Share on Facebook

Main News Page

ਨਸ਼ਿਆਂ ਦੇ ਵਿਰੁਧ ਲੜਨ ਵਾਲੀ ਸੰਸਥਾ, ਹੁਣ ਅਖੌਤੀ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਆਖ ਕੇ ਮਨੁੱਖਤਾ ਨੂੰ ਨਸ਼ਿਆਂ ਦਾ ਆਦੀ ਬਣਾਏਗੀ: ਸ. ਉਪਕਾਰ ਸਿੰਘ ਫਰੀਦਾਬਾਦ

ਫਰੀਦਾਬਾਦ 27 ਜਨਵਰੀ 2011 (ਸਤਨਾਮ ਕੌਰ)

ਇੰਨ੍ਹਾਂ ਲਫ਼ਜ਼ਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ । ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਿੰਸੀਪਲ ਭਾਈ ਰਾਮ ਸਿੰਘ ਕੁਲਾਰ ਨੇ ਠੀਕ ਆਖਿਆ ਹੈ ਕਿ ਅਖੌਤੀ ਦਸਮ ਗ੍ਰੰਥ ਪੰਥ ਦਾ ਸ਼ਰੀਰ ਹੈ, ਪਰ ਇਹ ਪੰਥ ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਦਾ ਹੈ ਜੋ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਅਨੁਸਾਰ ਨਸ਼ੇ ਕਰ ਕਰ ਕੇ ਤਬਾਹ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਰਾਮ ਸਿੰਘ ਵੱਲੋਂ ਅਸ਼ਲੀਲ ਤੇ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਅਖੌਤੀ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਦਸਣਾ ਸਾਬਤ ਕਰਦਾ ਹੈ ਕਿ ਇਸ ਸੰਸਥਾ ਨੇ ਅਪਣੇ ਅਸੂਲਾਂ ਨੂੰ ਭੁਲਾ ਦਿੱਤਾ ਹੈ। ਹੁਣ ਤਕ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੇ ਸਮਾਜ ਵਿਚ ਨਸ਼ਿਆਂ ਵਿਰੁਧ ਆਵਾਜ਼ ਚੁੱਕੀ ਹੈ ਪਰ ਹੁਣ ਪ੍ਰਬੰਧਕਾਂ ਦੀ ਅਜਿਹੀ ਕਿਹੜੀ ਮਜ਼ਬੂਰੀ ਬਣ ਗਈ ਹੈ ਕਿ ਉਨ੍ਹਾਂ ਨੂੰ ਅਖੌਤੀ ਨਸ਼ੇੜੀ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਕਹਿਣਾ ਪੈ ਗਿਆ, ਜਿਸ ਵਿਚ ਪੋਸਤ, ਭੰਗ, ਸ਼ਰਾਬ, ਅਫੀਮ, ਆਦਿ ਨਸ਼ਿਆਂ ਨੂੰ ਖੁਲ੍ਹ ਕੇ ਵਰਤਣ ਦੀ ਛੋਟ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਨੂੰ ਪੜ੍ਹਨ ਤੇ ਪ੍ਰਕਾਸ਼ ਕਰਨ ਵਾਲੀਆਂ ਜੱਥੇਬੰਦੀਆਂ ਖੁਲ੍ਹੇਆਮ ਭੰਗ ਦੇ ਗੱਫੇ ਲਾਉਂਦੀਆਂ ਹਨ ਅਤੇ ਇਸ ਨੂੰ ਵੇਚ ਕੇ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰ ਕੇ ਨਸ਼ਿਆਂ ਦੀਆਂ ਆਦੀ ਬਣਾ ਰਹੀਆਂ ਹਨ । ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਨੂੰ ਮੰਨਣ ਵਾਲੇ ਇਸ ਨਸ਼ੇੜੀ ਅਖੌਤੀ ਦਸਮ ਗ੍ਰੰਥ ਨੂੰ ਅਪਣੇ ਪੰਥ ਦਾ ਸ਼ਰੀਰ ਨਹੀਂ ਮੰਨਦੇ ਇਸ ਲਈ ਇਹ ਨਸ਼ੇੜੀਆਂ ਤੇ ਵਿਭਚਾਰੀ ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਮੁਬਾਰਕ ।

ਉਨ੍ਹਾਂ ਭਾਈ ਰਾਮ ਸਿੰਘ ਕੁਲਾਰ ਨੂੰ ਕਿਹਾ ਕਿ ਬਚਿੱਤਰ ਨਾਟਕ ਵਿਚ ਜੋ ਕੁਝ ਲਿਖਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਕੂੜ ਨਾਲ ਭਰਿਆ ਪਿਆ ਹੈ ਜਿਸ ਵਿਚ ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਡੋਬਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਕਾਲ ਵਿਚ ਕਦੇ ਹੇਮਕੁੰਟ ਨਹੀਂ ਗਏ ਸਨ । ਇਹ ਸਾਰੀਆਂ ਝੂਠੀਆਂ ਗੱਲਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕਰਦੀਆਂ ਹਨ ਬਚਿੱਤਰ ਨਾਟਕ ਵਿਚ ਦਰਜ਼ ਹਨ ।

ਸ. ਉਪਕਾਰ ਸਿੰਘ ਨੇ ਕਿਹਾ ਕਿ ਉੱਚ ਅਹੁੱਦੇ ’ਤੇ ਬੈਠ ਕੇ ਇਹੋ ਜਿਹੀਆਂ ਕੱਚੀਆਂ ਗੱਲਾਂ ਕਰਨਾ ਸੰਸਥਾ ਦੇ ਨਿਘਾਰ ਦੀ ਨਿਸ਼ਾਨੀ ਹੈ ਜਿਸ ਨੂੰ ਸਮਾਂ ਰਹਿੰਦਿਆ ਸਟੱਡੀ ਸਰਕਲ ਦੇ ਅਹੁਦੇਦਾਰਾਂ ਵੱਲੋਂ ਦਰੁਸਤ ਕਰ ਲੈਣਾ ਚਾਹੀਦਾ ਹੈ। ਜੇਕਰ ਸਟੱਡੀ ਸਰਕਲ ਦੇ ਅਹੁਦੇਦਾਰ ਹੀ ਨਸ਼ੇੜੀ ਗ੍ਰੰਥ ਦਾ ਪ੍ਰਚਾਰ ਕਰਨ ਲੱਗ ਪਏ ਤਾਂ ਕੀ ! ਸਮਾਜ ਨੂੰ ਸਹੀ ਸੇਧ ਦੇ ਪਾਉਣਗੇ ? ਇਸ ਤੋਂ ਇਲਾਵਾ ਭਰੋਸੇਯੋਗ ਸੂਤਰਾਂ ਤੋਂ ਇਹ ਖਬਰ ਵੀ ਮਿਲੀ ਹੈ ਕਿ ਸਟੱਡੀ ਸਰਕਲ ਦੇ ਪ੍ਰਿੰਸੀਪਲ ਭਾਈ ਰਾਮ ਸਿੰਘ ਵੱਲੋਂ ਅਖੌਤੀ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਆਖਣ ’ਤੇ ਸਟੱਡੀ ਸਰਕਲ ਨਾਲ ਜੁੜੇ ਮੈਬਰਾਂ ਵਿਚ ਵੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਪਰ ਕਈ ਪ੍ਰਬੰਧਕੀ ਮਜ਼ਬੂਰੀਆਂ ਕਰ ਕੇ ਇਸ ਦਾ ਡੱਟ ਕੇ ਵਿਰੋਧ ਨਹੀਂ ਕਰ ਪਾ ਰਹੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top