Share on Facebook

Main News Page

ਨਾਨਕਸ਼ਾਹੀ ਕੈਲੰਡਰ ’ਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ

ਜਥੇਦਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਦਾ ਜੋ ਪ੍ਰਮੁੱਖ ਕਾਰਨ 2009 ਵਿਚ ਦੱਸਿਆ ਸੀ ਉਸ ਅਨੁਸਾਰ ਇਹਨਾਂ ਸੋਧਾਂ ਕਰਨ ਨਾਲ ਪੰਥ ਵਿਚ ਏਕਤਾ ਹੋ ਜਾਵੇਗੀ। ਸੋਧਾਂ ਤੋਂ ਬਾਅਦ ਜਿਸ ਤਰ੍ਹਾਂਕੌਮ ਦੋ ਹਿੱਸਿਆਂ 'ਚ ਵੰਡੀ ਗਈ ਹੈ ਅਤੇ ਹਰ ਰੋਜ਼ ਦੁਨੀਆਂ ਸਾਹਮਣੇ ਸਿੱਖਾਂ ਦਾ ਕਿਸ ਤਰ੍ਹਾਂ ਜਲੂਸ ਨਿਕਲ ਰਿਹਾ ਹੈ। ਇਹ ਗੱਲ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ। 2003 ਤੋਂ 2009 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸਾਰੇ ਗੁਰੂਘਰਾਂ ਵਿਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਮਾਗਮ ਕੀਤੇ ਜਾਂਦੇ ਰਹੇ ਹਨ ਪਰ ਇਸ ਸਮੇਂ ਤੱਕ ਕੌਮ ਵਿਚ ਕੋਈ ਵੀ ਵੱਡੀ ਪੁਆੜੇ ਵਾਲੀ ਗੱਲ ਨਹੀਂ ਸੀ ਹੋਈ। ਇਸ ਅੱਧੇ ਦਹਾਕੇ ਤੋਂ ਵੱਧ ਸਮਾਂ ਜੇਕਰ ਕੁਝ ਇੱਕਾ ਦੁੱਕਾ ਟਿੱਪਣੀਆਂ ਸੰਤ ਸਮਾਜ ਵੱਲੋਂ ਆਈਆਂ ਤਾਂ ਉਹ ਕੋਈ ਖਾਸ ਫੁੱਟ ਦਾ ਕਾਰਨ ਨਹੀਂ ਸੀ ਬਣ ਸਕਦੀਆਂ, ਪਰ ਜਦੋਂ ਕੌਮ ਵਿਰੋਧੀ ਅਨਸਰਾਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਸਹਿਯੋਗ ਨਾਲ ਕੌਮੀ ਕੈਲੰਡਰ ਨੂੰ ਸੋਧਾਂ ਦੇ ਨਾਮ ਹੇਠ ਮੁੜ ਬਿਕ੍ਰਮੀਕਰਨ ਕਰ ਦਿੱਤਾ ਤਾਂ ਉਸ ਸਮੇਂ ਤੋਂ ਅੱਜ ਤੱਕ ਸਿੱਖਾਂ ਵਿਚ ਪਹਿਲੇ ਕੈਲੰਡਰ ਨੂੰ ਮੂਲ ਰੂਪ ਵਿਚ ਮੁੜ ਪ੍ਰਚੱਲਤ ਕਰਨ ਦੀ ਆਵਾਜ਼ ਉਠਾਈ ਜਾ ਰਹੀ ਹੈ।

ਇਸ ਸਮੇਂ ਇਸ ਮਾਮਲੇ ਨੇ ਮੁੜ ਗਰਮ ਰੂਪ ਅਖਤਿਆਰ ਕਰ ਲਿਆ ਹੈ ਕਿ ਸਿਰਫ਼ ਸੰਤ ਸਮਾਜ ਨੂੰ ਛੱਡ ਕੇ ਬਾਕੀ ਸਾਰੀ ਕੌਮ ਪਹਿਲੇ ਸ਼ੁੱਧ ਕੈਲੰਡਰ ਨੂੰ ਮੁੜ ਅਪਣਾਉਣ ਲਈ ਸਹਿਮਤ ਹੋ ਗਈ ਹੈ। ਇਥੋਂ ਤੱਕ ਕਿ ਤਖ਼ਤਾਂ ਦੇ ਜਥੇਦਾਰਾਂ ਵਿਚੋਂ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਡਟਵੇਂ ਰੂਪ ਵਿਚ ਸੋਧਾਂ ਦੀ ਮੁਖਾਲਫਤ ਕੀਤੀ ਹੈ। ਗਿਆਨੀ ਨੰਦਗੜ੍ਹ ਨੇ ਆਪਣੇ ਬਿਆਨ ਵਿਚ ਸਿੱਖ ਸੰਗਤ ਨੂੰ ਆਖਿਆ ਹੈ ਕਿ ਉਹ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਕਾਇਮ ਰੱਖਣ ਲਈ ਪਹਿਰਾ ਦਿੱਤਾ ਜਾਵੇ। ਇਸ ਤਰ੍ਹਾਂਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਮੁੜ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਸਮੇਂ ਕਿਹਾ ਹੈ ਕਿ ਕੈਲੰਡਰ 'ਚ ਸੋਧਾਂ ਨਾਲ ਪੰਥ 'ਚ ਪੁਆੜਾ ਪੈ ਗਿਆ ਇਸ ਲਈ ਮੁੜ ਪੰਥਕ ਏਕਤਾ ਲਈ ਸਿੱਖਾਂ ਦਾ ਮਹਾਂ ਸੰਮੇਲਨ ਸੱਦਣਾ ਸਮੇਂ ਦੀ ਮੰਗ ਹੈ ਅਜਿਹਾ ਨਾ ਕਰਨ ਦੀ ਸੂਰਤ 'ਚ ਕੌਮ ਪੱਕੇ ਤੌਰ 'ਤੇ ਦੋ ਹਿੱਸਿਆਂ 'ਚ ਵੰਡੇ ਜਾਣ ਦਾ ਡਰ ਪੈਦਾ ਹੋ ਗਿਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵੀ ਲਗਾਤਾਰ ਨਾਨਕਸ਼ਾਹੀ ਕੈਲੰਡਰ 'ਚ ਕੀਤੀਆਂ ਸੋਧਾਂ ਵਾਪਸ ਲੈਣ ਲਈ ਯਤਨ ਕਰ ਰਹੇ ਹਨ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਰੂਪ ਵਿਚ ਮਾਨਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਪੂਰੇ ਦਬਾਅ ਦੇ ਬਾਵਜੂਦ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾ ਕੇ ਸੰਕੇਤ ਦਿੱਤਾ ਹੈ ਕਿ ਦਿੱਲੀ ਕਮੇਟੀ ਇਸ ਮਾਮਲੇ ਵਿਚ ਮੌਜੂਦਾ ਜਥੇਦਾਰਾਂ ਦਾ ਸਿੱਖ ਵਿਰੋਧੀ ਪ੍ਰਭਾਵ ਕਬੂਲ ਨਹੀਂ ਕਰੇਗੀ। ਉਹਨਾਂ ਆਪਣੇ ਤੌਰ 'ਤੇ ਨਵੇਂ ਸਾਲ ਵਿਚ ਸ਼ੁੱਧ ਨਾਨਕਸ਼ਾਹੀ ਕੈਲੰਡਰ ਰਿਲੀਜ਼ ਵੀ ਕਰ ਦਿੱਤਾ ਹੈ। ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਇੰਕਸਾਫ ਕੀਤਾ ਹੈ ਕਿ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਆਰ.ਐਸ.ਐਸ. ਦੇ ਦਬਾਅ ਹੇਠ ਕੀਤੀਆਂ ਗਈਆਂ ਕਿਉਂਕਿ 17 ਅਕਤੂਬਰ 2009 ਨੂੰ ਜਦੋਂ ਸ਼ੁੱਧ ਕੈਲੰਡਰ ਨੂੰ ਰੱਦ ਕੀਤਾ ਗਿਆ ਤਾਂ ਰੱਦ ਕਰਨ ਵਾਲਾ 17 ਪੰਨਿਆਂ ਦਾ ਇਕ ਖਰੜਾ ਜਨਤਕ ਹੋ ਗਿਆ ਸੀ ਜਿਸ ਵਿਚ ਜਥੇਦਾਰਾਂ ਦੇ ਦਸਤਖ਼ਤ ਅਤੇ ਤਰੀਕ ਲਿਖਣ ਲਈ ਥਾਂ ਖਾਲੀ ਛੱਡੀ ਹੋਈ ਸੀ ਉਹਨਾਂ ਦਾ ਕਹਿਣਾ ਹੈ ਕਿ ਅਸਲ ਵਿਚ ਇਹ ਖਰੜਾ ਬਾਹਰੋਂ ਬਣ ਕੇ ਆਇਆ ਅਤੇ ਇਸ ਉਤੇ ਜਥੇਦਾਰਾਂ ਨੇ ਦਸਤਖ਼ਤ ਸਿਰਫ਼ ਦਬਾਅ ਅਧੀਨ ਹੀ ਕੀਤੇ ਹਨ।

ਇਸੇ ਤਰ੍ਹਾਂ ਦਲ ਖਾਲਸਾ ਸਮੇਤ ਹੋਰ ਬਹੁਤ ਸਿੱਖ ਜਥੇਬੰਦੀਆਂ ਨੇ ਮੁੜ ਸ਼ੁੱਧ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਇਕ ਸੁਰ ਵਿਚ ਆਵਾਜ਼ ਬੁਲੰਦ ਕੀਤੀ ਹੈ। ਅਜਿਹੇ ਮਾਹੌਲ ਵਿਚ ਸਿਰਫ਼ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਜੋ ਗਿਆਨੀ ਇਕਬਾਲ ਸਿੰਘ ਅਤੇ ਸੰਤ ਸਮਾਜ ਦੇ ਕੁਝ ਕਥਿਤ ਸੰਤ ਹੀ ਬਿਕ੍ਰਮੀਕਰਨ ਕੀਤੇ ਕੈਲੰਡਰ ਦੇ ਪੱਖ ਵਿਚ ਖੜ੍ਹੇ ਹਨ। ਸਿੱਖ ਕੌਮ ਦਾ ਵਿਰੋਧ ਦੇਖਦੇ ਹੋਏ ਦਮਦਮੀ ਟਕਸਾਲ ਨੇ ਵੀ ਚੁੱਪ ਵੱਟ ਲਈ ਹੈ। ਇਸ ਸਮੇਂ ਜਦੋਂ ਸਾਰੀ ਸਿੱਖ ਕੌਮ ਹੀ ਸ਼ੁੱਧ ਕੈਲੰਡਰ ਦੇ ਹੱਕ ਵਿਚ ਖੜ੍ਹ ਗਈ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਅਕਾਲ ਤਖ਼ਤ ਨੂੰ ਸਿੱਖਾਂ ਦੇ ਸੁਆਲਾਂ ਦੇ ਜਵਾਬ ਨਹੀਂ ਆ ਰਹੇ। ਉਹਨਾਂ ਨੇ ਦਿੱਲੀ ਕਮੇਟੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣ ਕਰਕੇ ਦਿੱਤੀ ਧਮਕੀ ਨੂੰ ਵੀ ਬੇਧਿਆਨ ਕਰਨਾ ਪਿਆ ਹੈ। ਇਹਨਾਂ ਹੀ ਨਹੀਂ ਸਗੋਂ 18 ਜਨਵਰੀ ਨੂੰ ਜਾਰੀ ਕੀਤੇ ਗਏ ਇਕ ਨੋਟ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਹਿਣਾ ਪਿਆ ਹੈ ਕਿ ‘‘ਸਿੱਖ ਸੰਗਤ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਕੋਈ ਵਿਵਾਦ ਖੜ੍ਹਾ ਨਾ ਕਰੇ। ਜੇਕਰ ਕੋਈ ਆਪਣੇ ਵਿਚਾਰ ਪੇਸ਼ ਵੀ ਕਰਨਾ ਚਾਹੁੰਦਾ ਹੈ ਤਾਂ ਉਹ ਅਕਾਲ ਤਖ਼ਤ ਨੂੰ ਲਿਖਤੀ ਰੂਪ ਵਿਚ ਭੇਜ ਸਕਦਾ ਹੈ।'' ਇਸ ਨੋਟ ਵਿਚ ਫਿਰ ਲੁਕਵਾਂ ਝੂਠ ਬੋਲ ਕੇ ਕਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਕੋਈ ਰੱਦੋ ਬਦਲ ਨਹੀਂ ਕੀਤੀ ਗਈ ਸਗੋਂ ਕੌਮ ਵਿਚ ਏਕਤਾ ਲਈ ਦਰੁਸਤੀ ਕੀਤੀ ਗਈ ਹੈ। ਜਥੇਦਾਰ ਦਾ ਇਹ ਬਿਆਨ ਪੜ੍ਹ ਕੇ ਉਹਨਾਂ ਦੇ ਅੰਦਰਲੀ ਘਬਰਾਹਟ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਕ ਪਾਸੇ ਸਾਰੀ ਕੌਮ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਦੀ ਇਕਸੁਰਤਾ ਅਤੇ ਦੂਸਰੇ ਪਾਸੇ ਆਪਣੇ ਸਿਆਸੀ ਆਕਾਵਾਂ ਦੇ ਦਬਾਅ ਹੇਠ ਮਾਨਸਿਕ ਤਣਾਅ ਵਿਚੋਂ ਲੰਘ ਰਹੇ ਦੇਖੇ ਜਾ ਸਕਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੋਂ ਇਲਾਵਾ ਨਿੱਤ ਦਿਨ ਸਿੱਖ ਗੁਰਪੁਬਾਂ ਦੀ ਹੁੰਦੀ ਫੇਰ-ਬਦਲ ਅਤੇ ਸੋਧੇ ਗਏ ਕੈਲੰਡਰ ਵਿਚ ਹਰੇਕ ਸਾਲ ਬਦਲਦੀਆਂ ਤਰੀਕਾਂ ਤੋਂ ਦੁਖੀ ਗਿਆਨੀ ਗੁਰਬਚਨ ਸਿੰਘ ਨੂੰ ਇਹ ਕਹਿਣਾ ਪਿਆ ਹੈ ਕਿ ਜੇਕਰ ਕੋਈ ਉਸਾਰੂ ਵਿਚਾਰ ਆਇਆ ਤਾਂ ਇਸ ਕੈਲੰਡਰ ਵਿਚ ਮੁੜ ਸੋਧ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸਿੱਖ ਵਿਦਵਾਨਾਂ ਅਤੇ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਨੇ ਬਾਦਲੀਲ ਸੋਧੇ ਕੈਲੰਡਰ ਦੀਆਂ ਖਾਮੀਆਂ ਨੂੰ ਬੜੀ ਮਿਹਨਤ ਨਾਲ ਸਭ ਦੇ ਸਾਹਮਦੇ ਲਿਆਂਦਾ ਹੈ।

ਜਦੋਂ ਸਾਰੀ ਸਿੱਖ ਸੰਗਤ ਇਹ ਗੱਲ ਸਮਝਦੀ ਹੈ ਕਿ ਸ਼ੁੱਧ ਕੈਲੰਡਰ 'ਚ ਕੀਤੀਆਂ ਗਈਆਂ ਤਬਦੀਲੀਆਂ ਠੀਕ ਨਹੀਂ ਹਨ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿਚ ਕੌਮ ਪੱਕੇ ਤੌਰ 'ਤੇ ਦੋ ਹਿੱਸਿਆਂ ਵਿਚ ਵੰਡੀ ਜਾ ਸਕਦੀ ਹੈ ਤਾਂ ਸਿੱਖਾਂ ਦੀ ਭਲਾਈ ਲਈ ਕੀ ਜਥੇਦਾਰਾਂ ਦਾ ਇਹ ਫਰਜ਼ ਨਹੀਂ ਬਣਦਾ ਹੈ ਕਿ ਉਹ ਸਾਰੇ ਸਿੱਖਾਂ ਦੀ ਰਾਇ ਨੂੰ ਮੰਨ ਕੇ ਮੁੜ ਪੁਰੇਵਾਲ ਵਾਲਾ ਅਸਲੀ ਕੈਲੰਡਰ ਲਾਗੂ ਕਰਨ। ਕੀ ਜਥੇਦਾਰ ਸਿੱਖ ਕੌਮ ਦੇ ਨੁਮਾਇੰਦੇ ਨਹੀਂ ਹਨ? ਜੇਕਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ 'ਤੇ ਬਿਰਾਜਮਾਨ ਜਥੇਦਾਰ ਸੱਚਮੁੱਚ ਹੀ ਸਿੱਖ ਕੌਮ ਵਿਚ ਆਪਣਾ ਸਤਿਕਾਰ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਬਹੁਮਤ 'ਚ ਖੜ੍ਹੇ ਸਿੱਖਾਂ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਸਗੋਂ ਤੁਰੰਤ ਨਵਾਂ ਹੁਕਮਨਾਮਾ ਜਾਰੀ ਕਰਕੇ ਕੀਤੀਆਂ ਗਈਆਂ ਸੋਧਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਪ੍ਰੰਤੂ ਜੇਕਰ ਫਿਰ ਵੀ ਉਹਨਾਂ ਨੂੰ ਆਪਣੀ ਹਿੰਡ ਪੁਗਾਉਣੀ ਹੀ ਹੈ ਤਾਂ ਜਿਸ ਤਰ੍ਹਾਂਸਿੱਖ ਵਿਦਵਾਨਾਂ ਨੇ ਸਿੱਖ ਮਹਾਂ ਸੰਮੇਲਨ ਬੁਲਾਉਣ ਦਾ ਪ੍ਰਸਤਾਵ ਰੱਖਿਆ ਹੈ ਉਸ ਨੂੰ ਮੰਨ ਕੇ ਛੇਤੀ ਤੋਂ ਛੇਤੀ ਸਰਬੱਤ ਖਾਲਸਾ ਬੁਲਾ ਕੇ ਕੋਈ ਸਰਬ ਪ੍ਰਮਾਨਿਤ ਫੈਸਲਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂਕਰਨ ਨਾਲ ਜਿੱਥੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਅੜੀ ਪੁੱਗ ਜਾਵੇਗੀ ਉਥੇ ਇਹ ਫੈਸਲਾ ਕੌਮ ਦੇ ਭਲੇ ਵਿਚ ਵੀ ਰਹੇਗਾ।

- ਗੁਰਸੇਵਕ ਸਿੰਘ ਧੌਲਾ
ਮੋਬਾ. 94632-16267


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top