Share on Facebook

Main News Page

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਗਾਂਹ ਪੈਣ ਦੀ ਸੰਭਾਵਨਾ

ਅੰਮ੍ਰਿਤਸਰ, (8 ਫਰਵਰੀ, ਪੀ.ਐਸ.ਐਨ): ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਭਾਵੇਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਇਹ ਚੋਣਾਂ ਮਾਰਚ-ਅਪਰੈਲ ਵਿਚ ਹੋਣ ਦੀ ਥਾਂ ਅਗਾਂਹ ਪੈਣ ਦੀ ਸੰਭਾਵਨਾ ਹੈ ਕਿਉਂਕਿ ਵੋਟਰ ਸੂਚੀਆਂ ਵਿਚਲੀਆਂ ਕੁਝ ਖਾਮੀਆਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਦਾ ਕੰਮ ਅਜੇ ਵੀ ਚੱਲ ਰਿਹਾ ਹੈ।

ਇਹ ਆਮ ਚੋਣਾਂ ਜੁਲਾਈ 2009 ਵਿਚ ਹੋਣੀਆਂ ਸਨ ਪਰ ਲਗਾਤਾਰ ਲੇਟ ਹੁੰਦੀਆਂ ਜਾ ਰਹੀਆਂ ਹਨ। ਇਹ ਚੋਣਾਂ ਕਰਾਉਣ ਦੀ ਪ੍ਰਕਿਰਿਆ ਜੂਨ 2010 ਵਿਚ ਆਰੰਭ ਹੋਈ ਸੀ, ਜਿਸ ਦੇ ਆਧਾਰ ‘ਤੇ ਆਸ ਸੀ ਕਿ ਚੋਣਾਂ 2011 ਦੇ ਆਰੰਭ ਵਿਚ ਹੋ ਜਾਣਗੀਆਂ। ਫਿਲਹਾਲ ਇਹ ਹੋਰ ਅਗਾਂਹ ਪੈਂਦੀਆਂ ਜਾਪ ਰਹੀਆਂ ਹਨ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 12 ਜਨਵਰੀ ਦੀ ਥਾਂ 3 ਫਰਵਰੀ ਨੂੰ ਕੀਤੀ ਗਈ ਹੈ। ਪਰ ਕੁਝ ਹਲਕਿਆਂ ਵਿਚ ਵੱਡੇ ਪੱਧਰ ‘ਤੇ ਇਤਰਾਜ਼ ਆਉਣ ਕਾਰਨ ਪ੍ਰਕਾਸ਼ਨਾ ਦਾ ਕੰਮ ਅਜੇ ਵੀ ਲਟਕਿਆ ਹੋਇਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਚੋਣ ਕਮਿਸ਼ਨ ਦੇ ਮੁਖੀ ਸ੍ਰੀ ਐਚ.ਐਸ. ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ, ਜੋ ਕਿ ਜ਼ਿਲ੍ਹਾ ਚੋਣ ਅਧਿਕਾਰੀ ਵੀ ਹਨ, ਨੂੰ ਹਦਾਇਤ ਕੀਤੀ ਹੈ ਕਿ ਇਤਰਾਜ਼ਾਂ ਨੂੰ ਦੂਰ ਕਰਨ ਲਈ ਲੋੜੀਂਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਤੁਰੰਤ ਭੇਜੀ ਜਾਵੇ। ਉਮੀਦ ਹੈ ਕਿ ਇਹ ਲੋੜੀਂਦੀ ਜਾਣਕਾਰੀ ਇਸ ਹਫ਼ਤੇ ਵਿਚ ਚੋਣ ਕਮਿਸ਼ਨ ਨੂੰ ਪੁੱਜ ਜਾਵੇਗੀ ਅਤੇ ਰਹਿੰਦੀਆਂ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੂੰ ਚੋਣ ਕਰਾਉਣ ਲਈ ਕਹਿ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਡੇਢ ਤੋਂ ਦੋ ਮਹੀਨੇ ਵਿਚ ਚੋਣਾਂ ਕਰਵਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਆਧਾਰ ‘ਤੇ ਮਾਰਚ ਦੇ ਅਖ਼ੀਰ ਜਾਂ ਅਪਰੈਲ ਦੇ ਆਰੰਭ ਵਿਚ ਚੋਣਾਂ ਹੋ ਜਾਣਗੀਆਂ।

ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੋਮਣੀ ਕਮੇਟੀ ਹਲਕਿਆਂ ਦੀਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਤਿੰਨ ਹਲਕਿਆਂ ‘ਚ ਬਣਾਏ ਗਏ ਵੋਟਰਾਂ ਬਾਰੇ ਕੁਝ ਲੋੜੀਂਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਮੰਗੀ ਗਈ ਸੀ, ਜਿਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੇ.ਐਸ. ਪੰਨੂ ਨੇ ਦੱਸਿਆ ਕਿ ਇਸ ਸਬੰਧੀ ਮੰਗੀ ਗਈ ਲੋੜੀਂਦੀ ਜਾਣਕਾਰੀ ਇਕੱਤਰ ਕਰ ਲਈ ਹੈ ਅਤੇ ਭਲਕੇ ਇਸ ਨੂੰ ਗੁਰਦੁਆਰਾ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਜਾਵੇਗਾ।

ਇਸ ਦੌਰਾਨ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਸ੍ਰੀ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਹਲਕਿਆਂ ਵਿਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਦਾ ਕੰਮ ਰੁਕਿਆ ਹੋਇਆ ਹੈ, ਕਿਉਂਕਿ ਇਨ੍ਹਾਂ ਹਲਕਿਆਂ ਵਿਚ ਹਾਕਮ ਧਿਰ ਵੱਲੋਂ ਬਣਾਈਆਂ ਗਈਆਂ ਵੋਟਾਂ ਵਿਚ ਵੱਡੀਆਂ ਤਰੁੱਟੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਵੱਲੋਂ ਵੱਡੇ ਪੱਧਰ ‘ਤੇ ਬੋਗਸ ਵੋਟਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਪਛਾਣ ਅਤੇ ਪਤੇ ਗਲਤ ਦਿੱਤੇ ਗਏ ਹਨ। ਇਸ ਸਬੰਧ ਵਿਚ ਉਨ੍ਹਾਂ ਰਾਂਝੇ ਦੀ ਹਵੇਲੀ ਦੀਆਂ 300 ਵੋਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਇਤਰਾਜ਼ ਪ੍ਰਗਟਾਏ ਜਾਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਗਈ ਹੈ ਅਤੇ ਇਹ ਜਿਨ੍ਹਾਂ ਵਿਅਕਤੀਆਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ, ਉਹ ਉਸ ਪਤੇ ਦੇ ਵਸਨੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੋਰ ਹਲਕਿਆਂ ਵਿਚ ਵੀ ਬਣਾਈਆਂ ਗਈਆਂ ਵੋਟਰ ਸੂਚੀਆਂ ਵਿਚ ਤਰੁੱਟੀਆਂ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਫਿਲਹਾਲ ਹੋਰ ਅੱਗੇ ਪੈਣ ਦੀ ਸੰਭਾਵਨਾ ਹੈ ਕਿਉਂਕਿ ਜੇਕਰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਇਹ ਚੋਣਾਂ ਫੋਟੋ ਸ਼ਨਾਖਤੀ ਕਾਰਡ ਤੋਂ ਬਿਨਾਂ ਕਰਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਇਸ ਨੂੰ ਉੱਚ ਅਦਾਲਤ ਵਿਚ ਚੁਣੌਤੀ ਦੇਣਗੇ। ਇਸ ਸਬੰਧ ਵਿਚ ਉਹ ਪਹਿਲਾਂ ਹੀ ਭਾਰਤੀ ਚੋਣ ਕਮਿਸ਼ਨ ਨੂੰ ਆਪਣਾ ਇਤਰਾਜ਼ ਭੇਜ ਚੁੱਕੇ ਹਨ। ਹੁਣ ਜਲਦੀ ਹੀ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਦੇ ਰਾਜਪਾਲ ਨੂੰ ਵੀ ਇਸ ਸਬੰਧੀ ਇਤਰਾਜ਼ ਭੇਜਣਗੇ। ਚੋਣਾਂ ‘ਚ ਦੇਰੀ ਹੋਣ ਦਾ ਇਕ ਹੋਰ ਕਾਰਨ ਬਿਆਨ ਕਰਦਿਆਂ ਸ੍ਰੀ ਕਲਕੱਤਾ ਨੇ ਕਿਹਾ ਕਿ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦਾ ਇਸ ਵੇਲੇ ਵਧੇਰੇ ਧਿਆਨ ਵਿਧਾਨ ਸਭਾ ਚੋਣਾਂ ਵੱਲ ਹੈ। ਇਸ ਲਈ ਗੁਰਦੁਆਰਾ ਚੋਣਾਂ ਦਾ ਕੰਮ ਅਗਾਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਾਕਮ ਧਿਰ ਨੂੰ ਇਹ ਲਗ ਰਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਮੁੱਦਾ ਵੀ ਸ਼੍ਰੋਮਣੀ ਕਮੇਟੀ ਚੋਣਾਂ ‘ਚ ਪ੍ਰਭਾਵ ਪਾ ਸਕਦਾ ਹੈ ਅਤੇ ਇਸ ਦਾ ਵਧੇਰੇ ਫਾਇਦਾ ਵਿਰੋਧੀ ਅਕਾਲੀ ਦਲਾਂ ਨੂੰ ਹੋਵੇਗਾ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top