਨਾਂ ਨੇ ਸਿੱਖਾਂ ਨੂੰ ਸਦੀਆ ਤੋਂ ਲੁੱਟ ਕੇ ਖਾਣ ਵਾਲੇ ਪ੍ਰੋਹਤਾਂ ਅਤੇ ਪਾਂਧਿਆਂ ਦੀ ਜਗਾ ਤਾਂ ਨਹੀ ਲੈ ਲਈ ਜੋ ਲੋਕਾਂ ਨੂੰ ਵਹਿਮਾਂ, ਭਰਮਾਂ ਅਤੇ ਪਾਖੰਡਾਂ ਵਿਚ ਫਸਾ ਕੇ ਆਪਣੇ ਗੁਲਾਮ ਬਣਾ ਕੇ ਰੱਖਦੇ ਸਨ। ਜਾਂ ਫਿਰ ਮੋਟੀ ਕਮਾਈ ਕਰਨ ਦਾ ਇਨਾਂ ਕੋਲ ਇਹ ਵਧੀਆ ਪਲੇਟਫਾਰਮ ਹੈ।

ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਨੇ ਭਾਈ ਦਵਿੰਦਰ ਸਿੰਘ, ਭਾਈ ਦਿਦਾਰ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਜਸਦੇਵ ਸਿੰਘ ਕੈਲੀਫੋਰਨੀਆਂ ਭਾਈ ਦਲਜੀਤ ਸਿੰਘ ਪੋਰਟਲੈਡ, ਭਾਈ ਇੰਦਰਜੀਤ ਸਿੰਘ, ਭਾਈ ਸੁਖਦੇਵ ਸਿੰਘ ਨਾਗਰਾ, ਭਾਈ ਸੁਖਵਿੰਦਰ ਸਿੰਘ, ਭਾਈ ਦਲਜੀਤ ਸਿੰਘ ਸ਼ਿਆਟਲ, ਭਾਈ ਸੁਰਜੀਤ ਸਿੰਘ, ਭਾਈ ਕਰਨੈਲ ਸਿੰਘ, ਭਾਈ ਲਾਲ ਸਿੰਘ, ਸਿਮਰਨ ਸਿੰਘ ਵਿਰਕ, ਸੁਖਵੀਰ ਸਿੰਘ, ਚਰਨਜੀਤ ਸਿੰਘ ਸਮਰਾ ਨਿਊਯਾਰਕ ਨੇ ਸਾਂਝੇ ਤੌਰ ਤੇ ਕੀਤਾ।

ਸਿੱਖ ਆਗੂਆਂ ਨੇ ਕਿਹਾ ਕਿ ਜਿਥੇ ਚੇਤੰਨ ਸਿੱਖ ਬਿਰਤੀਆਂ ਅੰਦਰ ਅਜਿਹੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਦੇ ਹਨ ਉਥੇ ਅਸਲ ਸੱਚ ਇਹ ਹੈ ਕਿ ਸਿੱਖ ਕੌਂਮ ਨੂੰ ਕਮਜੋਰ ਕਰਨ ਦੇ ਲਈ ਇੱਕ ਖਤਰਨਾਕ ਏਜੰਡੇ ਦੇ ਰੂਪ ਵਿਚ ਇਹ ਸੰਤ ਸਮਾਜ ਸਰਕਾਰੀ ਏਜੰਸੀਆਂ ਵਲੋਂ ਖੜਾ ਕੀਤਾ ਗਿਆ ਹੈ। ਕਿਉਕਿ ਇਨਾਂ ਬਾਬਿਆਂ ਨੂੰ ਸਰਕਾਰਾਂ ਦਾ ਸਮਰਥਨ, ਲਾਲ ਬੱਤੀ ਵਾਲੀਆਂ ਕਾਰਾਂ ਅਤੇ ਸਰਕਾਰਾਂ ਅੰਦਰ ਇਨਾਂ ਦਾ ਦੱਬ-ਦਬਾ ਕਿਸੇ ਨੂੰ ਵੀ ਕਿਸੇ ਭੁਲੇਖੇ ਵਿਚ ਨਹੀ ਰਹਿਣ ਦਿੰਦਾ। ਸਿੱਖ ਆਗੂਆਂ ਨੇ ਕਿਹਾ ਕਿ ਸੰਤ ਸਮਾਜ ਦੇ ਸਰਕਾਰੀ ਹੋਣ ਦੀ ਪੱਕੀ ਮੋਹਰ ਇਸ ਕਰਕੇ ਵੀ ਲੱਗਦੀ ਹੈ ਕਿ ਜਦੋਂ ਕੋਈ ਪੰਥਕ ਏਜੰਡਾ ਕੌਮ ਦੇ ਹੱਕ ਵਿਚ ਭੁਗਤਣ ਦੀ ਤਿਆਰੀ ਕਰਦਾ ਹੈ ਤਾਂ ਇਹ ਸਾਧ ਪੰਥ ਦਾ ਸਾਥ ਦੇਣ ਦੀ ਬਜਾਏ ਪੰਥ ਵਿਰੋਧੀਆਂ ਵਾਲਾ ਰੋਲ ਅਦਾ ਕਰਦੇ ਹਨ।

ਸ੍ਰ. ਪਾਲ ਸਿੰਘ ਪੁਰੇਵਾਲ ਦੀ ਸਖਤ ਮਿਹਨਤ ਪਿਛੋਂ ਸਿੱਖਾਂ ਦੀ ਅੱਡਰੀ ਹਸਤੀ ਦੇ ਪ੍ਰਤੀਕ 2003 ਵਿਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦਾ ਜਿਸ ਢੰਗ ਨਾਲ ਇਸ ਸੰਤ ਸਮਾਜ ਵਲੋਂ ਹਿੰਦੂਕਰਣ ਕੀਤਾ ਗਿਆ ਉਹ ਸਿਰਫ ਪੰਥ ਵਿਰੋਧੀਆਂ ਦੇ ਹਿੱਸੇ ਹੀ ਆਉਦਾ ਹੈ। ਕਿਉਕਿ ਬਾਬਾ ਹਰੀ ਸਿੰਘ ਰੰਧਾਵੇ ਵਾਲਾ ਜਿਥੇ ਸੋਧੇ ਹੋਏ ਬਿਕਰਮੀ ਕੈਲੰਡਰ ਨੂੰ ਅਕਾਲ ਤਖਤ ਸਾਹਿਬ ਵਲੋਂ ਲਾਗੂ ਹੋਇਆ ਪ੍ਰਚਾਰਦਾ ਹੈ, ਉਥੇ ਸਵਾਲ ਖੜਾ ਹੁੰਦਾ ਹੈ ਕਿ 2003 ਵਿਚ ਪੰਜ ਸਿੰਘ ਸਹਿਬਾਨਾਂ ਅਤੇ ਅੰਤਰਿਗ ਕਮੇਟੀ ਵਲੋਂ ਫੈਸਲਾ ਕਰਕੇ ਅਕਾਲ ਤਖਤ ਸਾਹਿਬ ਤੋਂ ਹੀ ਲਾਗੂ ਹੋਏ ਅਸਲ ਕੈਲੰਡਰ ਤੋਂ ਇਹ ਅਖੌਤੀ ਸੰਤ ਸਮਾਜ ਅਤੇ ਹਰੀ ਸਿੰਘ ਰੰਧਾਵੇ ਵਾਲਾ 7 ਸਾਲ ਖੁਦ ਆਕੀ ਕਿਉ ਰਿਹਾ, ਉਥੇ ਇਸ ਰੰਧਾਵੇ ਵਾਲੇ ਨੂੰ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨਜਰ ਕਿਉ ਨਹੀ ਆਈ ? 1936 ਵਿੱਚ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਈ ਪੰਥ-ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਵੀ ਇਹ ਕਿਉ ਨਹੀਂ ਮੰਨਦੇ ? ਕੀ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ? ਅਕਾਲ ਤਖਤ ਸਾਹਿਬ ਤੋਂ ਬਾਗੀ ਇਹ ਸਾਧ ਸਿਰਮੋਰ ਤਖਤ ਨੂੰ ਇੱਕ ਮੋਹਰਾ ਬਣਾ ਕੇ ਵਰਤਦੇ ਹਨ, ਸਤਿਕਾਰ ਇਹਨਾਂ ਦੇ ਮੰਨ ਵਿਚ ਕੋਈ ਨਹੀ ਹੈ।

ਸਿੱਖ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਜੇਕਰ ਇਨਾਂ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕਰੀਏ ਤਾਂ ਇਹ ਹਮੇਸ਼ਾਂ ਪੰਥ ਵਿਰੋਧੀਆਂ ਦੀ ਕਤਾਰ ਵਿਚ ਹੀ ਖੜਦੇ ਹਨ। ਸੰਤ ਸਮਾਜ ਦੇ ਮੁੱਖੀ ਭਾਈ ਹਰਨਾਮ ਸਿੰਘ ਧੁੰਮਾਂ ਵਲੋਂ ਜਿਸ ਢੰਗ ਨਾਲ ਸਿਰਸੇ ਵਾਲੇ ਪਾਖੰਡੀ ਵਿਰੁੱਧ ਬਣੀ ਲਹਿਰ ਨੂੰ ਖਤਮ ਕੀਤਾ ਗਿਆ ਉਹ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀ ਕਿਉਕਿ ਵੱਡੀਆ ਵੱਡੀਆ ਡੀਗਾਂ ਮਾਰ ਕੇ ਇਸ ਨੇ ਉਸ ਲਹਿਰ ਨੂੰ ਵੀ ਕੁਝ ਸਾਧਾਂ ਨੂੰ ਲੈ ਕੇ ਮੁਹਾਲੀ ਵਿਚ ਧਰਨੇ ਦੇ ਕੇ ਠੱਪ ਕਰ ਦਿੱਤਾ। ਇਸ ਤੋਂ ਬਾਅਦ ਸੰਤ ਸਮਾਜ ਮੁੱਖੀ ਨੇ ਸਿਰਸੇ ਵਾਲੇ ਵਿਰੁੱਧ ਕੋਈ ਪ੍ਰੋਗਰਾਮ ਨਹੀ ਉਲੀਕਿਆ ਸਿਰਫ ਇਕੱਲਾ ਬਾਬਾ ਬਲਜੀਤ ਸਿੰਘ ਦਾਦੂਵਾਲ ਹੀ ਉਸਦਾ ਵਿਰੋਧ ਕਰਦਾ ਆ ਰਿਹਾ ਹੈ। ਇਸ ਤੋਂ ਬਾਅਦ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਪ੍ਰੋਗਰਾਮ ਨੂੰ ਰੋਕਣ ਕਰਕੇ ਜੋ ਲੁਧਿਆਣਾ ਕਾਂਡ ਵਾਪਰਿਆ ਉਸ ਪ੍ਰੋਗਰਾਮ ਨੂੰ ਇਸ ਸੰਤ ਸਮਾਜ ਨੇ ਵਿਉਂਤਬੰਦ ਤਰੀਕੇ ਰਾਹੀਂ ਹਾਈਜੈਕ ਕੀਤਾ ਅਤੇ 12 ਦਸੰਬਰ ਨੂੰ ਚੌਂਕ ਮਹਿਤਾ ਵਿਖੇ ਸੱਦੀ ਪੰਥਕ ਮੀਟਿੰਗ ਵਿਚ ਇਸ ਭਾਈ ਧੁੰਮੇ ਨੇ ਸਿੱਖਾਂ ਦੇ ਗੋਲੀਆ ਮਾਰਨ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦਾ ਮੁੱਦਾ ਚੁੱਕਿਆ ਉਹ ਵੀ ਉਸੇ ਦਿਨ ਤੋਂ ਬਾਅਦ ਠੰਢੇ ਬਸਤੇ ਵਿਚ ਪਾ ਕੇ ਇਨ੍ਹਾਂ ਨੇ ਕੌਮ ਦੇ ਜਜਬਾਤਾਂ ਨੂੰ ਖਤਮ ਕਰ ਦਿਤਾ।

ਅਤੇ ਹੁਣੇ ਹੁਣੇ ਸਿੱਖਾਂ ਨੂੰ ਪੰਜਾਂ ਤਖਤਾਂ ਦੇ ਦਰਸ਼ਨ ਕਰਾਉਣ ਵਾਲੀ ਟਰੇਨ ਦੇ ਸੰਬੰਧ ਵਿਚ ਆਰ.ਐਸ.ਐਸ ਦੇ ਉਚ ਕੋਟੀ ਦੇ ਸਰਗਣੇ ਹਿਮਾਚਲ ਪ੍ਰਦੇਸ ਦੇ ਮੁੱਖੀ ਮੰਤਰੀ ਪ੍ਰੇਮ ਕੁਮਾਰ ਧੂਮਲ ਵਲੋਂ ਇਸ ਗੱਲ ਦੀ ਮੰਗ ਕਰਨੀ ਕਿ ਇਸ ਟਰੇਨ ਰਾਹੀਂ ਸਿੱਖਾਂ ਦੀ ਯਾਤਰਾ ਤੱਦ ਹੀ ਸਫਲ ਹੋਵੇਗੀ ਜੇਕਰ ਉਹ ਪੰਜਾਂ ਤਖਤਾਂ ਵਾਂਗ ਬਾਬਾ ਸਰਬਜੋਤ ਸਿੰਘ ਬੇਦੀ ਦੇ ਡੇਰੇ ਆ ਕੇ ਦਰਸ਼ਨ ਕਰਨ ਅਤੇ ਉਸ ਡੇਰੇ ਨੂੰ ਵੀ ਪੰਜਾਂ ਤਖਤਾਂ ਵਾਂਗ ਹੀ ਮਾਨਤਾ ਦਿੱਤੀ ਜਾਵੇ, ਅਜਿਹਾ ਬਿਆਨ ਪੰਥ ਦੋਖੀਆਂ ਦੀਆਂ ਗੁੱਝੀਆਂ ਸਾਜਸ਼ਾਂ ਨੂੰ ੳਜਾਗਰ ਕਰਦਾ ਹੈ। ਸਿੱਖ ਆਗੂਆਂ ਨੇ ਕਿਹਾ ਕਿ ਇਥੇ ਹੀ ਬੱਸ ਨਹੀ ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਸਿੱਖਾਂ ਦਾ ਭਗਵਾਂਕਰਨ ਕਰਨ ਲਈ ਖੜੀ ਕੀਤੀ ਰਾਸ਼ਟਰੀ ਸਿੱਖ ਸੰਗਤ ਸੰਸਥਾ ਜੋ ਸਿੱਖਾਂ ਨੂੰ ਹਿੰਦੂ ਦਰਸਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ ਇਹ ਸਾਰੇ ਆਪੇ ਬਣੇ ਮਹਾਂਪੁਰਸ਼ ਉਨਾਂ ਦੀ ਅਗਜੈਕਟਿਵ ਕਮੇਟੀ ਦੇ ਮੈਬਰ ਹਨ।ਪਿਛਲੇ ਇੱਕ ਦਹਾਕੇ ਤੋਂ ਇਨਾਂ ਦੀਆਂ ਗਤੀਵਿਧੀਆਂ ਪੰਥ ਨੂੰ ਢਾਹ ਲਾਉਣ ਵਾਲੀਆਂ ਹਨ ਜਿਸ ਤੋਂ ਸਿੱਖ ਕੌਂਮ ਸੁਚੇਤ ਹੋਵੇ। ਸਰਕਾਰੀ ਏਜੰਸੀਆਂ ਇਨ੍ਹਾਂ ਨੂੰ ਸਿੱਖ ਕੌਮ ਅੰਦਰ ਖਾਨਾ-ਜੰਗੀ ਕਰਾਉਣ ਲਈ ਵਰਤ ਰਹੀਆਂ ਹਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top