Share on Facebook

Main News Page

ਨਾਨਕਸ਼ਾਹੀ ਕੈਲੰਡਰ ਦੀ ਹੋਂਦ ਨੂੰ ਕਾਇਮ ਰੱਖਣਾ ਖਾਲਸਾ ਪੰਚਾਇਤ ਦਾ ਕੌਮੀ ਨਿਸ਼ਾਨਾ

ਲੁਧਿਆਣਾ, 19 ਜਨਵਰੀ - ਸਮੁੱਚੇ ਸੰਸਾਰ ਅੰਦਰ ਸਿੱਖ ਕੌਮ ਦੀ ਅੱਡਰੀ ਤੇ ਨਵੇਕਲੀ ਪਹਿਚਾਣ ਨੂੰ ਸਦੀਵੀਂ ਤੌਰ ਤੇ ਕਾਇਮ ਰੱਖਣ ਦੇ ਮਨੋਰਥ ਨਾਲ ਭਾਰੀ ਜੱਦੋ-ਜਹਿਦ ਤੋਂ ਬਾਅਦ ਸੰਨ 2003 ਅੰਦਰ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦਾ ਕੌਮੀ ਨਿਸ਼ਾਨਾ ਹੈ । ਇਸ ਨਿਸ਼ਾਨੇ ਦੀ ਪੂਰਤੀ ਲਈ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਸਮੂਹ ਮੈਂਬਰਾਂ ਵੱਲੋਂ ਹਰ ਗੁਰਸਿੱਖ ਦੇ ਘਰ ਨਾਨਕਸ਼ਾਹੀ ਕੈਲੰਡਰ ਨਿਸ਼ਕਾਮ ਰੂਪ ਵਿੱਚ ਪਹੁੰਚਾਉਣ ਦਾ ਆਪਣਾ ਜ਼ੋਰਦਾਰ ਉਪਰਾਲਾ ਸਮੁੱਚੇ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੁਧਿਆਣਾ ਵਿਖੇ ਸੰਗਤਾਂ ਨੂੰ ਨਿਸ਼ਕਾਮ ਰੂਪ ਵਿੱਚ ਨਾਨਕਸ਼ਾਹੀ ਕੈਲੰਡਰ ਭੇਂਟ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦੇ ਮੁੱਖ ਪੰਚ ਭਾਈ ਚਰਨਜੀਤ ਸਿੰਘ ਖਾਲਸਾ ਨੇ ਕੀਤਾ ।

ਇਸ ਤਰ੍ਹਾਂ ਭਾਈ ਖਾਲਸਾ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਆਰ.ਐਸ.ਐਸ. ਤੇ ਭਾਜਪਾ ਦੇ ਲੁੱਕਵੇਂ ਇਸ਼ਾਰੇ ਉਪਰ ਤਖਤਾਂ ਤੇ ਕਾਬਜ਼ ਬਾਦਲਕਿਆਂ ਦੀ ਜੁੰਡਲੀ ਇੱਕ ਸੋਚੀ ਸਮਝੀ ਸਾਜਿਸ਼ ਦੇ ਰਾਹੀਂ ਸਿੱਖ ਦੀ ਨਵੇਕਲੀ ਸ਼ਾਨ ਨੂੰ ਕਾਇਮ ਰੱਖਣ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਸਮੁੱਚੇ ਰੂਪ ਵਿੱਚ ਭਗਵਾਂ ਕਰਨ ਕਰਨਾ ਚਾਹੁੰਦੀ ਹੈ । ਪਰ ਸ਼੍ਰੋਮਣੀ ਖਾਲਸਾ ਪੰਚਾਇਤ ਕਿਸੇ ਵੀ ਕੀਮਤ ਤੇ ਸੋਧੇ ਗਏ ਨਵੇਂ ਭਗਵੇਂ ਕੈਲੰਡਰ ਨੂੰ ਆਪਣੀ ਮਾਨਤਾ ਨਹੀਂ ਦੇਵੇਗੀ ਬਲਕਿ ਪਹਿਲਾਂ ਤੋਂ ਪੰਥ ਨੂੰ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਆਪਣੀ ਪੂਰੀ ਮਾਨਤਾ ਦਿੰਦੇ ਹੋਏ ਇਸ ਨੂੰ ਸੰਸਾਰ ਦੇ ਹਰ ਕੋਨੇ ਵਿੱਚ ਵੱਸਦੇ ਹੋਏ ਸਿੱਖਾਂ ਦੇ ਘਰਾਂ ਵਿੱਚ ਪਹੁੰਚਾਵਾਂਗੇ । ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਦੇ ਸਦਕਾ ਅੱਜ ਲੁਧਿਆਣਾ ਸ਼ਹਿਰ ਵਿਖੇ ਵੱਡੀ ਪੱਧਰ ਤੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੈਂਬਰਾਂ ਵੱਲੋਂ ਨਿਸ਼ਕਾਮ ਰੂਪ ਵਿੱਚ ਨਾਨਕਸ਼ਾਹੀ ਕੈਲੰਡਰ ਸੰਗਤਾਂ ਨੂੰ ਭੇਂਟ ਕੀਤੇ ਗਏ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪ੍ਰਮੁੱਖ ਆਗੂ ਭਾਈ ਜੁਗਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਨਿਮਾਣਾ, ਭਾਈ ਕੁਲਦੀਪ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਸੁਖਰਾਜ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਸੁਖਦੀਪ ਸਿੰਘ, ਭਾਈ ਅਮਰੀਕ ਸਿੰਘ, ਭਾਈ ਮਨਜੀਤ ਸਿੰਘ, ਭਾਈ ਜਸਵਿੰਦਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਸਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top