Share on Facebook

Main News Page

ਕਿਸੇ ਵੀ ਕੌਮ ਦਾ ਕੈਲੰਡਰ, ਉਸਦੇ ਧਾਰਮਿਕ ਤਕੀਆ ਕਲਾਮ ਤੋਂ ਹੀ ਸ਼ੁਰੂ ਹੁੰਦਾ ਹੈ: ਮਾਨ

* ਪਾਲ ਸਿੰਘ ਪੁਰੇਵਾਲ ਵੱਲੋ ਤਿਆਰ ਕੀਤਾ ਕੈਲੰਡਰ ਹੀ ਇਤਿਹਾਸਿਕ ਅਤੇ ਕੌਮ ਪੱਖੀ : ਮਾਨ
* ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਕੀਤੀ ਸ: ਸਿਮਰਨਜੀਤ ਸਿੰਘ ਮਾਨ ਨਾਲ ਮੀਟਿੰਗ, ਕਿਹਾ, ਐਸਜੀਪੀਸੀ ਚੋਣਾਂ ਵਿੱਚ ਪਾਰਟੀ ਦੇ ਵਧੀਆ ਦਿੱਖ ਅਤੇ ਸਾਫ਼ ਸੁੱਥਰੇ ਅਕਸ਼ ਵਾਲੇ ਉਮੀਦਵਾਰਾਂ ਦੀ ਹਮਾਇਤ ਕਰਾਂਗੇ

ਫਤਿਹਗੜ ਸਾਹਿਬ, 9 ਫਰਵਰੀ (ਗੁਰਪ੍ਰੀਤ ਮਹਿਕ ) : ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨਾਲ ਹੋਈ ਆਪਣੀ ਸਦਭਾਵਨਾ ਭਰੀ ਮੁਲਾਕਾਤ ਉਪਰੰਤ ਆਪਣੇ ਦਸਤਖਤਾਂ ਹੇਠ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸ: ਪਾਲ ਸਿੰਘ ਪੁਰੇਵਾਲ ਐਡਮੰਟਨ (ਕੈਨੇਡਾ) ਨਿਵਾਸੀ ਵੱਲੋ ਸਿੱਖ ਕੌਮ ਦੇ ਸਮੁੱਚੇ ਤੱਥਾਂ ਅਤੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੱਖ ਵੱਖ ਇਤਿਹਾਸਕਾਰਾਂ, ਖੋਜੀਆਂ, ਬੁੱਧੀਜੀਵੀਆਂ ਨਾਲ ਕਈ ਮਹੀਨਿਆਂ ਦੀ ਮਿਹਨਤ ਅਤੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ 28 ਮਾਰਚ 2003 ਨੂੰ ਉਸ ਸਮੇ ਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਉਪਰੰਤ ਪਾਸ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਗਿਆ ਸੀ, ਉਹ ਕੈਲੰਡਰ ਹੀ ਸਿੱਖ ਕੌਮ ਨੂੰ ਸਹੀ ਅਤੇ ਸੁਚੱਜੀ ਅਗਵਾਈ ਦੇਣ ਦੇ ਸਮਰੱਥ ਹੈ। ਕਿਉਂਕਿ ਇਸ ਕੈਲੰਡਰ ਦੀ ਸ਼ੁਰੂਆਤ ਵੇਲੇ ਸਿੱਖ ਕੌਮ ਦੇ ਧਾਰਮਿਕ ਤਕੀਆ ਕਲਾਮ "ਮੂਲ ਮੰਤਰ" ਤੋਂ ਸ਼ੁਰੂ ਕਰਕੇ ਸ: ਪੁਰੇਵਾਲ ਨੇ ਇਸਨੂੰ ਸਦੀਵੀਂ ਰਹਿਣ ਵਾਲੇ ਇਤਿਹਾਸਿਕ ਦਸਤਾਵੇਜ਼ ਦਾ ਰੂਪ ਦਿੱਤਾ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਇੱਕ ਆਜ਼ਾਦ ਵੱਖਰੀ ਕੌਮ ਹੈ। ਸ: ਮਾਨ ਨੇ ਕਿਹਾ ਕਿ ਮੁਸਲਿਮ, ਇਸਾਈ, ਹਿੰਦੂ ਜਾਂ ਹੋਰ ਕੌਮਾਂ ਵੱਲੋ ਜੋ ਆਪਣੇ ਕੈਲੰਡਰ ਬੀਤੇ ਸਮੇ ਵਿੱਚ ਜਾਰੀ ਕੀਤੇ ਗਏ ਹਨ, ਉਹ ਉਨ੍ਹਾ ਦੇ ਹੀ ਸ਼ੁਰੂ ਹੁੰਦੇ ਹਨ। ਉਨ੍ਹਾ ਕਿਹਾ ਕਿ ਦੂਸਰੇ ਪਾਸੇ 6 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ 2009 ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡੇਰੇਦਾਰਾਂ ਦੇ ਮੁਖੀਆਂ ਜੋ ਅਕਸਰ ਹੀ ਲੋਕਾਈ ਨੂੰ ਵਹਿਮਾਂ-ਭਰਮਾਂ ਵਿੱਚ ਪਾ ਕੇ ਗੁੰਮਰਾਹ ਕਰਨ ਅਤੇ ਸਮਾਜ ਨੂੰ ਵੰਡ ਕੇ ਆਪੋ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਵਿੱਚ ਮਸ਼ਰੂਫ ਰਹਿੰਦੇ ਹਨ, ਇਹ ਦੂਸਰਾ ਕੈਲੰਡਰ ਸਿੱਖ ਕੌਮ ਵਿੱਚ ਭੰਬਲਭੂਸੇ ਪਾਉਣ ਵਾਲਾ ਇਨ੍ਹਾ ਦੀ ਦੇਣ ਹੈ। ਜਿਸਨੂੰ ਸਿੱਖ ਕੌਮ ਨੇ ਪ੍ਰਵਾਨ ਹੀ ਨਹੀਂ ਕੀਤਾ।

ਸ: ਮਾਨ ਨੇ ਇਨ੍ਹਾ ਉਪਰੋਕਤ ਦੋਵਾਂ ਕੈਲੰਡਰਾਂ ਵਿਚਲੇ ਫਰਕ ਨੂੰ ਸਾਹਮਣੇ ਲਿਆਉਣ ਲਈ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤਖਤ ਸ਼੍ਰੀ ਦਮਦਮਾ ਸਾਹਿਬ ਨਾਲ ਹੋਈ ਆਪਣੀ ਮੁਲਾਕਾਤ ਨੂੰ ਮਹੱਤਵਪੂਰਨ ਅਤੇ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਜਥੇਦਾਰ ਨੰਦਗੜ੍ਹ ਸਾਹਿਬ ਨੇ ਮੁੱਢ ਤੋ ਹੀ ਪਹਿਲੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਦ੍ਰਿੜਤਾ ਪੂਰਵਕ ਸਟੈਂਡ ਲਿਆ ਹੋਇਆ ਹੈ। ਉਨ੍ਹਾ ਵੱਲੋ ਜੋ ਦੋਵੇ ਨਾਨਕਸ਼ਾਹੀ ਕੈਲੰਡਰਾਂ ਦੀਆਂ ਕਾਪੀਆਂ ਨੂੰ ਮੇਰੇ ਸਪੁਰਦ ਕਰਦੇ ਹੋਏ ਜਾਣਕਾਰੀ ਦਿੱਤੀ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਉਨ੍ਹਾ ਦੀ ਆਭਾਰੀ ਹੈ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 2009 ਵਿੱਚ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਵਿੱਚ ਸਿੱਖ ਕੌਮ ਦੇ ਮੂਲ ਮੰਤਰ "ਤਕੀਆ ਕਲਾਮ" ਦਾ ਕੋਈ ਰਤੀ ਭਰ ਵੀ ਜਿ਼ਕਰ ਨਾ ਹੋਣਾ ਸੱਚ ਅਤੇ ਝੂਠ ਦਾ ਨਿਖੇੜਾ ਕਰ ਦਿੰਦਾ ਹੈ। ਇਸ ਲਈ ਸਿੱਖ ਕੌਮ 28 ਮਾਰਚ 2003 ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਹੀ ਆਪਣੇ ਇਤਿਹਾਸਿਕ ਦਿਹਾੜੇ ਮਨਾਵੇ ਅਤੇ ਉਸ ਤੋਂ ਅਗਵਾਈ ਲਵੇ ਤਾਂ ਕਿ ਹਿੰਦੂਤਵ ਸੋਚ ਦੀ ਗੁਲਾਮੀ ਕਰਨ ਵਾਲੇ ਮੌਜੂਦਾ ਐਸ. ਜੀ. ਪੀ. ਸੀ. ਦੇ ਅਧਿਕਾਰੀ ਅਤੇ ਸਾਧ ਯੂਨੀਅਨ ਸਾਨੂੰ ਮੁੜ ਤੋਂ ਹਿੰਦੂਤਵ ਦੀ ਗੁਲਾਮੀ ਵੱਲ ਧਕੇਲਣ ਵਿੱਚ ਕਾਮਯਾਬ ਨਾ ਹੋ ਸਕਣ ਅਤੇ ਸਿੱਖ ਕੌਮ ਆਪਣੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਸਦਾ ਲਈ ਕਾਇਮ ਰੱਖ ਸਕੇ।

ਸ: ਮਾਨ ਨੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਵੱਲੋ ਕੀਤੀਆਂ ਜਾ ਰਹੀਆਂ ਪੰਥਕ ਕਾਰਵਾਈਆਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਨੰਦਗੜ੍ਹ ਸਾਹਿਬ ਹਮੇਸ਼ ਪੰਥਕ ਸੋਚ ਦੀ ਦ੍ਰਿੜਤਾ ਨਾਲ ਸਿਧਾਤਿਕ ਪੈਰਵਾਈ ਕਰਦੇ ਆ ਰਹੇ ਹਨ। ਮੇਰੇ ਨਾਲ ਹੋਈ ਵਾਰਤਾਲਾਪ ਦੌਰਾਨ ਵੀ ਉਨ੍ਹਾ ਨੇ ਸ: ਪੁਰੇਵਾਲ ਵਾਲੇ ਨਾਨਕਸ਼ਾਹੀ ਕੈਲੰਡਰ ਸਬੰਧੀ ਲਏ ਗਏ ਸਟੈਡ ਉੱਤੇ ਨਿਰੰਤਰ ਪਹਿਰਾ ਦੇਣ ਦੀ ਗੱਲ ਕਰਕੇ ਅਤੇ ਸਾਨੂੰ ਆਪਣੇ ਪੰਥਕ ਇਰਾਦਿਆਂ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾ ਨੇ ਸਾਨੂੰ ਵੀ ਗੁਜ਼ਾਰਿਸ ਕੀਤੀ ਕਿ ਅਸੀਂ ਹੁਣ ਤੱਕ ਆਪਣੇ ਵੱਲੋ ਕੌਮ ਦੀ ਆਜ਼ਾਦੀ ਪੱਖੀ ਲਏ ਗਏ ਸਟੈਂਡ ਨੂੰ ਇਸੇ ਤਰ੍ਹਾ ਦਲੀਲ ਸਹਿਤ ਜਮਹੂਰੀਅਤ ਅਤੇ ਅਮਨਮਈ ਤਰੀਕੇ ਅੱਗੇ ਵਧਾਉਦੇ ਰਹਿਣ। ਸ: ਮਾਨ ਨੇ ਕਿਹਾ ਕਿ ਜਦੋ ਵੀ ਸਾਨੂੰ ਇਤਿਹਾਸਕ ਜਾਂ ਸਿਧਾਂਤਕ ਪੱਖ ਤੋਂ ਜਾਣਕਾਰੀ ਲੈਣ ਦੀ ਲੋੜ ਮਹਿਸੂਸ ਹੋਵੇਗੀ ਤਾਂ ਅਸੀਂ ਜਥੇਦਾਰ ਨੰਦਗੜ੍ਹ ਸਾਹਿਬ ਨਾਲ ਇਸੇ ਤਰ੍ਹਾ ਸੰਪਰਕ ਕਾਇਮ ਰੱਖਦੇ ਹੋਏ ਆਪਣੀ ਕੌਮੀ ਸੋਚ ਉੱਤੇ ਪਹਿਰਾ ਦਿੰਦੇ ਰਹਾਂਗੇ। ਉਨ੍ਹਾ ਸਮੁੱਚੀ ਸਿੱਖ ਕੌਮ ਅਤੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 12 ਫਰਵਰੀ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕੌਮੀ ਮਿਸ਼ਨ ਨੂੰ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤੀ ਬਖਸਣ ਤਾਂ ਕਿ ਅਸੀਂ ਇੱਕ ਦੂਸਰੇ ਦੇ ਸਹਿਯੋਗ ਨਾਲ ਆਪਣੀ ਮੰਜਿ਼ਲ ‘ਤੇ ਪਹੁੰਚ ਸਕੀਏ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top