Share on Facebook

Main News Page

ਸ੍ਰੀ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ 'ਤੇ ਪੁਲੀਸ ਅਤੇ ਪ੍ਰਸਾਸ਼ਨ ਨੂੰ ਲਿਖੀਆਂ ਚਿੱਠੀਆਂ ਦਾ ਸਿੱਖ ਜਗਤ ਵਿੱਚ ਤਿੱਖਾ ਹੋਇਆ ਪ੍ਰਤੀਕਰਮ!

ਅੰਮ੍ਰਿਤਸਰ/ਵੈਨਕੂਵਰ/ਨਿਊਯਾਰਕ-(ਜਸਵਿੰਦਰ ਸਿੰਘ ਮੁੱਦਕੀ) - ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਲੈਟਰ ਪੈਡ ਤੇ ਕੁੱਝ ਚਿੱਠੀਆਂ ਮਹਾਰਾਸ਼ਟਰ ਦੇ ਪੁਲੀਸ ਅਤੇ ਪ੍ਰਸਾਸ਼ਨ ਨੂੰ ਲਿਖੀਆਂ ਗਈਆਂ ਹਨ, ਜਿਨ੍ਹਾਂ ਬਾਰੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਦਾ ਤਿੱਖਾ ਪ੍ਰਤੀਕਰਮ ਹੋਇਆ ਹੈ, ਕਿ ਰੂਹਾਨੀਅਤ ਦੇ ਕੇਂਦਰ ਵਲੋਂ ਮਹਾਰਾਸ਼ਟਰ ਦੇ ਪੁਲੀਸ ਅਤੇ ਪ੍ਰਸਾਸ਼ਨ ਅੱਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਰੋਕਣ ਲਈ ਲੇਲੜੀਆਂ ਕਿਉਂ ਕੱਢੀਆਂ ਗਈਆਂ?

ਕੈਨੇਡਾ ਤੋਂ ਚੱਲਣ ਵਾਲੇ ਰੇਡੀਓ ਸ਼ੇਰੇ ਪੰਜਾਬ ਤੋਂ ਐਤਵਾਰ ਦੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਹੋਸਟ ਭਾਈ ਕੁਲਦੀਪ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ, ਅੰਮ੍ਰਿਤਸਰ ਤੋਂ ਸੀਨੀਅਰ ੱਪੱਤਰਕਾਰ ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ ਸੰਧੂ (ਸਹਾਇਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ) ਅਤੇ ਸ. ਮਨਜੀਤ ਸਿੰਘ ਕਲਕੱਤਾ ਨੂੰ ਸਰੋਤਿਆਂ ਦੇ ਰੂਬਰੂ ਕੀਤਾ।

ਭਾਈ ਕੁਲਦੀਪ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਭਾਈ ਰਣਜੀਤ ਸਿੰਘ ਅਤੇ ਦਿਲਮੇਘ ਸਿੰਘ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਕੀਤੀ। ਇਨ੍ਹਾਂ ਚਿੱਠੀਆਂ ਬਾਰੇ ਭਾਈ ਰਣਜੀਤ ਸਿੰਘ ਦਾ ਪ੍ਰਤੀਕਰਮ ਦੱਸਦਿਆਂ ਕਿਹਾ, ਕਿ ਉਨ੍ਹਾਂ ਨੇ ਦੱਸਿਆ ਕਿ ਜਦ ਜੇਲ੍ਹ ਵਿੱਚ ਹੀ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕਰ ਲਿਆ ਗਿਆ ਸੀ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਵਕੀਲਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਰਾਸ਼ਟਰਪਤੀ ਨੂੰ ਅਪੀਲ ਕਰਨ ਤਾਂ ਉਨ੍ਹਾਂ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ, ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣ ਕਰਕੇ, ਉਹ ਇਹ ਅਪੀਲ ਕਿਸੇ ਅੱਗੇ ਵੀ ਨਹੀਂ ਕਰ ਸਕਦੇ।

ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਦੇ ਲੈਟਰ ਪੈਡ ਤੇ ਲਿਖੀ ਚਿੱਠੀ ਵਿੱਚ ਮਹਾਰਾਸ਼ਟਰ ਦੇ ਡੀ.ਜੀ.ਪੀ ਸ੍ਰੀ ਸ਼ਿਵਨਾਥਨ ਨੂੰ ਇਸ ਚਿੱਠੀ ਤੇ ਡੀਅਰ ਸਰ ਕਹਿ ਕੇ ਸ਼ੁਰੂ ਕੀਤੀ ਗਈ ਹੈ। ਇਹ ਚਿੱਠੀ ਗਿਆਨੀ ਗੁਰਬਚਨ ਸਿੰਘ ਦੇ ਸਹਾਇਕ ਇੰਦਰ ਮੋਹਨ ਸਿੰਘ ਦੇ ਦਸਖਤਾਂ ਨਾਲ ਜਾਰੀ ਕੀਤੀ ਗਈ ਸੀ ਕਿ 5 ਤੇ 6 ਫਰਵਰੀ ਨੂੰ ਪੂਨਾ ਦੇ ਗਨੇਸ਼ ਪੇਠ ਸਥਿਤ ਗੁਰਦੁਆਰਾ ਸਿੰਘ ਸਭਾ, ਗਨੇਸ਼ ਪੈਠ ਪੂਨੇ ਵਿਖੇ, ਪ੍ਰੋ.ਦਰਸ਼ਨ ਸਿੰਘ ਦਾ ਕੀਰਤਨ ਰੋਕਣ ਲਈ 2 ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੀ ਗਈ ਸੀ, ਜਿਸ ਵਿੱਚ ਅੱਗੇ ਲਿਖਿਆ ਗਿਆ ਹੈ, ਮੈਂ ਤੁਹਾਡਾ ਧਿਆਨ ਪ੍ਰੋ.ਦਰਸ਼ਨ ਸਿੰਘ ਰਾਗੀ ਜੋ ਕਿ ਸਿੱਖ ਪੰਥ ਵਿੱਚ ਧਰਮ ਵਿਰੋਧੀ ਕਾਰਵਾਈਆਂ ਦੇ ਦੋਸ਼ ਵਿੱਚ ਛੇਕਿਆ ਹੋਇਆ ਹੈ, ਅਤੇ ਸਿੱਖਾਂ ਦੇ ਕਿਸੇ ਵੀ ਧਾਰਮਿਕ ਪ੍ਰੋਗਰਾਮ ਵਿੱਚ ਹਿਸਾ ਨਹੀਂ ਲੈ ਸਕਦਾ, ਵੱਲ ਧਿਆਨ ਦਿਵਾਉਂਦਾ ਹਾਂ। ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ, ਸਾਨੂੰ ਸ਼ਿਕਾਇਤ ਮਿਲੀ ਹੈ ਕਿ ਉਹ (ਸ. ਦਰਸ਼ਨ ਸਿੰਘ) ਪੂਨਾ ਵਿਖੇ 5, 6 ਫਰਵਰੀ ਤੱਕ ਗੁਰਦੁਆਰਾ ਸਿੰਘ ਸਭਾ ਗਣੇਸ਼ ਪੇਠ ਧਾਰਮਿਕ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਆ ਰਿਹਾ ਹੈ। ਪੰਥ ਵਿੱਚੋਂ ਛੇਕੇ ਹੋਏ ਰਾਗੀ ਦੇ ਧਾਰਮਿਕ ਪ੍ਰੋਗਰਾਮ ਵਿੱਚ ਹਿਸਾ ਲੈਣ ਨਾਲ, ਸਥਾਨਕ ਸਿੱਕ ਵਿੱਚ ਰੋਸ ਹੈ ਅਤੇ ਉਹ ਇਸ ਵਿਰੁੱਧ ਪ੍ਰੋਦਰਸ਼ਨ ਕਰ ਸਕਦੇ ਹਨ, ਜਿਸ ਨਾਲ ਇਲਾਕੇ ਵਿੱਚ ਅਮਨ ਕਨੂੰਨ ਦੀ ਸਥਿਤੀ ਖਰਾਬ ਹੋ ਸਕਦੀ ਹੈ। ਅਸੀਂ ਇਲਾਕੇ ਦੀ ਸਥਾਈ ਸ਼ਾਂਤੀ ਲਈ ਆਪ ਨੂੰ ਅਪੀਲ ਕਰਦੇ ਹਾਂ ਕਿ ਤੁਰੰਤ ਕਾਰਵਾਈ ਕਰਦਿਆਂ ਇਸ ਪ੍ਰੋਗਰਾਮ ਨੂੰ ਰੁਕਵਾਉ। ਅਖੀਰ ਤੇ ਚਿੱਠੀ ਯੂਅਰ ਆਨਰ ਅਤੇ ਯੂਅਰਜ਼ ਸਿਨਸੀਅਰਲੀ ਲਿਖ ਕੇ ਸਮਾਪਤ ਕੀਤੀ ਗਈ।

ਇਹ ਦੋਵੇਂ ਚਿੱਠਿਆਂ ਪੜ੍ਹਨ ਲਈ ਇਥੇ ਕਲਿਕ ਕਰੋ ਜੀ

ਅੱਜ ਰੇਡੀਓ ਤੇ ਬੋਲਦਿਆਂ ਅਵਤਾਰ ਸਿੰਘ ਮੱਕੜ ਨੇ ਪਹਿਲਾਂ ਤਾਂ ਕਿਹਾ, ਕਿ ਪ੍ਰੋ.ਦਰਸ਼ਨ ਸਿੰਘ ਬੜਾ ਹੰਕਾਰਿਆ ਹੈ, ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੀ ਨਹੀਂ ਹੋਇਆ ਤੇ ਫਿਰ ਅੱਗੇ ਜਾ ਕੇ ਕਹਿੰਦੇ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਗੋਲਕ ਤੇ ਫਾਈਲ ਰੱਖ ਕੇ ਆ ਗਿਆ।(ਕੀ ਫਾਈਲ ਉਥੇ ਉੱਡ ਕੇ ਤਾਂ ਨਹੀਂ ਸੀ ਆਈ ਪ੍ਰੋ. ਸਾਹਿਬ ਹੀ ਲੈ ਕੇ ਆਏ ਸਨ) ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਨਿੱਜੀ ਸਜਾਇਕ ਸ. ਪ੍ਰਿਥੀਪਾਲ ਸਿੰਘ ਸੰਧੂ ਨੇ ਕਿਹਾ, ਕਿ ਜਥੇਦਾਰ ਵੇਦਾਂਤੀ ਸਾਢੇ ਅੱਠ ਸਾਲ ਇਸ ਪਦਵੀ ਤੇ ਰਹਿ ਕੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਕਦੇ ਕਿਸੇ ਆਫੀਸਰ ਨੂੰ ਚਿੱਠੀ ਨਹੀਂ ਲਿਖੀ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਤਾਂ ਕੌਮ ਨੂੰ ਹੀ ਸੰਬੋਧਨ ਕਰਦੇ ਹਨ, ਕਿਸੇ ਮਹੱਤਵ ਪੂਰਨ ਪੰਥ ਦੇ ਮਸਲੇ ਬਾਰੇ।ਉਹ ਕਿਸੇ ਦੀ ਰਾਇ ਲੈ ਸਕਦੇ ਹਨ, ਪਰ ਉਨ੍ਹਾਂ ਨੂੰ ਕੋਈ ਆਦੇਸ਼ ਨਹੀਂ ਦੇ ਸਕਦਾ ਜਿਵੇਂ, ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਨੇ ਮਤਾ ਪਾਸ ਕਰਕੇ ਜਥੇਦਾਰ ਨੂੰ ਸੋਧਿਆ ਗਿਆ ਕੈਲੰਡਰ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ ਜਿਹੜਾ ਪਰੰਪਰਾਵਾਂ ਦੇ ਉਲਟ ਹੋਇਆ ਹੈ।

ਅੰਮ੍ਰਿਤਸਰ ਤੋਂ ਰੇਡੀਓ ਦੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਸੀਨੀਅਰ ਪੱਤਰਕਾਰ ਸ. ਚਰਨਜੀਤ ਸਿੰਘ ਨੇ ਇਸ ਚਿੱਠੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਇੱਕ ਨਹੀਂ ਚਾਰ ਚਿੱਠੀਆਂ ਜਥੇਦਾਰ ਤੇ ਲੈਟਰਪੈਡ ਤੇ ਲਿਖੀਆਂ ਗਈਆਂ ਹਨ; ਪਹਿਲੀ ਚਿੱਠੀ ਪੂਨੇ ਦੇ ਮੇਅਰ, ਦੂਜੀ ਪੂਨੇ ਦੇ ਪੁਲੀਸ ਕਮਿਸ਼ਨਰ, ਤੀਜੀ ਮਹਾਰਾਸ਼ਟਰ ਦੇ ਡੀ.ਜੀ.ਪੀ ਅਤੇ ਚੌਥੀ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਲਿਖੀ ਗਈ ਸੀ, ਅਤੇ ਉਨ੍ਹਾਂ ਦਾ ਇਹ ਵੀ ਪ੍ਰਤੀਕਰਮ ਸੀ, ਕਿ ਜਿਹੜੀ ਸ੍ਰੀ ਅਕਾਲ ਤਖਤ ਨੂੰ ਇਨ੍ਹਾਂ ਨੇ ਢਾਹ ਲਾਈ ਹੈ, ਇਹ ਧੋਣੇ ਧੋਂਦਿਆਂ ਨੂੰ ਕਈ ਸਦੀਆਂ ਲੱਗ ਜਾਣਗੀਆਂ। ਸ. ਚਰਨਜੀਤ ਸਿੰਘ ਜੀ ਨੇ ਕਿਹਾ 17 ਮਈ 2007 ਨੂੰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਜਾਰੀ ਕੀਤੀ ਹੁਕਮਨਾਮੇ ਤੇ ਕਾਰਵਾਈ ਕਰਾਉਣ ਲਈ ਜੇਕਰ ਕੋਈ ਯਤਨ ਕਰਦਾ ਹੈ, ਤਾਂ ਕਿਹਾ ਜਾਂਦਾ ਹੈ ਕਿ ਉਹ ਪੰਥ ਦੇ ਫੈਸਲੇ ਦੇ ਉਲਟ ਕੰਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਲਾਮ ਮਾਨਸਿਕਤਾ ਵਾਲੇ ਹੋ ਗਏ ਹਨ, ਜਿਨ੍ਹਾਂ ਦੀ ਹੈਸੀਅਤ ਇੱਕ ਕਲਰਕ ਦੀ ਰਹਿ ਗਈ ਹੈ, ਜਿਨ੍ਹਾਂ ਦਾ ਕੰਮ ਆਪਣੇ ਆਕਾ ਦੇ ਕਹਿਣ ਤੇ ਚਿੱਠੀ ਪੱਤਰ ਕਰਨਾ ਹੀ ਰਹਿ ਗਿਆ ਹੈ। ਹੁਕਮਨਾਮੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ਕਿ ਜਿਹੜੇ ਹੁਕਮਨਾਮੇ ਪੰਥ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਕੌਮ ਨੇ ਮੰਨਿਆਂ ਹੈ, ਜਿਵੇਂ ਕਿ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਭਾਰਤ ਦੇ ਗ੍ਰਹਿ ਮੰਤਰੀ ਸ. ਬੂਟਾ ਸਿੰਘ, ਅਤੇ ਬਾਬਾ ਸੰਤਾਂ ਸਿੰਘ ਨੂੰ ਛੇਕਣ ਦੇ ਹੁਕਮਨਾਮੇ ਜਾਰੀ ਹੋਏ, ਜਿਨ੍ਹਾਂ ਨੂੰ ਸਾਰੀ ਕੌਮ ਨੇ ਮੰਨਿਆਂ ਅਤੇ ਸਿੱਖਾਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ। ਪਰ ਜਦ ਨਿੱਜੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੁਕਮਨਾਮੇ ਜਾਰੀ ਹੁੰਦੇ ਹਨ ਉਨ੍ਹਾਂ ਦਾ ਪ੍ਰਤੀਕਰਮ ਵੀ ਉਹੋ ਜਿਹਾ ਹੀ ਹੁੰਦਾ ਹੈ। ਸ.ਚਰਨਜੀਤ ਸਿੰਘ ਨੇ ਕਿਹਾ, ਕਿ ਜਦ ਪੰਜਾਬ ਦੇ ਸਿੱਖ ਕਰਮਚਾਰੀ ਜਥੇਦਾਰ ਕੋਲ ਚਾਰ ਵਾਰ ਵਫਦ ਲੈ ਕੇ ਜਥੇਦਾਰ ਗੁਰਬਚਨ ਸਿੰਘ ਨੁੰ ਮਿਲ ਚੁੱਕੇ ਹਨ, ਕਿ ਉਨ੍ਹਾਂ ਦੇ ਕਕਾਰਾਂ ਨੂੰ ਪੁਲੀਸ ਵਲੋਂ ਰੋਲਿਆ ਜਾ ਰਿਹਾ ਹੈ, ਤੇ ਸਬੰਧਤ ਪੁਲੀਸ ਅਫਸਰਾਂ ਤੇ ਰਾਜਨੀਤਕ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਪਰ ਜਥੇਦਾਰ ਇਥੇ ਹੂੰ ਹਾਂ ਦੀ ਰਾਜਨੀਤੀ ਹੀ ਕਰ ਰਹੇ ਹਨ ਤੇ ਪੰਜਾਬ ਵਿੱਚ ਨਾਮ ਚਰਚਾ ਨੂੰ ਰੋਕਣ ਲਈ ਉਨ੍ਹਾਂ ਕੁਝ ਨਹੀਂ ਕੀਤਾ, ਪਰ ਮਹਾਰਾਸ਼ਟਰ ਵਿੱਚ ਕੀਰਤਨ ਰੋਕਣ ਲਈ ਲੇਲੜੀਆਂ ਕੱਢ ਰਹੇ ਹਨ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਮਨਜੀਤ ਸਿੰਘ ਕੱਲਕੱਤਾ ਨੇ ਸ਼ੇਰੇ ਪੰਜਾਬ ਰੇਡੀਓ ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਚਿੱਠੀ ਬਾਰੇ ਸੁਣ ਕੇ ਬੜਾ ਸਦਮਾ ਲੱਗਿਆ ਹੈ। ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੀ ਨਹੀਂ ਆਇਆ, ਪਰ ਜਦ ਗੱਲ ਸਾਹਮਣੇ ਆ ਰਹੀ ਤਾਂ ਜਾਣ ਕੇ ਬੜਾ ਦੁੱਖ ਲੱਗਿਆ ਹੈ। ਸ. ਕਲਕੱਤਾ ਨੇ ਕਿਹਾ ਕਿ ਲੋਕ ਤਾਂ ਇਨਸਾਫ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਂਦੇ ਰਹੇ ਹਨ, ਪਰ ਅਕਾਲ ਤਖਤ ਸਾਹਿਬ ਹੋਰ ਥਾਵਾਂ ਤੇ ਇਨਸਾਫ ਮੰਗਣ ਜਾਵੇ, ਤਾਂ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਤੇ ਅਕਾਲ ਤਖਤ ਸਾਹਿਬ ਦੀ ਮਾਨਹਾਨੀ ਦੀ ਗੱਲ ਕੀ ਹੋ ਸਕਦੀ ਹੈ?

ਨਿਊਯਾਰਕ ਤੋਂ ਸ. ਕੁਲਦੀਪ ਸਿੰਘ, ਜਾਗੋ ਖਾਲਸਾ ਨੇ ਕਿਹਾ ਜਾਣਕਾਰੀ ਦਿੱਤੀ ਕਿ ਤਖਤ ਹਜ਼ੂਰ ਸਾਹਿਬ ਤੋਂ ਵੀ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ। ਇਸ ਹੁਕਮਨਾਮੇ ਤੇ ਵੀ ਪੰਜ ਪਿਆਰਿਆਂ ਤੇ ਦਸ਼ਤਖਤ ਕੀਤੇ ਹੋਏ ਹਨ; ਸ. ਕੁਲਵੰਤ ਸਿੰਘ - ਮੁੱਖ ਜਥੇਦਾਰ, ਸ. ਜਤਿੰਦਰ ਸਿੰਘ, ਭਾਈ ਕਸ਼ਮੀਰ ਸਿੰਘ ਹੈਡ ਗ੍ਰੰਥੀ, ਸ. ਅਵਤਾਰ ਸਿੰਘ ਅਤੇ ਸ. ਰਾਮ ਸਿੰਘ ਧੂਪੀਆ ਦੇ ਦੇ ਦਸਤਖਤਾਂ ਨਾਲ ਹੁਕਮ ਜਾਰੀ ਕਰਕੇ, ਪੂਨੇ ਦੀਆਂ ਸੰਗਤਾਂ ਨੂੰ ਕਿਹਾ ਗਿਆ ਹੈ, ਕਿ ਪ੍ਰੋ.ਦਰਸ਼ਨ ਸਿੰਘ ਨੂੰ ਉਥੇ ਆਉਣ ਤੋਂ ਰੋਕਿਆ ਜਾਵੇ। ਸ.ਕੁਲਦੀਪ ਸਿੰਘ ਨੇ ਕਿਹਾ ਕਿ ਗੱਲ ਪ੍ਰੋ.ਦਰਸ਼ਨ ਸਿੰਘ ਦੀ ਨਹੀਂ ਹੈ, ਗੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਦੀ ਹੈ ਜਿਸ ਨੂੰ ਢਾਹ ਲਾਈ ਜਾ ਰਹੀ ਹੈ।

>> Listen to the audio http://www.wakeupkhalsa.com/talk-shows.php


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top