Share on Facebook

Main News Page

ਡੇਰਾ ਸਿਰਸਾ ਚੋਂ ਹੋਏ ਸੀ ਪੱਤਰਕਾਰ ਛਤਰਪਤੀ ਨੂੰ ਸੋਧਣ ਦੇ ਹੁਕਮ ਜਾਰੀ: ਗਵਾਹ ਡੋਗਰਾ

ਬਠਿੰਡਾ - (28 ਜਨਵਰੀ, ਪੀ.ਐਸ.ਐਨ):- ਸਿਰਸਾ ਦੇ ਪੱਤਰਕਾਰ ਛਤਰਪਤੀ ਨੂੰ ਕਤਲ ਕਰਵਾਉਣ ਦਾ ਮਾਮਲਾ ਦਿਨੋਂ ਦਿਨ ਸੁਰਖੀਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਇਸ ਮਾਮਲੇ ਵਿੱਚ ਡੇਰਾ ਸੌਦਾ ਸਾਧ ਲਈ ਪਰੇਸ਼ਾਨੀਆਂ ਦਾ ਦੌਰ ਵੀ ਵਧੱਦਾ ਜਾ ਰਿਹਾ ਹੈ। ਅੱਜ ਸੀ ਬੀ ਆਈ ਦੀ ਅੰਬਾਲਾ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਹੋਈ ਡੇਰਾ ਸੌਦਾ ਸਾਧ ਦੀ ਪੇਸ਼ੀ ਦੌਰਾਨ ਰਾਮ ਰਹੀਮ ਲਈ ਪਰੇਸ਼ਾਨੀਆਂ ਹੋਰ ਵੱਧ ਗਈਆਂ ਹਨ ਅੱਜ ਦੀ ਹੋਈ ਪੇਸ਼ੀ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪੱਤਰਕਾਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਅਤੇ ਮੁੱਖ ਗਵਾਹ ਅਰੀਦਮਨ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਛਤਰਪਤੀ ਤੇ ਹੋਏ ਹਮਲੇ ਵਿੱਚ ਮੌਕੇ ਤੋਂ ਹਮਲਾਵਰ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਵਾਲੇ ਮੌਕੇ ਦੇ ਸਿਪਾਈ ਧਰਮਚੰਦ ਡੋਗਰਾ ਨੇ ਮਾਨਯੋਗ ਜੱਜ ਏ ਐਸ ਨਾਰੰਗ ਸਾਹਮਣੇ ਇਹ ਬਿਆਨ ਦਰਜ ਕਰਵਾਏ ਹਨ ਕਿ ਹਮਲਾਵਰ ਕੁਲਦੀਪ ਸਿੰਘ ਨੇ ਗ੍ਰਿਫਤਾਰੀ ਸਮੇਂ ਉਸ ਕੋਲ ਇਹ ਜੁਰਮ ਕਬੂਲ ਕੀਤਾ ਸੀ ਕਿ 24 ਅਕਤੂਬਰ 2002 ਨੂੰ ਉਹਨਾਂ ਨੂੰ ਡੇਰਾ ਸਿਰਸਾ ਵਿੱਚੋਂ ਪੱਤਰਕਾਰ ਛਤਰਪਤੀ ਨੂੰ ਸੋਧਣ (ਕਤਲ ਕਰਨ ਦੇ) ਦੇ ਹੁਕਮ ਜਾਰੀ ਹੋਏ ਸਨ ਤੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਡੇਰਾ ਮੈਨੇਜਰ ਕ੍ਰਿਸ਼ਨ ਲਾਲ ਨੇ ਦਿੱਤਾ ਸੀ।

ਅੰਸ਼ੁਲ ਛਤਰਪਤੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਗਵਾਹੀ ਤੋਂ ਇਹ ਸਾਬਤ ਹੋ ਗਿਆ ਹੈ ਕਿ ਉਹਨਾਂ ਦੇ ਪਿਤਾ ਛਤਰਪਤੀ ਦਾ ਕਤਲ ਡੇਰਾ ਸੌਦਾ ਸਾਧ ਰਾਮ ਰਹੀਮ ਦੇ ਹੁਕਮਾਂ ਤੇ ਹੋਇਆ ਤੇ ਹੁਣ ਇਸ ਕੇਸ ਵਿੱਚ ਡੇਰਾ ਸੌਦਾ ਸਾਧ ਤੇ ਡੇਰਾ ਮੈਨੇਜਰ ਕ੍ਰਿਸ਼ਨ ਕੁਮਾਰ ਅਤੇ ਕਾਤਲਾਂ ਦਾ ਬਚਣਾ ਮੁਸ਼ਕਲ ਹੈ। ਉਹਨਾਂ ਦੱਸਿਆ ਕਿ ਸਿਪਾਹੀ ਧਰਮਚੰਦ ਡੋਗਰਾ ਦੀ ਗਵਾਹੀ ਤੇ ਅੱਜ ਡੇਰਾ ਮੁਖੀ ਦੇ ਵਕੀਲਾਂ ਵੱਲੋਂ ਜਿਰਾਹ ਪੂਰੀ ਹੋਈ ਤੇ ਇਸ ਮਾਮਲੇ ਵਿੱਚ ਲੇਖਰਾਜ ਢੋਟ ਦੇ ਵੀ ਬਿਆਨ ਦਰਜ ਹੋਣੇ ਸਨ ਪਰ ਕਾਰਵਾਈ ਪੂਰੀ ਨਾ ਹੋਣ ਤੇ ਇਸ ਲਈ ਅਗਲੀ ਪੇਸ਼ੀ 2 ਫਰਵਰੀ ਨਿਯੁਕਤ ਕੀਤੀ ਗਈ ਹੈ। ਉਹਨਾ ਦੱਸਿਆ ਕਿ ਇਸ ਕੇਸ ਦੇ ਮੁੱਖ ਹਮਲਾਵਰ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਡੇਰਾ ਮੈਨੇਜਰ ਕ੍ਰਿਸ਼ਨ ਲਾਲ ਜੇਲ੍ਹ ਵਿੱਚ ਬੰਦ ਹਨ।

ਦੱਸਣਯੋਗ ਹੈ ਕਿ ਸਿਪਾਹੀ ਧਰਮਚੰਦ ਨੇ ਬੀਤੇ ਦਿਨ ਆਪਣੇ ਸਾਥੀ ਅਮਰਪਾਲ ਅਤੇ ਜਗਵਿੰਦਰ ਸਿੰਘ ਨਾਲ ਹਮਲਾਵਰ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਅਤੇ ਕਾਤਲਾਂ ਦੀ ਪੂਰੀ ਪਛਾਣ ਕਰਨ ਦੇ ਵੀ ਬਿਆਨ ਦਰਜ ਕਰਵਾਏ ਗਏ ਸਨ। ਅਰੀਦਮਨ ਨੇ ਦੱਸਿਆ ਕਿ ਡੇਰਾ ਮੁਖੀ ਅੱਜ ਦੀ ਪੇਸ਼ੀ ਸਮੇਂ 2 ਵਜੇ ਅਦਾਲਤ ਵਿੱਚ ਆਇਆ ਤੇ ਕਾਰਵਾਈ ਸਮਾਪਤ ਹੋਣ ਸਮੇਂ ਤੱਕ ਅਦਾਲਤ ਵਿੱਚ ਹਾਜਰ ਰਿਹਾ। ਰਣਜੀਤ ਸਿੰਘ ਕਤਲ ਮਾਮਲੇ ਵਿੱਚ ਹੋਈ ਪੇਸ਼ੀ ਬਾਰੇ ਜਾਣਕਾਰੀ ਦਿੰਦਿਆਂ ਅੰਸ਼ੁਲ ਛਤਰਪਤੀ ਨੇ ਦੱਸਿਆ ਕਿ ਅੱਜ ਇਸ ਮਾਮਲੇ ਵਿੱਚ ਉਸਦੇ ਬਿਆਨ ਦਰਜ ਹੋਣੇ ਸਨ ਪਰ ਪੂਰੀ ਕਾਰਵਾਈ ਨਾ ਹੋ ਸਕੀ ਤੇ ਇਸ ਮਾਮਲੇ ਵਿੱਚ ਵੀ ਅਗਲੀ ਪੇਸ਼ੀ 2 ਫਰਵਰੀ ਨਿਯੁਕਤ ਕੀਤੀ ਗਈ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top